ਉਤਪਤ 29
29
ਯਾਕੂਬ ਦੇ ਵਿਆਹ
1ਯਾਕੂਬ ਉੱਥੋਂ ਪੈਦਲ ਚੱਲ ਕੇ ਪੂਰਬੀਆਂ ਦੇ ਦੇਸ ਵਿੱਚ ਆਇਆ 2ਅਤੇ ਉਸ ਡਿੱਠਾ ਅਰ ਵੇਖੋ ਰੜ ਵਿੱਚ ਇੱਕ ਖੂਹ ਸੀ ਅਤੇ ਵੇਖੋ ਉੱਥੇ ਭੇਡਾਂ ਦੇ ਤਿੰਨ ਇੱਜੜ ਖੂਹ ਦੇ ਕੋਲ ਬੈਠੇ ਹੋਏ ਸਨ ਕਿਉਂ ਜੋ ਉਹ ਉਸ ਖੂਹ ਤੋਂ ਇੱਜੜਾ ਨੂੰ ਪਾਣੀ ਪਿਲਾਉਂਦੇ ਹੁੰਦੇ ਸਨ ਅਰ ਉਸ ਖੂਹ ਦੇ ਮੂੰਹ ਉੱਤੇ ਵੱਡਾ ਪੱਥਰ ਸੀ 3ਜਾਂ ਸਾਰੇ ਇੱਜੜ ਉੱਥੇ ਇਕੱਠੇ ਹੁੰਦੇ ਸਨ ਤਾਂ ਓਹ ਉਸ ਪੱਥਰ ਨੂੰ ਖੂਹ ਦੇ ਮੂੰਹੋਂ ਰੇੜ੍ਹਦੇ ਸਨ ਅਰ ਇੱਜੜਾਂ ਨੂੰ ਪਾਣੀ ਪਿਲਾਉਂਦੇ ਸਨ ਅਤੇ ਫੇਰ ਉਸ ਪੱਥਰ ਨੂੰ ਖੂਹ ਦੇ ਮੂੰਹ ਉੱਤੇ ਉਸ ਦੀ ਜਗਹ ਤੇ ਰੱਖ ਦਿੰਦੇ ਸਨ 4ਤਦ ਯਾਕੂਬ ਨੇ ਉਨ੍ਹਾਂ ਨੂੰ ਆਖਿਆ, ਮੇਰੇ ਭਰਾਵੋ ਤੁਸੀਂ ਕਿੱਥੋਂ ਦੇ ਹੋ? ਉਨ੍ਹਾਂ ਨੇ ਆਖਿਆ, ਅਸੀਂ ਹਾਰਾਨ ਤੋਂ ਹਾਂ 5ਤਾਂ ਉਸ ਓਹਨਾਂ ਨੂੰ ਆਖਿਆ, ਤੁਸੀਂ ਨਾਹੋਰ ਦੇ ਪੁੱਤ੍ਰ ਲਾਬਾਨ ਨੂੰ ਜਾਣਦੇ ਹੋ? ਉਨ੍ਹਾਂ ਆਖਿਆ, ਅਸੀਂ ਜਾਣਦੇ ਹਾਂਗੇ 6ਉਸ ਆਖਿਆ, ਉਹ ਚੰਗਾ ਭਲਾ ਹੈ? ਉਨ੍ਹਾਂ ਨੇ ਆਖਿਆ, ਚੰਗਾ ਭਲਾ ਹੈਗਾ ਅਰ ਵੇਖ ਉਹ ਦੀ ਧੀ ਰਾਖੇਲ ਭੇਡਾਂ ਨਾਲ ਲਗੀ ਆਉਂਦੀ ਹੈ 7ਤਾਂ ਉਸ ਆਖਿਆ ਵੇਖੋ ਅਜੇ ਦਿਨ ਵੱਡਾ ਹੈ ਅਤੇ ਅਜੇ ਪਸ਼ੂਆਂ ਦੇ ਇਕੱਠੇ ਹੋਣ ਦਾ ਵੇਲਾ ਨਹੀਂ। ਤੁਸੀਂ ਭੇਡਾਂ ਨੂੰ ਪਾਣੀ ਪਿਲਾ ਕੇ ਚਾਰਨ ਲਈ ਲੈ ਜਾਓ 8ਪਰ ਉਨ੍ਹਾਂ ਨੇ ਆਖਿਆ, ਅਸੀਂ ਅਜੇਹਾ ਨਹੀਂ ਕਰ ਸੱਕਦੇ ਜਦ ਤੀਕ ਸਾਰੇ ਇੱਜੜ ਇਕੱਠੇ ਨਾ ਹੋਣ ਅਤੇ ਓਹ ਉਸ ਪੱਥਰ ਨੂੰ ਖੂਹ ਦੇ ਮੂੰਹ ਉੱਤੋਂ ਨਾ ਰੇੜ੍ਹਨ ਤਦ ਤੀਕ ਅਸੀਂ ਭੇਡਾਂ ਨੂੰ ਪਾਣੀ ਨਾ ਪਿਲਾਵਾਂਗੇ 9ਉਹ ਉਨ੍ਹਾਂ ਨਾਲ ਬੋਲਦਾ ਹੀ ਸੀ ਕਿ ਰਾਖੇਲ ਆਪਣੇ ਪਿਤਾ ਦੀਆਂ ਭੇਡਾਂ ਨਾਲ ਆਈ ਕਿਉਂਜੋ ਉਹ ਪਾਲਣ ਸੀ 10ਤਾਂ ਐਉਂ ਹੋਇਆ ਜਦ ਯਾਕੂਬ ਨੇ ਆਪਣੇ ਮਾਮੇ ਲਾਬਾਨ ਦੀ ਧੀ ਰਾਖੇਲ ਨੂੰ ਅਰ ਆਪਣੇ ਮਾਮੇ ਲਾਬਾਨ ਦੇ ਇੱਜੜ ਨੂੰ ਵੇਖਿਆ ਤਾਂ ਯਾਕੂਬ ਨੇ ਨੇੜੇ ਜਾਕੇ ਉਸ ਪੱਥਰ ਨੂੰ ਖੂਹ ਦੇ ਮੂੰਹ ਤੋਂ ਰੇੜ੍ਹਿਆ ਅਰ ਆਪਣੇ ਮਾਮੇ ਲਾਬਾਨ ਦੇ ਇੱਜੜ ਨੂੰ ਪਾਣੀ ਪਿਲਾਇਆ 11ਯਾਕੂਬ ਨੇ ਰਾਖੇਲ ਨੂੰ ਚੁੰਮਿਆ ਅਰ ਉੱਚੀ ਉੱਚੀ ਰੋਇਆ 12ਤਾਂ ਯਾਕੂਬ ਨੇ ਰਾਖੇਲ ਨੂੰ ਦੱਸਿਆ ਕਿ ਮੈਂ ਤੇਰੇ ਪਿਤਾ ਦਾ ਸਾਕ ਹਾਂ ਅਰ ਮੈਂ ਰਿਬਕਾਹ ਦਾ ਪੁੱਤ੍ਰ ਹਾਂ ਤਾਂ ਉਸ ਨੱਠ ਕੇ ਆਪਣੇ ਪਿਤਾ ਨੂੰ ਦੱਸਿਆ 13ਤਾਂ ਐਉਂ ਹੋਇਆ ਜਦ ਲਾਬਾਨ ਨੇ ਆਪਣੇ ਭਾਣਜੇ ਦੀ ਖਬਰ ਸੁਣੀ ਤਾਂ ਉਸ ਦੇ ਮਿਲਣ ਨੂੰ ਨੱਠਾ ਅਰ ਜੱਫੀ ਪਾਕੇ ਉਸ ਨੂੰ ਚੁੰਮਿਆ ਅਰ ਉਸ ਨੂੰ ਆਪਣੇ ਘਰ ਲੈ ਆਇਆ ਤਾਂ ਉਸ ਲਾਬਾਨ ਨੂੰ ਸਾਰਿਆ ਗੱਲਾਂ ਦੱਸੀਆਂ 14ਲਾਬਾਨ ਨੇ ਉਸ ਨੂੰ ਆਖਿਆ, ਤੂੰ ਸੱਚ ਮੁੱਚ ਮੇਰੀ ਹੱਡੀ ਅਰ ਮੇਰਾ ਮਾਸ ਹੈਂ ਤਾਂ ਉਹ ਮਹੀਨਾਕੁ ਉਸ ਦੇ ਘਰ ਰਿਹਾ 15ਫੇਰ ਲਾਬਾਨ ਨੇ ਯਾਕੂਬ ਨੂੰ ਆਖਿਆ ਕਿ ਏਸ ਕਾਰਨ ਕਿ ਤੂੰ ਮੇਰਾ ਸਾਕ ਹੈਂ ਕੀ ਮੇਰੀ ਟਹਿਲ ਮੁਖਤ ਹੀ ਕਰੇਂਗਾ? ਮੈਨੂੰ ਦੱਸ, ਕੀ ਤਲਬ ਲਵੇਂਗਾ? ਲਾਬਾਨ ਦੀਆਂ ਦੋ ਧੀਆਂ ਸਨ 16ਵੱਡੀ ਦਾ ਨਾਉਂ ਲੇਆਹ ਅਰ ਨਿੱਕੀ ਦਾ ਨਾਉਂ ਰਾਖੇਲ ਸੀ 17ਅਤੇ ਲੇਆਹ ਦੀਆਂ ਅੱਖਾਂ ਚੁੰਨੀਆਂ ਸਨ ਪਰ ਰਾਖੇਲ ਰੂਪਵੰਤ ਅਤੇ ਵੇਖਣ ਵਿੱਚ ਸੋਹਣੀ ਸੀ 18ਯਾਕੂਬ ਰਾਖੇਲ ਨੂੰ ਪਿਆਰ ਕਰਦਾ ਸੀ ਤਾਂ ਉਸ ਆਖਿਆ ਮੈਂ ਤੇਰੀ ਨਿੱਕੀ ਧੀ ਰਾਖੇਲ ਲਈ ਸੱਤ ਵਰਹੇ ਤੇਰੀ ਟਹਿਲ ਕਰਾਂਗਾ 19ਅੱਗੋਂ ਲਾਬਾਨ ਨੇ ਆਖਿਆ, ਉਹ ਨੂੰ ਕਿਸੇ ਦੂਜੇ ਨੂੰ ਦੇਣ ਨਾਲੋਂ ਤੈਨੂੰ ਦੇਣਾ ਚੰਗਾ ਹੈ 20ਤੂੰ ਮੇਰੇ ਨਾਲ ਰਹੁ। ਯਾਕੂਬ ਨੇ ਰਾਖੇਲ ਲਈ ਸੱਤ ਵਰਹੇ ਟਹਿਲ ਕੀਤੀ ਅਤੇ ਉਹ ਦੀਆਂ ਅੱਖਾਂ ਵਿੱਚ ਉਹ ਦੇ ਪ੍ਰੇਮ ਦੇ ਕਾਰਨ ਉਹ ਥੋੜੇ ਦਿਨਾਂ ਦੇ ਬਰਾਬਰ ਸਨ 21ਤਾਂ ਯਾਕੂਬ ਨੇ ਲਾਬਾਨ ਨੂੰ ਆਖਿਆ, ਮੇਰੀ ਵਹੁਟੀ ਮੈਨੂੰ ਦੇਹ ਕਿਉਂਜੋ ਮੇਰੇ ਦਿਨ ਸੰਪੂਰਣ ਹੋ ਗਏ ਹਨ ਤਾਂਜੋ ਮੈਂ ਉਸ ਕੋਲ ਜਾਵਾਂ 22ਤਦ ਲਾਬਾਨ ਨੇ ਉਸ ਥਾਂ ਦੇ ਸਭ ਮਨੁੱਖਾਂ ਨੂੰ ਇਕੱਠਾ ਕਰ ਕੇ ਵੱਡਾ ਖਾਣਾ ਦਿੱਤਾ 23ਤੇ ਸ਼ਾਮਾਂ ਵੇਲੇ ਐਉਂ ਹੋਇਆ ਕਿ ਉਹ ਆਪਣੀ ਧੀ ਲੇਆਹ ਨੂੰ ਲੈਕੇ ਉਸ ਦੇ ਕੋਲ ਆਇਆ ਅਤੇ ਉਹ ਉਹ ਦੇ ਕੋਲ ਗਿਆ 24ਲਾਬਾਨ ਨੇ ਉਹ ਨੂੰ ਜਿਲਫਾਹ ਆਪਣੀ ਗੋੱਲੀ ਦਿੱਤੀ ਤਾਂਜੋ ਉਹ ਦੀ ਧੀ ਲੇਆਹ ਲਈ ਗੋੱਲੀ ਹੋਵੇ 25ਜਾਂ ਸਵੇਰਾ ਹੋਇਆ ਤਾਂ ਵੇਖੋ ਉਹ ਲੇਆਹ ਸੀ ਤਾਂ ਓਸ ਲਾਬਾਨ ਨੂੰ ਆਖਿਆ, ਤੈਂ ਮੇਰੇ ਨਾਲ ਏਹ ਕੀ ਕੀਤਾ? ਕੀ ਰਾਖੇਲ ਲਈ ਮੈਂ ਤੇਰੀ ਟਹਿਲ ਨਹੀਂ ਕੀਤੀ? ਫੇਰ ਤੂੰ ਮੇਰੇ ਨਾਲ ਧੋਖਾ ਕਿਉਂ ਕਮਾਇਆ? 26ਲਾਬਾਨ ਨੇ ਆਖਿਆ, ਸਾਡੇ ਦੇਸ ਵਿੱਚ ਐਉਂ ਨਹੀਂ ਹੁੰਦਾ ਕਿ ਨਿੰਕੀ ਨੂੰ ਪਲੌਠੀ ਤੋਂ ਪਹਿਲਾਂ ਦਈਏ 27ਇਹਦਾ ਸਾਤਾ ਪੂਰਾ ਕਰ ਤਾਂ ਮੈਂ ਤੈਨੂੰ ਏਹ ਵੀ ਉਸ ਟਹਿਲ ਦੇ ਬਦਲੇ ਜਿਹੜੀ ਤੂੰ ਮੇਰੇ ਲਈ ਹੋਰ ਸੱਤਾਂ ਵਰਿਹਾਂ ਤੀਕ ਕਰੇਂਗਾ ਦੇ ਦਿਆਂਗਾ 28ਯਾਕੂਬ ਏਸੇ ਤਰਾਂ ਕੀਤਾ ਅਰ ਏਹਦਾ ਸਾਤਾ ਪੂਰਾ ਕੀਤਾ ਤਦ ਉਹ ਉਸ ਨੂੰ ਆਪਣੀ ਧੀ ਰਾਖੇਲ ਵਿਆਹ ਦਿੱਤੀ 29ਤਾਂ ਲਾਬਾਨ ਨੇ ਆਪਣੀ ਧੀ ਰਾਖੇਲ ਲਈ ਆਪਣੀ ਗੋੱਲੀ ਬਿਲਹਾਹ ਨੂੰ ਉਸ ਦੀ ਗੋੱਲੀ ਹੋਣ ਲਈ ਦਿੱਤਾ 30ਅਰ ਉਹ ਰਾਖੇਲ ਕੋਲ ਵੀ ਗਿਆ ਕਿਉਂਜੋ ਉਹ ਰਾਖੇਲ ਨੂੰ ਲੇਆਹ ਨਾਲੋਂ ਵੱਧ ਪ੍ਰੇਮ ਕਰਦਾ ਸੀ ਤੇ ਉਹ ਨੇ ਹੋਰ ਸੱਤ ਵਰਹੇ ਉਸ ਦੀ ਟਹਿਲ ਕੀਤੀ।।
31ਜਦ ਯਹੋਵਾਹ ਨੇ ਵੇਖਿਆ ਕਿ ਲੇਆਹ ਘਿਣਾਉਣੀ ਕੀਤੀ ਗਈ ਹੈ ਤਾਂ ਉਸ ਨੇ ਉਸ ਦੀ ਕੁੱਖ ਖੋਲ੍ਹੀ ਪਰ ਰਾਖੇਲ ਬੰਝ ਰਹੀ 32ਤਾਂ ਲੇਆਹ ਗਰਭਵੰਤੀ ਹੋਈ ਅਰ ਪੁੱਤ੍ਰ ਜਣੀ ਅਰ ਉਹ ਉਸ ਦਾ ਨਾਉਂ ਰਊਬੇਨ ਰੱਖਿਆ ਕਿਉਂਜੋ ਉਸ ਆਖਿਆ, ਯਹੋਵਾਹ ਨੇ ਮੇਰਾ ਕਸ਼ਟ ਵੇਖਿਆ ਸੋ ਹੁਣ ਮੇਰਾ ਮਰਦ ਮੇਰੇ ਨਾਲ ਪ੍ਰੀਤ ਕਰੂਗਾ 33ਉਹ ਫੇਰ ਗਰਭਵੰਤੀ ਹੋਈ ਅਰ ਪੁੱਤ੍ਰ ਜਣੀ ਤਾਂ ਆਖਿਆ, ਯਹੋਵਾਹ ਨੇ ਸੁਣਿਆ ਕਿ ਮੈਂ ਘਿਣਾਉਣੀ ਜਾਣੀ ਗਈ ਹਾਂ ਏਸ ਕਾਰਨ ਉਸ ਨੇ ਮੈਨੂੰ ਏਹ ਦਿੱਤਾ ਤੇ ਉਹ ਦਾ ਨਾਉਂ ਸ਼ਿਮਓਨ ਰੱਖਿਆ 34ਅਤੇ ਉਹ ਫੇਰ ਗਰਭਵੰਤੀ ਹੋਈ ਅਰ ਪੁੱਤ੍ਰ ਜਣੀ ਤਾਂ ਆਖਿਆ, ਹੁਣ ਏਸ ਵੇਲੇ ਮੇਰਾ ਮਰਦ ਮੇਰੇ ਨਾਲ ਮਿਲਿਆ ਰਹੂਗਾ ਕਿਉਂਜੋ ਮੈਂ ਉਸ ਦੇ ਲਈ ਤਿੰਨ ਪੁੱਤ੍ਰ ਜਣੇ, ਏਸ ਕਾਰਨ ਉਸ ਉਹ ਦਾ ਨਾਉਂ ਲੇਵੀ ਰੱਖਿਆ 35ਉਹ ਫੇਰ ਗਰਭਵੰਤੀ ਹੋਈ ਅਰ ਪੁੱਤ੍ਰ ਜਣੀ ਅਰ ਆਖਿਆ, ਏਸ ਵੇਲੇ ਮੈਂ ਯਹੋਵਾਹ ਦਾ ਧੰਨਵਾਦ ਕਰਾਂਗੀ, ਏਸ ਕਾਰਨ ਉਸ ਉਹ ਦਾ ਨਾਉਂ ਯਹੂਦਾਹ ਰੱਖਿਆ ਤਦ ਉਹ ਜਣਨ ਤੋਂ ਰਹਿ ਗਈ ।।
Chwazi Kounye ya:
ਉਤਪਤ 29: PUNOVBSI
Pati Souliye
Pataje
Kopye

Ou vle gen souliye ou yo sere sou tout aparèy ou yo? Enskri oswa konekte
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.