ਉਤਪਤ 13

13
ਅਬਰਾਮ ਤੇ ਲੂਤ ਦਾ ਵੱਖੋ ਵੱਖ ਹੋਣਾ
1ਤਾਂ ਅਬਰਾਮ ਅਰ ਉਹ ਦੀ ਪਤਨੀ ਅਰ ਸਭ ਕੁਝ ਜੋ ਉਹ ਦੇ ਕੋਲ ਸੀ ਅਰ ਲੂਤ ਵੀ ਉਹ ਦੇ ਨਾਲ ਮਿਸਰ ਤੋਂ ਦੱਖਣ ਦੇਸ ਵੱਲ ਉਤਾਹਾਂ ਗਏ 2ਅਬਰਾਮ ਡੰਗਰਾਂ ਅਰ ਸੋਨੇ ਚਾਂਦੀ ਵਿੱਚ ਵੱਡਾ ਧਨ ਮਾਲ ਵਾਲਾ ਸੀ 3ਉਹ ਦੱਖਣ ਤੋਂ ਸਫਰ ਕਰਦਾ ਬੈਤ-ਏਲ ਦੀ ਉਸ ਥਾਂ ਤੀਕ ਅੱਪੜਿਆ ਜਿੱਥੇ ਪਹਿਲਾਂ ਆਪਣਾ ਤੰਬੂ ਬੈਤ-ਏਲ ਅਰ ਅਈ ਦੇ ਵਿਚਕਾਰ ਲਾਇਆ ਸੀ 4ਅਰਥਾਤ ਉਸ ਜਗਵੇਦੀ ਦੀ ਥਾਂ ਤੀਕ ਜੋ ਉਸ ਨੇ ਪਹਿਲਾਂ ਬਣਾਈ ਸੀ ਅਤੇ ਉੱਥੇ ਅਬਰਾਮ ਨੇ ਯਹੋਵਾਹ ਦਾ ਨਾਮ ਲਿਆ।।
5ਅਤੇ ਲੂਤ ਕੋਲ ਵੀ ਜਿਹੜਾ ਅਬਰਾਮ ਨਾਲ ਚੱਲਦਾ ਸੀ ਇੱਜੜ ਅਰ ਗਾਈਆਂ ਬਲਦ ਅਰ ਤੰਬੂ ਸਨ 6ਅਤੇ ਉਸ ਦੇਸ ਨੇ ਉਨ੍ਹਾਂ ਨੂੰ ਨਾ ਝੱਲਿਆ ਕਿ ਓਹ ਇੱਕਠੇ ਰਹਿਣ ਕਿਉਂਕਿ ਉਨ੍ਹਾਂ ਦਾ ਮਾਲ ਧਨ ਐਂਨਾ ਸੀ ਕਿ ਓਹ ਇੱਕਠੇ ਨਹੀਂ ਰਹਿ ਸਕਦੇ ਸਨ 7ਉਪਰੰਤ ਅਬਰਾਮ ਦੇ ਪਾਲੀਆਂ ਅਤੇ ਲੂਤ ਦੇ ਪਾਲੀਆਂ ਵਿੱਚ ਝਗੜਾ ਪੈ ਗਿਆ ਅਤੇ ਕਨਾਨੀ ਅਰ ਪਰਿੱਜੀ ਜਨਤਾ ਉਸ ਵੇਲੇ ਉਸ ਦੇਸ ਵਿੱਚ ਵੱਸਦੀ ਸੀ 8ਅਬਰਾਮ ਨੇ ਲੂਤ ਨੂੰ ਆਖਿਆ ਮੇਰੇ ਅਰ ਤੇਰੇ ਅਤੇ ਮੇਰੇ ਅਰ ਤੇਰੇ ਪਾਲੀਆਂ ਵਿੱਚ ਝਗੜਾ ਨਹੀਂ ਹੋਣਾ ਚਾਹੀਦਾ ਕਿਉਂਜੋ ਅਸੀਂ ਭਰਾ ਹਾਂ। ਭਲਾ, ਤੇਰੇ ਅੱਗੇ ਸਾਰਾ ਦੇਸ ਨਹੀਂ ਹੈ? 9ਮੈਥੋਂ ਵੱਖਰਾ ਹੋ ਜਾਹ। ਜੇ ਤੂੰ ਖੱਬੇ ਪਾਸੇ ਜਾਵੇਂ ਤਾਂ ਮੈਂ ਸੱਜੇ ਪਾਸੇ ਜਾਵਾਂਗਾ ਅਤੇ ਜੇ ਤੂੰ ਸੱਜੇ ਪਾਸੇ ਜਾਵੇਂ ਤਾਂ ਮੈਂ ਖੱਬੇ ਪਾਸੇ ਜਾਵਾਂਗਾ 10ਸੋ ਲੂਤ ਨੇ ਆਪਣੀਆਂ ਅੱਖਾਂ ਚੁੱਕਕੇ ਯਰਦਨ ਦੇ ਸਾਰੇ ਮੈਦਾਨ ਨੂੰ ਵੇਖਿਆ ਕਿ ਉਹ ਸਾਰਾ ਮੈਦਾਨ ਇਸ ਤੋਂ ਪਹਿਲਾਂ ਕਿ ਯਹੋਵਾਹ ਨੇ ਸਦੂਮ ਅਰ ਅਮੂਰਾਹ ਨੂੰ ਨਾਸ਼ ਕੀਤਾ ਚੰਗਾ ਤਰ ਸੀ, ਉਹ ਯਹੋਵਾਹ ਦੇ ਬਾਗ਼ ਵਰਗਾ ਸੀ ਅਥਵਾ ਸੋਆਰ ਨੂੰ ਜਾਂਦੇ ਹੋਏ ਮਿਸਰ ਦੇਸ ਵਰਗਾ ਸੀ 11ਲੂਤ ਨੇ ਆਪਣੇ ਲਈ ਯਰਦਨ ਦਾ ਸਾਰਾ ਮੈਦਾਨ ਚੁਣਿਆ ਅਤੇ ਲੂਤ ਪੂਰਬ ਵੱਲ ਚਲਿਆ ਗਿਆ ਸੋ ਉਹ ਇੱਕ ਦੂਜੇ ਤੋਂ ਅੱਡ ਹੋ ਗਏ 12ਅਬਰਾਮ ਕਨਾਨ ਦੇ ਦੇਸ ਵਿੱਚ ਵੱਸਿਆ ਅਤੇ ਲੂਤ ਉਸ ਮੈਦਾਨ ਦੇ ਨਗਰਾਂ ਵਿੱਚ ਵੱਸਿਆ ਅਰ ਸਦੂਮ ਕੋਲ ਆਪਣਾ ਤੰਬੂ ਲਾਇਆ 13ਅਤੇ ਸਦੂਮ ਦੇ ਮਨੁੱਖ ਯਹੋਵਾਹ ਦੇ ਅੱਗੇ ਅੱਤ ਬੁਰਿਆਰ ਅਰ ਮਹਾਂ ਪਾਪੀ ਸਨ।।
14ਫੇਰ ਯਹੋਵਾਹ ਨੇ ਅਬਰਾਮ ਨੂੰ ਲੂਤ ਦੇ ਉਸ ਤੋਂ ਵੱਖਰੇ ਹੋਣ ਦੇ ਪਿੱਛੋਂ ਆਖਿਆ ਕਿ ਆਪਣੀਆਂ ਅੱਖੀਆਂ ਹੁਣ ਚੁੱਕਕੇ ਇਸ ਥਾਂ ਤੋਂ ਜਿੱਥੇ ਤੂੰ ਹੁਣ ਹੈਂ ਉੱਤਰ ਅਰ ਦੱਖਣ, ਪੂਰਬ ਅਰ ਪੱਛਮ ਵੱਲ ਵੇਖ 15ਕਿਉਂਕਿ ਇਹ ਸਾਰੀ ਧਰਤੀ ਜੋ ਤੂੰ ਵੇਖਦਾ ਹੈਂ ਤੈਨੂੰ ਅਰ ਤੇਰੀ ਅੰਸ ਨੂੰ ਸਦਾ ਲਈ ਮੈਂ ਦਿਆਂਗਾ 16ਅਤੇ ਮੈਂ ਤੇਰੀ ਅੰਸ ਨੂੰ ਧਰਤੀ ਦੀ ਧੂੜ ਵਰਗੀ ਅਜੇਹੀ ਵਧਾਵਾਂਗਾ ਕਿ ਜੇ ਕੋਈ ਮਨੁੱਖ ਧਰਤੀ ਦੀ ਧੂੜ ਨੂੰ ਗਿਣ ਸਕੇ ਤਾਂ ਉਹ ਤੇਰੀ ਅੰਸ ਨੂੰ ਵੀ ਗਿਣ ਸੱਕੇਗਾ 17ਉੱਠ ਤੇ ਏਸ ਦੇਸ ਦੀ ਲੰਬਾਈ ਚੌੜਾਈ ਵਿੱਚ ਫਿਰ ਕਿਉਂਜੋ ਮੈਂ ਇਹ ਤੈਨੂੰ ਦਿਆਂਗਾ 18ਤਾਂ ਅਬਰਾਮ ਨੇ ਆਪਣਾ ਤੰਬੂ ਪੁੱਟਿਆ ਅਤੇ ਮਮਰੇ ਦਿਆਂ ਬਲੂਤਾਂ ਕੋਲ ਜਿਹੜੇ ਹਬਰੋਨ ਵਿੱਚ ਹਨ ਜਾ ਵੱਸਿਆ ਅਤੇ ਉੱਥੇ ਉਸ ਨੇ ਇੱਕ ਜਗਵੇਦੀ ਯਹੋਵਾਹ ਲਈ ਬਣਾਈ।।

Chwazi Kounye ya:

ਉਤਪਤ 13: PUNOVBSI

Pati Souliye

Pataje

Kopye

None

Ou vle gen souliye ou yo sere sou tout aparèy ou yo? Enskri oswa konekte