YouVersion Logo
Search Icon

ਲੂਕਸ 24

24
ਯਿਸ਼ੂ ਦਾ ਜੀ ਉੱਠਣਾ
1ਹਫ਼ਤੇ ਦੇ ਪਹਿਲੇ ਦਿਨ ਮਤਲਬ ਐਤਵਾਰ ਨੂੰ, ਸਵੇਰੇ ਤੜਕੇ ਹੀ, ਔਰਤਾਂ ਤਿਆਰ ਕੀਤੇ ਮਸਾਲੇ ਨੂੰ ਲੈ ਕੇ ਕਬਰ ਕੋਲ ਆਈਆਂ। 2ਉਹਨਾਂ ਨੇ ਉੱਥੇ ਆ ਕੇ ਵੇਖਿਆ ਕਿ ਕਬਰ ਤੋਂ ਪੱਥਰ ਹਟਿਆ ਹੋਇਆ ਸੀ, 3ਪਰ ਜਦੋਂ ਉਹ ਕਬਰ ਦੇ ਅੰਦਰ ਗਈਆਂ ਤਾਂ ਉਹਨਾਂ ਨੂੰ ਪ੍ਰਭੂ ਯਿਸ਼ੂ ਦੀ ਲਾਸ਼ ਉੱਥੇ ਨਾ ਲੱਭੀ। 4ਜਦੋਂ ਉਹ ਇਸ ਬਾਰੇ ਅਚੰਭਿਤ ਸਨ, ਅਚਾਨਕ ਦੋ ਆਦਮੀ ਬਿਜਲੀ ਵਾਂਗ ਚਮਕਦੇ ਕੱਪੜਿਆਂ ਵਿੱਚ ਉਹਨਾਂ ਦੇ ਕੋਲ ਆ ਕੇ ਖੜ੍ਹੇ ਹੋ ਗਏ। 5ਡਰਦੇ ਹੋਏ ਔਰਤਾਂ ਨੇ ਆਪਣੇ ਚਿਹਰੇ ਧਰਤੀ ਵੱਲ ਝੁਕਾਏ, ਪਰ ਆਦਮੀਆਂ ਨੇ ਉਹਨਾਂ ਨੂੰ ਕਿਹਾ, “ਤੁਸੀਂ ਜਿਉਂਦੇ ਆਦਮੀ ਨੂੰ ਮੁਰਦਿਆਂ ਵਿੱਚ ਕਿਉਂ ਲੱਭ ਰਹੀਆਂ ਹੋ? 6ਉਹ ਇੱਥੇ ਨਹੀਂ ਹੈ; ਉਹ ਜੀ ਉੱਠਿਆ ਹੈ! ਯਾਦ ਕਰੋ ਜਦੋਂ ਉਹ ਗਲੀਲ ਵਿੱਚ ਤੁਹਾਡੇ ਨਾਲ ਸਨ, ਉਹਨਾਂ ਨੇ ਤੁਹਾਨੂੰ ਕੀ ਕਿਹਾ ਸੀ: 7‘ਇਹ ਜ਼ਰੂਰੀ ਹੈ ਕਿ ਮਨੁੱਖ ਦੇ ਪੁੱਤਰ ਨੂੰ ਪਾਪੀਆਂ ਦੇ ਹਵਾਲੇ ਕੀਤਾ ਜਾਵੇ, ਸਲੀਬ ਦਿੱਤੀ ਜਾਵੇ ਅਤੇ ਤੀਜੇ ਦਿਨ ਮਰੇ ਹੋਇਆ ਵਿੱਚੋਂ ਜੀ ਉੱਠਣ।’ ” 8ਤਦ ਉਹਨਾਂ ਨੂੰ ਯਿਸ਼ੂ ਦੀਆਂ ਗੱਲਾਂ ਯਾਦ ਆਈਆਂ।
9ਜਦੋਂ ਉਹ ਔਰਤਾਂ ਕਬਰ ਤੋਂ ਵਾਪਸ ਆਈਆਂ ਤਾਂ ਉਹਨਾਂ ਨੇ ਇਹ ਸਭ ਗੱਲਾਂ ਗਿਆਰਾਂ ਚੇਲਿਆਂ ਅਤੇ ਹੋਰ ਸਭਨਾਂ ਨੂੰ ਦੱਸੀਆਂ। 10ਮਰਿਯਮ ਮਗਦਲਾ ਵਾਸੀ, ਯੋਆਨਾ, ਯਾਕੋਬ ਦੀ ਮਾਤਾ ਮਰਿਯਮ ਅਤੇ ਉਹਨਾਂ ਨਾਲ ਹੋਰ ਲੋਕ ਸਨ ਜਿਨ੍ਹਾਂ ਨੇ ਰਸੂਲਾਂ ਨੂੰ ਇਹ ਦੱਸਿਆ ਸੀ। 11ਪਰ ਰਸੂਲਾਂ ਨੇ ਔਰਤਾਂ ਉੱਤੇ ਵਿਸ਼ਵਾਸ ਨਹੀਂ ਕੀਤਾ, ਕਿਉਂਕਿ ਉਹਨਾਂ ਔਰਤਾਂ ਦੇ ਸ਼ਬਦ ਉਹਨਾਂ ਨੂੰ ਬੇਤੁੱਕੇ ਲੱਗਦੇ ਸਨ। 12ਪਰ ਪਤਰਸ ਉੱਠਿਆ ਅਤੇ ਕਬਰ ਵੱਲ ਭੱਜਿਆ। ਜਦੋਂ ਉਸਨੇ ਝੁਕ ਕੇ ਅੰਦਰ ਵੇਖਿਆ ਤਾਂ ਉੱਥੇ ਮਲਮਲ ਦੇ ਕੱਪੜੇ ਦੀਆਂ ਪੱਟਿਆਂ ਪਇਆ ਸਨ, ਅਤੇ ਉਹ ਘਟਨਾ ਤੇ ਹੈਰਾਨ ਹੋ ਕੇ ਉੱਥੋਂ ਚਲਾ ਗਿਆ।
ਇੰਮਊਸ ਨੂੰ ਜਾਣ ਵਾਲੀ ਸੜਕ ਉੱਤੇ
13ਉਸੇ ਦਿਨ ਯਿਸ਼ੂ ਦੇ ਦੋ ਚੇਲੇ ਇੰਮਊਸ ਨਾਮ ਦੇ ਪਿੰਡ ਵੱਲ ਜਾ ਰਹੇ ਸਨ ਜੋ ਯੇਰੂਸ਼ਲੇਮ ਦੇ ਸ਼ਹਿਰ ਤੋਂ ਗਿਆਰਾਂ ਕਿਲੋਮੀਟਰ ਦੀ ਦੂਰੀ ਤੇ ਸੀ। 14ਉਹ ਇੱਕ ਦੂਸਰੇ ਨਾਲ ਉਸ ਬਾਰੇ ਗੱਲਾਂ ਕਰ ਰਹੇ ਸਨ ਜੋ ਵਾਪਰਿਆ ਸੀ। 15ਜਦੋਂ ਉਹ ਇੱਕ-ਦੂਜੇ ਨਾਲ ਗੱਲਾਂ ਕਰ ਰਹੇ ਸਨ ਅਤੇ ਇਨ੍ਹਾਂ ਗੱਲਾਂ ਬਾਰੇ ਚਰਚਾ ਕਰ ਰਹੇ ਸਨ, ਯਿਸ਼ੂ ਖੁਦ ਆਏ ਅਤੇ ਉਹਨਾਂ ਦੇ ਨਾਲ ਤੁਰਨ ਲੱਗੇ। 16ਪਰ ਉਹਨਾਂ ਦੀਆਂ ਅੱਖਾਂ ਬੰਦ ਕਰ ਦਿੱਤੀਆਂ ਗਈਆਂ ਸਨ ਤਾਂ ਕਿ ਉਹ ਯਿਸ਼ੂ ਨੂੰ ਪਛਾਣ ਨਾ ਸਕਣ।
17ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਜਦੋਂ ਤੁਸੀਂ ਇਕੱਠੇ ਤੁਰ ਰਹੇ ਹੋ ਤਾਂ ਕਿਸੇ ਵਿਸ਼ੇ ਤੇ ਵਿਚਾਰ ਕਰ ਰਹੇ ਹੋ?”
ਉਹ ਰੁਕ ਗਏ, ਉਹਨਾਂ ਦੇ ਚਿਹਰੇ ਤੇ ਉਦਾਸੀ ਸੀ। 18ਉਹਨਾਂ ਵਿੱਚੋਂ ਇੱਕ ਜਿਸਦਾ ਨਾਮ ਕਲੋਪਸ ਹੈ, ਉਸ ਨੇ ਉਹਨਾਂ ਨੂੰ ਪੁੱਛਿਆ, “ਕੀ ਤੁਸੀਂ ਇਕੱਲੇ ਵਿਦੇਸ਼ੀ ਹੋ ਜੋ ਯੇਰੂਸ਼ਲੇਮ ਦਾ ਦੌਰਾ ਕਰ ਰਹੇ ਹੋ ਅਤੇ ਤੁਹਾਨੂੰ ਨਹੀਂ ਪਤਾ ਕਿ ਇਨ੍ਹਾਂ ਦਿਨਾਂ ਵਿੱਚ ਇੱਥੇ ਕੀ ਵਾਪਰਿਆ ਹੈ?”
19“ਕਿਹੜੀਆਂ ਚੀਜ਼ਾਂ?” ਯਿਸ਼ੂ ਨੇ ਪੁੱਛਿਆ।
ਉਹਨਾਂ ਨੇ ਉੱਤਰ ਦਿੱਤਾ, “ਨਾਜ਼ਰੇਥ ਵਾਸੀ ਯਿਸ਼ੂ ਬਾਰੇ ਉਹ ਇੱਕ ਨਬੀ ਸਨ, ਬੋਲਣ ਵਿੱਚ ਸ਼ਕਤੀਮਾਨ ਅਤੇ ਪਰਮੇਸ਼ਵਰ ਅਤੇ ਸਾਰੇ ਲੋਕਾਂ ਸਾਹਮਣੇ ਕੰਮ ਕਰਦੇ ਸਨ। 20ਮੁੱਖ ਜਾਜਕਾਂ ਅਤੇ ਸਾਡੇ ਸ਼ਾਸਕਾਂ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਅਤੇ ਉਹਨਾਂ ਨੂੰ ਸਲੀਬ ਦਿੱਤੀ। 21ਪਰ ਸਾਨੂੰ ਉਮੀਦ ਸੀ ਕਿ ਯਿਸ਼ੂ ਹੀ ਸਨ ਜੋ ਇਸਰਾਏਲ ਨੂੰ ਅਜ਼ਾਦ ਕਰਵਾਉਣਗੇ ਅਤੇ ਇਸ ਤੋਂ ਇਲਾਵਾ, ਇਹ ਅੱਜ ਤੋਂ ਤਿੰਨ ਦਿਨ ਪਹਿਲਾਂ ਦੀ ਘਟਨਾ ਹੈ। 22ਇਸ ਤੋਂ ਇਲਾਵਾ, ਸਾਡੀਆਂ ਕੁਝ ਔਰਤਾਂ ਨੇ ਸਾਨੂੰ ਹੈਰਾਨ ਕਰ ਦਿੱਤਾ। ਉਹ ਅੱਜ ਸਵੇਰੇ ਤੜਕੇ ਕਬਰ ਤੇ ਗਈਆਂ, 23ਪਰ ਉਹਨਾਂ ਨੂੰ ਯਿਸ਼ੂ ਦੀ ਲਾਸ਼ ਨਹੀਂ ਲੱਭੀ। ਉਹਨਾਂ ਨੇ ਬਾਹਰ ਆ ਕੇ ਸਾਨੂੰ ਦੱਸਿਆ ਕਿ ਉਹਨਾਂ ਨੇ ਦੂਤਾਂ ਦਾ ਦਰਸ਼ਨ ਵੇਖਿਆ ਸੀ, ਜਿਨ੍ਹਾਂ ਨੇ ਕਿਹਾ ਕਿ ਯਿਸ਼ੂ ਜਿਉਂਦੇ ਹਨ। 24ਤਦ ਸਾਡੇ ਕੁਝ ਸਾਥੀ ਕਬਰ ਉੱਤੇ ਗਏ ਅਤੇ ਉਹਨਾਂ ਨੇ ਇਹ ਉਵੇਂ ਪਾਇਆ ਜਿਵੇਂ ਔਰਤਾਂ ਨੇ ਕਿਹਾ ਸੀ, ਪਰ ਉਹਨਾਂ ਨੇ ਯਿਸ਼ੂ ਨੂੰ ਨਹੀਂ ਵੇਖਿਆ।”
25ਯਿਸ਼ੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਕਿੰਨੇ ਮੂਰਖ ਹੋ, ਅਤੇ ਨਬੀਆਂ ਦੀਆਂ ਸਾਰੀਆਂ ਗੱਲਾਂ ਤੇ ਵਿਸ਼ਵਾਸ ਕਰਨ ਵਿੱਚ ਧੀਮੇ ਹੋ! 26ਕੀ ਇਹ ਜ਼ਰੂਰੀ ਨਹੀਂ ਸੀ ਕਿ ਮਸੀਹ ਸਾਰੇ ਤਸੀਹੇ ਝੱਲ ਕੇ ਆਪਣੀ ਮਹਿਮਾ ਵਿੱਚ ਪ੍ਰਵੇਸ਼ ਕਰਨ?” 27ਅਤੇ ਯਿਸ਼ੂ ਨੇ ਮੋਸ਼ੇਹ ਅਤੇ ਸਾਰੇ ਨਬੀਆਂ ਤੋਂ ਸ਼ੁਰੂ ਕਰਦਿਆਂ, ਉਹਨਾਂ ਨੂੰ ਸਮਝਾਇਆ ਕਿ ਉਹਨਾਂ ਦੇ ਬਾਰੇ ਸਾਰੀਆਂ ਪੋਥੀਆਂ ਵਿੱਚ ਕੀ ਕਿਹਾ ਗਿਆ ਸੀ।
28ਜਦੋਂ ਉਹ ਉਸ ਪਿੰਡ ਦੇ ਨੇੜੇ ਪਹੁੰਚੇ ਜਿੱਥੇ ਉਹ ਜਾ ਰਹੇ ਸਨ, ਯਿਸ਼ੂ ਨੇ ਚੱਲਣਾ ਜਾਰੀ ਰੱਖਿਆ ਜਿਵੇਂ ਉਹ ਵਧੇਰੇ ਦੂਰ ਜਾ ਰਹੇ ਹੋਣ। 29ਪਰ ਉਹਨਾਂ ਨੇ ਯਿਸ਼ੂ ਨੂੰ ਜ਼ੋਰ ਪਾ ਕੇ ਕਿਹਾ, “ਸਾਡੇ ਨਾਲ ਰਹੋ, ਕਿਉਂਕਿ ਤਕਰੀਬਨ ਸ਼ਾਮ ਹੋ ਚੁੱਕੀ ਹੈ; ਦਿਨ ਢਲ ਚੁੱਕਾ ਹੈ।” ਤਾਂ ਯਿਸ਼ੂ ਉਹਨਾਂ ਦੇ ਨਾਲ ਰਹਿਣ ਲਈ ਘਰ ਦੇ ਅੰਦਰ ਗਏ।
30ਜਦੋਂ ਯਿਸ਼ੂ ਉਹਨਾਂ ਨਾਲ ਮੇਜ਼ ਤੇ ਆਏ, ਉਹਨਾਂ ਨੇ ਰੋਟੀ ਲਈ ਅਤੇ ਧੰਨਵਾਦ ਕਰਕੇ ਉਸ ਨੂੰ ਤੋੜਿਆ ਅਤੇ ਉਹਨਾਂ ਨੂੰ ਦੇ ਦਿੱਤੀ। 31ਤਦ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਯਿਸ਼ੂ ਨੂੰ ਪਛਾਣ ਲਿਆ, ਅਤੇ ਉਹ ਉਹਨਾਂ ਦੀ ਨਜ਼ਰ ਤੋਂ ਅਲੋਪ ਹੋ ਗਏ। 32ਉਹਨਾਂ ਨੇ ਇੱਕ-ਦੂਜੇ ਨੂੰ ਪੁੱਛਿਆ, “ਜਦੋਂ ਉਹ ਸਾਡੇ ਨਾਲ ਸੜਕ ਤੇ ਗੱਲ ਕਰ ਰਿਹਾ ਸੀ ਅਤੇ ਸਾਡੇ ਲਈ ਪੋਥੀਆਂ ਖੋਲ੍ਹ ਰਿਹਾ ਸੀ, ਤਾਂ ਕੀ ਸਾਡੇ ਦਿਲ ਸਾਡੇ ਅੰਦਰ ਨਹੀਂ ਸੜ ਰਹੇ?”
33ਉਹ ਖੜ੍ਹੇ ਹੋ ਗਏ ਅਤੇ ਇੱਕ ਦਮ ਯੇਰੂਸ਼ਲੇਮ ਵਾਪਸ ਆ ਗਏ। ਉੱਥੇ ਉਹਨਾਂ ਨੇ ਗਿਆਰਾਂ ਚੇਲਿਆਂ ਅਤੇ ਹੋਰਾਂ ਨੂੰ ਦੇਖਿਆ, ਜੋ ਉੱਥੇ ਇਕੱਠੇ ਹੋਏ ਸਨ, 34ਅਤੇ ਕਹਿ ਰਹੇ ਸਨ, “ਇਹ ਸੱਚ ਹੈ! ਪ੍ਰਭੂ ਜੀ ਉੱਠੇ ਹਨ ਅਤੇ ਸ਼ਿਮਓਨ ਨੂੰ ਦਿਖਾਈ ਦਿੱਤੇ ਹਨ।” 35ਤਦ ਉਹਨਾਂ ਦੋਵਾਂ ਨੇ ਦੱਸਿਆ ਕਿ ਰਸਤੇ ਵਿੱਚ ਕੀ ਹੋਇਆ ਸੀ, ਅਤੇ ਰੋਟੀ ਤੋੜਨ ਵੇਲੇ ਕਿਵੇਂ ਉਹਨਾਂ ਨੇ ਯਿਸ਼ੂ ਨੂੰ ਪਛਾਣ ਲਿਆ।
ਯਿਸ਼ੂ ਚੇਲਿਆਂ ਅੱਗੇ ਪ੍ਰਗਟ ਹੁੰਦੇ ਹਨ
36ਜਦੋਂ ਉਹ ਇਸ ਬਾਰੇ ਗੱਲ ਕਰ ਹੀ ਰਹੇ ਸਨ, ਯਿਸ਼ੂ ਆਪ ਉਹਨਾਂ ਦੇ ਵਿੱਚਕਾਰ ਖੜ੍ਹੋ ਗਏ ਅਤੇ ਉਹਨਾਂ ਨੂੰ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ!”
37ਉਹ ਹੈਰਾਨ ਸਨ ਅਤੇ ਡਰ ਗਏ, ਇਹ ਸੋਚਦਿਆਂ ਕਿ ਉਹਨਾਂ ਨੇ ਇੱਕ ਭੂਤ ਵੇਖਿਆ ਹੈ। 38ਯਿਸ਼ੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਪ੍ਰੇਸ਼ਾਨ ਕਿਉਂ ਹੋ, ਅਤੇ ਤੁਹਾਡੇ ਮਨ ਵਿੱਚ ਸ਼ੱਕ ਕਿਉਂ ਪੈਦਾ ਹੁੰਦਾ ਹੈ? 39ਮੇਰੇ ਹੱਥਾਂ ਅਤੇ ਪੈਰਾਂ ਵੱਲ ਵੇਖੋ। ਇਹ ਮੈਂ ਹੀ ਹਾਂ! ਮੈਨੂੰ ਛੂਹਵੋ ਅਤੇ ਵੇਖੋ; ਕਿਉਂਕਿ ਭੂਤਾਂ ਦੇ ਮਾਸ ਅਤੇ ਹੱਡੀਆਂ ਨਹੀਂ ਹੁੰਦੇ ਹਨ, ਪਰ ਜਿਵੇਂ ਤੁਸੀਂ ਵੇਖ ਰਹੇ ਹੋ ਮੇਰੇ ਹਨ।”
40ਇਹ ਕਹਿ ਕੇ ਯਿਸ਼ੂ ਨੇ ਉਹਨਾਂ ਨੂੰ ਆਪਣੇ ਹੱਥ ਅਤੇ ਪੈਰ ਵਿਖਾਏ। 41ਅਤੇ ਜਦੋਂ ਉਹ ਅਜੇ ਵੀ ਖੁਸ਼ੀ ਅਤੇ ਹੈਰਾਨ ਹੋਣ ਕਰਕੇ ਇਸ ਗੱਲ ਤੇ ਵਿਸ਼ਵਾਸ ਨਾ ਕਰ ਸਕੇ, ਤਾਂ ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਕੀ ਤੁਹਾਡੇ ਕੋਲ ਖਾਣ ਲਈ ਇੱਥੇ ਕੁਝ ਹੈ?” 42ਉਹਨਾਂ ਨੇ ਯਿਸ਼ੂ ਨੂੰ ਭੁੰਨੀ ਹੋਈ ਮੱਛੀ ਦਾ ਟੁਕੜਾ ਦਿੱਤਾ, 43ਅਤੇ ਯਿਸ਼ੂ ਨੇ ਉਸ ਨੂੰ ਲਿਆ ਅਤੇ ਉਹਨਾਂ ਦੀ ਹਾਜ਼ਰੀ ਵਿੱਚ ਉਸ ਨੂੰ ਖਾਧਾ।
44ਯਿਸ਼ੂ ਨੇ ਉਹਨਾਂ ਨੂੰ ਕਿਹਾ, “ਇਹ ਉਹੋ ਹੈ ਜੋ ਮੈਂ ਤੁਹਾਨੂੰ ਉਦੋਂ ਕਿਹਾ ਸੀ ਜਦੋਂ ਮੈਂ ਤੁਹਾਡੇ ਨਾਲ ਸੀ। ਹਰ ਗੱਲ ਪੂਰੀ ਹੋਣੀ ਜ਼ਰੂਰੀ ਹੈ ਜੋ ਮੇਰੇ ਬਾਰੇ ਮੋਸ਼ੇਹ ਦੀ ਬਿਵਸਥਾ, ਨਬੀਆਂ ਅਤੇ ਜ਼ਬੂਰਾਂ ਵਿੱਚ ਲਿਖੀ ਗਈ ਹੈ।”
45ਫਿਰ ਯਿਸ਼ੂ ਨੇ ਉਹਨਾਂ ਦੇ ਮਨ ਖੋਲ੍ਹ ਦਿੱਤੇ ਤਾਂ ਜੋ ਉਹ ਬਚਨਾਂ ਨੂੰ ਸਮਝ ਸਕਣ। 46ਯਿਸ਼ੂ ਨੇ ਉਹਨਾਂ ਨੂੰ ਕਿਹਾ, “ਪਵਿੱਤਰ ਸ਼ਾਸਤਰ ਵਿੱਚ ਇਹ ਲਿਖਿਆ ਹੈ: ਮਸੀਹ ਤਸੀਹੇ ਝੱਲਣਗੇ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਣਗੇ, 47ਅਤੇ ਯੇਰੂਸ਼ਲੇਮ ਤੋਂ ਸ਼ੁਰੂ ਕਰਦਿਆਂ ਸਾਰੀਆਂ ਕੌਮਾਂ ਵਿੱਚ ਉਸਦੇ ਨਾਮ ਉੱਤੇ ਪਾਪਾਂ ਦੀ ਮਾਫ਼ੀ ਲਈ ਪਛਤਾਵੇ ਦਾ ਪ੍ਰਚਾਰ ਕੀਤਾ ਜਾਵੇਗਾ। 48ਤੁਸੀਂ ਇਨ੍ਹਾਂ ਚੀਜ਼ਾਂ ਦੇ ਗਵਾਹ ਹੋ। 49ਮੈਂ ਤੁਹਾਨੂੰ ਭੇਜ ਰਿਹਾ ਹਾਂ ਜੋ ਮੇਰੇ ਪਿਤਾ ਨੇ ਵਾਅਦਾ ਕੀਤਾ ਹੈ; ਪਰ ਉਦੋਂ ਤੱਕ ਯੇਰੂਸ਼ਲੇਮ ਸ਼ਹਿਰ ਵਿੱਚ ਰਹੋ ਜਦੋਂ ਤੱਕ ਤੁਸੀਂ ਉੱਪਰੋਂ ਸ਼ਕਤੀ ਪ੍ਰਾਪਤ ਨਹੀਂ ਕਰ ਲੈਂਦੇ।”
ਯਿਸ਼ੂ ਦਾ ਸਵਰਗ ਵਿੱਚ ਉੱਠਾਇਆ ਜਾਣਾ
50ਜਦੋਂ ਯਿਸ਼ੂ ਨੇ ਉਹਨਾਂ ਨੂੰ ਬੈਥਨੀਆ ਦੇ ਇਲਾਕੇ ਵਿੱਚ ਲਿਆਂਦਾ ਤਾਂ ਯਿਸ਼ੂ ਨੇ ਆਪਣੇ ਹੱਥ ਉੱਪਰ ਕੀਤੇ ਅਤੇ ਉਹਨਾਂ ਨੂੰ ਅਸੀਸ ਦਿੱਤੀ। 51ਜਦੋਂ ਉਹ ਉਹਨਾਂ ਨੂੰ ਅਸੀਸ ਦੇ ਰਹੇ ਸਨ ਤਾਂ ਯਿਸ਼ੂ ਨੇ ਉਹਨਾਂ ਨੂੰ ਛੱਡ ਦਿੱਤਾ ਅਤੇ ਸਵਰਗ ਵਿੱਚ ਉੱਠਾ ਲਏ ਗਏ। 52ਤਦ ਉਹਨਾਂ ਨੇ ਯਿਸ਼ੂ ਦੀ ਅਰਾਧਨਾ ਕੀਤੀ ਅਤੇ ਬੜੇ ਆਨੰਦ ਨਾਲ ਯੇਰੂਸ਼ਲੇਮ ਵਾਪਸ ਪਰਤੇ। 53ਅਤੇ ਉਹ ਲਗਾਤਾਰ ਹੈਕਲ ਵਿੱਚ ਪਰਮੇਸ਼ਵਰ ਦੀ ਵਡਿਆਈ ਕਰਦੇ ਰਹੇ।

Currently Selected:

ਲੂਕਸ 24: PMT

Tõsta esile

Share

Copy

None

Want to have your highlights saved across all your devices? Sign up or sign in