ਉਤਪਤ 23

23
ਸਾਰਾਹ ਦੀ ਮੌਤ
1ਸਾਰਾਹ 127 ਵਰ੍ਹੇ ਜੀਵੀ। 2ਉਸ ਦਾ ਦੇਹਾਂਤ ਕਨਾਨ ਦੀ ਧਰਤੀ ਉੱਤੇ ਕਿਰਿਯਤ ਅਰਬਾ (ਹਬਰੋਨ) ਦੇ ਸ਼ਹਿਰ ਵਿੱਚ ਹੋਇਆ। ਅਬਰਾਹਾਮ ਬਹੁਤ ਉਦਾਸ ਹੋ ਗਿਆ ਅਤੇ ਉੱਥੇ ਉਸ ਲਈ ਰੋਂਦਾ ਰਿਹਾ। 3ਫ਼ੇਰ ਅਬਰਾਹਾਮ ਨੇ ਆਪਣੀ ਮ੍ਰਿਤ ਪਤਨੀ ਨੂੰ ਛੱਡ ਦਿੱਤਾ ਅਤੇ ਹਿੱਤੀ ਲੋਕਾਂ ਨਾਲ ਗੱਲ ਕਰਨ ਲਈ ਚੱਲਾ ਗਿਆ। ਉਸ ਨੇ ਆਖਿਆ, 4“ਮੈਂ ਤੁਹਾਡੇ ਦੇਸ਼ ਵਿੱਚ ਰਹਿਣ ਵਾਲਾ ਸਿਰਫ਼ ਇੱਕ ਮੁਸਾਫ਼ਰ ਹਾਂ। ਮੇਰੇ ਕੋਲ ਆਪਣੀ ਪਤਨੀ ਨੂੰ ਦਫ਼ਨ ਕਰਨ ਲਈ ਕੋਈ ਥਾਂ ਨਹੀਂ। ਕਿਰਪਾ ਕਰਕੇ ਮੈਨੂੰ ਕੁਝ ਥਾਂ ਦਿਉ ਤਾਂ ਜੋ ਮੈਂ ਆਪਣੀ ਪਤਨੀ ਨੂੰ ਦਫ਼ਨਾ ਸੱਕਾਂ।”
5ਹਿੱਤੀ ਲੋਕਾਂ ਨੇ ਅਬਰਾਹਾਮ ਨੂੰ ਜਵਾਬ ਦਿੱਤਾ, 6“ਸ਼੍ਰੀ ਮਾਨ ਜੀ, ਤੁਸੀਂ ਤਾਂ ਸਾਡੇ ਦਰਮਿਆਨ ਪਰਮੇਸ਼ੁਰ ਦੇ ਮਹਾਨ ਆਗੂਆਂ ਵਿੱਚੋਂ ਇੱਕ ਹੋ। ਤੁਸੀਂ ਤਾਂ ਸਾਡੀ ਸਭ ਤੋਂ ਚੰਗੀ ਜ਼ਮੀਨ ਆਪਣੇ ਮੁਰਦੇ ਨੂੰ ਦਫ਼ਨ ਕਰਨ ਲਈ ਲੈ ਸੱਕਦੇ ਹੋ। ਤੁਸੀਂ ਸਾਡੇ ਕਿਸੇ ਵੀ ਕਬਰਸਤਾਨ ਵਿੱਚ ਕੋਈ ਵੀ ਥਾਂ ਲੈ ਸੱਕਦੇ ਹੋ ਜੋ ਤੁਸੀਂ ਚਾਹੋਂ। ਸਾਡੇ ਵਿੱਚੋਂ ਕੋਈ ਵੀ ਤੁਹਾਨੂੰ ਆਪਣੀ ਪਤਨੀ ਨੂੰ ਉੱਥੇ ਦਫ਼ਨਾਉਣ ਤੋਂ ਨਹੀਂ ਰੋਕੇਗਾ।”
7ਅਬਰਾਹਾਮ ਉੱਠ ਖਲੋਤਾ ਅਤੇ ਹਿੱਤੀ ਲੋਕਾਂ ਦੇ ਸਾਹਮਣੇ ਝੁਕ ਗਿਆ। 8ਅਬਰਾਹਾਮ ਨੇ ਉਨ੍ਹਾਂ ਨੂੰ ਆਖਿਆ, “ਜੇ ਤੁਸੀਂ ਸੱਚਮੁੱਚ ਮੇਰੀ ਪਤਨੀ ਨੂੰ ਦਫ਼ਨਾਉਣ ਵਿੱਚ ਮੇਰੀ ਸਹਾਇਤਾ ਕਰਨਾ ਚਾਹੁੰਦੇ ਹੋ ਤਾਂ ਮੇਰੇ ਲਈ ਸੋਹਰ ਦੇ ਪੁੱਤਰ ਅਫ਼ਰੋਨ ਨਾਲ ਗੱਲ ਕਰੋ। 9ਮੈਂ ਅਫ਼ਰੋਨ ਦੀ ਮਕਫ਼ੇਲਾਹ ਵਾਲੀ ਗੁਫ਼ਾ ਖਰੀਦਣੀ ਚਾਹੁੰਦਾ ਹਾਂ। ਇਹ ਉਸ ਦੇ ਖੇਤ ਦੇ ਸਿਰੇ ਉੱਤੇ ਹੈ। ਮੈਂ ਉਸ ਨੂੰ ਇਸਦੀ ਪੂਰੀ ਕੀਮਤ ਦਿਆਂਗਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਗਵਾਹ ਹੋਵੋਂ ਕਿ ਮੈਂ ਇਸ ਨੂੰ ਕਬਰਸਤਾਨ ਵਜੋਂ ਖਰੀਦਿਆ।”
10ਅਫ਼ਰੋਨ ਉੱਥੇ ਲੋਕਾਂ ਵਿੱਚਕਾਰ ਬੈਠਾ ਹੋਇਆ ਸੀ। ਅਫ਼ਰੋਨ ਨੇ ਅਬਰਾਹਾਮ ਨੂੰ ਉੱਚੀ ਆਵਾਜ਼ ਵਿੱਚ ਜਵਾਬ ਦਿੱਤਾ, ਤਾਂ ਜੋ ਉੱਥੇ ਸ਼ਹਿਰ ਦੇ ਫ਼ਾਟਕ ਕੋਲ ਬੈਠਾ ਹਰ ਕੋਈ ਉਸ ਨੂੰ ਸੁਣ ਸੱਕੇ। 11“ਨਹੀਂ, ਸ਼੍ਰੀ ਮਾਨ ਜੀ। ਮੈਂ ਇੱਥੇ ਆਪਣੇ ਸਾਰੇ ਲੋਕਾਂ ਸਾਹਮਣੇ ਤੁਹਾਨੂੰ ਉਹ ਜ਼ਮੀਨ ਦਿੰਦਾ ਹਾਂ ਜਿਸ ਉੱਤੇ ਇਹ ਗੁਫ਼ਾ ਹੈ, ਤਾਂ ਜੋ ਤੁਸੀਂ ਉੱਥੇ ਆਪਣੀ ਪਤਨੀ ਨੂੰ ਦਫ਼ਨਾ ਸੱਕੋਂ।”
12ਅਬਰਾਹਾਮ ਹਿੱਤੀ ਲੋਕਾਂ ਦੇ ਸਾਹਮਣੇ ਧਰਤੀ ਉੱਤੇ ਝੁਕ ਗਿਆ। 13ਅਬਰਾਹਾਮ ਨੇ ਅਫ਼ਰੋਨ ਨੂੰ ਸਮੂਹ ਲੋਕਾਂ ਦੇ ਸਾਹਮਣੇ ਆਖਿਆ, “ਪਰ ਮੈਂ ਤੁਹਾਨੂੰ ਉਸ ਖੇਤ ਦੀ ਪੂਰੀ ਕੀਮਤ ਅਦਾ ਕਰਨਾ ਚਾਹੁੰਦਾ ਹਾਂ। ਮੇਰੇ ਪੈਸੇ ਨੂੰ ਪ੍ਰਵਾਨ ਕਰੋ, ਅਤੇ ਮੈਂ ਆਪਣੇ ਮੁਰਦੇ ਨੂੰ ਦਫ਼ਨਾ ਦਿਆਂਗਾ।”
14ਅਫ਼ਰੋਨ ਨੇ ਅਬਰਾਹਾਮ ਨੂੰ ਜਵਾਬ ਦਿੱਤਾ, 15“ਸ਼੍ਰੀਮਾਨ ਜੀ, ਮੇਰੀ ਗੱਲ ਸੁਣੋ। ਚਾਂਦੀ ਦੇ ਦਸ ਪੌਂਡ ਤੁਹਾਡੇ ਜਾਂ ਮੇਰੇ ਲਈ ਕੁਝ ਵੀ ਨਹੀਂ। ਥਾਂ ਲੈ ਲਵੋ ਅਤੇ ਆਪਣੀ ਮ੍ਰਿਤ ਪਤਨੀ ਨੂੰ ਦਫ਼ਨਾ ਦਿਉ।”
16ਅਬਰਾਹਾਮ ਅਫ਼ਰੋਨ ਦੀਆਂ ਸ਼ਰਤਾਂ ਨਾਲ ਰਾਜ਼ੀ ਹੋ ਗਿਆ। ਅਬਰਾਹਾਮ ਨੇ ਕਾਰੋਬਾਰੀਆਂ ਦੇ ਪ੍ਰਮਾਣਿਕ ਤੋਲਾਂ ਅਨੁਸਾਰ ਅਫ਼ਰੋਨ ਲਈ ਦਸ ਪੌਂਡ ਚਾਂਦੀ ਤੋਲ ਦਿੱਤੀ।
17-18ਇਸ ਤਰ੍ਹਾਂ, ਅਫ਼ਰੋਨ ਦੀ ਜ਼ਮੀਨ ਦੀ ਮਾਲਕੀ ਬਦਲ ਗਈ। ਇਹ ਜ਼ਮੀਨ ਮਮਰੇ ਦੇ ਨੇੜੇ, ਮਕਫ਼ੇਲਾਹ ਵਿੱਚ ਸੀ। ਅਬਰਾਹਮ ਉਸ ਜ਼ਮੀਨ, ਇਸ ਉਤਲੀ ਗੁਫ਼ਾ ਅਤੇ ਇਸ ਉਤਲੇ ਸਾਰੇ ਦ੍ਰੱਖਤਾਂ ਦਾ ਮਾਲਕ ਬਣ ਗਿਆ। ਨਗਰ ਦੇ ਸਾਰੇ ਲੋਕਾਂ ਨੇ ਅਫ਼ਰੋਨ ਅਤੇ ਅਬਰਾਹਾਮ ਵਿੱਚਕਾਰ ਹੋਏ ਸੌਦੇ ਨੂੰ ਦੇਖਿਆ। 19ਇਸ ਤੋਂ ਮਗਰੋਂ, ਅਬਰਾਹਾਮ ਨੇ ਆਪਣੀ ਪਤਨੀ ਨੂੰ ਮਕਫ਼ੇਲਾਹ ਦੇ ਖੇਤ ਉਤਲੀ ਗੁਫ਼ਾ ਵਿੱਚ, ਮਮਰੇ ਦੇ ਨੇੜੇ (ਹੁਣ ਹਬਰੋਨ ਕਹਾਉਂਦੇ) ਕਨਾਨ ਦੀ ਜ਼ਮੀਨ ਵਿੱਚ ਦਫ਼ਨਾ ਦਿੱਤਾ। 20ਅਬਰਾਹਾਮ ਨੇ ਗੁਫ਼ਾ ਸਮੇਤ ਖੇਤ ਨੂੰ ਹਿੱਤੀ ਲੋਕਾਂ ਪਾਸੋਂ ਖਰੀਦ ਲਿਆ। ਇਹ ਉਸ ਦੀ ਜ਼ਾਇਦਾਦ ਬਣ ਗਈ ਅਤੇ ਉਸ ਨੇ ਇਸਦੀ ਵਰਤੋਂ ਕਬਰਸਤਾਨ ਵਜੋਂ ਕੀਤੀ।

Valgt i Øjeblikket:

ਉਤਪਤ 23: PERV

Markering

Del

Kopiér

None

Vil du have dine markeringer gemt på tværs af alle dine enheder? Tilmeld dig eller log ind