Logo YouVersion
Ikona vyhledávání

ਮੱਤੀ 8

8
ਪ੍ਰਭੂ ਯਿਸੂ ਇੱਕ ਕੋੜ੍ਹੀ ਨੂੰ ਚੰਗਾ ਕਰਦੇ ਹਨ
(ਮਰਕੁਸ 1:40-45, ਲੂਕਾ 5:12-16)
1ਇਸ ਦੇ ਬਾਅਦ ਯਿਸੂ ਪਹਾੜ ਤੋਂ ਉਤਰ ਕੇ ਹੇਠਾਂ ਆਏ । ਉਹਨਾਂ ਦੇ ਪਿੱਛੇ ਬਹੁਤ ਵੱਡੀ ਭੀੜ ਲੱਗ ਗਈ । 2ਉਸ ਸਮੇਂ ਉਹਨਾਂ ਦੇ ਕੋਲ ਇੱਕ ਕੋੜ੍ਹੀ ਆਇਆ । ਉਸ ਕੋੜ੍ਹੀ ਨੇ ਯਿਸੂ ਦੇ ਸਾਹਮਣੇ ਝੁੱਕ ਕੇ ਮੱਥਾ ਟੇਕਿਆ ਅਤੇ ਬੇਨਤੀ ਕੀਤੀ, “ਪ੍ਰਭੂ ਜੀ, ਜੇਕਰ ਤੁਸੀਂ ਚਾਹੋ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ ।” 3ਯਿਸੂ ਨੇ ਆਪਣਾ ਹੱਥ ਅੱਗੇ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਤੂੰ ਸ਼ੁੱਧ ਹੋ ਜਾ ।” ਉਸ ਆਦਮੀ ਦਾ ਕੋੜ੍ਹ ਉਸੇ ਸਮੇਂ ਦੂਰ ਹੋ ਗਿਆ । 4#ਲੇਵੀ 14:1-32ਫਿਰ ਯਿਸੂ ਨੇ ਉਸ ਨੂੰ ਕਿਹਾ, “ਕਿਸੇ ਨੂੰ ਇਸ ਬਾਰੇ ਕੁਝ ਨਾ ਦੱਸਣਾ । ਪਰ ਜਾ ਕੇ ਆਪਣੇ ਆਪ ਨੂੰ ਪੁਰੋਹਿਤ ਨੂੰ ਦਿਖਾ ਅਤੇ ਜੋ ਚੜ੍ਹਾਵਾ ਮੂਸਾ ਨੇ ਚੰਗਾ ਹੋਣ ਦੇ ਲਈ ਠਹਿਰਾਇਆ ਹੈ, ਜਾ ਕੇ ਚੜ੍ਹਾ । ਇਸ ਤੋਂ ਸਾਰੇ ਲੋਕ ਜਾਨਣਗੇ ਕਿ ਤੂੰ ਹੁਣ ਠੀਕ ਹੋ ਗਿਆ ਹੈਂ ।”
ਪ੍ਰਭੂ ਯਿਸੂ ਇੱਕ ਸੂਬੇਦਾਰ ਦੇ ਸੇਵਕ ਨੂੰ ਚੰਗਾ ਕਰਦੇ ਹਨ
(ਲੂਕਾ 7:1-10)
5ਯਿਸੂ ਕਫ਼ਰਨਾਹੂਮ ਸ਼ਹਿਰ ਵਿੱਚ ਆਏ, ਉੱਥੇ ਉਹਨਾਂ ਦੇ ਕੋਲ ਇੱਕ ਸੂਬੇਦਾਰ ਨੇ ਆ ਕੇ ਬੇਨਤੀ ਕੀਤੀ, 6“ਸ੍ਰੀਮਾਨ ਜੀ, ਮੇਰੇ ਸੇਵਕ ਨੂੰ ਅਧਰੰਗ ਦਾ ਰੋਗ ਹੈ । ਉਹ ਘਰ ਵਿੱਚ ਹੈ । ਉਸ ਦਾ ਬਹੁਤ ਬੁਰਾ ਹਾਲ ਹੈ ।” 7ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਜਾ ਕੇ ਉਸ ਨੂੰ ਚੰਗਾ ਕਰ ਦੇਵਾਂਗਾ ।” 8ਪਰ ਉਸ ਸੂਬੇਦਾਰ ਨੇ ਕਿਹਾ, “ਨਹੀਂ, ਸ੍ਰੀਮਾਨ ਜੀ, ਮੈਂ ਇਸ ਯੋਗ ਨਹੀਂ ਹਾਂ ਕਿ ਤੁਸੀਂ ਮੇਰੇ ਘਰ ਆਵੋ । ਬਸ, ਤੁਸੀਂ ਇੱਕ ਸ਼ਬਦ ਹੀ ਕਹਿ ਦਿਓ ਤਾਂ ਮੇਰਾ ਸੇਵਕ ਚੰਗਾ ਹੋ ਜਾਵੇਗਾ । 9ਮੈਂ ਆਪ ਵੀ ਅਧਿਕਾਰੀਆਂ ਦੇ ਅਧੀਨ ਹਾਂ ਅਤੇ ਮੇਰੇ ਅਧਿਕਾਰ ਵਿੱਚ ਵੀ ਸਿਪਾਹੀ ਹਨ । ਜਿਸ ਸਿਪਾਹੀ ਨੂੰ ਮੈਂ ਹੁਕਮ ਦਿੰਦਾ ਹਾਂ, ‘ਜਾ’ ਤਾਂ ਉਹ ਜਾਂਦਾ ਹੈ ਅਤੇ ਜਿਸ ਨੂੰ ਕਹਿੰਦਾ ਹਾਂ, ‘ਆ’ ਤਾਂ ਉਹ ਆਉਂਦਾ ਹੈ । ਇਸੇ ਤਰ੍ਹਾਂ ਮੈਂ ਆਪਣੇ ਸੇਵਕ ਨੂੰ ਕਹਿੰਦਾ ਹਾਂ ‘ਇਹ ਕਰ’ ਤਾਂ ਉਹ ਕਰਦਾ ਹੈ ।” 10ਯਿਸੂ ਇਹ ਸੁਣ ਕੇ ਸੂਬੇਦਾਰ ਦੇ ਵਿਸ਼ਵਾਸ ਉੱਤੇ ਹੈਰਾਨ ਰਹਿ ਗਏ । ਇਸ ਲਈ ਉਹਨਾਂ ਨੇ ਆਪਣੇ ਪਿੱਛੇ ਆਉਣ ਵਾਲਿਆਂ ਨੂੰ ਕਿਹਾ, “ਇਹ ਸੱਚ ਹੈ ਕਿ ਇਸ ਤਰ੍ਹਾਂ ਦਾ ਵਿਸ਼ਵਾਸ ਮੈਂ ਇਸਰਾਏਲ ਵਿੱਚ ਨਹੀਂ ਦੇਖਿਆ । 11#ਲੂਕਾ 13:29ਮੈਂ ਤੁਹਾਨੂੰ ਕਹਿੰਦਾ ਹਾਂ, ਬਹੁਤ ਸਾਰੇ ਲੋਕ ਪੂਰਬ ਅਤੇ ਪੱਛਮ ਤੋਂ ਆਉਣਗੇ ਅਤੇ ਅਬਰਾਹਾਮ, ਇਸਹਾਕ, ਅਤੇ ਯਾਕੂਬ ਦੇ ਨਾਲ ਬੈਠ ਕੇ ਪਰਮੇਸ਼ਰ ਦੇ ਰਾਜ ਵਿੱਚ ਭੋਜਨ ਕਰਨਗੇ । 12#ਮੱਤੀ 22:13, 25:30, ਲੂਕਾ 13:28ਪਰ ਰਾਜ ਦੇ ਅਸਲ ਅਧਿਕਾਰੀ ਬਾਹਰ ਹਨੇਰੇ ਵਿੱਚ ਸੁੱਟ ਦਿੱਤੇ ਜਾਣਗੇ ਜਿੱਥੇ ਰੋਣਾ ਅਤੇ ਦੰਦਾਂ ਦਾ ਪੀਹਣਾ ਹੋਵੇਗਾ ।” 13ਫਿਰ ਯਿਸੂ ਨੇ ਸੂਬੇਦਾਰ ਨੂੰ ਕਿਹਾ, “ਜਾ, ਤੇਰੇ ਵਿਸ਼ਵਾਸ ਦੇ ਅਨੁਸਾਰ ਤੇਰੇ ਨਾਲ ਕੀਤਾ ਜਾਵੇਗਾ ।” ਉਸ ਦਾ ਸੇਵਕ ਉਸੇ ਘੜੀ ਚੰਗਾ ਹੋ ਗਿਆ ।
ਪ੍ਰਭੂ ਯਿਸੂ ਬਹੁਤ ਸਾਰੇ ਬਿਮਾਰਾਂ ਨੂੰ ਚੰਗਾ ਕਰਦੇ ਹਨ
(ਮਰਕੁਸ 1:29-34, ਲੂਕਾ 4:38-41)
14ਫਿਰ ਯਿਸੂ ਪਤਰਸ ਦੇ ਘਰ ਆਏ । ਉੱਥੇ ਉਹਨਾਂ ਨੇ ਪਤਰਸ ਦੀ ਸੱਸ ਨੂੰ ਦੇਖਿਆ ਜਿਹੜੀ ਬੁਖ਼ਾਰ ਦੇ ਕਾਰਨ ਮੰਜੀ ਦੇ ਉੱਤੇ ਲੇਟੀ ਹੋਈ ਸੀ । 15ਇਸ ਲਈ ਯਿਸੂ ਨੇ ਉਸ ਦੇ ਹੱਥ ਨੂੰ ਛੂਹਿਆ, ਉਸ ਦਾ ਬੁਖ਼ਾਰ ਉਸੇ ਸਮੇਂ ਉਤਰ ਗਿਆ ਅਤੇ ਉਹ ਉੱਠ ਕੇ ਉਹਨਾਂ ਦੀ ਸੇਵਾ ਕਰਨ ਲੱਗੀ ।
16ਜਦੋਂ ਸ਼ਾਮ ਹੋਈ ਤਾਂ ਲੋਕ ਬਹੁਤ ਸਾਰੇ ਲੋਕਾਂ ਨੂੰ ਯਿਸੂ ਕੋਲ ਲਿਆਏ, ਜਿਹਨਾਂ ਵਿੱਚ ਅਸ਼ੁੱਧ ਆਤਮਾਵਾਂ ਸਨ । ਯਿਸੂ ਨੇ ਅਸ਼ੁੱਧ ਆਤਮਾਵਾਂ ਨੂੰ ਇੱਕ ਹੀ ਸ਼ਬਦ ਨਾਲ ਕੱਢ ਦਿੱਤਾ ਅਤੇ ਬਹੁਤ ਸਾਰੇ ਬਿਮਾਰਾਂ ਨੂੰ ਵੀ ਚੰਗਾ ਕੀਤਾ । 17#ਯਸਾ 53:4ਇਹ ਕਰ ਕੇ ਯਿਸੂ ਨੇ ਯਸਾਯਾਹ ਨਬੀ ਦੇ ਇਹਨਾਂ ਸ਼ਬਦਾਂ ਨੂੰ ਸੱਚਾ ਸਿੱਧ ਕੀਤਾ,
“ਉਸ ਨੇ ਆਪ ਸਾਡੀਆਂ ਕਮਜ਼ੋਰੀਆਂ ਨੂੰ ਲੈ ਲਿਆ,
ਉਸ ਨੇ ਆਪ ਸਾਡੀਆਂ ਬਿਮਾਰੀਆਂ ਨੂੰ ਚੁੱਕ ਲਿਆ ।”
ਪ੍ਰਭੂ ਯਿਸੂ ਦੇ ਪਿੱਛੇ ਚੱਲਣ ਦਾ ਮੁੱਲ
(ਲੂਕਾ 9:57-62)
18ਯਿਸੂ ਨੇ ਆਪਣੇ ਆਲੇ-ਦੁਆਲੇ ਇੱਕ ਵੱਡੀ ਭੀੜ ਦੇਖੀ । ਇਸ ਲਈ ਉਹਨਾਂ ਨੇ ਝੀਲ ਦੇ ਦੂਜੇ ਪਾਸੇ ਜਾਣ ਦਾ ਹੁਕਮ ਦਿੱਤਾ । 19ਉਸ ਵੇਲੇ ਉਹਨਾਂ ਕੋਲ ਇੱਕ ਵਿਵਸਥਾ ਦਾ ਸਿੱਖਿਅਕ ਆਇਆ ਅਤੇ ਕਹਿਣ ਲੱਗਾ, “ਗੁਰੂ ਜੀ, ਤੁਸੀਂ ਜਿੱਥੇ ਵੀ ਜਾਵੋਗੇ, ਮੈਂ ਤੁਹਾਡੇ ਪਿੱਛੇ ਜਾਵਾਂਗਾ ।” 20ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਲੂੰਬੜੀਆਂ ਦੇ ਰਹਿਣ ਲਈ ਘੁਰਨੇ ਹਨ, ਅਕਾਸ਼ ਦੇ ਪੰਛੀਆਂ ਕੋਲ ਆਪਣੇ ਆਲ੍ਹਣੇ ਹਨ, ਪਰ ਮਨੁੱਖ ਦੇ ਪੁੱਤਰ ਕੋਲ ਸਿਰ ਰੱਖਣ ਲਈ ਵੀ ਥਾਂ ਨਹੀਂ ਹੈ ।” 21ਇੱਕ ਦੂਜੇ ਆਦਮੀ ਨੇ ਜਿਹੜਾ ਉਹਨਾਂ ਦੇ ਚੇਲਿਆਂ ਵਿੱਚੋਂ ਇੱਕ ਸੀ, ਕਿਹਾ, “ਪ੍ਰਭੂ ਜੀ, ਪਹਿਲਾਂ ਮੈਨੂੰ ਆਗਿਆ ਦਿਓ ਕਿ ਮੈਂ ਜਾ ਕੇ ਆਪਣੇ ਪਿਤਾ ਨੂੰ ਦਫ਼ਨਾ ਆਵਾਂ ।” 22ਪਰ ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਤੂੰ ਮੇਰੇ ਪਿੱਛੇ ਚੱਲ ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਦਫ਼ਨ ਕਰਨ ਦੇ ।”
ਪ੍ਰਭੂ ਯਿਸੂ ਤੂਫ਼ਾਨ ਨੂੰ ਸ਼ਾਂਤ ਕਰਦੇ ਹਨ
(ਮਰਕੁਸ 4:35-41, ਲੂਕਾ 8:22-25)
23ਇਸ ਦੇ ਬਾਅਦ ਯਿਸੂ ਚੇਲਿਆਂ ਦੇ ਨਾਲ ਕਿਸ਼ਤੀ ਵਿੱਚ ਚੜ੍ਹ ਗਏ । 24ਉਸ ਸਮੇਂ ਅਚਾਨਕ ਝੀਲ ਵਿੱਚ ਇੱਕ ਵੱਡਾ ਤੂਫ਼ਾਨ ਆ ਗਿਆ । ਇੱਥੋਂ ਤੱਕ ਕਿ ਕਿਸ਼ਤੀ ਲਹਿਰਾਂ ਦੇ ਵਿੱਚ ਲੁਕਦੀ ਜਾ ਰਹੀ ਸੀ । ਪਰ ਯਿਸੂ ਸੁੱਤੇ ਹੋਏ ਸਨ । 25ਇਸ ਲਈ ਚੇਲੇ ਯਿਸੂ ਕੋਲ ਆਏ ਅਤੇ ਉਹਨਾਂ ਨੂੰ ਜਗਾ ਕੇ ਕਿਹਾ, “ਪ੍ਰਭੂ ਜੀ, ਸਾਨੂੰ ਬਚਾਓ, ਅਸੀਂ ਨਾਸ਼ ਹੋ ਚੱਲੇ ਹਾਂ !” 26ਪ੍ਰਭੂ ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਕਿਉਂ ਇੰਨੇ ਡਰੇ ਹੋਏ ਹੋ ? ਤੁਹਾਡਾ ਵਿਸ਼ਵਾਸ ਬਹੁਤ ਘੱਟ ਹੈ ।” ਫਿਰ ਯਿਸੂ ਉੱਠੇ ਅਤੇ ਹਨੇਰੀ ਅਤੇ ਲਹਿਰਾਂ ਨੂੰ ਝਿੜਕਿਆ । ਉਸੇ ਸਮੇਂ ਉੱਥੇ ਸ਼ਾਂਤ ਵਾਤਾਵਰਨ ਹੋ ਗਿਆ । 27ਤਦ ਸਾਰੇ ਹੈਰਾਨ ਰਹਿ ਗਏ । ਉਹ ਕਹਿਣ ਲੱਗੇ, “ਇਹ ਕਿਸ ਤਰ੍ਹਾਂ ਦੇ ਮਨੁੱਖ ਹਨ ? ਇਹਨਾਂ ਦਾ ਕਹਿਣਾ ਤਾਂ ਹਨੇਰੀ ਅਤੇ ਲਹਿਰਾਂ ਵੀ ਮੰਨਦੀਆਂ ਹਨ !”
ਪ੍ਰਭੂ ਯਿਸੂ ਦੋ ਅਸ਼ੁੱਧ ਆਤਮਾਵਾਂ ਵਾਲੇ ਆਦਮੀਆਂ ਨੂੰ ਚੰਗਾ ਕਰਦੇ ਹਨ
(ਮਰਕੁਸ 5:1-20, ਲੂਕਾ 8:26-39)
28ਫਿਰ ਯਿਸੂ ਝੀਲ ਦੇ ਦੂਜੇ ਪਾਸੇ ਗਦਰੀਨੀਆ ਦੇ ਇਲਾਕੇ ਵਿੱਚ ਆਏ । ਉੱਥੇ ਉਹਨਾਂ ਨੂੰ ਦੋ ਆਦਮੀ ਮਿਲੇ, ਜਿਹੜੇ ਕਬਰਸਤਾਨ ਵਿੱਚੋਂ ਨਿੱਕਲ ਕੇ ਆਏ ਸਨ । ਇਹਨਾਂ ਆਦਮੀਆਂ ਵਿੱਚ ਅਸ਼ੁੱਧ ਆਤਮਾਵਾਂ ਸਨ । ਇਹ ਬਹੁਤ ਖ਼ਤਰਨਾਕ ਸਨ । ਇਸ ਲਈ ਕੋਈ ਵੀ ਉਸ ਰਾਹ ਤੋਂ ਨਹੀਂ ਲੰਘ ਸਕਦਾ ਸੀ । 29ਉਹਨਾਂ ਦੋਨਾਂ ਨੇ ਚੀਕ ਕੇ ਕਿਹਾ, “ਹੇ ਪਰਮੇਸ਼ਰ ਦੇ ਪੁੱਤਰ, ਤੁਹਾਡਾ ਸਾਡੇ ਨਾਲ ਕੀ ਕੰਮ ? ਕੀ ਤੁਸੀਂ ਠਹਿਰਾਏ ਹੋਏ ਸਮੇਂ ਤੋਂ ਪਹਿਲਾਂ ਹੀ ਸਾਡਾ ਨਾਸ਼ ਕਰਨ ਆਏ ਹੋ ?” 30ਉਸ ਸਮੇਂ ਉੱਥੇ ਕੁਝ ਦੂਰ ਸੂਰਾਂ ਦਾ ਇੱਕ ਬਹੁਤ ਵੱਡਾ ਇੱਜੜ ਚਰ ਰਿਹਾ ਸੀ । 31ਇਸ ਲਈ ਅਸ਼ੁੱਧ ਆਤਮਾਵਾਂ ਨੇ ਯਿਸੂ ਅੱਗੇ ਬੇਨਤੀ ਕੀਤੀ, “ਜੇਕਰ ਤੁਸੀਂ ਸਾਨੂੰ ਕੱਢਣਾ ਹੀ ਚਾਹੁੰਦੇ ਹੋ ਤਾਂ ਸਾਨੂੰ ਉਸ ਸੂਰਾਂ ਦੇ ਇੱਜੜ ਵਿੱਚ ਭੇਜ ਦਿਓ ।” 32ਯਿਸੂ ਨੇ ਉਹਨਾਂ ਨੂੰ ਕਿਹਾ, “ਜਾਓ !” ਇਸ ਲਈ ਉਹ ਉਹਨਾਂ ਆਦਮੀਆਂ ਵਿੱਚੋਂ ਨਿੱਕਲ ਕੇ ਸੂਰਾਂ ਵਿੱਚ ਚਲੀਆਂ ਗਈਆਂ । ਸੂਰ ਉਸੇ ਸਮੇਂ ਪਹਾੜ ਦੀ ਢਲਾਨ ਤੋਂ ਝੀਲ ਵੱਲ ਦੌੜੇ ਅਤੇ ਉਸ ਵਿੱਚ ਡੁੱਬ ਕੇ ਮਰ ਗਏ । 33ਜਿਹੜੇ ਆਦਮੀ ਸੂਰਾਂ ਨੂੰ ਚਰਾ ਰਹੇ ਸਨ, ਉਹ ਉਸੇ ਸਮੇਂ ਦੌੜੇ ਅਤੇ ਸ਼ਹਿਰ ਵਿੱਚ ਜਾ ਕੇ ਇਸ ਸਾਰੀ ਘਟਨਾ ਬਾਰੇ ਲੋਕਾਂ ਨੂੰ ਦੱਸਿਆ । ਉਹਨਾਂ ਨੇ ਅਸ਼ੁੱਧ ਆਤਮਾਵਾਂ ਵਾਲੇ ਆਦਮੀਆਂ ਬਾਰੇ ਵੀ ਦੱਸਿਆ ਕਿ ਉਹਨਾਂ ਨਾਲ ਕੀ ਹੋਇਆ ਹੈ । 34ਇਸ ਲਈ ਉਸ ਸ਼ਹਿਰ ਦੇ ਸਾਰੇ ਲੋਕ ਯਿਸੂ ਨੂੰ ਮਿਲਣ ਲਈ ਬਾਹਰ ਆਏ । ਉਹਨਾਂ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਇਲਾਕੇ ਵਿੱਚੋਂ ਚਲੇ ਜਾਣ ।

Právě zvoleno:

ਮੱਤੀ 8: CL-NA

Zvýraznění

Sdílet

Kopírovat

None

Chceš mít své zvýrazněné verše uložené na všech zařízeních? Zaregistruj se nebo se přihlas

Video k ਮੱਤੀ 8