YouVersioni logo
Search Icon

ਮੱਤੀ 24

24
ਹੈਕਲ ਦੀ ਬਰਬਾਦੀ ਬਾਰੇ ਭਵਿੱਖਬਾਣੀ
(ਮਰਕੁਸ 13:1-2, ਲੂਕਾ 21:5-6)
1ਜਦੋਂ ਯਿਸੂ ਹੈਕਲ ਤੋਂ ਨਿੱਕਲ ਕੇ ਜਾ ਰਹੇ ਸਨ ਤਾਂ ਉਹਨਾਂ ਦੇ ਚੇਲੇ ਉਹਨਾਂ ਦੇ ਕੋਲ ਆਏ ਕਿ ਉਹਨਾਂ ਨੂੰ ਹੈਕਲ ਦੀਆਂ ਇਮਾਰਤਾਂ ਦਿਖਾਉਣ । 2ਪਰ ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੂਹਾਨੂੰ ਸੱਚ ਕਹਿੰਦਾ ਹਾਂ, ਜੋ ਤੁਸੀਂ ਇਹ ਸਭ ਦੇਖ ਰਹੇ ਹੋ, ਇੱਥੇ ਪੱਥਰ ਉੱਤੇ ਪੱਥਰ ਨਹੀਂ ਰਹਿ ਜਾਵੇਗਾ ਜੋ ਢਾਇਆ ਨਾ ਜਾਵੇਗਾ ।”
ਦੁੱਖ ਅਤੇ ਅੱਤਿਆਚਾਰ
(ਮਰਕੁਸ 13:3-13, ਲੂਕਾ 21:7-19)
3ਫਿਰ ਜਦੋਂ ਯਿਸੂ ਜ਼ੈਤੂਨ ਦੇ ਪਹਾੜ ਦੇ ਉੱਤੇ ਬੈਠੇ ਹੋਏ ਸਨ ਤਾਂ ਚੇਲੇ ਉਹਨਾਂ ਕੋਲ ਇਕਾਂਤ ਵਿੱਚ ਆਏ ਅਤੇ ਪੁੱਛਣ ਲੱਗੇ, “ਸਾਨੂੰ ਦੱਸੋ, ਇਹ ਸਭ ਗੱਲਾਂ ਕਦੋਂ ਹੋਣਗੀਆਂ ? ਤੁਹਾਡੇ ਦੂਜੀ ਵਾਰ ਆਉਣ ਦਾ ਅਤੇ ਇਸ ਯੁੱਗ ਦੇ ਅੰਤ ਦਾ ਕੀ ਚਿੰਨ੍ਹ ਹੋਵੇਗਾ ?”
4ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਸਾਵਧਾਨ ਰਹੋ, ਕੋਈ ਤੁਹਾਨੂੰ ਨਾ ਭਰਮਾਵੇ । 5ਬਹੁਤ ਸਾਰੇ ਲੋਕ ਮੇਰੇ ਨਾਮ ਵਿੱਚ ਆਉਣਗੇ ਅਤੇ ਕਹਿਣਗੇ, ‘ਮੈਂ ਮਸੀਹ ਹਾਂ ।’ ਉਹ ਬਹੁਤ ਸਾਰੇ ਲੋਕਾਂ ਨੂੰ ਭਰਮਾਉਣਗੇ । 6ਤੁਸੀਂ ਲੜਾਈਆਂ ਦੀਆਂ ਖ਼ਬਰਾਂ ਅਤੇ ਅਫ਼ਵਾਹਾਂ ਸੁਣੋਗੇ ਪਰ ਸਾਵਧਾਨ ਰਹਿਣਾ, ਘਬਰਾਉਣਾ ਨਹੀਂ ਕਿਉਂਕਿ ਇਹਨਾਂ ਗੱਲਾਂ ਦਾ ਹੋਣਾ ਜ਼ਰੂਰੀ ਹੈ ਪਰ ਅੰਤ ਅਜੇ ਦੂਰ ਹੈ । 7ਕੌਮ ਕੌਮ ਦੇ ਵਿਰੁੱਧ ਖੜ੍ਹੀ ਹੋ ਜਾਵੇਗੀ ਅਤੇ ਰਾਜ ਰਾਜ ਉੱਤੇ ਚੜ੍ਹਾਈ ਕਰੇਗਾ । ਕਈ ਥਾਂ ਭੁਚਾਲ ਆਉਣਗੇ ਅਤੇ ਕਾਲ ਪੈਣਗੇ । 8ਇਹ ਸਭ ਗੱਲਾਂ ਤਾਂ ਪੀੜਾਂ ਦਾ ਆਰੰਭ ਹੈ ।
9 # ਮੱਤੀ 10:22 “ਉਸ ਸਮੇਂ ਲੋਕ ਤੁਹਾਨੂੰ ਅੱਤਿਆਚਾਰ ਕਰਨ ਦੇ ਲਈ ਅਤੇ ਕਤਲ ਕਰ ਦੇਣ ਦੇ ਲਈ ਸੌਂਪ ਦੇਣਗੇ । ਸਾਰੀਆਂ ਕੌਮਾਂ ਤੁਹਾਨੂੰ ਮੇਰੇ ਨਾਮ ਦੇ ਕਾਰਨ ਨਫ਼ਰਤ ਕਰਨਗੀਆਂ । 10ਬਹੁਤ ਸਾਰੇ ਆਪਣੇ ਵਿਸ਼ਵਾਸ ਨੂੰ ਛੱਡ ਦੇਣਗੇ, ਇੱਕ ਦੂਜੇ ਦੇ ਨਾਲ ਵਿਸ਼ਵਾਸਘਾਤ ਕਰਨਗੇ ਅਤੇ ਇੱਕ ਦੂਜੇ ਨੂੰ ਨਫ਼ਰਤ ਕਰਨਗੇ । 11ਬਹੁਤ ਸਾਰੇ ਝੂਠੇ ਨਬੀ ਪੈਦਾ ਹੋਣਗੇ ਅਤੇ ਬਹੁਤ ਸਾਰੇ ਲੋਕਾਂ ਨੂੰ ਭਰਮਾ ਦੇਣਗੇ । 12ਦੁਸ਼ਟਤਾ ਇੱਥੋਂ ਤੱਕ ਵੱਧ ਜਾਵੇਗੀ ਕਿ ਬਹੁਤ ਲੋਕਾਂ ਦਾ ਪਿਆਰ ਠੰਡਾ ਪੈ ਜਾਵੇਗਾ । 13#ਮੱਤੀ 10:22ਪਰ ਜਿਹੜਾ ਅੰਤ ਤੱਕ ਆਪਣੇ ਵਿਸ਼ਵਾਸ ਵਿੱਚ ਪੱਕਾ ਰਹੇਗਾ, ਉਹ ਮੁਕਤੀ ਪਾਵੇਗਾ । 14ਪਰਮੇਸ਼ਰ ਦੇ ਰਾਜ ਦੇ ਸ਼ੁਭ ਸਮਾਚਾਰ ਦਾ ਪ੍ਰਚਾਰ ਸਾਰੀਆਂ ਕੌਮਾਂ ਦੇ ਸਾਹਮਣੇ ਗਵਾਹੀ ਦੇ ਤੌਰ ਤੇ ਸਾਰੇ ਸੰਸਾਰ ਵਿੱਚ ਕੀਤਾ ਜਾਵੇਗਾ ਤਦ ਅੰਤ ਆ ਜਾਵੇਗਾ ।”
ਇੱਕ ਵੱਡੀ ਬਿਪਤਾ
(ਮਰਕੁਸ 13:14-23, ਲੂਕਾ 21:20-24)
15 # ਦਾਨੀ 9:27, 11:31, 12:11 “ਜਦੋਂ ਤੁਸੀਂ ਬਰਬਾਦੀ ਕਰਨ ਵਾਲੀ ‘ਘਿਨਾਉਣੀ ਚੀਜ਼’ ਨੂੰ, ਜਿਸ ਬਾਰੇ ਦਾਨੀਏਲ ਨਬੀ ਨੇ ਭਵਿੱਖਬਾਣੀ ਕੀਤੀ ਸੀ ਪਵਿੱਤਰ ਥਾਂ ਵਿੱਚ ਖੜ੍ਹਾ ਹੋਇਆ ਦੇਖੋ (ਪੜ੍ਹਨ ਵਾਲਾ ਆਪਣੇ ਆਪ ਸਮਝ ਜਾਵੇ), 16ਤਾਂ ਉਸ ਸਮੇਂ ਜਿਹੜੇ ਯਹੂਦਿਯਾ ਵਿੱਚ ਹੋਣ ਉਹ ਪਹਾੜਾਂ ਵੱਲ ਦੌੜ ਜਾਣ । 17#ਲੂਕਾ 17:31ਜਿਹੜਾ ਘਰ ਦੀ ਛੱਤ ਉੱਤੇ ਹੋਵੇ ਉਹ ਹੇਠਾਂ ਘਰ ਦੇ ਅੰਦਰੋਂ ਕੋਈ ਆਪਣੀ ਚੀਜ਼ ਲੈਣ ਨਾ ਉਤਰੇ । 18ਇਸੇ ਤਰ੍ਹਾਂ ਜਿਹੜਾ ਖੇਤ ਵਿੱਚ ਹੋਵੇ ਵਾਪਸ ਆਪਣਾ ਕੱਪੜਾ ਲੈਣ ਨਾ ਜਾਵੇ । 19ਅਫ਼ਸੋਸ ਹੈ ਉਹਨਾਂ ਉੱਤੇ ਜਿਹੜੀਆਂ ਉਹਨਾਂ ਦਿਨਾਂ ਵਿੱਚ ਗਰਭਵਤੀ ਹੋਣਗੀਆਂ ਅਤੇ ਜਿਹੜੀਆਂ ਦੁੱਧ ਚੁੰਘਾਉਣ ਵਾਲੀਆਂ ਹੋਣਗੀਆਂ ! 20ਪਰਮੇਸ਼ਰ ਅੱਗੇ ਪ੍ਰਾਰਥਨਾ ਕਰੋ ਕਿ ਤੁਹਾਨੂੰ ਸਿਆਲ ਦੀ ਰੁੱਤੇ ਜਾਂ ਸਬਤ ਦੇ ਦਿਨ ਨਾ ਦੌੜਨਾ ਪਵੇ । 21#ਦਾਨੀ 12:1, ਪ੍ਰਕਾਸ਼ਨ 7:14ਉਹਨਾਂ ਦਿਨਾਂ ਵਿੱਚ ਬਹੁਤ ਭਿਅੰਕਰ ਬਿਪਤਾ ਆਵੇਗੀ ਜਿਹੜੀ ਸੰਸਾਰ ਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਨਾ ਆਈ ਅਤੇ ਨਾ ਹੀ ਆਵੇਗੀ । 22ਇੱਥੋਂ ਤੱਕ ਕਿ ਜੇਕਰ ਪਰਮੇਸ਼ਰ ਨੇ ਇਹਨਾਂ ਦਿਨਾਂ ਨੂੰ ਘੱਟ ਨਾ ਕੀਤਾ ਹੁੰਦਾ ਤਾਂ ਕੋਈ ਵੀ ਨਾ ਬਚਦਾ । ਪਰ ਆਪਣੇ ਚੁਣੇ ਹੋਇਆਂ ਦੇ ਕਾਰਨ ਪਰਮੇਸ਼ਰ ਇਹਨਾਂ ਦਿਨਾਂ ਨੂੰ ਘੱਟ ਕਰਨਗੇ ।
23“ਫਿਰ ਉਸ ਵੇਲੇ ਜੇਕਰ ਕੋਈ ਤੁਹਾਨੂੰ ਕਹੇ, ‘ਦੇਖੋ, ਮਸੀਹ ਇੱਥੇ ਹੈ,’ ਜਾਂ ‘ਉੱਥੇ ਹੈ’ ਵਿਸ਼ਵਾਸ ਨਾ ਕਰਨਾ । 24ਝੂਠੇ ਮਸੀਹ ਅਤੇ ਝੂਠੇ ਨਬੀ ਖੜ੍ਹੇ ਹੋਣਗੇ ਅਤੇ ਉਹ ਕਈ ਵੱਡੇ ਵੱਡੇ ਚਿੰਨ੍ਹ ਅਤੇ ਚਮਤਕਾਰ ਦਿਖਾਉਣਗੇ ਹੋ ਸਕੇ ਤਾਂ ਉਹ ਪਰਮੇਸ਼ਰ ਦੇ ਚੁਣੇ ਹੋਏ ਲੋਕਾਂ ਨੂੰ ਵੀ ਭਰਮਾ ਦੇਣਗੇ । 25ਯਾਦ ਰੱਖੋ, ਮੈਂ ਇਹ ਸਭ ਕੁਝ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ।
26 # ਲੂਕਾ 17:23-24 “ਇਸ ਲਈ ਜੇਕਰ ਲੋਕ ਤੁਹਾਨੂੰ ਕਹਿਣ, ‘ਦੇਖੋ, ਉਹ ਉਜਾੜ ਵਿੱਚ ਹੈ’ ਤਾਂ ਉੱਥੇ ਨਾ ਜਾਣਾ, ਜੇਕਰ ਉਹ ਇਸ ਤਰ੍ਹਾਂ ਕਹਿਣ, ‘ਦੇਖੋ, ਉਹ ਗੁਪਤ ਥਾਂ ਉੱਤੇ ਹੈ,’ ਤਾਂ ਵੀ ਵਿਸ਼ਵਾਸ ਨਾ ਕਰਨਾ, 27ਕਿਉਂਕਿ ਜਿਸ ਤਰ੍ਹਾਂ ਬਿਜਲੀ ਅਕਾਸ਼ ਵਿੱਚ ਪੂਰਬ ਤੋਂ ਲੈ ਕੇ ਪੱਛਮ ਤੱਕ ਚਮਕਦੀ ਹੈ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ ।
28 # ਲੂਕਾ 17:37 “ਜਿੱਥੇ ਲੋਥ ਪਈ ਹੈ ਉੱਥੇ ਹੀ ਗਿਰਝਾਂ ਇਕੱਠੀਆਂ ਹੋਣਗੀਆਂ ।”
ਮਨੁੱਖ ਦੇ ਪੁੱਤਰ ਦਾ ਆਉਣਾ
(ਮਰਕੁਸ 13:24-27, ਲੂਕਾ 21:25-28)
29 # ਯਸਾ 13:10, 34:4, ਹਿਜ਼ 32:7, ਯੋਏ 2:10,31, 3:15, ਪ੍ਰਕਾਸ਼ਨ 6:12-13 “ਉਹਨਾਂ ਦਿਨਾਂ ਦੀ ਬਿਪਤਾ ਦੇ ਇਕਦਮ ਬਾਅਦ,
ਸੂਰਜ ਹਨੇਰਾ ਹੋ ਜਾਵੇਗਾ,
ਚੰਦ ਆਪਣੀ ਲੋ ਨਹੀਂ ਦੇਵੇਗਾ,
ਤਾਰੇ ਅਕਾਸ਼ ਤੋਂ ਡਿੱਗ ਪੈਣਗੇ
ਅਤੇ ਅਕਾਸ਼ ਦੀਆਂ ਸ਼ਕਤੀਆਂ ਹਿਲਾ ਦਿੱਤੀਆਂ ਜਾਣਗੀਆਂ ।
30 # ਦਾਨੀ 7:13, ਜ਼ਕਰ 12:10-14, ਪ੍ਰਕਾਸ਼ਨ 1:7 “ਫਿਰ ਮਨੁੱਖ ਦੇ ਪੁੱਤਰ ਦਾ ਚਿੰਨ੍ਹ ਅਕਾਸ਼ ਵਿੱਚ ਪ੍ਰਗਟ ਹੋਵੇਗਾ । ਉਸ ਸਮੇਂ ਧਰਤੀ ਦੀਆਂ ਸਾਰੀਆਂ ਕੌਮਾਂ ਸੋਗ ਕਰਨਗੀਆਂ ਅਤੇ ਇਸ ਦੇ ਬਾਅਦ ਉਹ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਨਾਲ ਬੱਦਲਾਂ ਦੇ ਉੱਤੇ ਆਉਂਦੇ ਦੇਖਣਗੀਆਂ । 31ਫਿਰ ਉਹ ਤੁਰ੍ਹੀ ਦੀ ਆਵਾਜ਼ ਨਾਲ ਆਪਣੇ ਸਵਰਗਦੂਤਾਂ ਨੂੰ ਭੇਜਣਗੇ ਅਤੇ ਉਹ ਉਹਨਾਂ ਦੇ ਚੁਣੇ ਹੋਇਆਂ ਨੂੰ ਧਰਤੀ ਦੇ ਇੱਕ ਪਾਸੇ ਤੋਂ ਲੈ ਕੇ ਅਕਾਸ਼ ਦੇ ਦੂਜੇ ਪਾਸੇ ਤੱਕ, ਚਾਰਾਂ ਪਾਸਿਆਂ ਤੋਂ ਇਕੱਠਾ ਕਰਨਗੇ ।”
ਅੰਜੀਰ ਦੇ ਰੁੱਖ ਤੋਂ ਸਿੱਖਿਆ
(ਮਰਕੁਸ 13:28-31, ਲੂਕਾ 21:29-33)
32“ਅੰਜੀਰ ਦੇ ਰੁੱਖ ਤੋਂ ਸਿੱਖਿਆ ਲਵੋ । ਜਦੋਂ ਉਸ ਦੀਆਂ ਟਹਿਣੀਆਂ ਨਰਮ ਹੋ ਜਾਂਦੀਆਂ ਹਨ ਅਤੇ ਉਹਨਾਂ ਨੂੰ ਪੱਤੇ ਲੱਗਣੇ ਸ਼ੁਰੂ ਹੋ ਜਾਂਦੇ ਹਨ ਤਾਂ ਤੁਸੀਂ ਸਮਝ ਜਾਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਹੈ । 33ਇਸੇ ਤਰ੍ਹਾਂ ਜਦੋਂ ਤੁਸੀਂ ਇਹ ਸਾਰੀਆਂ ਗੱਲਾਂ ਪੂਰੀਆਂ ਹੁੰਦੀਆਂ ਦੇਖੋ ਤਾਂ ਸਮਝ ਲੈਣਾ ਕਿ ਉਹ ਨੇੜੇ ਹੈ ਸਗੋਂ ਦਰਵਾਜ਼ੇ ਦੇ ਉੱਤੇ ਹੈ । 34ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇਸ ਪੀੜ੍ਹੀ ਦੇ ਖ਼ਤਮ ਹੋਣ ਤੋਂ ਪਹਿਲਾਂ ਇਹ ਸਾਰੀਆਂ ਗੱਲਾਂ ਪੂਰੀਆਂ ਹੋ ਜਾਣਗੀਆਂ । 35ਅਕਾਸ਼ ਅਤੇ ਧਰਤੀ ਭਾਵੇਂ ਟਲ ਜਾਣ ਪਰ ਮੇਰੇ ਕਹੇ ਹੋਏ ਵਚਨ ਕਦੇ ਵੀ ਨਹੀਂ ਟਲਣਗੇ ।”
ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ
(ਮਰਕੁਸ 13:32-37, ਲੂਕਾ 17:26-30,34-36)
36“ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗਦੂਤ ਅਤੇ ਨਾ ਪੁੱਤਰ ਪਰ ਕੇਵਲ ਪਿਤਾ ਜਾਣਦੇ ਹਨ । 37#ਉਤ 6:5-6ਬਿਲਕੁਲ ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿੱਚ ਹੋਇਆ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ । 38ਲੋਕ ਉਹਨਾਂ ਦਿਨਾਂ ਵਿੱਚ ਜਲ-ਪਰਲੋ ਆਉਣ ਤੋਂ ਪਹਿਲਾਂ ਖਾਂਦੇ ਪੀਂਦੇ ਅਤੇ ਵਿਆਹ ਕਰਦੇ ਅਤੇ ਕਰਵਾਉਂਦੇ ਰਹੇ । ਇਹ ਸਭ ਨੂਹ ਦੇ ਜਹਾਜ਼ ਵਿੱਚ ਚੜ੍ਹਣ ਵਾਲੇ ਦਿਨ ਤੱਕ ਹੁੰਦਾ ਰਿਹਾ । 39#ਉਤ 7:6-24ਲੋਕ ਜਲ-ਪਰਲੋ ਦੇ ਸਮੇਂ ਤੱਕ ਕੁਝ ਨਹੀਂ ਜਾਣਦੇ ਸਨ ਕਿ ਕੀ ਹੋਣ ਵਾਲਾ ਹੈ, ਜਲ-ਪਰਲੋ ਆਇਆ ਅਤੇ ਸਭ ਨੂੰ ਰੋੜ੍ਹ ਕੇ ਲੈ ਗਿਆ । ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਦੂਜੀ ਵਾਰ ਆਉਣਾ ਹੋਵੇਗਾ । 40ਉਸ ਸਮੇਂ ਖੇਤ ਵਿੱਚ ਦੋ ਆਦਮੀ ਕੰਮ ਕਰ ਰਹੇ ਹੋਣਗੇ ਉਹਨਾਂ ਵਿੱਚੋਂ ਇੱਕ ਲੈ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ । 41ਦੋ ਔਰਤਾਂ ਚੱਕੀ ਪੀਂਹਦੀਆਂ ਹੋਣਗੀਆਂ ਉਹਨਾਂ ਵਿੱਚੋਂ ਇੱਕ ਲੈ ਲਈ ਜਾਵੇਗੀ ਅਤੇ ਦੂਜੀ ਛੱਡ ਦਿੱਤੀ ਜਾਵੇਗੀ । 42ਸਾਵਧਾਨ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਪ੍ਰਭੂ ਕਿਸ ਦਿਨ ਆਉਣਗੇ । 43#ਲੂਕਾ 12:39-40ਇਸ ਲਈ ਯਾਦ ਰੱਖੋ, ਜੇਕਰ ਘਰ ਦਾ ਮਾਲਕ ਜਾਣਦਾ ਹੁੰਦਾ ਕਿ ਚੋਰ ਕਿਸ ਪਹਿਰ ਆ ਰਿਹਾ ਹੈ ਤਾਂ ਉਹ ਜਾਗਦਾ ਰਹਿੰਦਾ ਅਤੇ ਆਪਣੇ ਘਰ ਨੂੰ ਸੰਨ੍ਹ ਨਾ ਲੱਗਣ ਦਿੰਦਾ । 44ਇਸ ਲਈ ਤੁਸੀਂ ਵੀ ਤਿਆਰ ਰਹੋ ਕਿਉਂਕਿ ਮਨੁੱਖ ਦਾ ਪੁੱਤਰ ਉਸ ਘੜੀ ਆ ਰਿਹਾ ਹੈ ਜਿਸ ਬਾਰੇ ਤੁਸੀਂ ਸੋਚਦੇ ਵੀ ਨਹੀਂ ।”
ਇਮਾਨਦਾਰ ਜਾਂ ਬੇਈਮਾਨ ਸੇਵਕ
(ਲੂਕਾ 12:41-48)
45“ਇਮਾਨਦਾਰ ਅਤੇ ਸਮਝਦਾਰ ਸੇਵਕ ਕੌਣ ਹੈ ? ਉਹ ਉਸ ਸੇਵਕ ਵਰਗਾ ਹੈ ਜਿਸ ਨੂੰ ਮਾਲਕ ਆਪਣੇ ਘਰ ਦਾ ਕਾਰੋਬਾਰ ਚਲਾਉਣ ਅਤੇ ਦੂਜੇ ਸੇਵਕਾਂ ਨੂੰ ਠੀਕ ਸਮੇਂ ਉੱਤੇ ਭੋਜਨ ਦੇਣ ਦੇ ਲਈ ਨਿਯੁਕਤ ਕਰੇ । 46ਧੰਨ ਹੈ ਉਹ ਸੇਵਕ ਜਿਸ ਨੂੰ ਉਸ ਦਾ ਮਾਲਕ ਜਦੋਂ ਵਾਪਸ ਆਵੇ ਇਸੇ ਤਰ੍ਹਾਂ ਕਰਦਾ ਦੇਖੇ । 47ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਉਸ ਸੇਵਕ ਨੂੰ ਆਪਣੇ ਸਾਰੇ ਘਰ ਦਾ ਮੁਖ਼ਤਿਆਰ ਬਣਾਵੇਗਾ । 48ਪਰ ਜੇਕਰ ਉਹ ਦੁਸ਼ਟ ਸੇਵਕ ਆਪਣੇ ਦਿਲ ਵਿੱਚ ਇਸ ਤਰ੍ਹਾਂ ਸੋਚੇ, ‘ਮੇਰਾ ਮਾਲਕ ਅਜੇ ਕੁਝ ਦਿਨਾਂ ਤੱਕ ਨਹੀਂ ਆਵੇਗਾ,’ 49ਅਤੇ ਉਹ ਆਪਣੇ ਸਾਥੀ ਸੇਵਕਾਂ ਨੂੰ ਮਾਰਨਾ ਸ਼ੁਰੂ ਕਰੇ ਅਤੇ ਆਪਣੇ ਸ਼ਰਾਬੀ ਮਿੱਤਰਾਂ ਦੇ ਨਾਲ ਖਾਵੇ ਪੀਵੇ 50ਤਾਂ ਉਸ ਦਾ ਮਾਲਕ ਅਜਿਹੇ ਦਿਨ ਮੁੜ ਆਵੇਗਾ ਜਿਸ ਦੇ ਬਾਰੇ ਉਸ ਨੇ ਸੋਚਿਆ ਵੀ ਨਹੀਂ ਅਤੇ ਉਸ ਘੜੀ ਜਿਸ ਦੇ ਬਾਰੇ ਉਹ ਕੁਝ ਵੀ ਨਹੀਂ ਜਾਣਦਾ । 51ਮਾਲਕ ਉਸ ਸੇਵਕ ਨੂੰ ਉਹ ਸਖ਼ਤ ਸਜ਼ਾ ਦੇਵੇਗਾ ਜਿਹੜੀ ਪਖੰਡੀਆਂ ਨੂੰ ਮਿਲਦੀ ਹੈ ਜਿੱਥੇ ਰੋਣਾ ਅਤੇ ਦੰਦਾਂ ਦਾ ਪੀਹਣਾ ਹੋਵੇਗਾ ।”

Currently Selected:

ਮੱਤੀ 24: CL-NA

Tõsta esile

Share

Kopeeri

None

Want to have your highlights saved across all your devices? Sign up or sign in