ਲੂਕਾ 22

22
ਪ੍ਰਭੂ ਯਿਸੂ ਨੂੰ ਮਾਰਨ ਦੀ ਵਿਉਂਤ
(ਮੱਤੀ 26:1-5, ਮਰਕੁਸ 14:1-2, ਯੂਹੰਨਾ 11:45-53)
1 # ਕੂਚ 12:1-27 ਅਖ਼ਮੀਰੀ ਰੋਟੀ ਦਾ ਤਿਉਹਾਰ, ਜਿਸ ਨੂੰ ਪਸਾਹ ਵੀ ਕਹਿੰਦੇ ਹਨ, ਨੇੜੇ ਆ ਰਿਹਾ ਸੀ । 2ਮਹਾਂ-ਪੁਰੋਹਿਤ ਅਤੇ ਵਿਵਸਥਾ ਦੇ ਸਿੱਖਿਅਕ ਯਿਸੂ ਨੂੰ ਮਾਰਨ ਦੀ ਵਿਉਂਤ ਬਣਾ ਰਹੇ ਸਨ ਪਰ ਉਹ ਲੋਕਾਂ ਤੋਂ ਡਰਦੇ ਸਨ ।
ਯਹੂਦਾ ਦਾ ਵਿਸ਼ਵਾਸਘਾਤ
(ਮੱਤੀ 26:14-16, ਮਰਕੁਸ 14:10-11)
3ਯਹੂਦਾ ਯਿਸੂ ਦੇ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ ਜਿਸ ਦਾ ਉਪਨਾਮ ਇਸਕਰਿਯੋਤੀ ਸੀ । ਉਸ ਦੇ ਦਿਲ ਵਿੱਚ ਸ਼ੈਤਾਨ ਆਇਆ । 4ਉਹ ਮਹਾਂ-ਪੁਰੋਹਿਤਾਂ ਅਤੇ ਹੈਕਲ ਦੀ ਪੁਲਿਸ ਦੇ ਅਫ਼ਸਰਾਂ ਕੋਲ ਗਿਆ ਅਤੇ ਉਹਨਾਂ ਨਾਲ ਮਿਲ ਕੇ ਵਿਉਂਤ ਬਣਾਈ ਕਿ ਕਿਸ ਤਰ੍ਹਾਂ ਉਹ ਯਿਸੂ ਨੂੰ ਉਹਨਾਂ ਦੇ ਹੱਥਾਂ ਵਿੱਚ ਫੜਵਾਏ । 5ਉਹ ਬਹੁਤ ਖ਼ੁਸ਼ ਹੋਏ ਅਤੇ ਯਹੂਦਾ ਨੂੰ ਇਸ ਕੰਮ ਲਈ ਪੈਸੇ ਦੇਣ ਲਈ ਮੰਨ ਗਏ । 6ਯਹੂਦਾ ਵੀ ਮੰਨ ਗਿਆ ਅਤੇ ਉਹ ਕਿਸੇ ਅਜਿਹੇ ਮੌਕੇ ਦੀ ਤਾੜ ਵਿੱਚ ਰਹਿਣ ਲੱਗਾ ਕਿ ਜਦੋਂ ਲੋਕ ਯਿਸੂ ਦੇ ਨਾਲ ਨਾ ਹੋਣ ਤਾਂ ਉਹ ਉਹਨਾਂ ਨੂੰ ਮਹਾਂ-ਪੁਰੋਹਿਤਾਂ ਦੇ ਹੱਥਾਂ ਵਿੱਚ ਫੜਵਾ ਦੇਵੇ ।
ਪਸਾਹ ਦੇ ਭੋਜਨ ਦੀ ਤਿਆਰੀ
(ਮੱਤੀ 26:17-25, ਮਰਕੁਸ 14:12-21, ਯੂਹੰਨਾ 13:21-30)
7ਅਖ਼ਮੀਰੀ ਰੋਟੀ ਦੇ ਤਿਉਹਾਰ ਦਾ ਉਹ ਦਿਨ ਸੀ ਜਿਸ ਦਿਨ ਪਸਾਹ ਦੇ ਭੋਜ ਦਾ ਲੇਲਾ ਵੱਢਿਆ ਜਾਂਦਾ ਸੀ । 8ਯਿਸੂ ਨੇ ਪਤਰਸ ਅਤੇ ਯੂਹੰਨਾ ਨੂੰ ਇਹ ਕਹਿ ਕੇ ਭੇਜਿਆ, “ਜਾਓ ਅਤੇ ਸਾਡੇ ਖਾਣ ਲਈ ਪਸਾਹ ਦਾ ਭੋਜ ਤਿਆਰ ਕਰੋ ।” 9ਉਹਨਾਂ ਨੇ ਯਿਸੂ ਤੋਂ ਪੁੱਛਿਆ, “ਤੁਸੀਂ ਕਿੱਥੇ ਚਾਹੁੰਦੇ ਹੋ ਕਿ ਅਸੀਂ ਭੋਜਨ ਤਿਆਰ ਕਰੀਏ ?” 10ਯਿਸੂ ਨੇ ਉੱਤਰ ਦਿੱਤਾ, “ਜਦੋਂ ਤੁਸੀਂ ਸ਼ਹਿਰ ਵਿੱਚ ਜਾਓ ਤਾਂ ਤੁਸੀਂ ਇੱਕ ਆਦਮੀ ਨੂੰ ਪਾਣੀ ਦਾ ਘੜਾ ਚੁੱਕੀ ਜਾਂਦੇ ਦੇਖੋਗੇ । ਉਸ ਦੇ ਪਿੱਛੇ ਪਿੱਛੇ ਜਾਣਾ । ਜਿਸ ਘਰ ਦੇ ਅੰਦਰ ਉਹ ਜਾਵੇ, ਤੁਸੀਂ ਵੀ ਉਸ ਘਰ ਵਿੱਚ ਜਾਣਾ 11ਅਤੇ ਉਸ ਘਰ ਦੇ ਮਾਲਕ ਨੂੰ ਕਹਿਣਾ, ‘ਗੁਰੂ ਜੀ ਤੁਹਾਨੂੰ ਪੁੱਛਦੇ ਹਨ ਕਿ ਉਹ ਬੈਠਕ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਦੇ ਨਾਲ ਪਸਾਹ ਦਾ ਭੋਜਨ ਕਰਾਂ ?’ 12ਉਹ ਤੁਹਾਨੂੰ ਇੱਕ ਸਜਾਏ ਗਏ ਵੱਡੇ ਚੁਬਾਰੇ ਵਿੱਚ ਲੈ ਜਾਵੇਗਾ । ਉੱਥੇ ਤੁਸੀਂ ਤਿਆਰ ਕਰੋ ।” 13ਉਹ ਗਏ ਅਤੇ ਸਭ ਕੁਝ ਉਸੇ ਤਰ੍ਹਾਂ ਦੇਖਿਆ ਜਿਸ ਤਰ੍ਹਾਂ ਯਿਸੂ ਨੇ ਉਹਨਾਂ ਨੂੰ ਦੱਸਿਆ ਸੀ । ਫਿਰ ਉਹਨਾਂ ਨੇ ਪਸਾਹ ਦਾ ਭੋਜਨ ਤਿਆਰ ਕੀਤਾ ।
ਪ੍ਰਭੂ ਭੋਜ
(ਮੱਤੀ 26:26-30, ਮਰਕੁਸ 14:22-26, 1 ਕੁਰਿੰਥੁਸ 11:23-25)
14ਜਦੋਂ ਭੋਜ ਦਾ ਸਮਾਂ ਆ ਗਿਆ, ਯਿਸੂ ਆਪਣੇ ਚੇਲਿਆਂ ਦੇ ਨਾਲ ਖਾਣ ਲਈ ਬੈਠੇ । 15ਯਿਸੂ ਨੇ ਉਹਨਾਂ ਨੂੰ ਕਿਹਾ, “ਮੇਰੀ ਇਹ ਬੜੀ ਤਾਂਘ ਸੀ ਕਿ ਦੁੱਖ ਸਹਿਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਭੋਜ ਕਰਾਂ । 16ਮੈਂ ਤੁਹਾਨੂੰ ਇਸ ਬਾਰੇ ਇਹ ਵੀ ਦੱਸਦਾ ਹਾਂ ਕਿ ਮੈਂ ਇਹ ਭੋਜ ਅੱਗੇ ਤੋਂ ਤਦ ਤੱਕ ਨਹੀਂ ਖਾਵਾਂਗਾ ਜਦੋਂ ਤੱਕ ਕਿ ਇਸ ਦੀ ਸੰਪੂਰਨਤਾ ਪਰਮੇਸ਼ਰ ਦੇ ਰਾਜ ਵਿੱਚ ਨਾ ਹੋਵੇ ।” 17ਫਿਰ ਯਿਸੂ ਨੇ ਪਿਆਲਾ ਲਿਆ, ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਕਿਹਾ, “ਲਓ, ਇਸ ਨੂੰ ਆਪਸ ਵਿੱਚ ਵੰਡ ਲਵੋ । 18ਮੈਂ ਤੁਹਾਨੂੰ ਕਹਿੰਦਾ ਹਾਂ ਕਿ ਅੱਜ ਤੋਂ ਬਾਅਦ ਜਦੋਂ ਤੱਕ ਪਰਮੇਸ਼ਰ ਦਾ ਰਾਜ ਨਾ ਆਵੇ, ਮੈਂ ਮੈਅ ਨਹੀਂ ਪੀਵਾਂਗਾ ।” 19ਇਸ ਦੇ ਬਾਅਦ ਯਿਸੂ ਨੇ ਰੋਟੀ ਲਈ ਅਤੇ ਪਰਮੇਸ਼ਰ ਦਾ ਧੰਨਵਾਦ ਕਰਦੇ ਹੋਏ ਉਸ ਨੂੰ ਤੋੜਿਆ, ਚੇਲਿਆਂ ਨੂੰ ਦਿੱਤੀ ਅਤੇ ਕਿਹਾ, “ਇਹ ਮੇਰਾ ਸਰੀਰ ਹੈ ਜਿਹੜਾ ਤੁਹਾਡੇ ਲਈ ਦਿੱਤਾ ਜਾਂਦਾ ਹੈ । ਮੇਰੀ ਯਾਦ ਵਿੱਚ ਇਹ ਹੀ ਕਰਿਆ ਕਰੋ ।” 20#ਯਿਰ 31:31-34ਇਸੇ ਤਰ੍ਹਾਂ ਖਾਣੇ ਦੇ ਬਾਅਦ ਯਿਸੂ ਨੇ ਉਹਨਾਂ ਨੂੰ ਪਿਆਲਾ ਦਿੱਤਾ ਅਤੇ ਕਿਹਾ, “ਇਹ ਪਿਆਲਾ ਮੇਰੇ ਖ਼ੂਨ ਦਾ ਨਵਾਂ ਨੇਮ ਹੈ ਜਿਹੜਾ ਤੁਹਾਡੇ ਲਈ ਵਹਾਇਆ ਜਾਂਦਾ ਹੈ ।
21 # ਭਜਨ 41:9 “ਪਰ ਦੇਖੋ, ਮੈਨੂੰ ਫੜਵਾਉਣ ਵਾਲਾ ਮੇਰੇ ਨਾਲ ਇਸ ਵੇਲੇ ਭੋਜਨ ਕਰ ਰਿਹਾ ਹੈ । 22ਮਨੁੱਖ ਦੇ ਪੁੱਤਰ ਨੇ ਤਾਂ ਮਰਨਾ ਹੀ ਹੈ ਜਿਸ ਤਰ੍ਹਾਂ ਉਸ ਦੇ ਬਾਰੇ ਨਿਯੁਕਤ ਕੀਤਾ ਗਿਆ ਹੈ ਪਰ ਹਾਏ ਉਸ ਆਦਮੀ ਉੱਤੇ ਜਿਹੜਾ ਉਸ ਨੂੰ ਫੜਵਾ ਰਿਹਾ ਹੈ !” 23ਇਹ ਸੁਣ ਕੇ ਚੇਲੇ ਆਪਸ ਵਿੱਚ ਇੱਕ ਦੂਜੇ ਤੋਂ ਪੁੱਛਣ ਲੱਗੇ ਕਿ ਸਾਡੇ ਵਿੱਚੋਂ ਉਹ ਕੌਣ ਹੈ ਜਿਹੜਾ ਇਹ ਕੰਮ ਕਰੇਗਾ ?
ਵੱਡਾ ਕੌਣ ਹੈ
24 # ਮੱਤੀ 18:1, ਮਰ 9:34, ਲੂਕਾ 9:46 ਚੇਲਿਆਂ ਵਿੱਚ ਇਹ ਬਹਿਸ ਛਿੜ ਪਈ ਕਿ ਉਹਨਾਂ ਵਿੱਚੋਂ ਵੱਡਾ ਕੌਣ ਸਮਝਿਆ ਜਾਵੇ । 25#ਮੱਤੀ 20:25-27, ਮਰ 10:42-44ਤਦ ਯਿਸੂ ਨੇ ਉਹਨਾਂ ਨੂੰ ਕਿਹਾ, “ਸੰਸਾਰ ਦੇ ਰਾਜੇ ਆਪਣੇ ਲੋਕਾਂ ਉੱਤੇ ਰਾਜ ਕਰਦੇ ਹਨ ਅਤੇ ਅਧਿਕਾਰੀ ਆਪਣੇ ਆਪ ਨੂੰ ਲੋਕਾਂ ਦੇ ਦਾਤਾ ਅਖਵਾਉਂਦੇ ਹਨ । 26#ਮੱਤੀ 23:11, ਮਰ 9:35ਪਰ ਤੁਸੀਂ ਉਹਨਾਂ ਵਰਗੇ ਨਾ ਬਣੋ । ਤੁਹਾਡੇ ਵਿੱਚੋਂ ਜਿਹੜਾ ਵੱਡਾ ਹੈ, ਉਹ ਸਾਰਿਆਂ ਤੋਂ ਛੋਟਾ ਬਣੇ । ਜਿਹੜਾ ਆਗੂ ਹੋਵੇ ਉਹ ਸੇਵਕ ਬਣੇ 27#ਯੂਹ 13:12-15ਕਿਉਂਕਿ ਵੱਡਾ ਕੌਣ ਹੈ ਜਿਹੜਾ ਭੋਜਨ ਕਰਨ ਬੈਠਦਾ ਹੈ ਜਾਂ ਉਹ ਜਿਹੜਾ ਸੇਵਾ ਕਰਦਾ ਹੈ ? ਹਾਂ, ਭੋਜਨ ਕਰਨ ਵਾਲਾ ਹੀ ਵੱਡਾ ਹੈ ਪਰ ਮੈਂ ਤੁਹਾਡੇ ਵਿੱਚ ਇੱਕ ਸੇਵਕ ਵਾਂਗ ਹਾਂ ।
28“ਤੁਸੀਂ ਮੇਰੇ ਸਾਰੇ ਦੁੱਖਾਂ ਵਿੱਚ ਮੇਰਾ ਸਾਥ ਦਿੱਤਾ ਹੈ । 29ਇਸ ਲਈ ਜਿਸ ਤਰ੍ਹਾਂ ਮੇਰੇ ਪਿਤਾ ਨੇ ਮੈਨੂੰ ਰਾਜ ਦਿੱਤਾ ਹੈ, ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਅਧਿਕਾਰ ਦਿੰਦਾ ਹਾਂ । 30#ਮੱਤੀ 19:28ਤੁਸੀਂ ਮੇਰੇ ਰਾਜ ਵਿੱਚ ਮੇਰੇ ਨਾਲ ਮੇਰੇ ਮੇਜ਼ ਤੇ ਖਾਓ ਪੀਓਗੇ ਅਤੇ ਸਿੰਘਾਸਣਾਂ ਉੱਤੇ ਬੈਠ ਕੇ ਇਸਰਾਏਲ ਦੇ ਬਾਰ੍ਹਾਂ ਕਬੀਲਿਆਂ ਦਾ ਨਿਆਂ ਕਰੋਗੇ ।”
ਪਤਰਸ ਦੇ ਇਨਕਾਰ ਬਾਰੇ ਭਵਿੱਖਬਾਣੀ
(ਮੱਤੀ 26:31-35, ਮਰਕੁਸ 14:27-31, ਯੂਹੰਨਾ 13:36-38)
31“ਸ਼ਮਊਨ, ਸ਼ਮਊਨ ! ਦੇਖ, ਸ਼ੈਤਾਨ ਨੇ ਤੁਹਾਨੂੰ ਸਾਰਿਆਂ ਨੂੰ ਪਰਖਣ ਲਈ ਆਗਿਆ ਪ੍ਰਾਪਤ ਕੀਤੀ ਹੈ ਕਿ ਉਹ ਤੁਹਾਨੂੰ ਕਣਕ ਦੀ ਤਰ੍ਹਾਂ ਛੱਟੇ 32ਪਰ ਮੈਂ ਤੇਰੇ ਲਈ ਪ੍ਰਾਰਥਨਾ ਕੀਤੀ ਹੈ ਕਿ ਤੇਰਾ ਵਿਸ਼ਵਾਸ ਨਾ ਡਗਮਗਾਏ ਅਤੇ ਜਦੋਂ ਤੂੰ ਮੇਰੇ ਵੱਲ ਮੁੜੇਂ, ਆਪਣੇ ਭਰਾਵਾਂ ਨੂੰ ਸਹਾਰਾ ਦੇਵੀਂ ।” 33ਪਤਰਸ ਨੇ ਉੱਤਰ ਦਿੱਤਾ, “ਪ੍ਰਭੂ ਜੀ, ਮੈਂ ਤੁਹਾਡੇ ਨਾਲ ਕੈਦ ਵਿੱਚ ਜਾਣ ਅਤੇ ਮਰਨ ਲਈ ਵੀ ਤਿਆਰ ਹਾਂ ।” 34ਯਿਸੂ ਨੇ ਕਿਹਾ, “ਅੱਜ ਹੀ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ, ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ਕਿ ਤੂੰ ਮੈਨੂੰ ਨਹੀਂ ਜਾਣਦਾ ।”
ਬਟੂਆ, ਥੈਲਾ ਅਤੇ ਤਲਵਾਰ
35 # ਮੱਤੀ 10:9-10, ਮਰ 6:8-9, ਲੂਕਾ 9:3, 10:4 ਯਿਸੂ ਨੇ ਆਪਣੇ ਚੇਲਿਆਂ ਤੋਂ ਪੁੱਛਿਆ, “ਪਹਿਲੀ ਵਾਰ ਜਦੋਂ ਮੈਂ ਤੁਹਾਨੂੰ ਬਟੂਏ, ਥੈਲੇ ਅਤੇ ਜੁੱਤੀਆਂ ਤੋਂ ਬਿਨਾਂ ਭੇਜਿਆ ਸੀ, ਕੀ ਉਸ ਸਮੇਂ ਤੁਹਾਨੂੰ ਕੋਈ ਥੁੜ ਹੋਈ ਸੀ ?” ਉਹਨਾਂ ਨੇ ਉੱਤਰ ਦਿੱਤਾ, “ਨਹੀਂ ।” 36ਯਿਸੂ ਨੇ ਕਿਹਾ, “ਪਰ ਹੁਣ ਜਿਸ ਦੇ ਕੋਲ ਬਟੂਆ ਹੈ, ਉਹ ਉਸ ਨੂੰ ਜ਼ਰੂਰ ਨਾਲ ਲੈ ਲਵੇ ਅਤੇ ਇਸ ਤਰ੍ਹਾਂ ਥੈਲਾ ਵੀ । ਜਿਸ ਕੋਲ ਤਲਵਾਰ ਨਹੀਂ, ਉਹ ਆਪਣਾ ਚੋਗਾ ਵੇਚ ਕੇ ਇੱਕ ਖ਼ਰੀਦ ਲਵੇ । 37#ਯਸਾ 53:12ਮੈਂ ਤੁਹਾਨੂੰ ਦੱਸਦਾ ਹਾਂ ਕਿ ਜੋ ਪਵਿੱਤਰ-ਗ੍ਰੰਥ ਵਿੱਚ ਮੇਰੇ ਬਾਰੇ ਲਿਖਿਆ ਹੈ ਉਸ ਦਾ ਪੂਰਾ ਹੋਣਾ ਜ਼ਰੂਰੀ ਹੈ, ‘ਉਸ ਦੀ ਗਿਣਤੀ ਅਪਰਾਧੀਆਂ ਵਿੱਚ ਕੀਤੀ ਗਈ ।’ ਹਾਂ, ਜੋ ਮੇਰੇ ਬਾਰੇ ਲਿਖਿਆ ਹੋਇਆ ਹੈ, ਉਹ ਪੂਰਾ ਹੋ ਰਿਹਾ ਹੈ ।” 38ਚੇਲਿਆਂ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਸਾਡੇ ਕੋਲ ਇੱਥੇ ਦੋ ਤਲਵਾਰਾਂ ਹਨ ।” ਯਿਸੂ ਨੇ ਕਿਹਾ, “ਬਹੁਤ ਹਨ !”
ਪ੍ਰਭੂ ਯਿਸੂ ਜ਼ੈਤੂਨ ਪਹਾੜ ਉੱਤੇ ਪ੍ਰਾਰਥਨਾ ਕਰਦੇ ਹਨ
(ਮੱਤੀ 26:36-46, ਮਰਕੁਸ 14:32-42)
39ਯਿਸੂ ਆਪਣੀ ਰੀਤ ਦੇ ਅਨੁਸਾਰ ਜ਼ੈਤੂਨ ਪਹਾੜ ਉੱਤੇ ਗਏ । ਉਹਨਾਂ ਦੇ ਚੇਲੇ ਵੀ ਉਹਨਾਂ ਦੇ ਪਿੱਛੇ ਪਿੱਛੇ ਗਏ । 40ਜਦੋਂ ਉਹ ਉਸ ਥਾਂ ਉੱਤੇ ਪਹੁੰਚ ਗਏ, ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, “ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ ।” 41ਯਿਸੂ ਆਪ ਥੋੜ੍ਹਾ ਜਿਹਾ ਅੱਗੇ ਗਏ ਅਤੇ ਗੋਡਿਆਂ ਭਾਰ ਹੋ ਕੇ ਪ੍ਰਾਰਥਨਾ ਕਰਨ ਲੱਗੇ, 42“ਹੇ ਪਿਤਾ, ਜੇਕਰ ਤੁਹਾਡੀ ਮਰਜ਼ੀ ਹੋਵੇ ਤਾਂ ਇਹ ਦੁੱਖਾਂ ਦਾ ਭਰਿਆ ਪਿਆਲਾ ਮੇਰੇ ਤੋਂ ਦੂਰ ਕਰੋ ਪਰ ਫਿਰ ਵੀ ਮੇਰੀ ਨਹੀਂ, ਤੁਹਾਡੀ ਮਰਜ਼ੀ ਪੂਰੀ ਹੋਵੇ ।” [43ਉਸ ਸਮੇਂ ਇੱਕ ਸਵਰਗਦੂਤ ਉਹਨਾਂ ਨੂੰ ਦਿਖਾਈ ਦਿੱਤਾ ਜਿਹੜਾ ਉਹਨਾਂ ਨੂੰ ਸਹਾਰਾ ਦੇ ਰਿਹਾ ਸੀ । 44ਯਿਸੂ ਬਹੁਤ ਦੁੱਖ ਵਿੱਚ ਹੋ ਕੇ ਗੰਭੀਰਤਾ ਨਾਲ ਪ੍ਰਾਰਥਨਾ ਕਰਨ ਲੱਗੇ । ਉਹਨਾਂ ਦਾ ਪਸੀਨਾ ਖ਼ੂਨ ਦੀਆਂ ਬੂੰਦਾਂ ਦੀ ਤਰ੍ਹਾਂ ਜ਼ਮੀਨ ਉੱਤੇ ਡਿੱਗ ਰਿਹਾ ਸੀ ।]#22:44 ਇਹ ਆਇਤ ਕੁਝ ਪ੍ਰਾਚੀਨ ਲਿਖਤਾਂ ਵਿੱਚ ਨਹੀਂ ਹੈ ।
45ਪ੍ਰਾਰਥਨਾ ਕਰਨ ਦੇ ਬਾਅਦ ਯਿਸੂ ਉੱਠੇ ਅਤੇ ਆਪਣੇ ਚੇਲਿਆਂ ਕੋਲ ਗਏ ਪਰ ਉਹਨਾਂ ਨੂੰ ਯਿਸੂ ਨੇ ਦੁੱਖ ਅਤੇ ਥਕਾਵਟ ਦੇ ਨਾਲ ਸੁੱਤੇ ਹੋਏ ਦੇਖਿਆ । 46ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਕਿਉਂ ਸੌਂ ਰਹੇ ਹੋ ? ਉੱਠੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ ।”
ਪ੍ਰਭੂ ਯਿਸੂ ਦਾ ਗਰਿਫ਼ਤਾਰ ਕੀਤਾ ਜਾਣਾ
(ਮੱਤੀ 26:47-56, ਮਰਕੁਸ 14:43-50, ਯੂਹੰਨਾ 18:3-11)
47ਯਿਸੂ ਅਜੇ ਇਹ ਗੱਲ ਕਹਿ ਹੀ ਰਹੇ ਸਨ ਕਿ ਲੋਕਾਂ ਦੀ ਇੱਕ ਭੀੜ ਉੱਥੇ ਆ ਗਈ । ਯਹੂਦਾ, ਜਿਹੜਾ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ, ਉਹ ਯਿਸੂ ਕੋਲ ਆਇਆ ਕਿ ਉਹਨਾਂ ਨੂੰ ਚੁੰਮੇ ।#22:47 ਚੁੰਮਾ ਉਸ ਸਮੇਂ ਦੇ ਯਹੂਦੀਆਂ ਵਿੱਚ ਨਮਸਕਾਰ ਦੀ ਰੀਤ ਸੀ । 48ਯਿਸੂ ਨੇ ਯਹੂਦਾ ਤੋਂ ਪੁੱਛਿਆ, “ਕੀ ਤੂੰ ਚੁੰਮੇ ਦੇ ਰਾਹੀਂ ਮਨੁੱਖ ਦੇ ਪੁੱਤਰ ਨੂੰ ਫੜਵਾ ਰਿਹਾ ਹੈਂ ?” 49ਜਦੋਂ ਉਹਨਾਂ ਚੇਲਿਆਂ ਨੇ ਜਿਹੜੇ ਯਿਸੂ ਦੇ ਨਾਲ ਸਨ, ਦੇਖਿਆ ਕਿ ਕੀ ਹੋਣ ਵਾਲਾ ਹੈ ਤਾਂ ਉਹਨਾਂ ਨੇ ਪੁੱਛਿਆ, “ਪ੍ਰਭੂ ਜੀ, ਕੀ ਅਸੀਂ ਆਪਣੀਆਂ ਤਲਵਾਰਾਂ ਕੱਢੀਏ ?” 50ਉਹਨਾਂ ਵਿੱਚੋਂ ਇੱਕ ਨੇ ਮਹਾਂ-ਪੁਰੋਹਿਤ ਦੇ ਸੇਵਕ ਉੱਤੇ ਤਲਵਾਰ ਨਾਲ ਵਾਰ ਕੀਤਾ ਅਤੇ ਉਸ ਦਾ ਸੱਜਾ ਕੰਨ ਵੱਢ ਦਿੱਤਾ 51ਪਰ ਯਿਸੂ ਨੇ ਕਿਹਾ, “ਰੁਕ ਜਾਓ !” ਅਤੇ ਉਸ ਸੇਵਕ ਦਾ ਕੰਨ ਛੂਹ ਕੇ ਠੀਕ ਕਰ ਦਿੱਤਾ ।
52ਫਿਰ ਯਿਸੂ ਨੇ ਮਹਾਂ-ਪੁਰੋਹਿਤਾਂ, ਹੈਕਲ ਦੀ ਪੁਲਿਸ ਦੇ ਕਪਤਾਨ ਅਤੇ ਬਜ਼ੁਰਗ ਆਗੂਆਂ ਨੂੰ ਜਿਹੜੇ ਉਹਨਾਂ ਨੂੰ ਫੜਨ ਆਏ ਸਨ, ਕਿਹਾ, “ਕੀ ਤੁਸੀਂ ਮੈਨੂੰ ਕੋਈ ਡਾਕੂ ਸਮਝ ਕੇ ਇਹ ਤਲਵਾਰਾਂ ਅਤੇ ਲਾਠੀਆਂ ਲੈ ਕੇ ਫੜਨ ਆਏ ਹੋ ? 53#ਲੂਕਾ 19:47, 21:37ਮੈਂ ਤੁਹਾਡੇ ਨਾਲ ਹਰ ਰੋਜ਼ ਹੈਕਲ ਵਿੱਚ ਸੀ ਪਰ ਤੁਸੀਂ ਮੇਰੇ ਉੱਤੇ ਹੱਥ ਨਾ ਪਾਇਆ ਪਰ ਇਹ ਤੁਹਾਡਾ ਸਮਾਂ ਹੈ ਜਦੋਂ ਅੰਧਕਾਰ ਦਾ ਰਾਜ ਹੈ ।”
ਪਤਰਸ ਯਿਸੂ ਦਾ ਇਨਕਾਰ ਕਰਦਾ ਹੈ
(ਮੱਤੀ 26:57-58,69-75, ਮਰਕੁਸ 14:53-54,66-72, ਯੂਹੰਨਾ 18:12-18,25-27)
54ਉਹ ਯਿਸੂ ਨੂੰ ਫੜ ਕੇ ਮਹਾਂ-ਪੁਰੋਹਿਤ ਦੇ ਘਰ ਲੈ ਗਏ । ਪਤਰਸ ਕੁਝ ਦੂਰ ਰਹਿ ਕੇ ਉਹਨਾਂ ਦੇ ਪਿੱਛੇ ਪਿੱਛੇ ਗਿਆ । 55ਵਿਹੜੇ ਵਿੱਚ ਕੁਝ ਲੋਕ ਅੱਗ ਬਾਲ ਕੇ ਬੈਠੇ ਸਨ । ਪਤਰਸ ਵੀ ਉਹਨਾਂ ਦੇ ਵਿੱਚ ਬੈਠ ਗਿਆ । 56ਉੱਥੇ ਇੱਕ ਸੇਵਕ ਔਰਤ ਨੇ ਪਤਰਸ ਨੂੰ ਅੱਗ ਸੇਕਦੇ ਦੇਖਿਆ । ਉਸ ਨੇ ਪਤਰਸ ਵੱਲ ਨੀਝ ਲਾ ਕੇ ਦੇਖਿਆ ਅਤੇ ਕਿਹਾ, “ਇਹ ਆਦਮੀ ਵੀ ਯਿਸੂ ਦੇ ਨਾਲ ਸੀ ।” 57ਪਰ ਪਤਰਸ ਨੇ ਇਨਕਾਰ ਕਰਦੇ ਹੋਏ ਕਿਹਾ, “ਬੀਬੀ, ਮੈਂ ਉਸ ਨੂੰ ਨਹੀਂ ਜਾਣਦਾ ।” 58ਥੋੜੇ ਸਮੇਂ ਦੇ ਬਾਅਦ ਇੱਕ ਦੂਜੇ ਆਦਮੀ ਨੇ ਪਤਰਸ ਨੂੰ ਕਿਹਾ, “ਤੂੰ ਵੀ ਤਾਂ ਉਹਨਾਂ ਵਿੱਚੋਂ ਇੱਕ ਹੈਂ ।” ਪਤਰਸ ਨੇ ਕਿਹਾ, “ਨਹੀਂ, ਸ੍ਰੀਮਾਨ ਜੀ, ਮੈਂ ਨਹੀਂ ਹਾਂ ।” 59ਲਗਭਗ ਇੱਕ ਘੰਟੇ ਦੇ ਬਾਅਦ ਇੱਕ ਹੋਰ ਆਦਮੀ ਨੇ ਜ਼ੋਰ ਦੇ ਕੇ ਕਿਹਾ, “ਸੱਚਮੁੱਚ ਇਹ ਆਦਮੀ ਯਿਸੂ ਦੇ ਨਾਲ ਦਾ ਹੈ ਕਿਉਂਕਿ ਇਹ ਗਲੀਲ ਦਾ ਰਹਿਣ ਵਾਲਾ ਹੈ ।” 60ਪਰ ਪਤਰਸ ਨੇ ਫਿਰ ਕਿਹਾ, “ਸ੍ਰੀਮਾਨ ਜੀ, ਮੈਂ ਨਹੀਂ ਜਾਣਦਾ ਕਿ ਤੁਸੀਂ ਕੀ ਕਹਿ ਰਹੇ ਹੋ !” ਜਦੋਂ ਪਤਰਸ ਇਹ ਕਹਿ ਹੀ ਰਿਹਾ ਸੀ ਉਸੇ ਸਮੇਂ ਕੁੱਕੜ ਨੇ ਬਾਂਗ ਦਿੱਤੀ । 61ਯਿਸੂ ਨੇ ਪਿੱਛੇ ਮੁੜ ਕੇ ਪਤਰਸ ਵੱਲ ਦੇਖਿਆ, ਤਦ ਪਤਰਸ ਨੂੰ ਉਹਨਾਂ ਦੇ ਕਹੇ ਹੋਏ ਸ਼ਬਦ ਯਾਦ ਆਏ, “ਅੱਜ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ।” 62ਪਤਰਸ ਬਾਹਰ ਜਾ ਕੇ ਫੁੱਟ-ਫੁੱਟ ਕੇ ਰੋਇਆ ।
ਪ੍ਰਭੂ ਯਿਸੂ ਦਾ ਅਪਮਾਨ ਕੀਤਾ ਜਾਣਾ
(ਮੱਤੀ 26:67-68, ਮਰਕੁਸ 14:65)
63ਯਿਸੂ ਦੀ ਪਹਿਰੇਦਾਰੀ ਕਰਨ ਵਾਲੇ ਉਹਨਾਂ ਨੂੰ ਮਖ਼ੌਲ ਕਰ ਰਹੇ ਸਨ । 64ਉਹ ਉਹਨਾਂ ਦੇ ਮੂੰਹ ਉੱਤੇ ਕੱਪੜਾ ਪਾ ਕੇ ਮਾਰਦੇ ਅਤੇ ਕਹਿੰਦੇ ਸਨ, “ਤੂੰ ਨਬੀ ਹੈਂ, ਦੱਸ ਕਿਸ ਨੇ ਤੈਨੂੰ ਮਾਰਿਆ ਹੈ ?” 65ਇਸੇ ਤਰ੍ਹਾਂ ਹੋਰ ਵੀ ਕਈ ਗੱਲਾਂ ਰਾਹੀਂ ਉਹਨਾਂ ਨੇ ਯਿਸੂ ਦਾ ਅਪਮਾਨ ਕੀਤਾ ।
ਪ੍ਰਭੂ ਯਿਸੂ ਦੀ ਮਹਾਂਸਭਾ ਅੱਗੇ ਪੇਸ਼ੀ
(ਮੱਤੀ 26:59-66, ਮਰਕੁਸ 14:55-64, ਯੂਹੰਨਾ 18:19-24)
66ਜਦੋਂ ਦਿਨ ਚੜ੍ਹਿਆ ਤਦ ਯਹੂਦੀਆਂ ਦੇ ਬਜ਼ੁਰਗ ਆਗੂ, ਮਹਾਂ-ਪੁਰੋਹਿਤ ਅਤੇ ਵਿਵਸਥਾ ਦੇ ਸਿੱਖਿਅਕ ਆਪਸ ਵਿੱਚ ਮਿਲੇ । ਫਿਰ ਯਿਸੂ ਨੂੰ ਉਹਨਾਂ ਦੀ ਮਹਾਂਸਭਾ ਦੇ ਸਾਹਮਣੇ ਪੇਸ਼ ਕੀਤਾ ਗਿਆ । 67ਉਹਨਾਂ ਨੇ ਯਿਸੂ ਤੋਂ ਪੁੱਛਿਆ, “ਦੱਸ, ਕੀ ਤੂੰ ਮਸੀਹ ਹੈਂ ?” ਯਿਸੂ ਨੇ ਉੱਤਰ ਦਿੱਤਾ, “ਜੇਕਰ ਮੈਂ ਤੁਹਾਨੂੰ ਦੱਸਾਂਗਾ ਤਾਂ ਤੁਸੀਂ ਵਿਸ਼ਵਾਸ ਨਹੀਂ ਕਰੋਗੇ 68ਅਤੇ ਜੇਕਰ ਮੈਂ ਤੁਹਾਡੇ ਤੋਂ ਸਵਾਲ ਪੁੱਛਾਂਗਾ ਤਾਂ ਤੁਸੀਂ ਉੱਤਰ ਨਹੀਂ ਦੇਵੋਗੇ । 69ਪਰ ਹੁਣ ਤੋਂ ਮਨੁੱਖ ਦਾ ਪੁੱਤਰ ਪਰਮ ਪਰਮੇਸ਼ਰ ਦੇ ਸੱਜੇ ਹੱਥ ਵਿਰਾਜਮਾਨ ਹੋਵੇਗਾ ।” 70ਉਹਨਾਂ ਸਾਰਿਆਂ ਨੇ ਪੁੱਛਿਆ, “ਕੀ ਤੂੰ ਪਰਮੇਸ਼ਰ ਦਾ ਪੁੱਤਰ ਹੈਂ ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਤੁਸੀਂ ਠੀਕ ਕਹਿੰਦੇ ਹੋ ਕਿ ਮੈਂ ਹਾਂ ।” 71ਉਹਨਾਂ ਨੇ ਕਿਹਾ, “ਹੁਣ ਸਾਨੂੰ ਹੋਰ ਗਵਾਹੀ ਦੀ ਕੀ ਲੋੜ ਹੈ ? ਅਸੀਂ ਆਪ ਉਸ ਦੇ ਮੂੰਹ ਤੋਂ ਸੁਣ ਲਿਆ ਹੈ !”

Currently Selected:

ਲੂਕਾ 22: CL-NA

Highlight

Share

Copy

None

Want to have your highlights saved across all your devices? Sign up or sign in