ਉਤਪਤ 19
19
ਸਦੂਮ ਅਤੇ ਅਮੂਰਾਹ ਦਾ ਭਸਮ
1,ਉਪਰੰਤ ਦੋ ਦੂਤ ਸ਼ਾਮ ਨੂੰ ਸਦੂਮ ਨੂੰ ਆਏ ਅਤੇ ਲੂਤ ਸਦੂਮ ਦੀ ਡੇਉੜ੍ਹੀ ਵਿੱਚ ਬੈਠਾ ਹੋਇਆ ਸੀ ਅਤੇ ਲੂਤ ਉਨ੍ਹਾਂ ਨੂੰ ਵੇਖਕੇ ਮਿਲਣ ਲਈ ਉੱਠਿਆ ਅਤੇ ਉਹ ਨੇ ਆਪਣਾ ਮੂੰਹ ਧਰਤੀ ਤੀਕ ਝੁਕਾਇਆ 2ਉਸ ਨੇ ਆਖਿਆ ਵੇਖੋ ਮੇਰੇ ਪ੍ਰਭੁਓ ਤੁਸੀਂ ਆਪਣੇ ਦਾਸ ਦੇ ਘਰ ਵੱਲ ਮੁੜੋ ਅਰ ਰਾਤ ਠਹਿਰੋ ਅਰ ਆਪਣੇ ਚਰਨ ਧੋਵੋ ਅਤੇ ਫੇਰ ਤੁਸੀਂ ਤੜਕੇ ਉੱਠਕੇ ਆਪਣੇ ਰਾਹ ਪੈ ਜਾਣਾ ਪਰ ਉਨ੍ਹਾਂ ਨੇ ਆਖਿਆ, ਨਹੀਂ ਅਸੀਂ ਚੌਂਕ ਵਿੱਚ ਰਾਤ ਕਟਾਂਗੇ 3ਜਾਂ ਉਹ ਉਨ੍ਹਾਂ ਦੇ ਬਹੁਤ ਹੀ ਖਹਿੜੇ ਪਿਆ ਤਾਂ ਓਹ ਉਸ ਵੱਲ ਮੁੜਕੇ ਉਹ ਦੇ ਘਰ ਗਏ ਅਰ ਉਸ ਨੇ ਉਨ੍ਹਾਂ ਦੀ ਮਹਿਮਾਨੀ ਕੀਤੀ ਅਤੇ ਪਤੀਰੀ ਰੋਟੀ ਪਕਾਈ ਤਾਂ ਉਨ੍ਹਾਂ ਨੇ ਖਾਧੀ 4ਪਰ ਉਨ੍ਹਾਂ ਦੇ ਲੰਮੇ ਪੈਣ ਤੋਂ ਪਹਿਲਾਂ ਸਦੂਮ ਨਗਰ ਦੇ ਮਨੁੱਖਾਂ ਨੇ ਕੀ ਗਭਰੂ ਕੀ ਬੁੱਢਾ ਸਭ ਪਾਸਿਓਂ ਉਸ ਘਰ ਨੂੰ ਘੇਰ ਲਿਆ 5ਅਤੇ ਉਨ੍ਹਾਂ ਨੇ ਲੂਤ ਨੂੰ ਹਾਕ ਮਾਰਕੇ ਆਖਿਆ ਕਿ ਓਹ ਮਨੁੱਖ ਕਿੱਥੇ ਹਨ ਜੋ ਅੱਜ ਰਾਤ ਤੇਰੇ ਕੋਲ ਆਏ ਹਨ? ਉਨ੍ਹਾਂ ਨੂੰ ਸਾਡੇ ਕੋਲ ਬਾਹਰ ਲਿਆ ਤਾਂਜੋ ਅਸੀਂ ਉਨ੍ਹਾਂ ਨੂੰ ਜਾਣੀਏ#19:5 ਅਥਵਾ, ਉਨ੍ਹਾਂ ਨਾਲ ਸੰਗ ਕਰੀਏ । 6ਤਦ ਲੂਤ ਉਨ੍ਹਾਂ ਦੇ ਕੋਲ ਡੇਉੜ੍ਹੀ ਵਿੱਚੋਂ ਬਾਹਰ ਗਿਆ ਅਰ ਬੂਹਾ ਆਪਣੇ ਪਿੱਛੇ ਭੇੜ ਲਿਆ 7ਤਾਂ ਉਸ ਨੇ ਆਖਿਆ ਮੇਰੇ ਭਰਾਵੋ ਇਹ ਬੁਰਿਆਈ ਨਾ ਕਰੋ 8ਵੋਖੋ ਮੇਰੀਆਂ ਦੋ ਧੀਆਂ ਹਨ ਜਿਨ੍ਹਾਂ ਨੇ ਮਨੁੱਖ ਨੂੰ ਨਹੀਂ ਜਾਣਿਆ ਹੈ। ਮੈਂ ਉਨ੍ਹਾਂ ਨੂੰ ਤੁਹਾਡੇ ਕੋਲ ਲੈ ਆਉਂਦਾ ਹਾਂ ਤਾਂ ਉਨ੍ਹਾਂ ਨਾਲ ਜਿਵੇਂ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤਿਵੇਂ ਹੀ ਕਰੋ ਪਰ ਇਨ੍ਹਾਂ ਮਨੁੱਖਾਂ ਨਾਲ ਕੁਝ ਨਾ ਕਰੋ ਕਿਉਂਜੋ ਉਹ ਮੇਰੀ ਛੱਤ ਛਾਏ ਆਏ ਹਨ 9ਪਰ ਉਨ੍ਹਾਂ ਨੇ ਆਖਿਆ,ਪਿਛਾਹਾਂ ਹੱਟ ਜਾਹ ਅਤੇ ਉਨ੍ਹਾਂ ਨੇ ਏਹ ਵੀ ਆਖਿਆ ਏਹ ਵੱਸਣ ਲਈ ਆਇਆ ਸੀ ਹੁਣ ਨਿਆਈ ਬਣ ਬੈਠਾ ਹੈ। ਅਸੀਂ ਤੇਰੇ ਨਾਲ ਉਨ੍ਹਾਂ ਨਾਲੋਂ ਵੱਧ ਬੁਰਿਆਈ ਕਰਾਂਗੇ। ਫੇਰ ਉਨ੍ਹਾਂ ਨੇ ਉਸ ਮਨੁੱਖ ਲੂਤ ਨੂੰ ਬਹੁਤ ਤੰਗ ਕੀਤਾ ਅਰ ਬੂਹੇ ਭੰਨਣ ਲਈ ਨੇੜੇ ਢੁੱਕੇ 10ਤਾਂ ਉਨ੍ਹਾਂ ਮਨੁੱਖਾਂ ਨੇ ਹੱਥ ਬਾਹਰ ਕੱਢਕੇ ਲੂਤ ਨੂੰ ਆਪਣੇ ਕੋਲ ਘਰ ਵਿੱਚ ਖਿੱਚ ਲਿਆ ਅਰ ਬੂਹਾ ਭੇੜ ਲਿਆ 11ਜਿਹੜੇ ਮਨੁੱਖ ਬੂਹੇ ਦੇ ਅੱਗੇ ਸਨ ਉਨ੍ਹਾਂ ਨੇ ਉਨ੍ਹਾਂ ਨੂੰ ਕੀ ਛੋਟਾ ਕੀ ਵੱਡਾ ਅੰਨ੍ਹੇ ਕਰ ਦਿੱਤਾ ਐੱਥੋਂ ਤੀਕ ਕਿ ਓਹ ਬੂਹਾ ਲੱਭਦੇ ਲੱਭਦੇ ਥੱਕ ਗਏ 12ਤਦ ਓਹਨਾਂ ਮਨੁੱਖਾਂ ਨੇ ਲੂਤ ਨੂੰ ਆਖਿਆ, ਤੇਰੇ ਕੋਲ ਹੋਰ ਕੌਣ ਐੱਥੇ ਹੈ? ਆਪਣੇ ਜਵਾਈਆਂ ਅਰ ਪੁੱਤ੍ਰਾਂ ਅਰ ਧੀਆਂ ਨੂੰ ਅਰ ਉਹ ਸਭ ਕੁਝ ਜੋ ਤੇਰਾ ਏਸ ਨਗਰ ਵਿੱਚ ਹੈ ਬਾਹਰ ਲੈ ਜਾਹ 13ਕਿਉਂਕਿ ਅਸੀਂ ਏਸ ਥਾਂ ਨੂੰ ਏਸ ਲਈ ਨਸ਼ਟ ਕਰਨ ਵਾਲੇ ਹਾਂ ਕਿ ਓਹਨਾਂ ਦੀ ਹੁੱਗ ਯਹੋਵਾਹ ਅੱਗੇ ਬਹੁਤ ਵਧ ਗਈ ਹੈ ਅਤੇ ਯਹੋਵਾਹ ਨੇ ਸਾਨੂੰ ਇਹ ਦੇ ਨਸ਼ਟ ਕਰਨ ਲਈ ਘੱਲਿਆ ਹੈ 14ਉਪਰੰਤ ਲੂਤ ਨੇ ਬਾਹਰ ਜਾਕੇ ਆਪਣੇ ਜਵਾਈਆਂ ਨਾਲ ਜਿਨ੍ਹਾਂ ਨੂੰ ਉਹ ਦੀਆਂ ਧੀਆਂ ਵਿਆਹੀਆਂ ਗਈਆਂ ਸਨ ਗੱਲ ਕੀਤੀ ਅਤੇ ਆਖਿਆ, ਉੱਠੋ ਅਤੇ ਏਸ ਥਾਂ ਤੋਂ ਨਿੱਕਲੋ ਕਿਉਂਕਿ ਯਹੋਵਾਹ ਏਸ ਨਗਰ ਨੂੰ ਨਸ਼ਟ ਕਰਨ ਨੂੰ ਹੈ ਪਰ ਉਹ ਆਪਣੇ ਜਵਾਈਆਂ ਦੀਆਂ ਅੱਖੀਆਂ ਵਿੱਚ ਮਖੌਲੀਆ ਜਿਹਾ ਜਾਪਿਆ 15ਜਦ ਸਵੇਰ ਹੋਇਆ ਤਾਂ ਓਹਨਾਂ ਦੂਤਾਂ ਨੇ ਲੂਤ ਤੋਂ ਛੇਤੀ ਕਰਾਈ ਕਿ ਉੱਠ ਆਪਣੀ ਤੀਵੀਂ ਅਰ ਦੋਹਾਂ ਧੀਆਂ ਨੂੰ ਜਿਹੜੀਆਂ ਐਥੇ ਹਨ ਲੈ ਜਾਹ ਅਜਿਹਾ ਨਾ ਹੋਵੇ ਕਿ ਤੂੰ ਨਗਰ ਦੇ ਅਪਰਾਧ ਵਿੱਚ ਨਿੱਘਰ ਜਾਵੇਂ 16ਜਦ ਉਹ ਢਿੱਲ ਕਰ ਰਿਹਾ ਸੀ ਤਾਂ ਉਨ੍ਹਾਂ ਮਨੁੱਖਾਂ ਨੇ ਯਹੋਵਾਹ ਦੀ ਕਿਰਪਾ ਦੇ ਕਾਰਨ ਜੋ ਉਸ ਦੇ ਉੱਤੇ ਸੀ ਉਹ ਦੇ ਹੱਥ ਅਰ ਉਹ ਦੀ ਤੀਵੀਂ ਦੇ ਹੱਥ ਅਰ ਉਹ ਦੀਆਂ ਦੋਹਾਂ ਧੀਆਂ ਦੇ ਹੱਥਾਂ ਨੂੰ ਫੜਕੇ ਉਨ੍ਹਾਂ ਨੂੰ ਬਾਹਰ ਪੁਚਾ ਦਿੱਤਾ 17ਤਾਂ ਐਉਂ ਹੋਇਆ ਜਦ ਓਹ ਉਨ੍ਹਾਂ ਨੂੰ ਬਾਹਰ ਲੈ ਆਏ ਤਾਂ ਉਸ ਨੇ ਆਖਿਆ, ਆਪਣੀ ਜਾਨ ਲੈਕੇ ਭੱਜ ਜਾਹ। ਆਪਣੇ ਪਿੱਛੇ ਨਾ ਵੇਖੀ ਅਰ ਸਾਰੇ ਦੂਣ ਵਿੱਚ ਕਿਤੇ ਨਾ ਠਹਿਰੀਂ। ਪਹਾੜ ਨੂੰ ਭੱਜ ਜਾਹ ਅਜਿਹਾ ਨਾ ਹੋਵੇ ਕਿ ਤੂੰ ਭਸਮ ਹੋ ਜਾਵੇਂ 18ਪਰ ਲੂਤ ਨੇ ਉਨ੍ਹਾਂ ਨੂੰ ਆਖਿਆ, ਹੇ ਮੇਰੇ ਪ੍ਰਭੁਓ ਅਜੇਹਾ ਨਾ ਕਰਨਾ 19ਵੇਖੋ ਤੁਹਾਡੇ ਦਾਸ ਉੱਤੇ ਤੁਹਾਡੀ ਕਿਰਪਾ ਦੀ ਨਿਗਾਹ ਹੋਈ ਹੈ ਅਰ ਤੁਸਾਂ ਆਪਣੀ ਦਯਾ ਨੂੰ ਜੋ ਮੇਰੀ ਜਾਨ ਨੂੰ ਜੀਉਂਦਾ ਰੱਖਣ ਲਈ ਮੇਰੇ ਉੱਤੇ ਕੀਤੀ ਵਧਾਇਆ ਹੈ ਪਰ ਮੈਂ ਪਹਾੜ ਤੀਕ ਨਹੀਂ ਭੱਜ ਸਕਦਾ ਮਤੇ ਮੇਰੇ ਉੱਤੇ ਕੋਈ ਬੁਰਿਆਈ ਆ ਪਵੇ ਅਰ ਮੈਂ ਮਰ ਜਾਵਾਂ 20ਵੇਖੋ ਨਾ, ਇਹ ਨਗਰ ਭੱਜਣ ਲਈ ਨੇੜੇ ਹੈ ਅਰ ਇਹ ਨਿੱਕਾ ਜਿਹਾ ਵੀ ਹੈ। ਮੈਨੂੰ ਉੱਥੇ ਭੱਜ ਜਾਣ ਦਿਓ। ਕੀ ਉਹ ਨਿੱਕਾ ਨਹੀਂ ਹੈ? ਸੋ ਮੇਰੀ ਜਾਨ ਜੀਉਂਦੀ ਰਹੂਗੀ 21ਤਾਂ ਉਸ ਨੇ ਉਹ ਨੂੰ ਆਖਿਆ, ਵੇਖ ਮੈਂ ਤੈਨੂੰ ਏਸ ਗੱਲ ਵਿੱਚ ਵੀ ਮੰਨ ਲਿਆ ਹੈ। ਮੈਂ ਏਸ ਨਗਰ ਨੂੰ ਜਿਹਦੇ ਲਈ ਤੈਂ ਗੱਲ ਕੀਤੀ ਨਹੀਂ ਢਾਵਾਂਗਾ 22ਛੇਤੀ ਕਰ ਉੱਥੇ ਨੂੰ ਭੱਜ ਕਿਉਂਕਿ ਮੈਂ ਕੁਝ ਨਹੀਂ ਕਰ ਸਕਦਾ ਜਦ ਤਕ ਤੂੰ ਉੱਥੇ ਨਾ ਜਾਵੇ। ਏਸ ਲਈ ਉਸ ਨਗਰ ਦਾ ਨਾਉਂ ਸੋਆਰ#19:22 ਨਿੱਕਾ । ਰੱਖਿਆ ਗਿਆ 23ਸੂਰਜ ਧਰਤੀ ਉੱਤੇ ਚੜ੍ਹਿਆ ਹੀ ਸੀ ਕਿ ਲੂਤ ਸੋਆਰ ਵਿੱਚ ਜਾ ਵੜਿਆ 24ਅਤੇ ਯਹੋਵਾਹ ਨੇ ਸਦੂਮ ਅਰ ਅਮੂਰਾਹ ਉੱਤੇ ਗੰਧਕ ਅਰ ਅੱਗ ਯਹੋਵਾਹ ਦੀ ਵੱਲੋਂ ਅਕਾਸ਼ ਤੋਂ ਬਰਸਾਈ 25ਅਤੇ ਉਸ ਨੇ ਇਨ੍ਹਾਂ ਨਗਰਾਂ ਨੂੰ ਅਰ ਸਾਰੇ ਦੂਣ ਨੂੰ ਅਰ ਨਗਰਾਂ ਦੇ ਵਸਨੀਕਾਂ ਨੂੰ ਅਰ ਜ਼ਮੀਨ ਦੀ ਅੰਗੂਰੀ ਨੂੰ ਨਸ਼ਟ ਕਰ ਸੁੱਟਿਆ 26ਪਰ ਉਸ ਦੀ ਤੀਵੀਂ ਨੇ ਪਿੱਛੇ ਮੁੜਕੇ ਡਿੱਠਾ ਤਾਂ ਉਹ ਲੂਣ ਦਾ ਥੰਮ੍ਹ ਬਣ ਗਈ।। 27ਅਬਰਾਹਾਮ ਸਵੇਰੇ ਹੀ ਉੱਠਕੇ ਉਸ ਥਾਂ ਨੂੰ ਜਿੱਥੇ ਉਹ ਯਹੋਵਾਹ ਦੇ ਸਨਮੁਖ ਖੜਾ ਹੋਇਆ ਸੀ ਗਿਆ 28ਜਾਂ ਉਸ ਨੇ ਸਦੂਮ ਅਰ ਅਮੂਰਾਹ ਵੱਲ ਅਰ ਦੂਣ ਦੀ ਸਾਰੀ ਧਰਤੀ ਵੱਲ ਡਿੱਠਾ ਤਾਂ ਵੇਖੋ ਧਰਤੀ ਦਾ ਧੂੰਆਂ ਭੱਠੀ ਦੇ ਧੂੰਏਂ ਵਾਂਗਰ ਉੱਠ ਰਿਹਾ ਸੀ 29ਸੋ ਐਉਂ ਹੋਇਆ ਜਦ ਪਰਮੇਸ਼ੁਰ ਨੇ ਦੂਣ ਦੇ ਨਗਰਾਂ ਨੂੰ ਨਸ਼ਟ ਕੀਤਾ ਤਾਂ ਪਰਮੇਸ਼ੁਰ ਨੇ ਅਬਰਾਹਾਮ ਨੂੰ ਚੇਤੇ ਕੀਤਾ ਅਰ ਲੂਤ ਨੂੰ ਉਸ ਬਰਬਾਦੀ ਦੇ ਵਿੱਚੋਂ ਕੱਢਿਆ ਜਦ ਉਸ ਨੇ ਉਨ੍ਹਾਂ ਨਗਰਾਂ ਨੂੰ ਜਿੱਥੇ ਲੂਤ ਵੱਸਦਾ ਸੀ ਨਸ਼ਟ ਕਰ ਸੁੱਟਿਆ 30ਫੇਰ ਲੂਤ ਸੋਆਰ ਤੋਂ ਉੱਪਰ ਜਾਕੇ ਆਪਣੀਆਂ ਦੋਹਾਂ ਧੀਆਂ ਸਣੇ ਪਹਾੜ ਉੱਤੇ ਵੱਸਿਆ ਕਿਉਂਕਿ ਉਹ ਸੋਆਰ ਵਿੱਚ ਵੱਸਣ ਤੋਂ ਡਰਦਾ ਸੀ ਸੋ ਉਹ ਅਰ ਉਹ ਦੀਆਂ ਦੋਵੇਂ ਧੀਆਂ ਇੱਕ ਖੁੰਧਰ ਵਿੱਚ ਵੱਸਣ ਲੱਗ ਪਏ 31ਪਲੌਠੀ ਨੇ ਛੋਟੀ ਨੂੰ ਆਖਿਆ, ਸਾਡਾ ਪਿਤਾ ਬੁੱਢਾ ਹੈ ਅਰ ਧਰਤੀ ਉੱਤੇ ਕੋਈ ਮਨੁੱਖ ਨਹੀਂ ਹੈ ਜੋ ਸਾਰੀ ਧਰਤੀ ਦੇ ਦਸਤੂਰ ਅਨੁਸਾਰ ਸਾਡੇ ਕੋਲ ਅੰਦਰ ਆਵੇ 32ਆ ਅਸੀਂ ਆਪਣੇ ਪਿਤਾ ਨੂੰ ਮੱਧ ਪਿਲਾਈਏ ਅਤੇ ਅਸੀਂ ਉਹ ਦੇ ਸੰਗ ਲੇਟੀਏ ਅਤੇ ਐਉਂ ਅਸੀਂ ਆਪਣੇ ਪਿਤਾ ਦੀ ਅੰਸ ਕਾਇਮ ਰੱਖਾਂਗੀਆਂ 33ਤਾਂ ਉਨ੍ਹਾਂ ਨੇ ਆਪਣੇ ਪਿਤਾ ਨੂੰ ਓਸੇ ਰਾਤ ਮੱਧ ਪਿਲਾਈ ਅਤੇ ਪਲੌਠੀ ਜਾਕੇ ਆਪਣੇ ਪਿਤਾ ਦੇ ਸੰਗ ਲੇਟੀ ਪਰ ਉਹ ਨੇ ਉਸ ਦਾ ਲੇਟਣ ਉੱਠਣ ਨਹੀਂ ਸੀ ਜਾਣਿਆ 34ਫੇਰ ਅਗਲੇ ਦਿਨ ਐਉਂ ਹੋਇਆ ਕਿ ਪਲੌਠੀ ਨੇ ਛੋਟੀ ਨੂੰ ਆਖਿਆ, ਵੇਖ ਮੈਂ ਕਲ ਰਾਤ ਆਪਣੇ ਪਿਤਾ ਦੇ ਸੰਗ ਲੇਟੀ। ਅਸੀਂ ਅੱਜ ਰਾਤ ਵੀ ਉਹ ਨੂੰ ਮੱਧ ਪਿਲਾਈਏ ਅਤੇ ਤੂੰ ਜਾਹ ਉੂਹ ਦੇ ਸੰਗ ਲੇਟ ਅਤੇ ਐਉਂ ਅਸੀਂ ਆਪਣੇ ਪਿਤਾ ਦੀ ਅੰਸ ਕਾਇਮ ਰੱਖਾਂਗੀਆਂ 35ਤਾਂ ਉਨ੍ਹਾਂ ਨੇ ਉਸ ਰਾਤ ਵੀ ਆਪਣੇ ਪਿਤਾ ਨੂੰ ਮਧ ਪਿਲਾਈ ਅਤੇ ਛੋਟੀ ਉੱਠਕੇ ਆਪਣੇ ਪਿਤਾ ਦੇ ਸੰਗ ਲੇਟੀ ਪਰ ਉਹ ਨੇ ਉਸ ਦਾ ਲੇਟਣ ਉੱਠਣ ਨਹੀਂ ਸੀ ਜਾਣਿਆ 36ਸੋ ਲੂਤ ਦੀਆਂ ਦੋਵੇਂ ਧੀਆਂ ਆਪਣੇ ਪਿਤਾ ਤੋਂ ਗਰਭਣੀਆਂ ਹੋਈਆਂ 37ਅਤੇ ਪਲੌਠੀ ਪੁੱਤ੍ਰ ਜਣੀ ਅਰ ਉਸ ਨੇ ਉਹ ਦਾ ਨਾਉਂ ਮੋਆਬ ਰੱਖਿਆ। ਉਹ ਮੋਆਬੀਆਂ ਦਾ ਪਿਤਾ ਅੱਜ ਤੀਕ ਹੈ 38ਛੋਟੀ ਵੀ ਇੱਕ ਪੁੱਤ੍ਰ ਜਣੀ ਅਰ ਉਸ ਨੇ ਉਹ ਦਾ ਨਾਉਂ ਬਿਨ-ਅੰਮੀ ਰੱਖਿਆ। ਉਹ ਅੰਮੋਨੀਆਂ ਦਾ ਪਿਤਾ ਅੱਜ ਤੀਕ ਹੈ।।
Currently Selected:
ਉਤਪਤ 19: PUNOVBSI
Tõsta esile
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.