ਉਤਪਤ 32
32
ਏਸਾਓ ਨਾਲ ਪੁਨਰ ਮਿਲਾਪ
1ਯਾਕੂਬ ਵੀ ਉਸ ਥਾਂ ਤੋਂ ਚੱਲਾ ਗਿਆ। ਜਦੋਂ ਉਸ ਸਫ਼ਰ ਕਰ ਰਿਹਾ ਸੀ ਪਰਮੇਸ਼ੁਰ ਦੇ ਦੂਤ ਉਸ ਨੂੰ ਮਿਲੇ। 2ਯਾਕੂਬ ਨੇ ਉਨ੍ਹਾਂ ਨੂੰ ਦੇਖਿਆ ਤਾਂ ਉਸ ਨੇ ਆਖਿਆ, “ਇਹ ਪਰਮੇਸ਼ੁਰ ਦਾ ਡੇਰਾ ਹੈ।” ਇਸ ਲਈ ਯਾਕੂਬ ਨੇ ਉਸ ਥਾਂ ਦਾ ਨਾਂ ਮਹਨਾਯਿਮ ਰੱਖਿਆ।
3ਯਾਕੂਬ ਦਾ ਭਰਾ ਸ਼ੇਈਰ ਨਾਮ ਦੇ ਇਲਾਕੇ ਵਿੱਚ ਰਹਿੰਦਾ ਸੀ। ਇਸ ਇਲਾਕੇ ਨੂੰ ਅਦੋਮ ਦਾ ਪਹਾੜੀ ਇਲਾਕਾ ਆਖਿਆ ਜਾਂਦਾ ਸੀ। ਯਾਕੂਬ ਨੇ ਏਸਾਓ ਵੱਲ ਸੰਦੇਸ਼ਵਾਹਕ ਭੇਜੇ। 4ਯਾਕੂਬ ਨੇ ਸੰਦੇਸ਼ਵਾਹਕਾਂ ਨੂੰ ਆਖਿਆ, “ਮੇਰੇ ਮਾਲਕ ਏਸਾਓ ਨੂੰ ਇਹ ਗੱਲਾਂ ਆਖਿਉ: ‘ਤੁਹਾਡਾ ਸੇਵਕ ਯਾਕੂਬ ਆਖਦਾ ਹੈ, ਮੈਂ ਇਹ ਸਾਰੇ ਵਰ੍ਹੇ ਲਾਬਾਨ ਨਾਲ ਰਿਹਾ ਹਾਂ। 5ਮੇਰੇ ਕੋਲ ਬਹੁਤ ਸਾਰੀਆਂ ਗਊਆਂ, ਖੋਤੇ, ਇੱਜੜ ਅਤੇ ਦਾਸ-ਦਾਸੀਆਂ ਹਨ। ਸ਼੍ਰੀਮਾਨ ਜੀ, ਮੈਂ ਇਹ ਸੰਦੇਸ਼ ਤੁਹਾਨੂੰ ਇਹ ਆਖਣ ਲਈ ਭੇਜ ਰਿਹਾ ਹਾਂ ਕਿ ਸਾਨੂੰ ਪ੍ਰਵਾਨ ਕਰ ਲਵੋ।’”
6ਸੰਦੇਸ਼ਵਾਹਕ ਯਾਕੂਬ ਕੋਲ ਵਾਪਸ ਆ ਗਏ ਅਤੇ ਕਹਿਣ ਲੱਗੇ, “ਅਸੀਂ ਤੁਹਾਡੇ ਭਰਾ ਏਸਾਓ ਵੱਲ ਗਏ ਸਾਂ। ਉਹ ਤੁਹਾਨੂੰ ਮਿਲਣ ਲਈ ਆ ਰਿਹਾ ਹੈ। ਉਸ ਦੇ ਨਾਲ ਚਾਰ ਸੌ ਆਦਮੀ ਹਨ।”
7ਇਸ ਸੰਦੇਸ਼ ਨੇ ਯਾਕੂਬ ਨੂੰ ਭੈਭੀਤ ਕਰ ਦਿੱਤਾ। ਉਸ ਨੇ ਆਪਣੇ ਨਾਲ ਦੇ ਆਦਮੀਆਂ ਨੂੰ ਦੋ ਹਿਸਿਆਂ ਵਿੱਚ ਵੰਡ ਦਿੱਤਾ ਉਸ ਨੇ ਸਾਰੇ ਇੱਜੜਾਂ ਅਤੇ ਵੱਗਾਂ ਅਤੇ ਊਠਾਂ ਨੂੰ ਦੋ ਹਿਸਿਆਂ ਵਿੱਚ ਵੰਡ ਦਿੱਤਾ। 8ਯਾਕੂਬ ਨੇ ਸੋਚਿਆ, “ਜੇ ਏਸਾਓ ਆਉਂਦਾ ਹੈ ਅਤੇ ਇੱਕ ਹਿੱਸੇ ਨੂੰ ਤਬਾਹ ਕਰ ਦਿੰਦਾ ਹੈ ਤਾਂ ਦੂਸਰਾ ਹਿੱਸਾ ਭੱਜ ਕੇ ਜਾਨ ਬਚਾ ਲਵੇਗਾ।”
9ਯਾਕੂਬ ਨੇ ਆਖਿਆ “ਹੇ ਮੇਰੇ ਪਿਤਾ, ਅਬਰਾਹਾਮ ਦੇ ਪਰਮੇਸ਼ੁਰ! ਮੇਰੇ ਪਿਤਾ ਇਸਹਾਕ ਦੇ ਪਰਮੇਸ਼ੁਰ! ਯਹੋਵਾਹ, ਤੂੰ ਮੈਨੂੰ ਮੇਰੇ ਦੇਸ਼ ਅਤੇ ਆਪਣੇ ਜਨਮ ਸਥਾਨ ਤੇ ਵਾਪਸ ਆਉਣ ਲਈ ਕਿਹਾ ਸੀ। ਤੂੰ ਆਖਿਆ ਸੀ ਕਿ ਤੂੰ ਮੇਰਾ ਭਲਾ ਕਰੇਂਗਾ। 10ਮੈਂ ਪਿਆਰ ਦੇ ਸਾਰੇ ਵਿਖਾਵਿਆਂ ਅਤੇ ਵਫ਼ਾਦਾਰੀ ਦੇ ਯੋਗ ਨਹੀਂ ਹਾਂ ਜੋ ਤੂੰ ਮੇਰੇ ਲਈ ਕੀਤੀ ਹੈ। ਜਦੋਂ ਮੈਂ ਪਹਿਲੀ ਵਾਰੀ ਯਰਦਨ ਨਦੀ ਪਾਰ ਕਰਕੇ ਆਇਆ ਸੀ, ਮੇਰੇ ਕੋਲ ਆਪਣੀ ਤੁਰਨ ਵਾਲੀ ਛੜੀ ਤੋਂ ਇਲਾਵਾ ਕੁਝ ਵੀ ਨਹੀਂ ਸੀ। ਪਰ ਹੁਣ ਮੇਰੇ ਕੋਲ ਇੰਨਾ ਜ਼ਿਆਦਾ ਹੈ ਕਿ ਅਸੀਂ ਪੂਰੇ ਦੋ ਡੇਰੇ ਬਣਾ ਸੱਕਦੇ ਹਾਂ। 11ਮੈਂ ਤੁਹਾਡੇ ਪਾਸੋਂ ਇਹੀ ਮੰਗਦਾ ਹਾਂ ਕਿ ਮਿਹਰ ਕਰਕੇ ਮੈਨੂੰ ਮੇਰੇ ਭਰਾ ਕੋਲੋਂ ਬਚਾ ਲਵੋ। ਮੈਨੂੰ ਏਸਾਓ ਕੋਲੋਂ ਬਚਾ ਲਵੋ। ਮੈਂ ਉਸ ਕੋਲੋਂ ਡਰਦਾ ਹਾਂ। ਮੈਨੂੰ ਡਰ ਹੈ ਕਿ ਉਹ ਆਵੇਗਾ ਅਤੇ ਸਾਨੂੰ ਸਾਰਿਆਂ ਨੂੰ ਮਾਰ ਦੇਵੇਗਾ, ਮਾਵਾਂ ਅਤੇ ਬੱਚਿਆਂ ਨੂੰ ਵੀ। 12ਯਹੋਵਾਹ, ਤੂੰ ਮੈਨੂੰ ਆਖਿਆ ਸੀ, ‘ਮੈਂ ਤੇਰੇ ਉੱਤੇ ਨੇਕੀ ਕਰਾਂਗਾ। ਮੈਂ ਤੇਰੇ ਪਰਿਵਾਰ ਵਿੱਚ ਵਾਧਾ ਕਰਾਂਗਾ ਅਤੇ ਤੇਰੀ ਸੰਤਾਨ ਨੂੰ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨਾ ਕਰ ਦਿਆਂਗਾ। ਉਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸੱਕੇਗੀ।’”
13ਯਾਕੂਬ ਉਸ ਥਾਂ ਰਾਤ ਲਈ ਠਹਿਰ ਗਿਆ। ਯਾਕੂਬ ਨੇ ਏਸਾਓ ਨੂੰ ਸੁਗਾਤ ਵਜੋਂ ਦੇਣ ਲਈ ਕੁਝ ਚੀਜ਼ਾਂ ਤਿਆਰ ਕੀਤੀਆਂ। 14ਯਾਕੂਬ ਨੇ 200 ਬੱਕਰੀਆਂ ਅਤੇ 20 ਬੱਕਰੇ, 200 ਭੇਡਾਂ ਅਤੇ 20 ਭੇਡੂ ਚੁਣੇ। 15ਯਾਕੂਬ ਨੇ 30 ਊਠ ਅਤੇ ਉਨ੍ਹਾਂ ਦੇ ਬੱਚੇ, 40 ਗਊਆਂ ਅਤੇ 10 ਸੰਢੇ, 20 ਖੋਤੀਆਂ ਅਤੇ 10 ਖੋਤੇ ਚੁਣੇ। 16ਯਾਕੂਬ ਨੇ ਜਾਨਵਰਾਂ ਦਾ ਹਰ ਇੱਜੜ ਆਪਣੇ ਨੌਕਰਾਂ ਨੂੰ ਦੇ ਦਿੱਤਾ। ਫ਼ੇਰ ਯਾਕੂਬ ਨੇ ਆਪਣੇ ਨੌਕਰਾਂ ਨੂੰ ਆਖਿਆ, “ਜਾਨਵਰਾਂ ਦੇ ਹਰ ਇੱਜੜ ਵਿੱਚਕਾਰ ਇੱਕ ਨਿਸ਼ਚਿੰਤ ਜਗ਼੍ਹਾ ਛੱਡੋ। ਮੇਰੇ ਅੱਗੇ-ਅੱਗੇ ਚੱਲੋ ਅਤੇ ਹਰੇਕ ਇੱਜੜ ਦੇ ਵਿੱਚਕਾਰ ਵਿੱਥ ਬਣਾਕੇ ਰੱਖੋ।” 17ਯਾਕੂਬ ਨੇ ਉਨ੍ਹਾਂ ਨੂੰ ਹੁਕਮ ਦਿੱਤਾ। ਜਾਨਵਰਾਂ ਦੇ ਪਹਿਲੇ ਸਮੂਹ ਦੇ ਨੌਕਰ ਨੂੰ ਯਾਕੂਬ ਨੇ ਆਖਿਆ, “ਜਦੋਂ ਮੇਰਾ ਭਰਾ ਏਸਾਓ ਤੇਰੇ ਕੋਲ ਆਵੇ ਅਤੇ ਤੈਨੂੰ ਪੁੱਛੇ, ‘ਇਹ ਕਿਸਦੇ ਜਾਨਵਰ ਹਨ? ਤੂੰ ਕਿਧਰ ਜਾ ਰਿਹਾ ਹੈ? ਤੂੰ ਕਿਸਦਾ ਨੌਕਰ ਹੈ?’ 18ਤਾਂ ਤੈਨੂੰ ਜਵਾਬ ਦੇਣਾ ਚਾਹੀਦਾ ਹੈ, ‘ਇਹ ਜਾਨਵਰ ਤੁਹਾਡੇ ਸੇਵਕ ਯਾਕੂਬ ਦੇ ਹਨ। ਯਾਕੂਬ ਨੇ ਇਨ੍ਹਾਂ ਨੂੰ ਤੁਹਾਡੇ ਆਪਣੇ ਸੁਆਮੀ, ਏਸਾਓ ਲਈ ਘੱਲਿਆ ਹੈ। ਅਤੇ ਯਾਕੂਬ ਵੀ ਸਾਡੇ ਪਿੱਛੇ-ਪਿੱਛੇ ਆ ਰਿਹਾ ਹੈ।’”
19ਯਾਕੂਬ ਨੇ ਦੂਸਰੇ ਨੌਕਰ ਨੂੰ, ਤੀਜੇ ਨੌਕਰ ਅਤੇ ਹੋਰ ਸਾਰੇ ਨੌਕਰਾਂ ਨੂੰ ਇਹੀ ਗੱਲ ਕਰਨ ਦਾ ਹੁਕਮ ਦਿੱਤਾ। ਉਸ ਨੇ ਆਖਿਆ, “ਤੁਸੀਂ ਇਹੀ ਗੱਲ ਏਸਾਓ ਨਾਲ ਕਰੋਂਗੇ ਜਦੋਂ ਤੁਸੀਂ ਉਸ ਨੂੰ ਮਿਲੋ। 20ਤੁਸੀਂ ਆਖੋਂਗੇ, ‘ਇਹ ਤੁਹਾਡੇ ਵਾਸਤੇ ਸੁਗਾਤ ਹੈ ਅਤੇ ਤੁਹਾਡਾ ਸੇਵਕ ਯਾਕੂਬ ਸਾਡੇ ਪਿੱਛੇ ਆ ਰਿਹਾ ਹੈ।’”
ਯਾਕੂਬ ਨੇ ਸੋਚਿਆ, “ਜੇ ਮੈਂ ਇਨ੍ਹਾਂ ਆਦਮੀਆਂ ਨੂੰ ਸੁਗਾਤਾਂ ਦੇਕੇ ਅੱਗੇ-ਅੱਗੇ ਭੇਜਾਂ ਤਾਂ ਹੋ ਸੱਕਦਾ ਹੈ ਕਿ ਏਸਾਓ ਮੈਨੂੰ ਮਾਫ਼ ਕਰ ਦੇਵੇ ਅਤੇ ਮੈਨੂੰ ਪ੍ਰਵਾਨ ਕਰ ਲਵੇ।” 21ਇਸ ਲਈ ਯਾਕੂਬ ਨੇ ਏਸਾਓ ਨੂੰ ਸੁਗਾਤਾਂ ਘੱਲੀਆਂ। ਪਰ ਯਾਕੂਬ ਉਸ ਰਾਤ ਡੇਰੇ ਵਿੱਚ ਹੀ ਰਿਹਾ।
22ਉਸ ਰਾਤ, ਬਾਦ ਵਿੱਚ, ਯਾਕੂਬ ਉੱਠਿਆ ਅਤੇ ਉੱਥੋਂ ਚੱਲਿਆ ਗਿਆ। ਯਾਕੂਬ ਨੇ ਆਪਣੀਆਂ ਦੋਵੇਂ ਪਤਨੀਆਂ ਅਤੇ ਆਪਣੀਆਂ ਦੋਵੇਂ ਦਾਸੀਆਂ ਅਤੇ ਆਪਣੇ 11 ਪੁੱਤਰਾਂ ਨੂੰ ਨਾਲ ਲਿਆ ਅਤੇ ਯੱਬੋਕ ਨਦੀ ਨੂੰ ਚੌਰਾਹੇ ਨੂੰ ਪਾਰ ਕੀਤਾ। 23ਯਾਕੂਬ ਨੇ ਆਪਣੇ ਪਰਿਵਾਰ ਨੂੰ ਨਦੀਓ ਪਾਰ ਭੇਜ ਦਿੱਤਾ ਫ਼ੇਰ ਯਾਕੂਬ ਨੇ ਆਪਣੀ ਹਰ ਸ਼ੈਅ ਨਦੀ ਦੇ ਪਾਰ ਭੇਜ ਦਿੱਤੀ।
ਪਰਮੇਸ਼ੁਰ ਨਾਲ ਯੁੱਧ
24ਯਾਕੂਬ ਉਹ ਆਦਮੀ ਸੀ ਜਿਸਨੇ ਅਖੀਰ ਵਿੱਚ ਨਦੀ ਪਾਰ ਕੀਤੀ। ਪਰ ਇਸ ਤੋਂ ਪਹਿਲਾਂ ਕਿ ਉਹ ਨਦੀ ਪਾਰ ਕਰ ਸੱਕੇ, ਜਦੋਂ ਉਹ ਹਾਲੇ ਇਕੱਲਾ ਹੀ ਸੀ, ਤਾਂ ਇੱਕ ਆਦਮੀ ਉਸ ਨਾਲ ਘੁਲਣ ਲੱਗਾ। ਉਹ ਆਦਮੀ ਸੂਰਜ ਨਿਕਲਣ ਤੱਕ ਉਸ ਨਾਲ ਲੜਦਾ ਰਿਹਾ। 25ਆਦਮੀ ਨੇ ਦੇਖਿਆ ਕਿ ਉਹ ਯਾਕੂਬ ਨੂੰ ਨਹੀਂ ਹਰਾ ਸੱਕਦਾ ਸੀ, ਉਸ ਨੇ ਯਾਕੂਬ ਦੀ ਲੱਤ ਛੋਹੀ। ਇਸ ਲਈ ਯਾਕੂਬ ਦੀ ਲੱਤ ਦਾ ਜੋੜ ਹਿੱਲ ਗਿਆ ਕਿਉਂ ਜੋ ਉਸ ਨੇ ਉਸ ਨਾਲ ਘੋਲ ਕੀਤਾ ਸੀ।
26ਫ਼ੇਰ ਆਦਮੀ ਨੇ ਯਾਕੂਬ ਨੂੰ ਆਖਿਆ, “ਮੈਨੂੰ ਜਾਣ ਦੇਹ। ਸੂਰਜ ਨਿਕਲ ਰਿਹਾ ਹੈ।”
ਪਰ ਯਾਕੂਬ ਨੇ ਆਖਿਆ, “ਮੈਂ ਤੈਨੂੰ ਨਹੀਂ ਜਾਣ ਦਿਆਂਗਾ। ਤੂੰ ਮੈਨੂੰ ਅਸੀਸ ਦੇਹ।”
27ਅਤੇ ਉਸ ਆਦਮੀ ਨੇ ਉਸ ਨੂੰ ਆਖਿਆ, “ਤੇਰਾ ਨਾਮ ਕੀ ਹੈ?”
ਅਤੇ ਯਾਕੂਬ ਨੇ ਆਖਿਆ, “ਮੇਰਾ ਨਾਮ ਯਾਕੂਬ ਹੈ।”
28ਫ਼ੇਰ ਉਸ ਆਦਮੀ ਨੇ ਆਖਿਆ, “ਤੇਰਾ ਨਾਮ ਯਾਕੂਬ ਨਹੀਂ ਰਹੇਗਾ। ਤੇਰਾ ਨਾਂ ਹੁਣ ਤੋਂ ਇਸਰਾਏਲ ਹੋਵੇਗਾ। ਮੈਂ ਤੈਨੂੰ ਇਹ ਨਾਮ ਇਸ ਲਈ ਦਿੰਦਾ ਹਾਂ ਕਿਉਂਕਿ ਤੂੰ ਪਰਮੇਸ਼ੁਰ ਨਾਲ ਵੀ ਲੜਿਆ ਹੈਂ ਅਤੇ ਬੰਦਿਆਂ ਨਾਲ ਵੀ ਪਰ ਤੈਨੂੰ ਹਰਾਇਆ ਨਹੀਂ ਜਾ ਸੱਕਿਆ।”
29ਫ਼ੇਰ ਯਾਕੂਬ ਨੇ ਉਸ ਨੂੰ ਪੁੱਛਿਆ, “ਕਿਰਪਾ ਕਰਕੇ ਮੈਨੂੰ ਆਪਣਾ ਨਾਮ ਦੱਸੋ।”
ਪਰ ਉਸ ਆਦਮੀ ਨੇ ਆਖਿਆ, “ਤੂੰ ਮੇਰਾ ਨਾਮ ਕਿਉਂ ਪੁੱਛਦਾ ਹੈਂ?” ਉਸ ਸਮੇਂ ਉਸ ਆਦਮੀ ਨੇ ਯਾਕੂਬ ਨੂੰ ਅਸੀਸ ਦਿੱਤੀ।
30ਇਸੇ ਲਈ ਯਾਕੂਬ ਨੇ ਉਸ ਥਾਂ ਦਾ ਨਾਮ ਪਨੀਏਲ ਰੱਖਿਆ। ਯਾਕੂਬ ਨੇ ਆਖਿਆ, “ਇਸ ਥਾਂ ਉੱਤੇ ਮੈਂ ਪਰਮੇਸ਼ੁਰ ਨੂੰ ਆਮ੍ਹੋ-ਸਾਹਮਣੇ ਵੇਖਿਆ ਅਤੇ ਮੇਰੀ ਜਾਨ ਬਖਸ਼ੀ ਗਈ।” 31ਫ਼ੇਰ ਸੂਰਜ ਚੜ੍ਹ ਆਇਆ ਜਦੋਂ ਉਹ ਪੇਨੀਏਲ ਕੋਲੋਂ ਹੋਕੇ ਲੰਘਿਆ। ਯਾਕੂਬ ਆਪਣੀ ਲੱਤ ਕਾਰਣ ਲੰਗੜਾਕੇ ਤੁਰ ਰਿਹਾ ਸੀ। 32ਇਸ ਲਈ ਅੱਜ ਵੀ ਇਸਰਾਏਲ ਦੇ ਲੋਕ ਪੱਟ ਦੇ ਜੋੜ ਵਾਲੇ ਪਠੇ ਦਾ ਮਾਸ ਨਹੀਂ ਖਾਂਦੇ ਕਿਉਂਕਿ ਇਹੀ ਉਹ ਪੱਠਾ ਹੈ ਜਿੱਥੇ ਯਾਕੂਬ ਜ਼ਖਮੀ ਹੋਇਆ ਸੀ।
Valgt i Øjeblikket:
ਉਤਪਤ 32: PERV
Markering
Del
Kopiér

Vil du have dine markeringer gemt på tværs af alle dine enheder? Tilmeld dig eller log ind
Punjabi Holy Bible: Easy-to-Read Version
All rights reserved.
© 2002 Bible League International