ਉਤਪਤ 9

9
ਪੀਂਘ ਦਾ ਨੇਮ
1ਸੋ ਪਰਮੇਸ਼ੁਰ ਨੇ ਨੂਹ ਅਰ ਉਹ ਦੇ ਪੁੱਤ੍ਰਾਂ ਨੂੰ ਏਹ ਆਖਕੇ ਅਸੀਸ ਦਿੱਤੀ ਕਿ ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ 2ਅਤੇ ਤੁਹਾਡਾ ਡਰ ਅਰ ਤੁਹਾਡਾ ਭੈ ਧਰਤੀ ਦੇ ਹਰ ਜਾਨਵਰ ਉੱਤੇ ਅਰ ਅਕਾਸ਼ ਦੇ ਹਰ ਪੰਛੀ ਉੱਤੇ ਅਰ ਹਰ ਇੱਕ ਦੇ ਉੱਤੇ ਜਿਹੜਾ ਜ਼ਮੀਨ ਉੱਤੇ ਘਿੱਸਰਦਾ ਹੈ ਅਰ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਉੱਤੇ ਹੋਵੇਗਾ। ਓਹ ਤੁਹਾਡੇ ਵੱਸ ਵਿੱਚ ਕੀਤੇ ਗਏ ਹਨ 3ਹਰ ਚੱਲਣਹਾਰ ਜਿਸ ਦੇ ਵਿੱਚ ਜੀਵਣ ਹੈ ਤੁਹਾਡੇ ਭੋਜਨ ਲਈ ਹੋਵੇਗਾ। ਜਿਵੇਂ ਮੈਂ ਸਾਗ ਪਾਤ ਦਿੱਤਾ ਤਿਵੇਂ ਤੁਹਾਨੂੰ ਹੁਣ ਸਭ ਕੁਝ ਦਿੰਦਾ ਹਾਂ 4ਪਰ ਮਾਸ ਉਸ ਦੀ ਜਾਨ ਸਣੇ ਅਰਥਾਤ ਲਹੂ ਸਣੇ ਤੁਸੀਂ ਨਾ ਖਾਇਓ 5ਮੈਂ ਜ਼ਰੂਰ ਤੁਹਾਡੀਆਂ ਜਾਨਾਂ ਦੇ ਲਹੂ ਦਾ ਬਦਲਾ ਲਵਾਂਗਾ ਹਰ ਇੱਕ ਜੰਗਲੀ ਜਾਨਵਰ ਤੋਂ ਮੈਂ ਬਦਲਾ ਲਵਾਂਗਾ ਅਤੇ ਆਦਮੀ ਦੇ ਹੱਥੀਂ ਅਰਥਾਤ ਹਰ ਮਨੁੱਖ ਦੇ ਭਰਾ ਦੇ ਹੱਥੀਂ ਮੈਂ ਆਦਮੀ ਦੀ ਜਾਨ ਦਾ ਬਦਲਾ ਲਵਾਂਗਾ 6ਜੋ ਆਦਮੀ ਦਾ ਲਹੂ ਵਹਾਏਗਾ ਉਸ ਦਾ ਲਹੂ ਆਦਮੀ ਤੋਂ ਵਹਾਇਆ ਜਾਵੇਗਾ ਕਿਉਂਕਿ ਪਰਮੇਸ਼ੁਰ ਦੇ ਸਰੂਪ ਉੱਤੇ ਉਸ ਨੇ ਆਦਮੀ ਨੂੰ ਬਣਾਇਆ ਸੀ 7ਤੁਸੀਂ ਫਲੋ ਅਰ ਵਧੋ। ਧਰਤੀ ਉੱਤੇ ਫੈਲੋ ਅਰ ਉਸ ਉੱਤੇ ਵਧੋ।।
8ਤਾਂ ਪਰਮੇਸ਼ੁਰ ਨੂਹ ਨਾਲ ਅਰ ਉਹ ਦੇ ਪੁੱਤ੍ਰਾਂ ਨਾਲ ਵੀ ਬੋਲਿਆ ਕਿ 9ਮੈਂ, ਵੇਖੋ, ਮੈਂ ਹੀ ਆਪਣਾ ਨੇਮ ਤੁਹਾਡੇ ਨਾਲ ਅਰ ਤੁਹਾਡੇ ਪਿੱਛੋਂ ਤੁਹਾਡੀ ਅੰਸ ਨਾਲ ਬੰਨ੍ਹਾਂਗਾ 10ਨਾਲੇ ਹਰ ਜੀਉਂਦੇ ਪ੍ਰਾਣੀ ਨਾਲ ਜੋ ਤੁਹਾਡੇ ਸੰਗ ਹੈ ਅਰਥਾਤ ਪੰਛੀ ਡੰਗਰ ਅਤੇ ਧਰਤੀ ਦੇ ਹਰ ਇੱਕ ਜਾਨਵਰ ਨਾਲ ਜੋ ਤੁਹਾਡੇ ਸੰਗ ਹੈ ਸਗੋਂ ਹਰ ਇੱਕ ਦੇ ਨਾਲ ਜਿਹੜਾ ਕਿਸ਼ਤੀ ਤੋਂ ਨਿੱਕਲਿਆ ਹੈ ਅਰ ਧਰਤੀ ਦੇ ਹਰ ਇੱਕ ਜਾਨਵਰ ਨਾਲ ਵੀ 11ਸੋ ਮੈਂ ਆਪਣਾ ਨੇਮ ਤੁਹਾਡੇ ਨਾਲ ਬੰਨਾਂਗਾ ਅਤੇ ਸਾਰੇ ਸਰੀਰਾਂ ਦਾ ਨਾਸ ਫੇਰ ਪਰਲੋ ਦੇ ਪਾਣੀਆਂ ਦੇ ਰਾਹੀਂ ਨਾ ਕੀਤਾ ਜਾਵੇਗਾ ਅਰ ਨਾ ਪਰਲੋ ਧਰਤੀ ਦੇ ਨਾਸ ਕਰਨ ਲਈ ਫੇਰ ਆਵੇਗੀ 12ਤਦ ਪਰਮੇਸ਼ੁਰ ਨੇ ਆਖਿਆ, ਇਹ ਉਸ ਨੇਮ ਦਾ ਨਿਸ਼ਾਨ ਹੈ ਜਿਹੜਾ ਮੈਂ ਆਪਣੇ ਅਰ ਤੁਹਾਡੇ ਅਰ ਹਰ ਜੀਉ ਜੰਤ ਵਿੱਚ ਜੋ ਤੁਹਾਡੇ ਸੰਗ ਹੈ ਪੀੜ੍ਹੀਓਂ ਪੀੜ੍ਹੀ ਸਦਾ ਲਈ ਦਿੰਦਾ ਹਾਂ 13ਮੈਂ ਆਪਣੀ ਧਣੁਕ ਬੱਦਲ ਵਿੱਚ ਰੱਖੀ ਹੈ। ਉਹ ਉਸ ਨੇਮ ਦੇ ਨਿਸ਼ਾਨ ਲਈ ਹੋਵੇਗੀ ਜੋ ਮੇਰੇ ਅਰ ਧਰਤੀ ਵਿੱਚ ਹੋਵੇਗਾ 14ਅਤੇ ਐਉਂ ਹੋਵੇਗਾ ਜਦ ਮੈਂ ਬੱਦਲ ਧਰਤੀ ਉੱਪਰ ਲਿਆਵਾਂਗਾ ਤਦ ਉਹ ਧਣੁਕ ਬੱਦਲ ਵਿੱਚ ਦਿੱਸੇਗੀ 15ਅਤੇ ਮੈਂ ਆਪਣੇ ਨੇਮ ਨੂੰ ਜੋ ਮੇਰੇ ਅਰ ਤੁਹਾਡੇ ਅਰ ਸਾਰੇ ਜੀਉਂਦੇ ਪ੍ਰਾਣੀਆਂ ਦੇ ਸਰੀਰਾਂ ਵਿੱਚ ਹੈ ਚੇਤੇ ਕਰਾਂਗਾ ਅਰ ਪਰਲੋ ਦੇ ਪਾਣੀ ਫੇਰ ਸਾਰੇ ਸਰੀਰਾਂ ਦੇ ਨਾਸ ਕਰਨ ਨੂੰ ਨਹੀਂ ਆਉਣਗੇ 16ਧਣੁਕ ਬੱਦਲ ਵਿੱਚ ਹੋਵੇਗੀ ਅਤੇ ਮੈਂ ਉਹ ਨੂੰ ਵੇਖਕੇ ਉਸ ਸਦੀਪਕ ਨੇਮ ਨੂੰ ਜਿਹੜਾ ਪਰਮੇਸ਼ੁਰ ਅਰ ਸਾਰੇ ਜੀਉਂਦੇ ਪ੍ਰਾਣੀਆਂ ਦੇ ਸਰੀਰਾਂ ਵਿੱਚ ਹੈ ਜੋ ਧਰਤੀ ਉੱਤੇ ਹਨ ਚੇਤੇ ਕਰਾਂਗਾ 17ਅਤੇ ਪਰਮੇਸ਼ੁਰ ਨੇ ਨੂਹ ਨੂੰ ਆਖਿਆ ਕਿ ਇਹੋ ਉਸ ਨੇਮ ਦਾ ਨਿਸ਼ਾਨ ਹੈ ਜਿਹੜਾ ਮੈਂ ਆਪਣੇ ਅਰ ਧਰਤੀ ਦੇ ਸਾਰੇ ਸਰੀਰਾਂ ਦੇ ਵਿਚਕਾਰ ਬੰਨਿਆਂ ਹੈ।।
18ਨੂਹ ਦੇ ਪੁੱਤ੍ਰ ਜਿਹੜੇ ਕਿਸ਼ਤੀ ਵਿੱਚੋਂ ਨਿੱਕਲੇ ਸੋ ਸ਼ੇਮ ਅਰ ਹਾਮ ਅਰ ਯਾਫਥ ਸਨ ਅਤੇ ਹਾਮ ਕਨਾਨ ਦਾ ਪਿਤਾ ਸੀ 19ਏਹ ਨੂਹ ਦੇ ਤਿੰਨ ਪੁੱਤ੍ਰ ਸਨ ਅਤੇ ਉਨ੍ਹਾਂ ਤੋਂ ਸਾਰੀ ਧਰਤੀ ਆਬਾਦ ਹੋਈ 20ਨੂਹ ਜ਼ਿਮੀਂਦਾਰੀ ਕਰਨ ਲੱਗਾ ਅਤੇ ਅੰਗੂਰ ਦੀ ਬਾੜੀ ਲਾਈ 21ਉਸ ਨੇ ਮਧ ਪੀਤੀ ਅਰ ਖੀਵਾ ਹੋਕੇ ਤੰਬੂ ਦੇ ਵਿੱਚ ਨੰਗਾ ਪੈ ਗਿਆ 22ਤਾਂ ਕਨਾਨ ਦੇ ਪਿਤਾ ਹਾਮ ਨੇ ਆਪਣੇ ਪਿਤਾ ਦਾ ਨੰਗੇਜ ਡਿੱਠਾ ਅਤੇ ਉਸ ਨੇ ਆਪਣੇ ਦੋਹਾਂ ਭਰਾਵਾਂ ਨੂੰ ਜੋ ਬਾਹਰ ਸਨ ਦੱਸਿਆ 23ਤਾਂ ਸ਼ੇਮ ਅਰ ਯਾਫਥ ਨੇ ਕੱਪੜਾ ਲੈਕੇ ਆਪਣੇ ਦੋਹਾਂ ਮੋਢਿਆਂ ਤੇ ਰੱਖਿਆ ਅਰ ਪਿੱਛਲਖੁਰੀ ਜਾਕੇ ਆਪਣੇ ਪਿਤਾ ਦਾ ਨੰਗੇਜ ਢੱਕਿਆ। ਉਨ੍ਹਾਂ ਦੇ ਮੂੰਹ ਪਿਛਲੇ ਪਾਸੇ ਨੂੰ ਸਨ ਸੋ ਆਪਣੇ ਪਿਤਾ ਦਾ ਨੰਗੇਜ ਉਨ੍ਹਾਂ ਨੇ ਨਾ ਡਿੱਠਾ 24ਜਦ ਨੂਹ ਆਪਣੇ ਖੀਵੇਪੁਣੇ ਤੋਂ ਜਾਗਿਆ ਤਾਂ ਉਸ ਨੇ ਜਾਣਿਆ ਭਈ ਉਸ ਦੇ ਛੋਟੇ ਪੁੱਤ੍ਰ ਨੇ ਉਸ ਦੇ ਨਾਲ ਕੀ ਕੀਤਾ ਸੀ 25ਤਦ ਉਸ ਨੇ ਆਖਿਆ ਕਿ ਕਨਾਨ ਫਿਟਕਾਰੀ ਹੋਵੇ। ਉਹ ਆਪਣੇ ਭਰਾਵਾਂ ਦੇ ਟਹਿਲੂਆਂ ਦਾ ਟਹਿਲੀਆ ਹੋਵੇਗਾ 26ਫੇਰ ਉਸ ਨੇ ਆਖਿਆ, ਧੰਨ ਹੋਵੇ ਯਹੋਵਾਹ ਸ਼ੇਮ ਦਾ ਪਰਮੇਸ਼ੁਰ ਅਤੇ ਕਨਾਨ ਉਸ ਦਾ ਦਾਸ ਹੋਊ 27ਪਰਮੇਸ਼ੁਰ ਯਾਫਥ ਨੂੰ ਵਧਾਵੇ। ਉਹ ਸ਼ੇਮ ਦੇ ਤੰਬੂਆਂ ਵਿੱਚ ਵੱਸੇ ਅਤੇ ਕਨਾਨ ਉਸ ਦਾ ਦਾਸ ਹੋਵੇ 28ਪਰਲੋ ਦੇ ਪਿੱਛੋਂ ਨੂਹ ਤਿੰਨ ਸੌ ਪੰਜਾਹ ਵਰਿਹਾਂ ਤੀਕ ਜੀਉਂਦਾ ਰਿਹਾ 29ਅਰ ਨੂਹ ਦੇ ਸਾਰੇ ਦਿਨ ਨੌ ਸੌ ਪੰਜਾਹ ਵਰਹੇ ਸਨ ਤਾਂ ਉਹ ਮਰ ਗਿਆ।।

ハイライト

シェア

コピー

None

すべてのデバイスで、ハイライト箇所を保存したいですか? サインアップまたはサインインしてください。