ਯੂਹੰਨਾ 15
15
ਅੰਗੂਰ ਦੀ ਬੇਲ ਅਤੇ ਟਹਿਣੀਆਂ
1ਮੈਂ ਸੱਚੀ ਅੰਗੂਰ ਦੀ ਬੇਲ ਹਾਂ ਅਤੇ ਮੇਰਾ ਪਿਤਾ ਬਾਗਵਾਨ ਹੈ 2ਹਰੇਕ ਟਹਿਣੀ ਜਿਹੜੀ ਮੇਰੇ ਵਿੱਚ ਹੈ ਅਰ ਫਲ ਨਹੀਂ ਦਿੰਦੀ ਉਹ ਉਸ ਨੂੰ ਲਾਹ ਸੁੱਟਦਾ ਹੈ ਅਤੇ ਹਰੇਕ ਜੋ ਫਲ ਦਿੰਦੀ ਹੈ ਉਹ ਉਸਨੂੰ ਛਾਂਗਦਾ ਹੈ ਤਾਂ ਜੋ ਹੋਰ ਵੀ ਫਲ ਦੇਵੇ 3ਤੁਸੀਂ ਤਾਂ ਉਸ ਬਚਨ ਕਰਕੇ ਜੋ ਮੈਂ ਤੁਹਾਨੂੰ ਕਿਹਾ ਹੈ ਸਾਫ਼ ਹੋ ਚੁੱਕੇ 4ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ । ਜਿਸ ਪਰਕਾਰ ਟਹਿਣੀ ਜੇ ਉਹ ਅੰਗੂਰ ਦੀ ਬੇਲ ਵਿੱਚ ਨਾ ਰਹੇ ਆਪਣੇ ਆਪ ਫਲ ਨਹੀਂ ਦੇ ਸੱਕਦੀ ਇਸੇ ਪਰਕਾਰ ਤੁਸੀਂ ਵੀ ਜੇ ਮੇਰੇ ਵਿੱਚ ਨਾ ਰਹੋ ਫਲ ਨਹੀਂ ਦੇ ਸੱਕਦੇ 5ਅੰਗੂਰ ਦੀ ਬੇਲ ਮੈਂ ਹਾਂ, ਤੁਸੀਂ ਟਹਿਣੀਆਂ ਹੋ । ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ ਸੋਈ ਬਹੁਤਾ ਫਲ ਦਿੰਦਾ ਹੈ ਕਿਉਂ ਜੋ ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸੱਕਦੇ 6ਜੇ ਕੋਈ ਮੇਰੇ ਵਿੱਚ ਨਾ ਰਹੇ ਤਾਂ ਉਹ ਟਹਿਣੀ ਦੀ ਨਿਆਈਂ ਬਾਹਰ ਸੁੱਟਿਆ ਜਾਂਦਾ ਅਤੇ ਸੁੱਕ ਜਾਂਦਾ ਹੈ ਅਰ ਲੋਕ ਉਨ੍ਹਾਂ ਨੂੰ ਇਕੱਠੀਆਂ ਕਰ ਕੇ ਅੱਗ ਵਿੱਚ ਝੋਕਦੇ ਹਨ ਅਤੇ ਓਹ ਸਾੜੀਆਂ ਜਾਂਦੀਆਂ ਹਨ 7ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਅਤੇ ਉਹ ਤੁਹਾਡੇ ਲਈ ਹੋ ਜਾਵੇਗਾ 8ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਫਲ ਦਿਓ ਅਰ ਇਉਂ ਤੁਸੀਂ ਮੇਰੇ ਚੇਲੇ ਹੋਵੋਗੇ 9ਜਿਵੇਂ ਪਿਤਾ ਨੇ ਮੇਰੇ ਨਾਲ ਪਿਆਰ ਕੀਤਾ ਤਿਵੇਂ ਮੈਂ ਵੀ ਤੁਹਾਡੇ ਨਾਲ ਪਿਆਰ ਕੀਤਾ। ਤੁਸੀਂ ਮੇਰੇ ਪ੍ਰੇਮ ਵਿੱਚ ਰਹੋ 10ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ ਤਾਂ ਮੇਰੇ ਪ੍ਰੇਮ ਵਿੱਚ ਰਹੋਗੇ ਜਿਵੇਂ ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਨਾ ਕੀਤੀ ਹੈ ਅਤੇ ਉਹ ਦੇ ਪ੍ਰੇਮ ਵਿੱਚ ਰਹਿੰਦਾ ਹਾਂ 11ਏਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਅਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ।।
12ਮੇਰਾ ਹੁਕਮ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਪਿਆਰ ਕਰੋ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ 13ਏਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤ੍ਰਾਂ ਦੇ ਬਦਲੇ ਦੇ ਦੇਵੇ 14ਜੇ ਤੁਸੀਂ ਓਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤ੍ਰ ਹੋ 15ਹੁਣ ਤੋਂ ਅੱਗੇ ਮੈਂ ਤੁਹਾਨੂੰ ਦਾਸ ਨਹੀਂ ਆਖਾਂਗਾ ਕਿਉਂ ਜੋ ਦਾਸ ਨਹੀਂ ਜਾਣਦਾ ਭਈ ਉਹ ਦਾ ਮਾਲਕ ਕੀ ਕਰਦਾ ਹੈ, ਪਰ ਮੈਂ ਤੁਹਾਨੂੰ ਮਿੱਤ੍ਰ ਕਰਕੇ ਆਖਿਆ ਹੈ ਕਿਉਂਕਿ ਮੈਂ ਜੋ ਕੁਝ ਆਪਣੇ ਪਿਤਾ ਕੋਲੋਂ ਸੁਣਿਆ ਸੋ ਸਭ ਤੁਹਾਨੂੰ ਦੱਸ ਦਿੱਤਾ 16ਤੁਸਾਂ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ ਅਤੇ ਤੁਹਾਨੂੰ ਠਹਿਰਾਇਆ ਸੀ ਜੋ ਤੁਸੀਂ ਜਾ ਕੇ ਫਲਦਾਰ ਹੋਵੋ ਅਤੇ ਤੁਹਾਡਾ ਫਲ ਕਾਇਮ ਰਹੇ ਤਾਂ ਜੋ ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਪਿਤਾ ਤੋਂ ਮੰਗੋ ਸੋ ਉਹ ਤੁਹਾਨੂੰ ਦੇਵੇ। 17ਮੈਂ ਤੁਹਾਨੂੰ ਇੰਨ੍ਹਾਂ ਗੱਲਾਂ ਦਾ ਇਸ ਲਈ ਹੁਕਮ ਕਰਦਾ ਹਾਂ ਜੋ ਤੁਸੀਂ ਇੱਕ ਦੂਏ ਨਾਲ ਪਿਆਰ ਕਰੋ।।
18ਜੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ ਤੁਸੀਂ ਜਾਣਦੇ ਹੋ ਜੋ ਉਹ ਨੇ ਤੁਹਾਥੋਂ ਅੱਗੇ ਮੇਰੇ ਨਾਲ ਵੈਰ ਕੀਤਾ ਹੈ 19ਜੇ ਤੁਸੀਂ ਜਗਤ ਦੇ ਹੁੰਦੇ ਤਾਂ ਜਗਤ ਆਪਣਿਆਂ ਨਾਲ ਤੇਹ ਕਰਦਾ ਪਰ ਇਸ ਕਰਕੇ ਜੋ ਤੁਸੀਂ ਜਗਤ ਦੇ ਨਹੀਂ ਹੋ ਪਰ ਮੈਂ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ ਇਸ ਕਰਕੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ 20ਜਿਹੜੀ ਗੱਲ ਮੈਂ ਤੁਹਾਨੂੰ ਆਖੀ ਸੀ ਚੇਤੇ ਰੱਖੋ ਭਈ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ। ਜੇ ਉਨ੍ਹਾਂ ਮੈਨੂੰ ਸਤਾਇਆ ਤਾਂ ਓਹ ਤੁਹਾਨੂੰ ਵੀ ਸਤਾਉਣਗੇ । ਜੇ ਉਨ੍ਹਾਂ ਮੇਰੇ ਬਚਨ ਦੀ ਪਾਲਨਾ ਕੀਤੀ ਤਾਂ ਤੁਹਾਡੇ ਦੀ ਵੀ ਪਾਲਨਾ ਕਰਨਗੇ 21ਪਰ ਇਹ ਸਭ ਕੁਝ ਮੇਰੇ ਨਾਮ ਦੇ ਕਾਰਨ ਓਹ ਤੁਹਾਡੇ ਨਾਲ ਕਰਨਗੇ ਕਿਉਂ ਜੋ ਓਹ ਉਸ ਨੂੰ ਨਹੀਂ ਜਾਣਦੇ ਹਨ ਜਿਨ ਮੈਨੂੰ ਘੱਲਿਆ 22ਜੇ ਮੈਂ ਨਾ ਆਉਂਦਾ ਅਤੇ ਉਨ੍ਹਾਂ ਨਾਲ ਗੱਲਾਂ ਨਾ ਕਰਦਾ ਤਾਂ ਉਨ੍ਹਾਂ ਦਾ ਪਾਪ ਨਾ ਹੁੰਦਾ, ਪਰ ਹੁਣ ਉਨ੍ਹਾਂ ਕੋਲ ਉਨ੍ਹਾਂ ਦੇ ਪਾਪ ਦਾ ਕੋਈ ਪੱਜ ਨਹੀਂ 23ਜਿਹੜਾ ਮੇਰੇ ਨਾਲ ਵੈਰ ਕਰਦਾ ਹੈ ਉਹ ਮੇਰੇ ਪਿਤਾ ਦੇ ਨਾਲ ਵੈਰ ਕਰਦਾ ਹੈ 24ਜੇ ਮੈਂ ਉਨ੍ਹਾਂ ਵਿੱਚ ਓਹ ਕੰਮ ਨਾ ਕਰਦਾ ਜੋ ਹੋਰ ਕਿਨੇ ਨਹੀਂ ਕੀਤੇ ਤਾਂ ਉਨ੍ਹਾਂ ਦਾ ਪਾਪ ਨਾ ਹੁੰਦਾ ਪਰ ਹੁਣ ਤਾਂ ਉਨ੍ਹਾਂ ਨੇ ਮੈਨੂੰ ਅਤੇ ਨਾਲੇ ਮੇਰੇ ਪਿਤਾ ਨੂੰ ਵੇਖਿਆ ਅਤੇ ਸਾਡੇ ਨਾਲ ਵੈਰ ਵੀ ਕੀਤਾ ਹੈ 25ਪਰ ਇਹ ਇਸ ਲਈ ਹੋਇਆ ਕਿ ਉਹ ਬਚਨ ਪੂਰਾ ਹੋਵੇ ਜਿਹੜਾ ਉਨ੍ਹਾਂ ਦੀ ਸ਼ਰਾ ਵਿੱਚ ਲਿਖਿਆ ਹੋਇਆ ਹੈ ਭਈ ਉਨ੍ਹਾਂ ਧਿਗਾਨੇ ਮੇਰੇ ਨਾਲ ਵੈਰ ਕੀਤਾ 26ਪਰ ਜਾਂ ਉਹ ਸਹਾਇਕ ਆਵੇ ਜਿਹ ਨੂੰ ਮੈਂ ਤੁਹਾਡੇ ਕੋਲ ਪਿਤਾ ਦੀ ਵੱਲੋਂ ਘੱਲਾਂਗਾ ਅਰਥਾਤ ਸਚਿਆਈ ਦਾ ਆਤਮਾ ਜਿਹੜਾ ਪਿਤਾ ਵੱਲੋਂ ਨਿੱਕਲਦਾ ਹੈ ਤਾਂ ਉਹ ਮੇਰੇ ਹੱਕ ਵਿੱਚ ਸਾਖੀ ਦੇਵੇਗਾ 27ਅਤੇ ਤੁਸੀਂ ਵੀ ਗਵਾਹ ਹੋ ਕਿਉਂਕਿ ਤੁਸੀਂ ਮੁੱਢੋਂ ਮੇਰੇ ਨਾਲ ਰਹੇ ਹੋ।।
נבחרו כעת:
ਯੂਹੰਨਾ 15: PUNOVBSI
הדגשה
שתף
העתק
רוצים לשמור את ההדגשות שלכם בכל המכשירים שלכם? הירשמו או היכנסו
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.