ਲੂਕਾ 24

24
ਪ੍ਰਭੂ ਯਿਸੂ ਦਾ ਜੀਅ ਉੱਠਣਾ
(ਮੱਤੀ 28:1-10, ਮਰਕੁਸ 16:1-8, ਯੂਹੰਨਾ 20:1-10)
1ਐਤਵਾਰ#24:1 ਯਹੂਦੀਆਂ ਅਨੁਸਾਰ ਹਫ਼ਤੇ ਦਾ ਪਹਿਲਾ ਦਿਨ । ਦੇ ਦਿਨ ਸੂਰਜ ਨਿਕਲਣ ਤੋਂ ਪਹਿਲਾਂ ਹੀ ਉਹ ਔਰਤਾਂ ਯਿਸੂ ਦੀ ਕਬਰ ਉੱਤੇ ਗਈਆਂ । ਉਹ ਆਪਣੇ ਨਾਲ ਸੁਗੰਧਾਂ ਵੀ ਲਿਆਈਆਂ ਜਿਹੜੀਆਂ ਉਹਨਾਂ ਨੇ ਤਿਆਰ ਕੀਤੀਆਂ ਸਨ । 2ਉਹਨਾਂ ਨੇ ਕਬਰ ਦੇ ਮੂੰਹ ਦੇ ਉੱਤੋਂ ਪੱਥਰ ਨੂੰ ਹਟਿਆ ਹੋਇਆ ਦੇਖਿਆ । 3ਉਹ ਕਬਰ ਦੇ ਅੰਦਰ ਗਈਆਂ ਪਰ ਉੱਥੇ ਉਹਨਾਂ ਨੂੰ ਯਿਸੂ ਦੀ ਲਾਸ਼ ਨਾ ਮਿਲੀ । 4ਉਹ ਉੱਥੇ ਖੜ੍ਹੀਆਂ ਹੈਰਾਨੀ ਨਾਲ ਇਸ ਬਾਰੇ ਸੋਚ ਹੀ ਰਹੀਆਂ ਸਨ ਕਿ ਅਚਾਨਕ ਦੋ ਆਦਮੀ ਚਮਕੀਲੇ ਕੱਪੜੇ ਪਹਿਨੇ ਹੋਏ ਉਹਨਾਂ ਦੇ ਕੋਲ ਆ ਕੇ ਖੜ੍ਹੇ ਹੋ ਗਏ । 5ਆਦਮੀਆਂ ਨੂੰ ਦੇਖ ਕੇ ਔਰਤਾਂ ਨੇ ਡਰ ਨਾਲ ਆਪਣੇ ਸਿਰ ਧਰਤੀ ਵੱਲ ਝੁਕਾ ਲਏ । ਪਰ ਉਹਨਾਂ ਆਦਮੀਆਂ ਨੇ ਔਰਤਾਂ ਨੂੰ ਕਿਹਾ, “ਤੁਸੀਂ ਜਿਊਂਦੇ ਨੂੰ ਮੁਰਦਿਆਂ ਵਿੱਚ ਕਿਉਂ ਲੱਭ ਰਹੀਆਂ ਹੋ ? 6#ਮੱਤੀ 16:21, 17:22-23, 20:18-19, ਮਰ 8:31, 9:31, 10:33-34, ਲੂਕਾ 9:22, 18:31-33ਯਿਸੂ ਇੱਥੇ ਨਹੀਂ ਹਨ, ਉਹ ਜੀਅ ਉੱਠੇ ਹਨ । ਯਾਦ ਕਰੋ ਕਿ ਜਦੋਂ ਉਹ ਗਲੀਲ ਵਿੱਚ ਸਨ ਉਹਨਾਂ ਨੇ ਕੀ ਕਿਹਾ ਸੀ । 7ਉਹਨਾਂ ਨੇ ਕਿਹਾ ਸੀ, ‘ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚ ਜ਼ਰੂਰ ਫੜਵਾਇਆ ਜਾਵੇਗਾ । ਉਹ ਸਲੀਬ ਉੱਤੇ ਚੜ੍ਹਾਇਆ ਜਾਵੇਗਾ ਅਤੇ ਤੀਜੇ ਦਿਨ ਫਿਰ ਜੀਅ ਉੱਠੇਗਾ ।’” 8ਉਹਨਾਂ ਔਰਤਾਂ ਨੂੰ ਵੀ ਯਿਸੂ ਦੇ ਕਹੇ ਹੋਏ ਇਹ ਸ਼ਬਦ ਯਾਦ ਆਏ । 9ਜਦੋਂ ਉਹ ਕਬਰ ਤੋਂ ਵਾਪਸ ਆਈਆਂ ਤਾਂ ਉਹਨਾਂ ਨੇ ਗਿਆਰਾਂ ਚੇਲਿਆਂ ਨੂੰ ਅਤੇ ਬਾਕੀ ਸਾਰਿਆਂ ਨੂੰ ਵੀ ਇਹ ਸਾਰੀਆਂ ਗੱਲਾਂ ਦੱਸੀਆਂ । 10ਜਿਹਨਾਂ ਔਰਤਾਂ ਨੇ ਇਹ ਗੱਲਾਂ ਰਸੂਲਾਂ ਨੂੰ ਦੱਸੀਆਂ, ਉਹਨਾਂ ਔਰਤਾਂ ਵਿੱਚ ਮਰਿਯਮ ਮਗਦਲੀਨੀ, ਯੋਆਨਾ ਅਤੇ ਯਾਕੂਬ ਦੀ ਮਾਂ ਮਰਿਯਮ ਵੀ ਸਨ । 11ਪਰ ਰਸੂਲਾਂ ਨੂੰ ਔਰਤਾਂ ਦੀਆਂ ਗੱਲਾਂ ਵਿਅਰਥ ਲੱਗੀਆਂ । ਇਸ ਲਈ ਉਹਨਾਂ ਨੇ ਔਰਤਾਂ ਦਾ ਵਿਸ਼ਵਾਸ ਨਾ ਕੀਤਾ । 12ਪਰ ਪਤਰਸ ਉੱਠਿਆ ਅਤੇ ਕਬਰ ਵੱਲ ਦੌੜ ਕੇ ਗਿਆ । ਉਸ ਨੇ ਝੁਕ ਕੇ ਕਬਰ ਦੇ ਅੰਦਰ ਦੇਖਿਆ ਪਰ ਉਸ ਨੂੰ ਕੇਵਲ ਕਫ਼ਨ ਦੇ ਕੱਪੜੇ ਹੀ ਦਿਖਾਈ ਦਿੱਤੇ । ਫਿਰ ਉਹ ਹੈਰਾਨੀ ਨਾਲ ਭਰਿਆ ਹੋਇਆ ਵਾਪਸ ਚਲਾ ਗਿਆ ।
ਪ੍ਰਭੂ ਯਿਸੂ ਦਾ ਦੋ ਚੇਲਿਆਂ ਨੂੰ ਦਰਸ਼ਨ ਦੇਣਾ
(ਮਰਕੁਸ 16:12-13)
13ਉਸੇ ਦਿਨ ਦੋ ਚੇਲੇ ਇਮਾਊਸ ਨਾਂ ਦੇ ਪਿੰਡ ਨੂੰ ਜਾ ਰਹੇ ਸਨ । ਇਮਾਊਸ ਪਿੰਡ ਯਰੂਸ਼ਲਮ ਤੋਂ ਕੋਈ ਬਾਰ੍ਹਾਂ ਕਿਲੋਮੀਟਰ ਦੂਰ ਸੀ । 14ਉਹ ਦੋਵੇਂ ਆਪਸ ਵਿੱਚ ਜੋ ਕੁਝ ਵਾਪਰਿਆ ਸੀ ਉਸ ਬਾਰੇ ਗੱਲਬਾਤ ਕਰਦੇ ਜਾ ਰਹੇ ਸਨ । 15ਜਦੋਂ ਉਹ ਇਸ ਤਰ੍ਹਾਂ ਆਪਸ ਵਿੱਚ ਗੱਲਾਂ ਕਰਦੇ ਅਤੇ ਵਿਚਾਰ-ਵਟਾਂਦਰਾ ਕਰਦੇ ਜਾ ਰਹੇ ਸਨ ਤਾਂ ਯਿਸੂ ਆਪ ਉਹਨਾਂ ਦੇ ਕੋਲ ਆ ਕੇ ਉਹਨਾਂ ਦੇ ਨਾਲ ਚੱਲਣ ਲੱਗੇ । 16ਉਹਨਾਂ ਨੇ ਯਿਸੂ ਨੂੰ ਦੇਖਿਆ ਪਰ ਉਹਨਾਂ ਦੀਆਂ ਅੱਖਾਂ ਯਿਸੂ ਨੂੰ ਪਛਾਣ ਨਾ ਸਕੀਆਂ । 17ਯਿਸੂ ਨੇ ਉਹਨਾਂ ਤੋਂ ਪੁੱਛਿਆ, “ਤੁਸੀਂ ਆਪਸ ਵਿੱਚ ਤੁਰੇ ਜਾਂਦੇ ਇਹ ਕੀ ਗੱਲਾਂ ਕਰ ਰਹੇ ਹੋ ?” ਤਦ ਉਹ ਉਦਾਸ ਹੋ ਕੇ ਖੜ੍ਹੇ ਹੋ ਗਏ । 18ਉਹਨਾਂ ਵਿੱਚੋਂ ਇੱਕ ਜਿਸ ਦਾ ਨਾਂ ਕਲਿਉਪਾਸ ਸੀ, ਉਸ ਨੇ ਪੁੱਛਿਆ, “ਕੀ ਯਰੂਸ਼ਲਮ ਵਿੱਚ ਤੂੰ ਹੀ ਇੱਕਲਾ ਅਜਿਹਾ ਅਜਨਬੀ ਹੈਂ ਜਿਸ ਨੂੰ ਇਹ ਨਹੀਂ ਪਤਾ ਕਿ ਇਹਨਾਂ ਦਿਨਾਂ ਵਿੱਚ ਇੱਥੇ ਕੀ ਹੋਇਆ ਹੈ ?” 19ਯਿਸੂ ਨੇ ਪੁੱਛਿਆ, “ਕੀ ਹੋਇਆ ਹੈ ?” ਉਹਨਾਂ ਨੇ ਉੱਤਰ ਦਿੱਤਾ, “ਜੋ ਕੁਝ ਯਿਸੂ ਨਾਸਰੀ ਦੇ ਨਾਲ ਹੋਇਆ ਜਿਹੜੇ ਪਰਮੇਸ਼ਰ ਅਤੇ ਸਾਰੇ ਲੋਕਾਂ ਦੀਆਂ ਨਜ਼ਰਾਂ ਵਿੱਚ ਆਪਣੇ ਵਚਨਾਂ ਅਤੇ ਕੰਮਾਂ ਦੇ ਕਾਰਨ ਸਮਰੱਥੀ ਨਬੀ ਮੰਨੇ ਜਾਂਦੇ ਸਨ । 20ਪਰ ਸਾਡੇ ਮਹਾਂ-ਪੁਰੋਹਿਤਾਂ ਅਤੇ ਆਗੂਆਂ ਨੇ ਉਹਨਾਂ ਨੂੰ ਫੜ੍ਹਵਾ ਕੇ ਮੌਤ ਦੀ ਸਜ਼ਾ ਦੇਣ ਲਈ ਸਲੀਬ ਉੱਤੇ ਚੜ੍ਹਵਾ ਦਿੱਤਾ । 21ਸਾਨੂੰ ਆਸ ਸੀ ਕਿ ਇਹ ਉਹ ਹੀ ਹਨ ਜਿਹੜੇ ਇਸਰਾਏਲ ਨੂੰ ਮੁਕਤ ਕਰਵਾਉਣਗੇ । ਇਸ ਤੋਂ ਇਲਾਵਾ ਅੱਜ ਇਹਨਾਂ ਸਭ ਗੱਲਾਂ ਨੂੰ ਹੋਇਆਂ ਤੀਜਾ ਦਿਨ ਹੈ । 22ਸਾਡੇ ਵਿੱਚੋਂ ਕੁਝ ਔਰਤਾਂ ਨੇ ਸਾਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ । ਉਹ ਅੱਜ ਤੜਕੇ ਹੀ ਕਬਰ ਉੱਤੇ ਗਈਆਂ ਸਨ 23ਅਤੇ ਉੱਥੇ ਉਹਨਾਂ ਨੂੰ ਯਿਸੂ ਦੀ ਲਾਸ਼ ਨਾ ਮਿਲੀ । ਉਹਨਾਂ ਨੇ ਵਾਪਸ ਆ ਕੇ ਦੱਸਿਆ ਕਿ ਉਹਨਾਂ ਨੂੰ ਸਵਰਗਦੂਤਾਂ ਨੇ ਦਰਸ਼ਨ ਦਿੱਤਾ ਅਤੇ ਕਿਹਾ ਕਿ ਯਿਸੂ ਜਿਊਂਦੇ ਹਨ । 24ਇਹ ਸੁਣ ਕੇ ਸਾਡੇ ਕੁਝ ਸਾਥੀ ਕਬਰ ਉੱਤੇ ਗਏ ਅਤੇ ਜਿਸ ਤਰ੍ਹਾਂ ਔਰਤਾਂ ਨੇ ਦੱਸਿਆ ਸੀ, ਉਸੇ ਤਰ੍ਹਾਂ ਸਭ ਕੁਝ ਦੇਖਿਆ ਪਰ ਯਿਸੂ ਨੂੰ ਨਹੀਂ ਦੇਖਿਆ ।”
25ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਬੇਸਮਝ ਹੋ । ਤੁਸੀਂ ਨਬੀਆਂ ਦੀਆਂ ਸਭ ਗੱਲਾਂ ਵਿੱਚ ਵਿਸ਼ਵਾਸ ਕਰਨ ਵਿੱਚ ਬਹੁਤ ਢਿੱਲੇ ਹੋ । 26ਕੀ ਮਸੀਹ ਲਈ ਇਹ ਜ਼ਰੂਰੀ ਨਹੀਂ ਸੀ ਕਿ ਉਹ ਦੁੱਖ ਝੱਲੇ ਅਤੇ ਇਸ ਤਰ੍ਹਾਂ ਆਪਣੀ ਮਹਿਮਾ ਪ੍ਰਾਪਤ ਕਰੇ ?” 27ਯਿਸੂ ਨੇ ਮੂਸਾ ਅਤੇ ਨਬੀਆਂ ਦੀਆਂ ਪੁਸਤਕਾਂ ਤੋਂ ਸ਼ੁਰੂ ਕਰ ਕੇ ਪਵਿੱਤਰ-ਗ੍ਰੰਥ ਦੀਆਂ ਸਭ ਪੁਸਤਕਾਂ ਵਿੱਚੋਂ ਜੋ ਕੁਝ ਉਹਨਾਂ ਦੇ ਬਾਰੇ ਲਿਖਿਆ ਸੀ, ਉਹਨਾਂ ਨੂੰ ਸਮਝਾਇਆ ।
28ਜਦੋਂ ਉਹ ਉਸ ਪਿੰਡ ਦੇ ਕੋਲ ਪਹੁੰਚੇ ਜਿੱਥੇ ਉਹ ਜਾ ਰਹੇ ਸਨ ਤਾਂ ਯਿਸੂ ਨੇ ਇਸ ਤਰ੍ਹਾਂ ਸੰਕੇਤ ਦਿੱਤਾ ਜਿਵੇਂ ਕਿ ਉਹ ਅੱਗੇ ਜਾ ਰਹੇ ਹੋਣ । 29ਪਰ ਉਹਨਾਂ ਚੇਲਿਆਂ ਨੇ ਯਿਸੂ ਨੂੰ ਜ਼ੋਰ ਦੇ ਕੇ ਕਿਹਾ, “ਤੁਸੀਂ ਅੱਜ ਸਾਡੇ ਨਾਲ ਹੀ ਠਹਿਰ ਜਾਓ, ਸ਼ਾਮ ਹੋ ਗਈ ਹੈ ਅਤੇ ਹਨੇਰਾ ਹੋਣ ਵਾਲਾ ਹੈ ।” ਇਸ ਲਈ ਯਿਸੂ ਉਹਨਾਂ ਨਾਲ ਠਹਿਰਨ ਲਈ ਅੰਦਰ ਗਏ ।
30ਜਦੋਂ ਉਹ ਉਹਨਾਂ ਦੇ ਨਾਲ ਭੋਜਨ ਕਰਨ ਬੈਠੇ ਤਾਂ ਯਿਸੂ ਨੇ ਰੋਟੀ ਲਈ, ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਤੋੜ ਕੇ ਉਹਨਾਂ ਨੂੰ ਦਿੱਤੀ । 31ਉਸੇ ਸਮੇਂ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਯਿਸੂ ਨੂੰ ਪਛਾਣ ਲਿਆ ਪਰ ਯਿਸੂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਤੋਂ ਅਲੋਪ ਹੋ ਗਏ । 32ਤਦ ਉਹ ਆਪਸ ਵਿੱਚ ਕਹਿਣ ਲੱਗੇ, “ਕੀ ਜਦੋਂ ਉਹ ਰਾਹ ਵਿੱਚ ਸਾਨੂੰ ਪਵਿੱਤਰ-ਗ੍ਰੰਥ ਦੀਆਂ ਗੱਲਾਂ ਸਮਝਾ ਰਹੇ ਸਨ ਤਾਂ ਸਾਡੇ ਦਿਲ ਉਸ ਵੇਲੇ ਉਬਾਲੇ ਨਹੀਂ ਖਾ ਰਹੇ ਸਨ ?”
33ਉਹ ਉਸੇ ਸਮੇਂ ਉੱਠੇ ਅਤੇ ਯਰੂਸ਼ਲਮ ਨੂੰ ਵਾਪਸ ਚਲੇ ਗਏ । ਉੱਥੇ ਪਹੁੰਚ ਕੇ ਉਹਨਾਂ ਨੇ ਗਿਆਰਾਂ ਚੇਲਿਆਂ ਅਤੇ ਦੂਜੇ ਸਾਥੀਆਂ ਨੂੰ ਇਕੱਠੇ ਦੇਖਿਆ । 34ਉਹ ਕਹਿ ਰਹੇ ਸਨ, “ਪ੍ਰਭੂ ਸੱਚਮੁੱਚ ਜੀਅ ਉੱਠੇ ਹਨ ਅਤੇ ਉਹ ਸ਼ਮਊਨ ਨੂੰ ਦਿਖਾਈ ਦਿੱਤੇ ਹਨ !” 35ਉਹਨਾਂ ਦੋਨਾਂ ਨੇ ਵੀ ਰਾਹ ਵਿੱਚ ਹੋਈ ਸਾਰੀ ਘਟਨਾ ਦੱਸੀ ਅਤੇ ਇਹ ਵੀ ਕਿ ਕਿਸ ਤਰ੍ਹਾਂ ਰੋਟੀ ਤੋੜਣ ਵੇਲੇ ਉਹਨਾਂ ਨੇ ਯਿਸੂ ਨੂੰ ਪਛਾਣਿਆ ।
ਪ੍ਰਭੂ ਯਿਸੂ ਦਾ ਚੇਲਿਆਂ ਨੂੰ ਦਰਸ਼ਨ ਦੇਣਾ
(ਮੱਤੀ 28:16-20, ਮਰਕੁਸ 16:14-18, ਯੂਹੰਨਾ 20:19-23, ਰਸੂਲਾਂ ਦੇ ਕੰਮ 1:6-8)
36ਜਦੋਂ ਉਹ ਇਹ ਗੱਲਾਂ ਦੱਸ ਹੀ ਰਹੇ ਸਨ ਕਿ ਯਿਸੂ ਆਪ ਉਹਨਾਂ ਦੇ ਵਿਚਕਾਰ ਆ ਖੜ੍ਹੇ ਹੋਏ । ਉਹਨਾਂ ਨੇ ਚੇਲਿਆਂ ਨੂੰ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ ।” 37ਪਰ ਉਹ ਡਰ ਨਾਲ ਸਹਿਮ ਗਏ ਅਤੇ ਉਹ ਸੋਚਣ ਲੱਗੇ ਕਿ ਉਹ ਭੂਤ ਨੂੰ ਦੇਖ ਰਹੇ ਹਨ । 38ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਕਿਉਂ ਘਬਰਾ ਗਏ ਹੋ ? ਤੁਹਾਡੇ ਦਿਲਾਂ ਵਿੱਚ ਸ਼ੱਕ ਕਿਉਂ ਆ ਰਿਹਾ ਹੈ ? 39ਮੇਰੇ ਹੱਥ ਪੈਰ ਦੇਖੋ, ਮੈਂ ਹੀ ਹਾਂ । ਮੈਨੂੰ ਹੱਥ ਲਾ ਕੇ ਦੇਖੋ ਕਿਉਂਕਿ ਭੂਤ ਦੇ ਮਾਸ ਅਤੇ ਹੱਡੀਆਂ ਨਹੀਂ ਹੁੰਦੀਆਂ ਜਿਸ ਤਰ੍ਹਾਂ ਤੁਸੀਂ ਮੇਰੇ ਵਿੱਚ ਦੇਖ ਰਹੇ ਹੋ ।” 40ਇਹ ਕਹਿ ਕੇ ਯਿਸੂ ਨੇ ਉਹਨਾਂ ਨੂੰ ਆਪਣੇ ਹੱਥ ਪੈਰ ਦਿਖਾਏ । 41ਉਹਨਾਂ ਨੂੰ ਇਸ ਵਿੱਚ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿਉਂਕਿ ਉਹ ਸਭ ਖ਼ੁਸ਼ੀ ਅਤੇ ਹੈਰਾਨੀ ਨਾਲ ਭਰੇ ਹੋਏ ਸਨ ਇਸ ਲਈ ਯਿਸੂ ਨੇ ਉਹਨਾਂ ਤੋਂ ਪੁੱਛਿਆ, “ਕੀ ਤੁਹਾਡੇ ਕੋਲ ਕੁਝ ਖਾਣ ਲਈ ਹੈ ?” 42ਉਹਨਾਂ ਨੇ ਯਿਸੂ ਨੂੰ ਇੱਕ ਭੁੰਨੀ ਹੋਈ ਮੱਛੀ ਦਾ ਟੁਕੜਾ ਦਿੱਤਾ । 43ਯਿਸੂ ਨੇ ਉਹ ਲਿਆ ਅਤੇ ਉਹਨਾਂ ਦੇ ਸਾਹਮਣੇ ਖਾਧਾ ।
44ਫਿਰ ਯਿਸੂ ਨੇ ਚੇਲਿਆਂ ਨੂੰ ਕਿਹਾ, “ਇਹ ਉਹ ਗੱਲਾਂ ਹਨ ਜਿਹੜੀਆਂ ਮੈਂ ਤੁਹਾਨੂੰ ਤੁਹਾਡੇ ਨਾਲ ਰਹਿੰਦੇ ਹੋਏ ਕਹੀਆਂ ਸਨ ਕਿ ਜੋ ਕੁਝ ਮੂਸਾ ਦੀ ਵਿਵਸਥਾ, ਨਬੀਆਂ ਦੀਆਂ ਪੁਸਤਕਾਂ ਅਤੇ ਭਜਨਾਂ ਵਿੱਚ ਮੇਰੇ ਬਾਰੇ ਲਿਖਿਆ ਹੋਇਆ ਹੈ, ਉਹ ਸਭ ਪੂਰਾ ਹੋਣਾ ਜ਼ਰੂਰੀ ਸੀ ।” 45ਫਿਰ ਯਿਸੂ ਨੇ ਚੇਲਿਆਂ ਦੀ ਬੁੱਧੀ ਖੋਲ੍ਹ ਦਿੱਤੀ ਕਿ ਉਹ ਪਵਿੱਤਰ-ਗ੍ਰੰਥ ਨੂੰ ਸਮਝ ਸਕਣ 46ਅਤੇ ਉਹਨਾਂ ਨੂੰ ਕਿਹਾ, “ਮਸੀਹ ਦੇ ਬਾਰੇ ਪਵਿੱਤਰ-ਗ੍ਰੰਥ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਉਹ ਦੁੱਖ ਸਹੇਗਾ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀਅ ਉੱਠੇਗਾ । 47ਅਤੇ ਯਰੂਸ਼ਲਮ ਤੋਂ ਸ਼ੁਰੂ ਕਰ ਕੇ ਸਾਰੀਆਂ ਕੌਮਾਂ ਵਿੱਚ ਉਸ ਦੇ ਨਾਮ ਵਿੱਚ ਤੋਬਾ ਅਤੇ ਪਾਪਾਂ ਦੀ ਮਾਫ਼ੀ ਦਾ ਪ੍ਰਚਾਰ ਕੀਤਾ ਜਾਵੇਗਾ । 48ਤੁਸੀਂ ਇਹਨਾਂ ਸਾਰੀਆਂ ਗੱਲਾਂ ਦੇ ਗਵਾਹ ਹੋ । 49#ਰਸੂਲਾਂ 1:4ਮੈਂ ਆਪ ਉਸ ਨੂੰ ਤੁਹਾਡੇ ਉੱਤੇ ਭੇਜਾਂਗਾ ਜਿਸ ਦਾ ਮੇਰੇ ਪਿਤਾ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੈ । ਪਰ ਤੁਸੀਂ ਉਸ ਸਮੇਂ ਤੱਕ ਯਰੂਸ਼ਲਮ ਵਿੱਚ ਹੀ ਰਹਿਣਾ ਜਦੋਂ ਤੱਕ ਤੁਹਾਨੂੰ ਉਪਰੋਂ ਸਮਰੱਥਾ ਨਾ ਮਿਲੇ ।”
ਪ੍ਰਭੂ ਯਿਸੂ ਦਾ ਸਵਰਗ ਵਿੱਚ ਉਠਾਇਆ ਜਾਣਾ
(ਮਰਕੁਸ 16:19-20, ਰਸੂਲਾਂ ਦੇ ਕੰਮ 1:9-11)
50 # ਰਸੂਲਾਂ 1:9-11 ਫਿਰ ਯਿਸੂ ਚੇਲਿਆਂ ਨੂੰ ਬੈਤਅਨੀਆ ਤੱਕ ਲੈ ਗਏ ਅਤੇ ਉੱਥੇ ਆਪਣੇ ਹੱਥ ਉੱਪਰ ਚੁੱਕ ਕੇ ਉਹਨਾਂ ਨੂੰ ਅਸੀਸ ਦਿੱਤੀ । 51ਅਸੀਸ ਦਿੰਦੇ ਹੋਏ ਯਿਸੂ ਉਹਨਾਂ ਤੋਂ ਵੱਖ ਹੋ ਗਏ ਅਤੇ ਸਵਰਗ ਵਿੱਚ ਉਠਾ ਲਏ ਗਏ । 52ਚੇਲਿਆਂ ਨੇ ਉਹਨਾਂ ਦੀ ਅਰਾਧਨਾ ਕੀਤੀ ਅਤੇ ਉਹ ਖ਼ੁਸ਼ੀ ਖ਼ੁਸ਼ੀ ਯਰੂਸ਼ਲਮ ਨੂੰ ਵਾਪਸ ਮੁੜ ਗਏ । 53ਉਹ ਹੈਕਲ ਵਿੱਚ ਰਹਿ ਕੇ ਲਗਾਤਾਰ ਪਰਮੇਸ਼ਰ ਦੀ ਮਹਿਮਾ ਕਰਦੇ ਰਹੇ ।

Chwazi Kounye ya:

ਲੂਕਾ 24: CL-NA

Pati Souliye

Pataje

Kopye

None

Ou vle gen souliye ou yo sere sou tout aparèy ou yo? Enskri oswa konekte