ਮੱਤੀ 16

16
ਚਮਤਕਾਰ ਦੀ ਮੰਗ
(ਮਰਕੁਸ 8:11-13, ਲੂਕਾ 12:54-56)
1 # ਮੱਤੀ 12:38, ਲੂਕਾ 11:16 ਕੁਝ ਫ਼ਰੀਸੀ ਅਤੇ ਸਦੂਕੀ ਯਿਸੂ ਕੋਲ ਆਏ, ਉਹਨਾਂ ਨੇ ਯਿਸੂ ਨੂੰ ਪਰਤਾਉਣ ਲਈ ਕੋਈ ਚਮਤਕਾਰੀ ਚਿੰਨ੍ਹ ਦਿਖਾਉਣ ਲਈ ਕਿਹਾ । 2ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, [“ਸੂਰਜ ਡੁੱਬਣ ਵੇਲੇ ਤੁਸੀਂ ਕਹਿੰਦੇ ਹੋ, ‘ਮੌਸਮ ਚੰਗਾ ਰਹੇਗਾ ਕਿਉਂਕਿ ਅਸਮਾਨ ਲਾਲ ਹੈ ।’ 3ਫਿਰ ਜਦੋਂ ਸਵੇਰ ਹੁੰਦੀ ਹੈ ਤਾਂ ਤੁਸੀਂ ਕਹਿੰਦੇ ਹੋ ਕਿ ‘ਮੀਂਹ ਜਾਂ ਹਨੇਰੀ ਆਵੇਗੀ ਕਿਉਂਕਿ ਅਸਮਾਨ ਲਾਲ ਅਤੇ ਘਣੇ ਬੱਦਲਾਂ ਨਾਲ ਘਿਰਿਆ ਹੋਇਆ ਹੈ ।’ ਇਸ ਲਈ ਤੁਸੀਂ ਮੌਸਮ ਦੇ ਬਾਰੇ ਤਾਂ ਅਸਮਾਨ ਨੂੰ ਦੇਖ ਕੇ ਦੱਸ ਸਕਦੇ ਹੋ ਪਰ ਤੁਸੀਂ ਇਸ ਸਮੇਂ ਦੇ ਚਿੰਨ੍ਹਾਂ ਨੂੰ ਨਹੀਂ ਸਮਝ ਸਕਦੇ ।]#16:3 ਇਹ ਆਇਤ ਕੁਝ ਪ੍ਰਾਚੀਨ ਲਿਖਤਾਂ ਵਿੱਚ ਨਹੀਂ ਹੈ । 4#ਮੱਤੀ 12:39, ਲੂਕਾ 11:29ਇਸ ਪੀੜ੍ਹੀ ਦੇ ਲੋਕ ਕਿੰਨੇ ਦੁਸ਼ਟ ਅਤੇ ਵਿਭਚਾਰੀ ਹਨ, ਇਹਨਾਂ ਨੂੰ ਯੋਨਾਹ ਨਬੀ ਦੇ ਚਿੰਨ੍ਹ ਤੋਂ ਸਿਵਾਏ ਹੋਰ ਕੋਈ ਚਿੰਨ੍ਹ ਨਹੀਂ ਦਿੱਤਾ ਜਾਵੇਗਾ ।” ਇਹ ਕਹਿ ਕੇ ਉਹ ਉਹਨਾਂ ਨੂੰ ਛੱਡ ਕੇ ਉੱਥੋਂ ਚਲੇ ਗਏ ।
ਫ਼ਰੀਸੀਆਂ ਅਤੇ ਸਦੂਕੀਆਂ ਦਾ ਖ਼ਮੀਰ
(ਮਰਕੁਸ 8:14-21)
5ਚੇਲੇ ਝੀਲ ਦੇ ਦੂਜੇ ਪਾਸੇ ਆਉਂਦੇ ਹੋਏ ਆਪਣੇ ਨਾਲ ਰੋਟੀ ਲਿਆਉਣੀ ਭੁੱਲ ਗਏ । 6#ਲੂਕਾ 12:1ਯਿਸੂ ਨੇ ਉਹਨਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ, “ਦੇਖੋ, ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਸਾਵਧਾਨ ਰਹਿਣਾ ।” 7ਇਹ ਸੁਣ ਕੇ ਚੇਲੇ ਆਪਸ ਵਿੱਚ ਕਹਿਣ ਲੱਗੇ, “ਉਹਨਾਂ ਨੇ ਇਹ ਇਸ ਲਈ ਕਿਹਾ ਹੈ ਕਿਉਂਕਿ ਅਸੀਂ ਰੋਟੀ ਨਹੀਂ ਲਿਆਏ ।” 8ਇਹ ਜਾਣਦੇ ਹੋਏ ਕਿ ਉਹ ਕੀ ਗੱਲਾਂ ਕਰ ਰਹੇ ਹਨ, ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਹੇ ਹੋ ਕਿ ਤੁਹਾਡੇ ਕੋਲ ਰੋਟੀ ਨਹੀਂ ਹੈ ? ਤੁਹਾਡਾ ਵਿਸ਼ਵਾਸ ਕਿੰਨਾ ਘੱਟ ਹੈ ! 9#ਮੱਤੀ 14:17-21ਕੀ ਤੁਸੀਂ ਅਜੇ ਵੀ ਨਹੀਂ ਸਮਝਦੇ ? ਕੀ ਤੁਹਾਨੂੰ ਯਾਦ ਨਹੀਂ, ਜਦੋਂ ਮੈਂ ਪੰਜ ਰੋਟੀਆਂ ਪੰਜ ਹਜ਼ਾਰ ਲੋਕਾਂ ਲਈ ਤੋੜੀਆਂ ਸਨ ਤਾਂ ਤੁਸੀਂ ਕਿੰਨੇ ਬਚੇ ਹੋਏ ਟੋਕਰੇ ਭਰ ਕੇ ਚੁੱਕੇ ਸਨ ? 10#ਮੱਤੀ 15:34-38ਫਿਰ ਇਸੇ ਤਰ੍ਹਾਂ ਜਦੋਂ ਮੈਂ ਸੱਤ ਰੋਟੀਆਂ ਚਾਰ ਹਜ਼ਾਰ ਲੋਕਾਂ ਲਈ ਤੋੜੀਆਂ ਸਨ ਤਾਂ ਤੁਸੀਂ ਕਿੰਨੇ ਟੋਕਰੇ ਭਰ ਕੇ ਚੁੱਕੇ ਸਨ ? 11ਤੁਸੀਂ ਇਹ ਕਿਉਂ ਨਹੀਂ ਸਮਝਦੇ ਕਿ ਮੈਂ ਤੁਹਾਨੂੰ ਰੋਟੀ ਦੇ ਬਾਰੇ ਨਹੀਂ ਕਿਹਾ ਸੀ ? ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਸਾਵਧਾਨ ਰਹਿਣਾ ।” 12ਫਿਰ ਚੇਲੇ ਸਮਝ ਗਏ ਕਿ ਯਿਸੂ ਨੇ ਉਹਨਾਂ ਨੂੰ ਰੋਟੀ ਦੇ ਖ਼ਮੀਰ ਬਾਰੇ ਨਹੀਂ ਕਿਹਾ ਸੀ ਸਗੋਂ ਫ਼ਰੀਸੀਆਂ ਅਤੇ ਸਦੂਕੀਆਂ ਤੋਂ ਸਾਵਧਾਨ ਰਹਿਣ ਦੇ ਲਈ ਕਿਹਾ ਸੀ ।
ਪਤਰਸ ਦਾ ਪ੍ਰਭੂ ਯਿਸੂ ਨੂੰ ‘ਮਸੀਹ’ ਮੰਨਣਾ
(ਮਰਕੁਸ 8:27-30, ਲੂਕਾ 9:18-21)
13ਯਿਸੂ ਕੈਸਰਿਯਾ ਫ਼ਿਲਿੱਪੀ ਦੇ ਇਲਾਕੇ ਨੂੰ ਗਏ ਜਿੱਥੇ ਉਹਨਾਂ ਨੇ ਆਪਣੇ ਚੇਲਿਆਂ ਕੋਲੋਂ ਪੁੱਛਿਆ, “ਲੋਕ ਮਨੁੱਖ ਦੇ ਪੁੱਤਰ ਬਾਰੇ ਕੀ ਕਹਿੰਦੇ ਹਨ ਕਿ ਉਹ ਕੌਣ ਹੈ ?” 14#ਮੱਤੀ 14:1-2, ਮਰ 6:14-15, ਲੂਕਾ 9:7-8ਚੇਲਿਆਂ ਨੇ ਉੱਤਰ ਦਿੱਤਾ, “ਕੁਝ ਕਹਿੰਦੇ ਹਨ ‘ਤੁਸੀਂ ਯੂਹੰਨਾ ਬਪਤਿਸਮਾ ਦੇਣ ਵਾਲੇ ਹੋ,’ ਕੁਝ ਕਹਿੰਦੇ ਹਨ ‘ਏਲੀਯਾਹ ਨਬੀ,’ ਕੁਝ ‘ਯਿਰਮਿਯਾਹ ਨਬੀ’ ਅਤੇ ਕੁਝ ‘ਕੋਈ ਹੋਰ ਨਬੀ ਮੰਨਦੇ ਹਨ ।’” 15ਯਿਸੂ ਨੇ ਚੇਲਿਆਂ ਨੂੰ ਪੁੱਛਿਆ, “ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ ?” 16#ਯੂਹ 6:68-69ਸ਼ਮਊਨ ਪਤਰਸ ਨੇ ਉੱਤਰ ਦਿੱਤਾ, “ਤੁਸੀਂ ਜਿਊਂਦੇ ਪਰਮੇਸ਼ਰ ਦੇ ਪੁੱਤਰ ‘ਮਸੀਹ’ ਹੋ ।” 17ਯਿਸੂ ਨੇ ਪਤਰਸ ਨੂੰ ਕਿਹਾ, “ਧੰਨ ਹੈਂ ਤੂੰ, ਸ਼ਮਊਨ ਬਾਰਯੋਨਾਹ#16:17 ਬਾਰਯੋਨਾਹ ਜਿਸ ਦਾ ਅਰਥ ਹੈ ਸ਼ਮਊਨ ‘ਯੋਨਾਹ ਦਾ ਪੁੱਤਰ’ । ! ਇਹ ਸੱਚਾਈ ਤੇਰੇ ਉੱਤੇ ਕਿਸੇ ਮਨੁੱਖ ਨੇ ਪ੍ਰਗਟ ਨਹੀਂ ਕੀਤੀ ਸਗੋਂ ਮੇਰੇ ਪਿਤਾ ਨੇ ਕੀਤੀ ਹੈ ਜਿਹੜੇ ਸਵਰਗ ਵਿੱਚ ਹਨ । 18ਇਸ ਲਈ ਮੈਂ ਤੈਨੂੰ ਦੱਸਦਾ ਹਾਂ, ਤੂੰ ਪਤਰਸ ਭਾਵ ਉਹ ਚਟਾਨ ਹੈਂ ਜਿਸ ਉੱਤੇ ਮੈਂ ਆਪਣੀ ਕਲੀਸੀਯਾ ਬਣਾਵਾਂਗਾ ਅਤੇ ਇਸ ਨੂੰ ਮੌਤ#16:18 ਮੂਲ ਭਾਸ਼ਾ ਵਿੱਚ ਇੱਥੇ “ਹੇਡੀਸ ਦੇ ਫਾਟਕ” ਹੈ ਜਿਸ ਦਾ ਅਰਥ ਹੈ ਮੁਰਦਿਆਂ ਦੇ ਸਥਾਨ ਦੀ ਸ਼ਕਤੀ । ਵੀ ਹਿਲਾ ਨਾ ਸਕੇਗੀ । 19#ਮੱਤੀ 18:18, ਯੂਹ 20:23ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਕੁੰਜੀਆਂ ਦੇਵਾਂਗਾ ਜੋ ਕੁਝ ਤੂੰ ਧਰਤੀ ਉੱਤੇ ਬੰਨ੍ਹੇਂਗਾ ਉਹ ਸਵਰਗ ਵਿੱਚ ਵੀ ਬੰਨ੍ਹਿਆ ਜਾਵੇਗਾ । ਇਸੇ ਤਰ੍ਹਾਂ ਜੋ ਕੁਝ ਤੂੰ ਧਰਤੀ ਉੱਤੇ ਖੋਲ੍ਹੇਂਗਾ, ਉਹ ਸਵਰਗ ਵਿੱਚ ਵੀ ਖੋਲ੍ਹਿਆ ਜਾਵੇਗਾ ।” 20ਫਿਰ ਯਿਸੂ ਨੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਕਿਸੇ ਨੂੰ ਇਹ ਨਾ ਦੱਸਣਾ ਕਿ ਉਹ ‘ਮਸੀਹ’ ਹਨ ।
ਪ੍ਰਭੂ ਯਿਸੂ ਆਪਣੇ ਦੁੱਖਾਂ ਅਤੇ ਮੌਤ ਦੇ ਬਾਰੇ ਦੱਸਦੇ ਹਨ
(ਮਰਕੁਸ 8:31—9:1, ਲੂਕਾ 9:22-27)
21ਫਿਰ ਯਿਸੂ ਉਸ ਸਮੇਂ ਤੋਂ ਆਪਣੇ ਚੇਲਿਆਂ ਨੂੰ ਬੜੇ ਸਾਫ਼ ਸਾਫ਼ ਸ਼ਬਦਾਂ ਵਿੱਚ ਦੱਸਣ ਲੱਗੇ, “ਮੇਰੇ ਲਈ ਇਹ ਜ਼ਰੂਰੀ ਹੈ ਕਿ ਮੈਂ ਯਰੂਸ਼ਲਮ ਨੂੰ ਜਾਵਾਂ ਅਤੇ ਉੱਥੇ ਬਜ਼ੁਰਗ ਆਗੂਆਂ, ਮਹਾਂ-ਪੁਰੋਹਿਤਾਂ ਅਤੇ ਵਿਵਸਥਾ ਦੇ ਸਿੱਖਿਅਕਾਂ ਦੇ ਹੱਥੋਂ ਬਹੁਤ ਦੁੱਖ ਸਹਾਂ । ਉੱਥੇ ਮੈਂ ਮਾਰ ਦਿੱਤਾ ਜਾਵਾਂਗਾ ਪਰ ਫਿਰ ਤੀਜੇ ਦਿਨ ਜਿਊਂਦਾ ਕੀਤਾ ਜਾਵਾਂਗਾ ।” 22ਇਹ ਸੁਣ ਕੇ ਪਤਰਸ ਯਿਸੂ ਨੂੰ ਇੱਕ ਪਾਸੇ ਲੈ ਜਾ ਕੇ ਝਿੜਕਣ ਲੱਗਾ । ਪਤਰਸ ਨੇ ਕਿਹਾ, “ਪ੍ਰਭੂ ਜੀ, ਪਰਮੇਸ਼ਰ ਇਸ ਤਰ੍ਹਾਂ ਨਾ ਕਰੇ ਅਤੇ ਤੁਹਾਡੇ ਨਾਲ ਇਹ ਸਭ ਨਾ ਵਾਪਰੇ ।” 23ਪਰ ਯਿਸੂ ਨੇ ਮੁੜ ਕੇ ਪਤਰਸ ਨੂੰ ਕਿਹਾ, “ਹੇ ਸ਼ੈਤਾਨ, ਮੇਰੇ ਤੋਂ ਦੂਰ ਹੋ ਜਾ ! ਤੂੰ ਮੇਰੇ ਰਾਹ ਵਿੱਚ ਰੁਕਾਵਟ ਹੈਂ ਕਿਉਂਕਿ ਤੂੰ ਪਰਮੇਸ਼ਰ ਦੀਆਂ ਗੱਲਾਂ ਦਾ ਨਹੀਂ ਸਗੋਂ ਆਦਮੀਆਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈਂ ।”
24 # ਮੱਤੀ 10:38, ਲੂਕਾ 14:27 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਜੋ ਕੋਈ ਮੇਰੇ ਪਿੱਛੇ ਚੱਲਣਾ ਚਾਹੇ, ਉਹ ਪਹਿਲਾਂ ਆਪਣਾ ਆਪ ਤਿਆਗੇ ਅਤੇ ਫਿਰ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ । 25#ਮੱਤੀ 10:39, ਲੂਕਾ 17:33, ਯੂਹ 12:25ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣਾ ਚਾਹੇਗਾ ਉਹ ਉਸ ਨੂੰ ਗੁਆਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਵੇਗਾ ਉਹ ਉਸ ਨੂੰ ਪ੍ਰਾਪਤ ਕਰੇਗਾ । 26ਜੇਕਰ ਕੋਈ ਮਨੁੱਖ ਸਾਰਾ ਸੰਸਾਰ ਪ੍ਰਾਪਤ ਕਰ ਲਵੇ ਪਰ ਆਪਣੀ ਜਾਨ ਗੁਆ ਬੈਠੇ ਤਾਂ ਉਸ ਨੂੰ ਕੀ ਲਾਭ ? ਜਾਂ ਮਨੁੱਖ ਆਪਣੀ ਜਾਨ ਦੇ ਬਦਲੇ ਵਿੱਚ ਕੀ ਦੇ ਸਕਦਾ ਹੈ ? 27#ਮੱਤੀ 25:31, ਭਜਨ 62:12, ਰੋਮ 2:6ਮਨੁੱਖ ਦਾ ਪੁੱਤਰ ਆਪਣੇ ਪਿਤਾ ਦੀ ਮਹਿਮਾ ਵਿੱਚ ਆਪਣੇ ਸਵਰਗਦੂਤਾਂ ਦੇ ਨਾਲ ਆਵੇਗਾ ਅਤੇ ਹਰ ਇੱਕ ਨੂੰ ਉਸ ਦੇ ਕੀਤੇ ਦਾ ਬਦਲਾ ਦੇਵੇਗਾ । 28ਇਹ ਸੱਚ ਜਾਣੋ, ਇੱਥੇ ਕੁਝ ਲੋਕ ਅਜਿਹੇ ਵੀ ਖੜ੍ਹੇ ਹਨ ਜਿਹੜੇ ਉਸ ਸਮੇਂ ਤੱਕ ਮੌਤ ਦਾ ਸੁਆਦ ਨਹੀਂ ਚੱਖਣਗੇ ਜਦੋਂ ਤੱਕ ਕਿ ਉਹ ਮਨੁੱਖ ਦੇ ਪੁੱਤਰ ਨੂੰ ਉਸ ਦੇ ਰਾਜ ਵਿੱਚ ਆਇਆ ਨਾ ਦੇਖ ਲੈਣ ।”

Jelenleg kiválasztva:

ਮੱਤੀ 16: CL-NA

Kiemelés

Megosztás

Másolás

None

Szeretnéd, hogy a kiemeléseid minden eszközödön megjelenjenek? Regisztrálj vagy jelentkezz be