ਉਤਪਤ 2

2
ਸੱਤਵਾਂ ਦਿਨ—ਅਰਾਮ
1ਇਸ ਤਰ੍ਹਾਂ ਧਰਤੀ ਅਕਾਸ਼ ਅਤੇ ਉਨ੍ਹਾਂ ਵਿੱਚਲੀ ਹਰ ਸ਼ੈਅ ਦੀ ਸਾਜਨਾ ਸੰਪੂਰਨ ਹੋ ਗਈ। 2ਪਰਮੇਸ਼ੁਰ ਨੇ ਆਪਣਾ ਕੰਮ, ਜੋ ਉਹ ਕਰ ਰਿਹਾ ਸੀ ਖ਼ਤਮ ਕਰ ਲਿਆ। ਇਸ ਲਈ ਪਰਮੇਸ਼ੁਰ ਨੇ ਸੱਤਵੇਂ ਦਿਨ ਅਰਾਮ ਕੀਤਾ। 3ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਇਸ ਨੂੰ ਪਵਿੱਤਰ ਦਿਨ ਬਣਾਇਆ, ਕਿਉਂਕਿ ਉਸ ਨੇ ਉਨ੍ਹਾਂ ਸਾਰੇ ਕੰਮਾਂ ਤੋਂ ਅਰਾਮ ਲਿਆ ਜੋ ਉਹ ਸੰਸਾਰ ਦੀ ਸਾਜਨਾ ਕਰਨ ਵੇਲੇ ਕਰ ਰਿਹਾ ਸੀ।
ਮਨੁੱਖ਼ਤਾ ਦੀ ਸ਼ੁਰੂਆਤ
4ਇਹ ਅਕਾਸ਼ ਅਤੇ ਧਰਤੀ ਦਾ ਇਤਿਹਾਸ ਹੈ। ਇਹ ਉਨ੍ਹਾਂ ਗੱਲਾਂ ਦੀ ਕਹਾਣੀ ਹੈ ਜਿਹੜ੍ਹ੍ਹੀਆਂ ਪਰਮੇਸ਼ੁਰ ਦੇ ਧਰਤੀ ਅਤੇ ਅਕਾਸ਼ ਬਨਾਉਣ ਵੇਲੇ ਵਾਪਰੀਆਂ। 5ਇਹ ਜ਼ਮੀਨ ਉੱਤੇ ਪੌਦੇ ਉੱਗਣ ਤੋਂ ਪਹਿਲਾਂ ਦੀ ਗੱਲ ਹੈ। ਖੇਤਾਂ ਵਿੱਚ ਕੁਝ ਵੀ ਨਹੀਂ ਉੱਗ ਰਿਹਾ ਸੀ। ਇਹ ਇਸ ਲਈ ਸੀ ਕਿਉਕਿ ਯਹੋਵਾਹ ਪਰਮੇਸ਼ੁਰ ਨੇ ਹਾਲੇ ਮੀਂਹ ਨਹੀਂ ਭੇਜਿਆ ਸੀ ਅਤੇ ਉੱਥੇ ਪੌਦਿਆਂ ਦੀ ਦੇਖ-ਭਾਲ ਕਰਨ ਲਈ ਕੋਈ ਵੀ ਮਨੁੱਖ ਨਹੀਂ ਸੀ।
6ਇਸਦੀ ਜਗ਼੍ਹਾ, ਧਰਤੀ ਵਿੱਚੋਂ ਇੱਕ ਧੁੰਦ#2:6 ਧੁੰਦ ਜਾਂ, “ਪਾਣੀ।” ਆਈ ਅਤੇ ਜ਼ਮੀਨ ਨੂੰ ਗਿੱਲਾ ਕੀਤਾ। 7ਫ਼ੇਰ ਯਹੋਵਾਹ ਪਰਮੇਸ਼ੁਰ ਨੇ ਧਰਤੀ ਤੋਂ ਮਿੱਟੀ ਲਈ ਅਤੇ ਆਦਮ ਨੂੰ ਸਾਜਿਆ। ਯਹੋਵਾਹ ਨੇ ਆਦਮ ਦੇ ਨੱਕ ਵਿੱਚ ਜੀਵਨ ਦਾ ਸਾਹ ਫ਼ੂਕਿਆ, ਅਤੇ ਆਦਮ ਜਿਉਂਦਾ ਜੀਵ ਬਣ ਗਿਆ। 8ਫ਼ੇਰ ਯਹੋਵਾਹ ਪਰਮੇਸ਼ੁਰ ਨੇ ਪੂਰਬ ਵਿੱਚ ਅਦਨ ਨਾਮ ਦੇ ਇੱਕ ਸਥਾਨ ਉੱਤੇ ਇੱਕ ਬਾਗ਼ ਲਾਇਆ। ਯਹੋਵਾਹ ਪਰਮੇਸ਼ੁਰ ਨੇ ਆਪਣੇ ਦੁਆਰਾ ਸਾਜੇ ਹੋਏ ਆਦਮ ਨੂੰ ਉਸ ਬਾਗ਼ ਵਿੱਚ ਰੱਖ ਦਿੱਤਾ। 9ਯਹੋਵਾਹ ਪਰਮੇਸ਼ੁਰ ਨੇ ਜ਼ਮੀਨ ਵਿੱਚੋਂ ਰੁੱਖ ਉਗਾਏ: ਹਰ ਖੂਬਸੂਰਤ ਰੁੱਖ ਅਤੇ ਹਰ ਉਹ ਰੁੱਖ ਜੋ ਭੋਜਨ ਲਈ ਚੰਗਾ ਸੀ। ਬਾਗ ਦੇ ਮੱਧ ਵਿੱਚ, ਯਹੋਵਾਹ ਪਰਮੇਸ਼ੁਰ ਨੇ ਜੀਵਨ ਦਾ ਰੁੱਖ ਲਾਇਆ ਅਤੇ ਉਹ ਰੁੱਖ ਵੀ ਲਾਇਆ ਜੋ ਗਿਆਨ ਦਿੰਦਾ ਸੀ ਕਿ, ਕੀ ਚੰਗਾ ਸੀ ਤੇ ਕੀ ਮਾੜਾ।
10ਅਦਨ ਵਿੱਚ ਇੱਕ ਨਦੀ ਵਗਦੀ ਸੀ ਜਿਹੜੀ ਬਾਗ਼ ਨੂੰ ਸਿਂਜਦੀ ਸੀ। ਉਹ ਨਦੀ ਫ਼ੇਰ ਚਾਰ ਸ਼ਾਖਾਵਾਂ ਵਿੱਚ ਪਾਟ ਗਈ। 11ਪਹਿਲੀ ਨਦੀ ਦਾ ਨਾਮ ਪੀਸੋਨ ਸੀ। ਇਹ ਨਦੀ ਹਵੀਲਾਹ, ਦੇ ਸਮੁੱਚੇ ਦੇਸ਼ ਦੇ ਦੁਆਲੇ ਵਗਦੀ ਸੀ ਜਿੱਥੇ ਸੋਨਾ ਹੈ। 12(ਹਵੀਲਾਹ ਵਿੱਚਲਾ ਸੋਨਾ ਚੰਗਾ ਹੈ। ਉਸ ਦੇਸ਼ ਵਿੱਚ ਮੋਤੀ ਅਤੇ ਸੁਲੇਮਾਨੀ ਵੀ ਹਨ।) 13ਦੂਸਰੀ ਨਦੀ ਦਾ ਨਾਮ ਗੀਹੋਨ ਸੀ। ਇਹ ਨਦੀ ਸਮੁੱਚੇ ਕੂਸ਼ ਦੇਸ਼ ਦੁਆਲੇ ਵਗਦੀ ਸੀ। 14ਤੀਸਰੀ ਨਦੀ ਦਾ ਨਾਮ ਹਿੱਦਕਲ ਸੀ। ਇਹ ਨਦੀ ਅੱਸ਼ੂਰ ਦੇ ਪੂਰਬ ਵਿੱਚ ਵਗਦੀ ਸੀ। ਚੌਥੀ ਨਦੀ ਫ਼ਰਾਤ ਸੀ।
15ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਅਦਨ ਦੇ ਬਾਗ ਵਿੱਚ ਜ਼ਮੀਨ ਉੱਤੇ ਕੰਮ ਕਰਨ ਅਤੇ ਬਾਗ਼ ਦੀ ਦੇਖ-ਭਾਲ ਲਈ ਰੱਖਿਆ। 16ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਇਹ ਆਦੇਸ਼ ਦਿੱਤਾ। ਯਹੋਵਾਹ ਪਰਮੇਸ਼ੁਰ ਨੇ ਆਖਿਆ, “ਤੂੰ ਬਾਗ ਵਿੱਚਲੇ ਹਰ ਰੁੱਖ ਦਾ ਫ਼ਲ ਖਾ ਸੱਕਦਾ ਹੈਂ। 17ਪਰ ਤੈਨੂੰ ਉਸ ਰੁੱਖ ਦਾ ਫ਼ਲ ਨਹੀਂ ਖਾਣਾ ਚਾਹੀਦਾ ਜਿਹੜਾ ਗਿਆਨ ਦਿੰਦਾ, ਕਿ ਕੀ ਚੰਗਾ ਤੇ ਕੀ ਬੁਰਾ। ਜੇ ਤੂੰ ਉਸ ਰੁੱਖ ਦਾ ਫ਼ਲ ਖਾਵੇਂਗਾ ਤਾਂ ਤੂੰ ਮਰ ਜਾਵੇਂਗਾ।”
ਪਹਿਲੀ ਔਰਤ
18ਫ਼ੇਰ ਯਹੋਵਾਹ ਪਰਮੇਸ਼ੁਰ ਨੇ ਆਖਿਆ, “ਆਦਮ ਲਈ ਇੱਕਲਿਆਂ ਹੋਣਾ ਚੰਗੀ ਗੱਲ ਨਹੀਂ। ਮੈਂ ਉਸ ਲਈ ਇੱਕ ਸਹਾਇਕ ਸਾਜਾਂਗਾ ਜੋ ਉਸ ਵਰਗਾ ਹੋਵੇਗਾ।”
19ਯਹੋਵਾਹ ਪਰਮੇਸ਼ੁਰ ਨੇ ਧਰਤੀ ਦੀ ਮਿੱਟੀ ਲਈ ਅਤੇ ਖੇਤਾਂ ਦੇ ਹਰ ਜਾਨਵਰ ਅਤੇ ਅਕਾਸ਼ ਦੇ ਹਰ ਪੰਛੀ ਦੀ ਸਾਜਨਾ ਕੀਤੀ। ਯਹੋਵਾਹ ਪਰਮੇਸ਼ੁਰ ਨੇ ਇਹ ਸਾਰੇ ਜਾਨਵਰ ਆਦਮੀ ਕੋਲ ਇਹ ਦੇਖਣ ਲਈ ਲਿਆਂਦੇ ਕਿ ਉਹ ਉਨ੍ਹਾਂ ਨੂੰ ਕੀ ਬੁਲਾਉਂਦਾ ਹੈ। ਆਦਮੀ ਨੇ ਹਰ ਇੱਕ ਜਾਨਵਰ ਨੂੰ ਨਾਮ ਦਿੱਤਾ। 20ਆਦਮੀ ਨੇ ਪਾਲਤੂ ਜਾਨਵਰਾਂ, ਅਕਾਸ਼ ਦੇ ਸਾਰੇ ਪੰਛੀਆਂ ਅਤੇ ਸਾਰੇ ਜੰਗਲੀ ਜਾਨਵਰਾਂ ਦੇ ਨਾਮ ਵੀ ਰੱਖੇ। ਆਦਮੀ ਨੇ ਅਨੇਕਾਂ ਜਾਨਵਰ ਅਤੇ ਪੰਛੀ ਵੇਖੇ, ਪਰ ਉਸ ਨੂੰ ਕੋਈ ਵੀ ਅਜਿਹਾ ਸਹਾਇਕ ਨਹੀਂ ਲੱਭਿਆ ਜੋ ਉਸ ਲਈ ਜੱਚਦਾ ਹੋਵੇ। 21ਇਸ ਲਈ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਗਹਿਰੀ ਨੀਂਦ ਵਿੱਚ ਸੁਲਾ ਦਿੱਤਾ। ਜਦੋਂ ਆਦਮੀ ਸੁੱਤਾ ਹੋਇਆ ਸੀ, ਯਹੋਵਾਹ ਪਰਮੇਸ਼ੁਰ ਨੇ ਆਦਮੀ ਦੇ ਸ਼ਰੀਰ ਦੀ ਇੱਕ ਪੱਸਲੀ ਲਈ। ਫ਼ੇਰ ਯਹੋਵਾਹ ਪਰਮੇਸ਼ੁਰ ਨੇ ਆਦਮੀ ਦੀ ਚਮੜੀ ਦੀ ਉਹ ਥਾਂ ਬੰਦ ਕਰ ਦਿੱਤੀ ਜਿੱਥੇ ਉਸ ਨੇ ਪੱਸਲੀ ਕੱਢੀ ਸੀ। 22ਯਹੋਵਾਹ ਪਰਮੇਸ਼ੁਰ ਨੇ ਉਸ ਪੱਸਲੀ ਤੋਂ ਜੋ ਉਸ ਨੇ ਆਦਮੀ ਚੋਂ ਕੱਢੀ ਸੀ ਇੱਕ ਔਰਤ ਸਾਜੀ। ਫ਼ੇਰ ਯਹੋਵਾਹ ਪਰਮੇਸ਼ੁਰ ਔਰਤ ਨੂੰ ਆਦਮ ਕੋਲ ਲੈ ਆਇਆ। 23ਆਦਮੀ ਨੇ ਆਖਿਆ,
“ਆਖਿਰਕਾਰ! ਮੇਰੇ ਵਰਗਾ ਇੱਕ ਇਨਸਾਨ!
ਉਸ ਦੀਆਂ ਹੱਡੀਆਂ ਮੇਰੀਂ ਹੱਡੀਆਂ ਤੋਂ ਹਨ।
ਉਸ ਦਾ ਸ਼ਰੀਰ ਮੇਰੇ ਸ਼ਰੀਰ ਤੋਂ ਹੈ।
ਉਸ ਨੂੰ ਆਦਮੀ ਤੋਂ ਲਿਆ ਗਿਆ ਸੀ,
ਇਸ ਲਈ ਉਹ ‘ਔਰਤ’ ਸਦਾਈ ਜਾਵੇਗੀ।”
24ਇਹੀ ਕਾਰਣ ਹੈ ਕਿ ਆਦਮੀ ਆਪਣੇ ਪਿਤਾ ਅਤੇ ਮਾਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਜੁੜ ਜਾਂਦਾ ਹੈ। ਇਸ ਤਰ੍ਹਾਂ, ਦੋ ਜਣੇ ਇੱਕ ਬਣ ਜਾਂਦੇ ਹਨ।
25ਆਦਮੀ ਅਤੇ ਉਸ ਦੀ ਪਤਨੀ ਨੰਗੇ ਸਨ। ਪਰ ਉਹ ਸ਼ਰਮਿੰਦਾ ਨਹੀਂ ਸਨ।

Áherslumerki

Deildu

Afrita

None

Want to have your highlights saved across all your devices? Sign up or sign in