ਲੂਕਾ 21
21
ਇੱਕ ਗ਼ਰੀਬ ਵਿਧਵਾ ਦਾ ਦਾਨ
(ਮਰਕੁਸ 12:41-44)
1ਪ੍ਰਭੂ ਯਿਸੂ ਨੇ ਦੇਖਿਆ ਕਿ ਧਨਵਾਨ ਆਪਣਾ ਦਾਨ ਹੈਕਲ ਦੇ ਖ਼ਜ਼ਾਨੇ ਵਿੱਚ ਪਾ ਰਹੇ ਹਨ । 2ਉਹਨਾਂ ਨੇ ਇੱਕ ਗ਼ਰੀਬ ਵਿਧਵਾ ਨੂੰ ਵੀ ਦੇਖਿਆ ਜਿਸ ਨੇ ਕੇਵਲ ਦੋ ਪੈਸੇ ਹੀ ਪਾਏ । 3ਤਦ ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇਸ ਵਿਧਵਾ ਨੇ ਸਭ ਤੋਂ ਵੱਧ ਦਾਨ ਦਿੱਤਾ ਹੈ । 4ਬਾਕੀ ਸਭ ਨੇ ਤਾਂ ਆਪਣੀ ਪੂੰਜੀ ਦਾ ਵਾਧੂ ਹਿੱਸਾ ਹੀ ਦਾਨ ਵਿੱਚ ਦਿੱਤਾ ਹੈ ਪਰ ਇਸ ਵਿਧਵਾ ਨੇ ਆਪਣੀ ਗ਼ਰੀਬੀ ਵਿੱਚ ਜੋ ਕੁਝ ਇਸ ਦੇ ਕੋਲ ਸੀ ਦਾਨ ਵਿੱਚ ਪਾ ਦਿੱਤਾ ਹੈ ।”
ਹੈਕਲ ਦੀ ਬਰਬਾਦੀ ਬਾਰੇ ਭਵਿੱਖਬਾਣੀ
(ਮੱਤੀ 24:1-2, ਮਰਕੁਸ 13:1-2)
5ਕੁਝ ਚੇਲੇ ਕਹਿ ਰਹੇ ਸਨ, “ਇਹ ਹੈਕਲ ਸੋਹਣੇ ਪੱਥਰਾਂ ਅਤੇ ਪਰਮੇਸ਼ਰ ਨੂੰ ਚੜ੍ਹਾਈਆਂ ਗਈਆਂ ਲੋਕਾਂ ਦੀਆਂ ਸੁਗਾਤਾਂ ਨਾਲ ਕਿੰਨਾ ਸਜਿਆ ਹੋਇਆ ਹੈ ।” 6ਪਰ ਯਿਸੂ ਨੇ ਕਿਹਾ, “ਇਹ ਚੀਜ਼ਾਂ ਜੋ ਤੁਸੀਂ ਦੇਖ ਰਹੇ ਹੋ, ਇੱਕ ਦਿਨ ਆਵੇਗਾ ਜਦੋਂ ਇੱਥੇ ਪੱਥਰ ਉੱਤੇ ਪੱਥਰ ਵੀ ਨਾ ਰਹੇਗਾ, ਇਹ ਸਭ ਕੁਝ ਢਾਹ ਦਿੱਤਾ ਜਾਵੇਗਾ ।”
ਦੁੱਖ ਅਤੇ ਅੱਤਿਆਚਾਰ
(ਮੱਤੀ 24:3-14, ਮਰਕੁਸ 13:3-13)
7ਚੇਲਿਆਂ ਨੇ ਯਿਸੂ ਤੋਂ ਪੁੱਛਿਆ, “ਗੁਰੂ ਜੀ, ਇਹ ਗੱਲਾਂ ਕਦੋਂ ਹੋਣਗੀਆਂ ? ਉਹ ਕਿਹੜਾ ਚਿੰਨ੍ਹ ਹੋਵੇਗਾ ਜਿਸ ਤੋਂ ਪਤਾ ਲੱਗੇਗਾ ਕਿ ਇਹ ਗੱਲਾਂ ਹੋਣ ਵਾਲੀਆਂ ਹਨ ?”
8ਪ੍ਰਭੂ ਯਿਸੂ ਨੇ ਉੱਤਰ ਦਿੱਤਾ, “ਸਾਵਧਾਨ ਰਹੋ, ਕੋਈ ਤੁਹਾਨੂੰ ਕੁਰਾਹੇ ਨਾ ਪਾ ਦੇਵੇ ਕਿਉਂਕਿ ਬਹੁਤ ਸਾਰੇ ਲੋਕ ਆਉਣਗੇ ਜਿਹੜੇ ਮੇਰਾ ਨਾਮ ਲੈ ਕੇ ਕਹਿਣਗੇ, ‘ਮੈਂ ਉਹ ਹੀ ਹਾਂ !’ ਅਤੇ ‘ਠੀਕ ਸਮਾਂ ਆ ਗਿਆ ਹੈ !’ ਪਰ ਤੁਸੀਂ ਉਹਨਾਂ ਦੇ ਪਿੱਛੇ ਨਾ ਜਾਣਾ । 9ਜਦੋਂ ਤੁਸੀਂ ਲੜਾਈਆਂ ਅਤੇ ਬਗ਼ਾਵਤਾਂ ਦੀਆਂ ਖ਼ਬਰਾਂ ਸੁਣੋਗੇ ਤਾਂ ਨਾ ਡਰਨਾ । ਇਹਨਾਂ ਚੀਜ਼ਾਂ ਦਾ ਪਹਿਲਾਂ ਹੋਣਾ ਜ਼ਰੂਰੀ ਹੈ, ਪਰ ਇਹਨਾਂ ਦਾ ਅਰਥ ਇਹ ਨਹੀਂ ਹੋਵੇਗਾ ਕਿ ਅੰਤ ਛੇਤੀ ਆਉਣ ਵਾਲਾ ਹੈ ।” 10ਫਿਰ ਯਿਸੂ ਨੇ ਕਿਹਾ, “ਇੱਕ ਕੌਮ ਦੂਜੀ ਕੌਮ ਦੇ ਵਿਰੁੱਧ ਖੜ੍ਹੀ ਹੋ ਜਾਵੇਗੀ ਅਤੇ ਇੱਕ ਰਾਜ ਦੂਜੇ ਰਾਜ ਉੱਤੇ ਚੜ੍ਹਾਈ ਕਰੇਗਾ । 11ਥਾਂ ਥਾਂ ਉੱਤੇ ਵੱਡੇ ਵੱਡੇ ਭੁਚਾਲ ਆਉਣਗੇ, ਕਾਲ ਪੈਣਗੇ, ਮਹਾਂਮਾਰੀਆਂ ਫੈਲਣਗੀਆਂ, ਡਰਾਉਣੀਆਂ ਘਟਨਾਵਾਂ ਵਾਪਰਨਗੀਆਂ ਅਤੇ ਅਕਾਸ਼ ਵਿੱਚ ਭਿਆਨਕ ਚਿੰਨ੍ਹ ਦਿਖਾਈ ਦੇਣਗੇ ।
12“ਪਰ ਇਹ ਸਭ ਹੋਣ ਤੋਂ ਪਹਿਲਾਂ ਲੋਕ ਤੁਹਾਨੂੰ ਮੇਰੇ ਨਾਮ ਦੇ ਕਾਰਨ ਫੜਨਗੇ ਅਤੇ ਤੁਹਾਡੇ ਉੱਤੇ ਅੱਤਿਆਚਾਰ ਕਰਨਗੇ । ਉਹ ਤੁਹਾਨੂੰ ਪ੍ਰਾਰਥਨਾ ਘਰਾਂ ਵਿੱਚ ਪੇਸ਼ੀ ਦੇ ਲਈ ਲੈ ਜਾਣਗੇ ਅਤੇ ਜੇਲ੍ਹ ਵਿੱਚ ਪਾ ਦੇਣਗੇ । ਉਹ ਤੁਹਾਨੂੰ ਮੇਰੇ ਨਾਮ ਦੇ ਕਾਰਨ ਰਾਜਪਾਲਾਂ ਅਤੇ ਰਾਜਿਆਂ ਦੇ ਸਾਹਮਣੇ ਪੇਸ਼ ਕਰਨਗੇ । 13ਇਹ ਤੁਹਾਡੇ ਲਈ ਮੇਰੇ ਬਾਰੇ ਗਵਾਹੀ ਦੇਣ ਦਾ ਮੌਕਾ ਹੋਵੇਗਾ । 14#ਲੂਕਾ 12:11-12ਇਸ ਲਈ ਤੁਸੀਂ ਆਪਣੇ ਦਿਲ ਨੂੰ ਪੱਕਾ ਕਰੋ ਕਿ ਆਪਣੇ ਬਚਾਅ ਵਿੱਚ ਉੱਤਰ ਦੇਣ ਲਈ ਪਹਿਲਾਂ ਤੋਂ ਚਿੰਤਾ ਨਹੀਂ ਕਰੋਗੇ । 15ਕਿਉਂਕਿ ਮੈਂ ਤੁਹਾਨੂੰ ਅਜਿਹੀ ਬੋਲਣ ਦੀ ਸਮਰੱਥਾ ਅਤੇ ਬੁੱਧੀ ਦੇਵਾਂਗਾ ਜਿਸ ਦਾ ਮੁਕਾਬਲਾ ਤੁਹਾਡੇ ਵਿਰੋਧੀ ਨਹੀਂ ਕਰ ਸਕਣਗੇ ਅਤੇ ਨਾ ਹੀ ਝੂਠਾ ਸਿੱਧ ਕਰ ਸਕਣਗੇ । 16ਤੁਹਾਡੇ ਮਾਤਾ-ਪਿਤਾ, ਭਰਾ, ਰਿਸ਼ਤੇਦਾਰ ਅਤੇ ਮਿੱਤਰ ਵੀ ਤੁਹਾਨੂੰ ਫੜਵਾਉਣਗੇ । ਤੁਹਾਡੇ ਵਿੱਚੋਂ ਕਈਆਂ ਨੂੰ ਉਹ ਮਰਵਾ ਵੀ ਦੇਣਗੇ । 17ਇੱਥੋਂ ਤੱਕ ਕਿ ਸਾਰੇ ਲੋਕ ਮੇਰੇ ਨਾਮ ਦੇ ਕਾਰਨ ਤੁਹਾਨੂੰ ਨਫ਼ਰਤ ਕਰਨਗੇ । 18ਪਰ ਤੁਹਾਡੇ ਸਿਰ ਦਾ ਇੱਕ ਵਾਲ ਵੀ ਵਿੰਗਾ ਨਹੀਂ ਹੋਵੇਗਾ । 19ਤੁਸੀਂ ਆਪਣੇ ਸਬਰ ਦੇ ਰਾਹੀਂ ਅਸਲੀ ਜੀਵਨ ਪ੍ਰਾਪਤ ਕਰੋਗੇ ।”
ਯਰੂਸ਼ਲਮ ਸ਼ਹਿਰ ਦੀ ਬਰਬਾਦੀ ਬਾਰੇ ਭਵਿੱਖਬਾਣੀ
(ਮੱਤੀ 24:15-21, ਮਰਕੁਸ 13:14-19)
20“ਜਦੋਂ ਤੁਸੀਂ ਯਰੂਸ਼ਲਮ ਸ਼ਹਿਰ ਨੂੰ ਫ਼ੌਜਾਂ ਦੇ ਨਾਲ ਘਿਰਿਆ ਹੋਇਆ ਦੇਖੋ ਤਾਂ ਇਹ ਸਮਝ ਲੈਣਾ ਕਿ ਉਸ ਦੀ ਬਰਬਾਦੀ ਦਾ ਸਮਾਂ ਨੇੜੇ ਆ ਗਿਆ ਹੈ । 21ਉਸ ਸਮੇਂ ਜਿਹੜੇ ਯਹੂਦਿਯਾ ਵਿੱਚ ਹੋਣ, ਉਹ ਪਹਾੜਾਂ ਵੱਲ ਦੌੜ ਜਾਣ । ਜਿਹੜੇ ਸ਼ਹਿਰ ਦੇ ਅੰਦਰ ਹੋਣ, ਉਹ ਬਾਹਰ ਨਿੱਕਲ ਜਾਣ ਅਤੇ ਜਿਹੜੇ ਖੇਤਾਂ ਵਿੱਚ ਹੋਣ, ਉਹ ਸ਼ਹਿਰ ਦੇ ਅੰਦਰ ਨਾ ਜਾਣ । 22#ਹੋਸ਼ੇ 9:7ਕਿਉਂਕਿ ਉਹ ਬਦਲੇ ਦੇ ਦਿਨ#21:22 ਪਰਮੇਸ਼ਰ ਵੱਲੋਂ ਸਜ਼ਾ ਦੇ ਦਿਨ ਹੋਣਗੇ । ਇਹਨਾਂ ਦਿਨਾਂ ਵਿੱਚ ਪਵਿੱਤਰ-ਗ੍ਰੰਥ ਵਿੱਚ ਲਿਖੀਆਂ ਹੋਈਆਂ ਸਾਰੀਆਂ ਗੱਲਾਂ ਪੂਰੀਆਂ ਹੋਣਗੀਆਂ । 23ਅਫ਼ਸੋਸ ਉਹਨਾਂ ਔਰਤਾਂ ਉੱਤੇ ਜਿਹੜੀਆਂ ਉਹਨਾਂ ਦਿਨਾਂ ਵਿੱਚ ਗਰਭਵਤੀਆਂ ਹੋਣਗੀਆਂ ਅਤੇ ਜਿਹਨਾਂ ਦੀ ਗੋਦ ਵਿੱਚ ਛੋਟੇ ਬੱਚੇ ਹੋਣਗੇ । ਕਿਉਂਕਿ ਉਹਨਾਂ ਦਿਨਾਂ ਵਿੱਚ ਇੱਕ ਵੱਡਾ ਸੰਕਟ ਧਰਤੀ ਉੱਤੇ ਆਵੇਗਾ ਅਤੇ ਪਰਮੇਸ਼ਰ ਦਾ ਕ੍ਰੋਧ ਆਪਣੀ ਪਰਜਾ ਉੱਤੇ ਭੜਕੇਗਾ । 24ਉਹ ਤਲਵਾਰ ਨਾਲ ਮਾਰੇ ਜਾਣਗੇ । ਉਹ ਬੰਦੀ ਬਣਾ ਕੇ ਕਈਆਂ ਦੇਸ਼ਾਂ ਵਿੱਚ ਭੇਜੇ ਜਾਣਗੇ । ਯਰੂਸ਼ਲਮ ਸ਼ਹਿਰ ਨੂੰ ਪਰਾਈਆਂ ਕੌਮਾਂ ਉਸ ਸਮੇਂ ਤੱਕ ਕੁਚਲਦੀਆਂ ਰਹਿਣਗੀਆਂ ਜਦੋਂ ਤੱਕ ਕਿ ਉਹਨਾਂ ਦਾ ਨਿਯੁਕਤ ਕੀਤਾ ਹੋਇਆ ਸਮਾਂ ਪੂਰਾ ਨਾ ਹੋ ਜਾਵੇ ।”
ਮਨੁੱਖ ਦੇ ਪੁੱਤਰ ਦਾ ਆਉਣਾ
(ਮੱਤੀ 24:29-31, ਮਰਕੁਸ 13:24-27)
25 #
ਯਸਾ 13:10, ਹਿਜ਼ 32:7, ਯੋਏ 2:31, ਰਸੂਲਾਂ 6:12-13 “ਉਸ ਸਮੇਂ ਸੂਰਜ, ਚੰਦ ਅਤੇ ਤਾਰਿਆਂ ਵਿੱਚ ਚਿੰਨ੍ਹ ਦਿਖਾਈ ਦੇਣਗੇ । ਧਰਤੀ ਉੱਤੇ ਸੰਕਟ ਹੋਵੇਗਾ ਅਤੇ ਸਮੁੰਦਰ ਦੀਆਂ ਲਹਿਰਾਂ ਦੀ ਗਰਜਣ ਨਾਲ ਸਾਰੇ ਦੇਸ਼ਾਂ ਦੇ ਲੋਕ ਘਬਰਾ ਜਾਣਗੇ । 26ਲੋਕ ਦੁਨੀਆਂ ਉੱਤੇ ਆਉਣ ਵਾਲੇ ਸੰਕਟ ਦੇ ਡਰ ਨਾਲ ਆਪਣੇ ਹੋਸ਼ ਗੁਆ ਬੈਠਣਗੇ । ਅਕਾਸ਼ ਦੀਆਂ ਸਾਰੀਆਂ ਸ਼ਕਤੀਆਂ ਹਿਲਾ ਦਿੱਤੀਆਂ ਜਾਣਗੀਆਂ । 27#ਦਾਨੀ 7:13, ਰਸੂਲਾਂ 1:7ਉਸ ਸਮੇਂ ਲੋਕ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਦੇ ਨਾਲ ਬੱਦਲਾਂ ਉੱਤੇ ਆਉਂਦੇ ਦੇਖਣਗੇ । 28ਜਦੋਂ ਇਹ ਘਟਨਾਵਾਂ ਹੋਣ ਲੱਗਣ ਤਾਂ ਤੁਸੀਂ ਹੌਸਲਾ ਨਾ ਛੱਡਣਾ ਸਗੋਂ ਆਪਣੇ ਸਿਰ ਉੱਚੇ ਕਰਨਾ ਕਿਉਂਕਿ ਤੁਹਾਡੀ ਮੁਕਤੀ ਨੇੜੇ ਹੈ ।”
ਅੰਜੀਰ ਦੇ ਰੁੱਖ ਤੋਂ ਸਿੱਖਿਆ
(ਮੱਤੀ 24:32-35, ਮਰਕੁਸ 13:28-31)
29ਪ੍ਰਭੂ ਯਿਸੂ ਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ, “ਅੰਜੀਰ ਅਤੇ ਦੂਜੇ ਰੁੱਖਾਂ ਨੂੰ ਦੇਖੋ । 30ਜਦੋਂ ਉਹਨਾਂ ਉੱਤੇ ਨਵੀਆਂ ਪੱਤੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਤੁਸੀਂ ਆਪ ਹੀ ਸਮਝ ਜਾਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਹੈ । 31ਇਸੇ ਤਰ੍ਹਾਂ ਜਦੋਂ ਤੁਸੀਂ ਇਹਨਾਂ ਘਟਨਾਵਾਂ ਨੂੰ ਹੁੰਦੇ ਹੋਏ ਦੇਖੋ ਤਾਂ ਸਮਝ ਲਵੋ ਕਿ ਪਰਮੇਸ਼ਰ ਦਾ ਰਾਜ ਨੇੜੇ ਹੈ ।
32“ਸੱਚ ਜਾਣੋ, ਇਸ ਪੀੜ੍ਹੀ ਦੇ ਲੋਕਾਂ ਦੇ ਖ਼ਤਮ ਹੋਣ ਤੋਂ ਪਹਿਲਾਂ ਇਹ ਗੱਲਾਂ ਪੂਰੀਆਂ ਹੋ ਜਾਣਗੀਆਂ । 33ਅਕਾਸ਼ ਅਤੇ ਧਰਤੀ ਭਾਵੇਂ ਟਲ ਜਾਣ ਪਰ ਮੇਰੇ ਕਹੇ ਹੋਏ ਵਚਨ ਕਦੀ ਵੀ ਨਹੀਂ ਟਲਣਗੇ ।”
ਸਾਵਧਾਨ ਰਹਿਣ ਸੰਬੰਧੀ ਚਿਤਾਵਨੀ
34“ਸਾਵਧਾਨ ਰਹੋ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੁਸੀਂ ਭੋਗ ਵਿਲਾਸ ਅਤੇ ਨਸ਼ੇ ਵਿੱਚ ਜਾਂ ਇਸ ਸੰਸਾਰ ਦੀਆਂ ਚਿੰਤਾਵਾਂ ਵਿੱਚ ਫਸ ਜਾਓ ਅਤੇ ਅਚਾਨਕ ਉਹ ਦਿਨ ਤੁਹਾਡੇ ਉੱਤੇ ਆ ਜਾਵੇ । 35ਕਿਉਂਕਿ ਉਹ ਦਿਨ ਫੰਦੇ ਦੀ ਤਰ੍ਹਾਂ ਸਾਰੇ ਧਰਤੀ ਦੇ ਨਿਵਾਸੀਆਂ ਉੱਤੇ ਆ ਪਵੇਗਾ । 36ਤੁਸੀਂ ਹਰ ਸਮੇਂ ਚੌਕਸ ਰਹੋ ਅਤੇ ਪ੍ਰਾਰਥਨਾ ਕਰਦੇ ਰਹੋ ਕਿ ਤੁਸੀਂ ਇਹਨਾਂ ਆਉਣ ਵਾਲੀਆਂ ਸਭ ਬਿਪਤਾਵਾਂ ਤੋਂ ਬਚ ਸਕੋ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜ੍ਹੇ ਹੋ ਸਕੋ ।”
37 #
ਲੂਕਾ 19:47
ਉਹਨਾਂ ਦਿਨਾਂ ਵਿੱਚ ਯਿਸੂ ਦਿਨ ਦੇ ਸਮੇਂ ਹੈਕਲ ਵਿੱਚ ਸਿੱਖਿਆ ਦਿੰਦੇ ਸਨ ਅਤੇ ਰਾਤ ਜ਼ੈਤੂਨ ਨਾਂ ਦੇ ਪਹਾੜ ਉੱਤੇ ਬਤੀਤ ਕਰਦੇ ਸਨ । 38ਸਾਰੇ ਲੋਕ ਯਿਸੂ ਦੀਆਂ ਗੱਲਾਂ ਸੁਣਨ ਲਈ ਤੜਕੇ ਹੀ ਹੈਕਲ ਵਿੱਚ ਆ ਜਾਂਦੇ ਸਨ ।
Currently Selected:
ਲੂਕਾ 21: CL-NA
Tõsta esile
Share
Copy
Want to have your highlights saved across all your devices? Sign up or sign in
Punjabi Common Language (North American Version):
Text © 2021 Canadian Bible Society and Bible Society of India