ਯੂਹੰਨਾ 4
4
ਯਿਸੂ ਅਤੇ ਸਾਮਰੀ ਔਰਤ
1ਜਦੋਂ ਯਿਸੂ ਨੂੰ ਪਤਾ ਲੱਗਾ ਕਿ ਫ਼ਰੀਸੀਆਂ ਨੇ ਸੁਣਿਆ ਹੈ ਜੋ ਯਿਸੂ ਯੂਹੰਨਾ ਨਾਲੋਂ ਵੱਧ ਚੇਲੇ ਬਣਾਉਂਦਾ ਅਤੇ ਬਪਤਿਸਮਾ ਦਿੰਦਾ ਹੈ 2(ਹਾਲਾਂਕਿ ਯਿਸੂ ਆਪ ਤਾਂ ਨਹੀਂ, ਪਰ ਉਸ ਦੇ ਚੇਲੇ ਬਪਤਿਸਮਾ ਦਿੰਦੇ ਸਨ) 3ਤਾਂ ਉਹ ਯਹੂਦਿਯਾ ਨੂੰ ਛੱਡ ਕੇ ਫੇਰ ਗਲੀਲ ਨੂੰ ਚਲਾ ਗਿਆ 4ਅਤੇ ਉਸ ਨੇ ਸਾਮਰਿਯਾ ਵਿੱਚੋਂ ਦੀ ਲੰਘਣਾ ਸੀ। 5ਇਸ ਲਈ ਉਹ ਸੁਖਾਰ ਨਾਮਕ ਸਾਮਰਿਯਾ ਦੇ ਇੱਕ ਨਗਰ ਕੋਲ ਆਇਆ ਜੋ ਉਸ ਜ਼ਮੀਨ ਦੇ ਨੇੜੇ ਸੀ ਜਿਹੜੀ ਯਾਕੂਬ ਨੇ ਆਪਣੇ ਪੁੱਤਰ ਯੂਸੁਫ਼ ਨੂੰ ਦਿੱਤੀ ਸੀ। 6ਉੱਥੇ ਯਾਕੂਬ ਦਾ ਖੂਹ ਸੀ ਅਤੇ ਯਿਸੂ ਸਫ਼ਰ ਦਾ ਥੱਕਿਆ ਹੋਇਆ ਉਸ ਖੂਹ ਉੱਤੇ ਬੈਠ ਗਿਆ। ਇਹ ਦਿਨ ਦੇ ਲਗਭਗ ਬਾਰਾਂ ਵਜੇ#4:6 ਦਿਨ ਦੇ ਬਾਰਾਂ ਵਜੇ: ਯਹੂਦੀ ਸਮੇਂ ਦੇ ਅਨੁਸਾਰ ਦਿਨ ਦਾ ਛੇਵਾਂ ਘੰਟਾ ਦਾ ਸਮਾਂ ਸੀ।
7ਤਦ ਸਾਮਰਿਯਾ ਦੀ ਇੱਕ ਔਰਤ ਪਾਣੀ ਭਰਨ ਲਈ ਆਈ ਅਤੇ ਯਿਸੂ ਨੇ ਉਸ ਨੂੰ ਕਿਹਾ,“ਮੈਨੂੰ ਪਾਣੀ ਪਿਆ।” 8ਕਿਉਂਕਿ ਉਸ ਦੇ ਚੇਲੇ ਭੋਜਨ ਖਰੀਦਣ ਲਈ ਨਗਰ ਵਿੱਚ ਗਏ ਹੋਏ ਸਨ। 9ਤਦ ਸਾਮਰੀ ਔਰਤ ਨੇ ਉਸ ਨੂੰ ਕਿਹਾ, “ਤੂੰ ਯਹੂਦੀ ਹੋ ਕੇ ਮੇਰੇ ਤੋਂ ਜੋ ਸਾਮਰੀ ਔਰਤ ਹਾਂ, ਪੀਣ ਲਈ ਕਿਵੇਂ ਮੰਗਦਾ ਹੈਂ?” (ਕਿਉਂਕਿ ਯਹੂਦੀ ਸਾਮਰੀਆਂ ਨਾਲ ਕੋਈ ਵਿਹਾਰ ਨਹੀਂ ਰੱਖਦੇ।) 10ਯਿਸੂ ਨੇ ਉਸ ਨੂੰ ਉੱਤਰ ਦਿੱਤਾ,“ਜੇ ਤੂੰ ਪਰਮੇਸ਼ਰ ਦੀ ਬਖਸ਼ੀਸ਼ ਨੂੰ ਜਾਣਦੀ ਅਤੇ ਇਹ ਕਿ ਉਹ ਕੌਣ ਹੈ ਜੋ ਤੈਨੂੰ ਕਹਿੰਦਾ ਹੈ, ‘ਮੈਨੂੰ ਪਾਣੀ ਪਿਆ’ ਤਾਂ ਤੂੰ ਉਸ ਕੋਲੋਂ ਮੰਗਦੀ ਅਤੇ ਉਹ ਤੈਨੂੰ ਜੀਵਨ ਦਾ ਜਲ ਦਿੰਦਾ।” 11ਔਰਤ ਨੇ ਉਸ ਨੂੰ ਕਿਹਾ, “ਸ੍ਰੀ ਮਾਨ ਜੀ, ਤੇਰੇ ਕੋਲ ਕੋਈ ਬਰਤਨ ਵੀ ਨਹੀਂ ਹੈ ਅਤੇ ਖੂਹ ਵੀ ਡੂੰਘਾ ਹੈ। ਫਿਰ ਇਹ ਜੀਵਨ ਦਾ ਜਲ ਤੇਰੇ ਕੋਲ ਕਿੱਥੋਂ ਆਇਆ? 12ਕੀ ਤੂੰ ਸਾਡੇ ਪੁਰਖੇ ਯਾਕੂਬ ਨਾਲੋਂ ਵੱਡਾ ਹੈਂ ਜਿਸ ਨੇ ਸਾਨੂੰ ਇਹ ਖੂਹ ਦਿੱਤਾ ਅਤੇ ਉਸ ਨੇ ਆਪ ਅਤੇ ਉਸ ਦੇ ਪੁੱਤਰਾਂ ਨੇ ਅਤੇ ਉਸ ਦੇ ਪਸ਼ੂਆਂ ਨੇ ਇਸ ਵਿੱਚੋਂ ਪੀਤਾ?” 13ਯਿਸੂ ਨੇ ਉਸ ਨੂੰ ਉੱਤਰ ਦਿੱਤਾ,“ਹਰੇਕ ਜੋ ਇਸ ਪਾਣੀ ਵਿੱਚੋਂ ਪੀਂਦਾ ਹੈ, ਉਹ ਫੇਰ ਪਿਆਸਾ ਹੋਵੇਗਾ। 14ਪਰ ਜੋ ਕੋਈ ਉਸ ਜਲ ਵਿੱਚੋਂ ਪੀਵੇਗਾ ਜੋ ਮੈਂ ਉਸ ਨੂੰ ਦਿਆਂਗਾ ਉਹ ਅਨੰਤ ਕਾਲ ਤੱਕ ਕਦੇ ਪਿਆਸਾ ਨਾ ਹੋਵੇਗਾ, ਸਗੋਂ ਉਹ ਜਲ ਜੋ ਮੈਂ ਉਸ ਨੂੰ ਦਿਆਂਗਾ ਉਸ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਸਦੀਪਕ ਜੀਵਨ ਤੱਕ ਉੱਛਲਦਾ ਰਹੇਗਾ।” 15ਔਰਤ ਨੇ ਉਸ ਨੂੰ ਕਿਹਾ, “ਸ੍ਰੀ ਮਾਨ ਜੀ, ਉਹ ਜਲ ਮੈਨੂੰ ਦਿਓ ਤਾਂਕਿ ਮੈਂ ਫਿਰ ਪਿਆਸੀ ਨਾ ਹੋਵਾਂ ਅਤੇ ਨਾ ਹੀ ਮੈਨੂੰ ਭਰਨ ਲਈ ਇੱਥੇ ਆਉਣਾ ਪਵੇ।”
16ਯਿਸੂ ਨੇ ਕਿਹਾ,“ਜਾ ਆਪਣੇ ਪਤੀ ਨੂੰ ਇੱਥੇ ਸੱਦ ਲਿਆ।” 17ਔਰਤ ਨੇ ਉਸ ਨੂੰ ਕਿਹਾ, “ਮੇਰਾ ਪਤੀ ਨਹੀਂ ਹੈ।” ਯਿਸੂ ਨੇ ਕਿਹਾ,“ਤੂੰ ਠੀਕ ਕਿਹਾ ਕਿ ਮੇਰਾ ਪਤੀ ਨਹੀਂ ਹੈ, 18ਕਿਉਂਕਿ ਤੂੰ ਪੰਜ ਪਤੀ ਕਰ ਚੁੱਕੀ ਹੈਂ ਅਤੇ ਹੁਣ ਜਿਹੜਾ ਤੇਰੇ ਕੋਲ ਹੈ ਉਹ ਤੇਰਾ ਪਤੀ ਨਹੀਂ ਹੈ। ਤੂੰ ਇਹ ਸੱਚ ਕਿਹਾ ਹੈ।” 19ਔਰਤ ਨੇ ਉਸ ਨੂੰ ਕਿਹਾ, “ਸ਼੍ਰੀ ਮਾਨ ਜੀ, ਮੈਨੂੰ ਲੱਗਦਾ ਹੈ ਕਿ ਤੁਸੀਂ ਨਬੀ ਹੋ। 20ਸਾਡੇ ਪੁਰਖਿਆਂ ਨੇ ਇਸ ਪਹਾੜ ਉੱਤੇ ਅਰਾਧਨਾ ਕੀਤੀ, ਪਰ ਤੁਸੀਂ ਕਹਿੰਦੇ ਹੋ ਕਿ ਉਹ ਥਾਂ ਯਰੂਸ਼ਲਮ ਵਿੱਚ ਹੈ ਜਿੱਥੇ ਅਰਾਧਨਾ ਕਰਨੀ ਚਾਹੀਦੀ ਹੈ।” 21ਯਿਸੂ ਨੇ ਉਸ ਨੂੰ ਕਿਹਾ,“ਹੇ ਔਰਤ, ਮੇਰਾ ਵਿਸ਼ਵਾਸ ਕਰ ਕਿ ਉਹ ਸਮਾਂ ਆਉਂਦਾ ਹੈ ਜਦੋਂ ਤੁਸੀਂ ਨਾ ਤਾਂ ਇਸ ਪਹਾੜ ਉੱਤੇ ਅਤੇ ਨਾ ਹੀ ਯਰੂਸ਼ਲਮ ਵਿੱਚ ਪਿਤਾ ਦੀ ਅਰਾਧਨਾ ਕਰੋਗੇ। 22ਤੁਸੀਂ ਉਸ ਦੀ ਅਰਾਧਨਾ ਕਰਦੇ ਹੋ ਜਿਸ ਨੂੰ ਤੁਸੀਂ ਨਹੀਂ ਜਾਣਦੇ; ਅਸੀਂ ਉਸ ਦੀ ਅਰਾਧਨਾ ਕਰਦੇ ਹਾਂ ਜਿਸ ਨੂੰ ਅਸੀਂ ਜਾਣਦੇ ਹਾਂ, ਕਿਉਂਕਿ ਮੁਕਤੀ ਯਹੂਦੀਆਂ ਤੋਂ ਹੈ। 23ਪਰ ਉਹ ਸਮਾਂ ਆਉਂਦਾ ਹੈ, ਸਗੋਂ ਹੁਣੇ ਹੈ ਜਦੋਂ ਸੱਚੇ ਅਰਾਧਕ ਆਤਮਾ ਅਤੇ ਸਚਾਈ ਨਾਲ ਪਿਤਾ ਦੀ ਅਰਾਧਨਾ ਕਰਨਗੇ, ਕਿਉਂਕਿ ਪਿਤਾ ਵੀ ਆਪਣੇ ਇਹੋ ਜਿਹੇ ਅਰਾਧਕਾਂ ਨੂੰ ਲੱਭਦਾ ਹੈ। 24ਪਰਮੇਸ਼ਰ ਆਤਮਾ ਹੈ ਅਤੇ ਜ਼ਰੂਰੀ ਹੈ ਕਿ ਉਸ ਦੇ ਅਰਾਧਕ ਆਤਮਾ ਅਤੇ ਸਚਾਈ ਨਾਲ ਉਸ ਦੀ ਅਰਾਧਨਾ ਕਰਨ।” 25ਔਰਤ ਨੇ ਉਸ ਨੂੰ ਕਿਹਾ, “ਮੈਂ ਜਾਣਦੀ ਹਾਂ ਕਿ ਮਸੀਹ ਜਿਹੜਾ ‘ਖ੍ਰਿਸਟੁਸ’ ਕਹਾਉਂਦਾ ਹੈ, ਆ ਰਿਹਾ ਹੈ; ਜਦੋਂ ਉਹ ਆਵੇਗਾ ਤਾਂ ਸਾਨੂੰ ਸਭ ਕੁਝ ਦੱਸੇਗਾ।” 26ਯਿਸੂ ਨੇ ਉਸ ਨੂੰ ਕਿਹਾ,“ਮੈਂ ਜਿਹੜਾ ਤੇਰੇ ਨਾਲ ਬੋਲਦਾ ਹਾਂ, ਉਹੀ ਹਾਂ।”
ਵਾਢੀ ਲਈ ਪੱਕੀ ਫ਼ਸਲ
27ਐਨੇ ਨੂੰ ਉਸ ਦੇ ਚੇਲੇ ਆ ਗਏ ਅਤੇ ਹੈਰਾਨ ਹੋਏ ਕਿ ਉਹ ਇੱਕ ਔਰਤ ਨਾਲ ਗੱਲਾਂ ਕਰ ਰਿਹਾ ਹੈ। ਪਰ ਫਿਰ ਵੀ ਕਿਸੇ ਨੇ ਇਹ ਨਹੀਂ ਕਿਹਾ ਕਿ ਤੂੰ ਕੀ ਚਾਹੁੰਦਾ ਹੈਂ, ਜਾਂ ਤੂੰ ਉਸ ਦੇ ਨਾਲ ਕਿਉਂ ਗੱਲਾਂ ਕਰਦਾ ਹੈਂ। 28ਤਦ ਉਹ ਔਰਤ ਆਪਣਾ ਘੜਾ ਛੱਡ ਕੇ ਨਗਰ ਵਿੱਚ ਗਈ ਅਤੇ ਲੋਕਾਂ ਨੂੰ ਕਹਿਣ ਲੱਗੀ, 29“ਆਓ, ਇੱਕ ਮਨੁੱਖ ਨੂੰ ਵੇਖੋ ਜਿਸ ਨੇ ਉਹ ਸਭ ਜੋ ਕੁਝ ਮੈਂ ਕੀਤਾ ਸੀ, ਮੈਨੂੰ ਦੱਸ ਦਿੱਤਾ! ਕਿਤੇ ਇਹੋ ਤਾਂ ਮਸੀਹ ਨਹੀਂ?” 30ਤਦ ਉਹ ਨਗਰ ਵਿੱਚੋਂ ਨਿੱਕਲ ਕੇ ਉਸ ਦੇ ਕੋਲ ਆਉਣ ਲੱਗੇ।
31ਇਸੇ ਦੌਰਾਨ ਚੇਲਿਆਂ ਨੇ ਉਸ ਨੂੰ ਬੇਨਤੀ ਕੀਤੀ, “ਹੇ ਰੱਬੀ#4:31 ਅਰਥਾਤ ਗੁਰੂ, ਕੁਝ ਖਾ ਲੈ।” 32ਪਰ ਉਸ ਨੇ ਉਨ੍ਹਾਂ ਨੂੰ ਕਿਹਾ,“ਮੇਰੇ ਕੋਲ ਖਾਣ ਲਈ ਉਹ ਭੋਜਨ ਹੈ ਜਿਸ ਦੇ ਬਾਰੇ ਤੁਸੀਂ ਨਹੀਂ ਜਾਣਦੇ।” 33ਤਦ ਚੇਲੇ ਆਪਸ ਵਿੱਚ ਕਹਿਣ ਲੱਗੇ, “ਕੀ ਕੋਈ ਇਸ ਦੇ ਖਾਣ ਲਈ ਕੁਝ ਲਿਆਇਆ ਸੀ?” 34ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਭੇਜਣ ਵਾਲੇ ਦੀ ਇੱਛਾ ਉੱਤੇ ਚੱਲਾਂ ਅਤੇ ਉਸ ਦੇ ਕੰਮ ਨੂੰ ਪੂਰਾ ਕਰਾਂ। 35ਕੀ ਤੁਸੀਂ ਨਹੀਂ ਕਹਿੰਦੇ, ‘ਅਜੇ ਚਾਰ ਮਹੀਨੇ ਰਹਿੰਦੇ ਹਨ ਤਦ ਵਾਢੀ ਹੋਵੇਗੀ’? ਵੇਖੋ, ਮੈਂ ਤੁਹਾਨੂੰ ਕਹਿੰਦਾ ਹਾਂ, ਆਪਣੀਆਂ ਅੱਖਾਂ ਚੁੱਕੋ ਅਤੇ ਖੇਤਾਂ ਨੂੰ ਵੇਖੋ ਕਿ ਉਹ ਵਾਢੀ ਲਈ ਪੱਕ ਚੁੱਕੇ ਹਨ। 36ਵੱਢਣ ਵਾਲਾ ਮਜ਼ਦੂਰੀ ਲੈਂਦਾ ਅਤੇ ਸਦੀਪਕ ਜੀਵਨ ਲਈ ਫਲ ਇਕੱਠਾ ਕਰਦਾ ਹੈ ਤਾਂਕਿ ਬੀਜਣ ਵਾਲਾ ਅਤੇ ਵੱਢਣ ਵਾਲਾ ਦੋਵੇਂ ਅਨੰਦ ਮਨਾਉਣ। 37ਕਿਉਂਕਿ ਇੱਥੇ ਇਹ ਕਹਾਵਤ ਢੁੱਕਵੀਂ ਹੈ, ‘ਇੱਕ ਬੀਜਦਾ ਹੈ ਅਤੇ ਦੂਜਾ ਵੱਢਦਾ ਹੈ’। 38ਮੈਂ ਤੁਹਾਨੂੰ ਉਹ ਵੱਢਣ ਲਈ ਭੇਜਿਆ ਜਿਸ ਲਈ ਤੁਸੀਂ ਮਿਹਨਤ ਨਹੀਂ ਕੀਤੀ। ਮਿਹਨਤ ਹੋਰਾਂ ਨੇ ਕੀਤੀ ਅਤੇ ਤੁਸੀਂ ਉਨ੍ਹਾਂ ਦੀ ਮਿਹਨਤ ਵਿੱਚ ਸਾਂਝੀ ਹੋਏ।”
ਸਾਮਰੀਆਂ ਦਾ ਯਿਸੂ ਉੱਤੇ ਵਿਸ਼ਵਾਸ ਕਰਨਾ
39ਉਸ ਨਗਰ ਵਿੱਚੋਂ ਬਹੁਤ ਸਾਰੇ ਸਾਮਰੀਆਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ, ਕਿਉਂਕਿ ਉਸ ਔਰਤ ਨੇ ਇਹ ਗਵਾਹੀ ਦਿੱਤੀ ਕਿ ਉਸ ਨੇ ਮੈਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਮੈਂ ਕੀਤਾ ਸੀ। 40ਫਿਰ ਜਦੋਂ ਸਾਮਰੀ ਯਿਸੂ ਕੋਲ ਆਏ ਤਾਂ ਉਨ੍ਹਾਂ ਨੇ ਉਸ ਨੂੰ ਇਹ ਬੇਨਤੀ ਕੀਤੀ ਕਿ ਉਹ ਉਨ੍ਹਾਂ ਕੋਲ ਠਹਿਰੇ। ਤਦ ਉਹ ਦੋ ਦਿਨ ਉੱਥੇ ਰਿਹਾ 41ਅਤੇ ਉਸ ਦੇ ਵਚਨ ਦੇ ਕਾਰਨ ਹੋਰ ਵੀ ਬਹੁਤਿਆਂ ਨੇ ਵਿਸ਼ਵਾਸ ਕੀਤਾ। 42ਉਨ੍ਹਾਂ ਉਸ ਔਰਤ ਨੂੰ ਕਿਹਾ, “ਹੁਣ ਅਸੀਂ ਤੇਰੀਆਂ ਗੱਲਾਂ ਕਰਕੇ ਹੀ ਵਿਸ਼ਵਾਸ ਨਹੀਂ ਕਰਦੇ, ਕਿਉਂਕਿ ਅਸੀਂ ਆਪ ਸੁਣ ਲਿਆ ਹੈ ਅਤੇ ਜਾਣ ਗਏ ਹਾਂ ਕਿ ਸੱਚਮੁੱਚ ਇਹੋ ਸੰਸਾਰ ਦਾ ਮੁਕਤੀਦਾਤਾ ਹੈ।”
ਗਲੀਲ ਵਿੱਚ ਯਿਸੂ ਦਾ ਸਵਾਗਤ
43ਫਿਰ ਦੋ ਦਿਨਾਂ ਬਾਅਦ ਉਹ ਉੱਥੋਂ ਗਲੀਲ ਨੂੰ ਚਲਾ ਗਿਆ, 44ਕਿਉਂਕਿ ਯਿਸੂ ਨੇ ਆਪ ਗਵਾਹੀ ਦਿੱਤੀ ਸੀ ਕਿ ਨਬੀ ਦਾ ਆਪਣੇ ਨਗਰ ਵਿੱਚ ਆਦਰ ਨਹੀਂ ਹੁੰਦਾ। 45ਜਦੋਂ ਉਹ ਗਲੀਲ ਵਿੱਚ ਆਇਆ ਤਾਂ ਗਲੀਲੀਆਂ ਨੇ ਉਸ ਨੂੰ ਸਵੀਕਾਰ ਕੀਤਾ, ਕਿਉਂਕਿ ਉਨ੍ਹਾਂ ਨੇ ਉਹ ਸਭ ਕੁਝ ਵੇਖਿਆ ਸੀ ਜੋ ਉਸ ਨੇ ਤਿਉਹਾਰ ਦੇ ਸਮੇਂ ਯਰੂਸ਼ਲਮ ਵਿੱਚ ਕੀਤਾ ਸੀ ਇਸ ਲਈ ਕਿ ਉਹ ਵੀ ਉਸ ਤਿਉਹਾਰ ਵਿੱਚ ਗਏ ਸਨ।
ਸ਼ਾਹੀ ਅਫ਼ਸਰ ਦੇ ਪੁੱਤਰ ਨੂੰ ਚੰਗਾ ਕਰਨਾ
46ਤਦ ਉਹ ਫੇਰ ਗਲੀਲ ਦੇ ਕਾਨਾ ਵਿੱਚ ਆਇਆ, ਜਿੱਥੇ ਉਸ ਨੇ ਪਾਣੀ ਨੂੰ ਮੈ ਬਣਾਇਆ ਸੀ ਅਤੇ ਉੱਥੇ ਇੱਕ ਸ਼ਾਹੀ ਅਫ਼ਸਰ ਸੀ ਜਿਸ ਦਾ ਪੁੱਤਰ ਕਫ਼ਰਨਾਹੂਮ ਵਿੱਚ ਬਿਮਾਰ ਸੀ। 47ਜਦੋਂ ਉਸ ਨੇ ਇਹ ਸੁਣਿਆ ਕਿ ਯਿਸੂ ਯਹੂਦਿਯਾ ਤੋਂ ਗਲੀਲ ਵਿੱਚ ਆਇਆ ਹੈ ਤਾਂ ਉਸ ਕੋਲ ਜਾ ਕੇ ਬੇਨਤੀ ਕਰਨ ਲੱਗਾ ਕਿ ਚੱਲ ਕੇ ਉਸ ਦੇ ਪੁੱਤਰ ਨੂੰ ਚੰਗਾ ਕਰੇ, ਕਿਉਂਕਿ ਉਹ ਮਰਨ ਵਾਲਾ ਸੀ। 48ਯਿਸੂ ਨੇ ਉਸ ਨੂੰ ਕਿਹਾ,“ਜਦੋਂ ਤੱਕ ਤੁਸੀਂ ਚਿੰਨ੍ਹਾਂ ਅਤੇ ਅਚਰਜ ਕੰਮਾਂ ਨੂੰ ਨਾ ਵੇਖੋ, ਤੁਸੀਂ ਕਦੇ ਵਿਸ਼ਵਾਸ ਨਹੀਂ ਕਰੋਗੇ।” 49ਸ਼ਾਹੀ ਅਫ਼ਸਰ ਨੇ ਉਸ ਨੂੰ ਕਿਹਾ, “ਪ੍ਰਭੂ ਜੀ, ਇਸ ਤੋਂ ਪਹਿਲਾਂ ਕਿ ਮੇਰਾ ਬੱਚਾ ਮਰ ਜਾਵੇ, ਤੁਸੀਂ ਚੱਲੋ।” 50ਯਿਸੂ ਨੇ ਉਸ ਨੂੰ ਕਿਹਾ,“ਜਾ, ਤੇਰਾ ਪੁੱਤਰ ਜੀਉਂਦਾ ਹੈ।” ਉਸ ਮਨੁੱਖ ਨੇ ਯਿਸੂ ਦੇ ਕਹੇ ਸ਼ਬਦਾਂ ਉੱਤੇ ਵਿਸ਼ਵਾਸ ਕੀਤਾ ਅਤੇ ਚਲਾ ਗਿਆ। 51ਜਦੋਂ ਉਹ ਜਾ ਰਿਹਾ ਸੀ ਤਾਂ ਉਸ ਦੇ ਦਾਸ ਉਸ ਨੂੰ ਆ ਮਿਲੇ ਅਤੇ ਦੱਸਿਆ ਕਿ ਤੇਰਾ ਪੁੱਤਰ ਜੀਉਂਦਾ ਹੈ। 52ਉਸ ਨੇ ਉਨ੍ਹਾਂ ਤੋਂ ਪੁੱਛਿਆ, “ਉਹ ਕਿਸ ਸਮੇਂ ਠੀਕ ਹੋਇਆ?” ਤਾਂ ਉਨ੍ਹਾਂ ਉਸ ਨੂੰ ਕਿਹਾ, “ਕੱਲ੍ਹ ਦਿਨ ਦੇ ਇੱਕ ਵਜੇ ਉਸ ਦਾ ਬੁਖਾਰ ਉੱਤਰ ਗਿਆ ਸੀ।” 53ਤਦ ਪਿਤਾ ਜਾਣ ਗਿਆ ਕਿ ਇਹ ਉਹੀ ਸਮਾਂ ਸੀ ਜਦੋਂ ਯਿਸੂ ਨੇ ਉਸ ਨੂੰ ਕਿਹਾ ਸੀ,“ਤੇਰਾ ਪੁੱਤਰ ਜੀਉਂਦਾ ਹੈ”। ਤਦ ਉਸ ਨੇ ਅਤੇ ਉਸ ਦੇ ਸਾਰੇ ਪਰਿਵਾਰ ਨੇ ਵਿਸ਼ਵਾਸ ਕੀਤਾ। 54ਇਹ ਦੂਜਾ ਚਿੰਨ੍ਹ ਸੀ ਜਿਹੜਾ ਯਿਸੂ ਨੇ ਯਹੂਦਿਯਾ ਤੋਂ ਗਲੀਲ ਵਿੱਚ ਆ ਕੇ ਵਿਖਾਇਆ।
Currently Selected:
ਯੂਹੰਨਾ 4: PSB
Tõsta esile
Share
Copy
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative