ਮਰਕੁਸ ਦੀ ਇੰਜੀਲ 12
12
ਪਰਮੇਸ਼ੁਰ ਆਪਣਾ ਪੁੱਤਰ ਭੇਜਦਾ ਹੈ
(ਮੱਤੀ 21:33-46; ਲੂਕਾ 20:9-19)
1ਯਿਸੂ ਲੋਕਾਂ ਨੂੰ ਦ੍ਰਿਸ਼ਟਾਤਾਂ ਵਿੱਚ ਸਮਝਾਉਣ ਲੱਗਾ ਅਤੇ ਆਖਿਆ, “ਇੱਕ ਆਦਮੀ ਨੇ ਅੰਗੂਰਾਂ ਦਾ ਬਾਗ ਲਗਾਇਆ। ਉਸ ਨੇ ਬਾਗ ਦੇ ਆਲੇ-ਦੁਆਲੇ ਬਾੜ ਕੀਤੀ, ਅਤੇ ਰਸ ਪ੍ਰਾਪਤ ਕਰਨ ਲਈ ਇੱਕ ਚੁਬੱਚਾ ਕੱਢਿਆ ਅਤੇ ਇੱਕ ਬੁਰਜ ਉਸਾਰਿਆ। ਉਹ ਆਦਮੀ ਇਹ ਬਾਗ ਕਿਰਾਏ ਤੇ ਕਿਸਾਨਾਂ ਦੇ ਹੱਥ ਸੌਂਪਕੇ ਖੁਦ ਯਾਤਰਾ ਤੇ ਚੱਲਾ ਗਿਆ।
2“ਉਸਨੇ ਫ਼ਲ ਦੀ ਰੁੱਤ ਵੇਲੇ, ਆਪਣੇ ਨੋਕਰ ਨੂੰ ਕਿਸਾਨਾਂ ਕੋਲੋਂ ਆਪਣਾ ਅੰਗੂਰਾਂ ਦਾ ਹਿੱਸਾ ਲੈਣ ਵਾਸਤੇ ਭੇਜਿਆ। 3ਪਰ ਉਨ੍ਹਾਂ ਨੇ ਉਸ ਨੂੰ ਫ਼ੜਕੇ ਕੁਟਿਆ ਅਤੇ ਬਿਨਾ ਕੁਝ ਦਿੱਤੇ ਵਾਪਸ ਭੇਜ ਦਿੱਤਾ। 4ਫ਼ਿਰ ਉਸ ਆਦਮੀ ਨੇ ਉਨ੍ਹਾਂ ਕੋਲ ਆਪਣੇ ਇੱਕ ਹੋਰ ਨੋਕਰ ਨੂੰ ਭੇਜਿਆ, ਪਰ ਉਨ੍ਹਾਂ ਨੇ ਉਸ ਦੇ ਸਿਰ ਉੱਤੇ ਸੱਟ ਮਾਰੀ ਅਤੇ ਉਸਦੀ ਵੀ ਬੇਇੱਜ਼ਤੀ ਕੀਤੀ। 5ਤਾਂ ਫ਼ਿਰ ਉਸ ਆਦਮੀ ਨੇ ਇੱਕ ਹੋਰ ਨੋਕਰ ਨੂੰ ਭੇਜਿਆ। ਉਨ੍ਹਾਂ ਇਸ ਨੂੰ ਜਾਨੋ ਹੀ ਮਾਰ ਦਿੱਤਾ। ਉਹ ਆਦਮੀ ਹੋਰ ਵੀ ਬਹੁਤ ਸਾਰੇ ਨੋਕਰਾਂ ਨੂੰ ਭੇਜਦਾ ਰਿਹਾ ਪਰ ਉਨ੍ਹਾਂ ਨੇ ਕਈਆਂ ਨੂੰ ਕੁਟਿਆ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਜਾਨੋ ਮਾਰ ਦਿੱਤਾ।
6“ਹੁਣ ਉਸ ਆਦਮੀ ਕੋਲ ਇੱਕ ਹੀ ਬੰਦਾ ਰਹਿ ਗਿਆ ਸੋ ਵੀ ਉਸ ਨੇ ਉਨ੍ਹਾਂ ਕੋਲ ਭੇਜਿਆ। ਇਹ ਬੰਦਾ ਉਸਦਾ ਆਪਣਾ ਪੁੱਤਰ ਸੀ ਅਤੇ ਉਸ ਨੂੰ ਉਹ ਬਹੁਤ ਪਿਆਰ ਕਰਦਾ ਸੀ, ਪਰ ਫ਼ਿਰ ਵੀ ਉਸ ਨੇ ਆਪਣੇ ਪੁੱਤਰ ਨੂੰ ਕਿਸਾਨਾਂ ਕੋਲ ਇਹ ਕਹਿੰਦਿਆਂ ਭੇਜਿਆ ਕਿ ‘ਕਿਸਾਨ ਮੇਰੇ ਪੁੱਤਰ ਦਾ ਸਤਿਕਾਰ ਕਰਣਗੇ।’
7“ਪਰ ਕਿਸਾਨਾਂ ਨੇ ਆਪਸ ਚ ਵਿੱਚਾਰ ਕੀਤੀ ਅਤੇ ਆਖਿਆ, ‘ਇਹ ਮਾਲਕ ਦਾ ਪੁੱਤਰ ਹੈ। ਬਾਗ ਉਸਦਾ ਹੋਵੇਗਾ। ਅਸੀਂ ਇਸ ਨੂੰ ਮਾਰ ਦੇਈਏ ਅਤੇ ਇਹ ਬਾਗ ਸਾਡਾ ਹੋ ਜਾਵੇਗਾ।’ 8ਤਾਂ ਉਨ੍ਹਾਂ ਨੇ ਉਸ ਦੇ ਪੁੱਤਰ ਨੂੰ ਵੀ ਫੜਿਆ ਅਤੇ ਜਾਨੋ ਮਾਰਕੇ ਖੇਤੋਂ ਪਾਰ ਸੁੱਟ ਦਿੱਤਾ।
9“ਸੋ ਹੁਣ ਬਾਗ ਦਾ ਮਾਲਕ ਕੀ ਕਰੇਗਾ? ਹੁਣ ਉਹ ਬਾਗ ਵਿੱਚ ਆਵੇਗਾ ਅਤੇ ਸਾਰੇ ਕਿਸਾਨਾਂ ਨੂੰ ਮਾਰ ਦੇਵੇਗਾ ਅਤੇ ਅੰਗੂਰਾਂ ਦਾ ਬਾਗ ਹੋਰਨਾਂ ਨੂੰ ਸੌਂਪੇਗਾ। 10ਤੁਸੀਂ ਇਹ ਅਵਸ਼ ਪੋਥੀ ਵਿੱਚ ਪੜ੍ਹਿਆ ਹੋਵੇਗਾ:
‘ਜਿਸ ਪੱਥਰ ਨੂੰ ਰਾਜਾਂ ਨੇ ਰੱਦ ਕਿਤਾ
ਸੋ ਖੂੰਜੇ ਦਾ ਸਿਰਾ ਹੋ ਗਿਆ।
11ਪ੍ਰਭੂ ਨੇ ਇਹ ਸਾਰਾ ਭਾਣਾ ਵਰਤਾਇਆ ਤੇ
ਸਾਡੀ ਨਜ਼ਰ ਵਿੱਚ ਇਹ ਅਚਰਜ ਹੈ।’”#ਜ਼ਬੂਰ 118:22-23
12ਉਨ੍ਹਾਂ ਯਹੂਦੀ ਆਗੂਆਂ ਨੇ ਵੀ ਇਹ ਦ੍ਰਿਸ਼ਟਾਂਤ ਸੁਣੀ ਅਤੇ ਉਹ ਜਾਣਦੇ ਸਨ ਕਿ ਇਹ ਦ੍ਰਿਸ਼ਟਾਂਤ ਉਨ੍ਹਾਂ ਬਾਰੇ ਹੀ ਸੀ। ਇਸ ਲਈ ਉਹ ਯਿਸੂ ਨੂੰ ਗਿਰਫ਼ਤਾਰ ਕਰਨ ਲਈ ਅਵਸਰ ਲੱਭ ਰਹੇ ਸਨ ਪਰ ਉਹ ਲੋਕਾਂ ਤੋਂ ਡਰਦੇ ਸਨ, ਇਸ ਲਈ ਉਹ ਉਸ ਨੂੰ ਉੱਥੇ ਹੀ ਛੱਡ ਕੇ ਚੱਲੇ ਗਏ।
ਯਹੂਦੀ ਆਗੂਆਂ ਨੇ ਉਸ ਨਾਲ ਚਾਲ ਖੇਡਣ ਦੀ ਕੋਸ਼ਿਸ਼ ਕੀਤੀ
(ਮੱਤੀ 22:15-22; ਲੂਕਾ 20:20-26)
13ਫ਼ੇਰ ਉਨ੍ਹਾਂ ਨੇ ਕੁਝ ਫ਼ਰੀਸੀਆਂ ਅਤੇ ਹੇਰੋਦੀਆਂ ਨੂੰ ਉਸ ਕੋਲ ਭੇਜਿਆ ਤਾਂ ਜੋ ਉਹ ਉਸ ਦੇ ਬਚਨਾਂ ਵਿੱਚ ਕੁਝ ਦੋਸ਼ ਲੱਭ ਸੱਕਣ। 14ਤਾਂ ਫ਼ਰੀਸੀ ਅਤੇ ਹੇਰੋਦੀਆਂ ਨੇ ਉਸ ਕੋਲ ਜਾਕੇ ਆਖਿਆ, “ਗੁਰੂ ਜੀ! ਅਸੀਂ ਜਾਣਦੇ ਹਾਂ ਕਿ ਤੂੰ ਇੱਕ ਇਮਾਨਦਾਰ ਆਦਮੀ ਹੈ ਅਤੇ ਲੋਕ ਤੇਰੇ ਬਾਰੇ ਕੀ ਆਖਦੇ ਹਨ। ਤੂੰ ਕਿਸੇ ਗੱਲੋਂ ਵੀ ਨਹੀਂ ਘਬਰਾਉਂਦਾ। ਤੇਰੇ ਅੱਗੇ ਸਾਰੇ ਮਨੁੱਖ ਬਰਾਬਰ ਹਨ ਅਤੇ ਤੂੰ ਪਰਮੇਸ਼ੁਰ ਦੇ ਰਾਹ ਬਾਰੇ ਸੱਚਾਈ ਦੱਸਦਾ ਹੈਂ। ਤੂੰ ਸਾਨੂੰ ਇਹ ਦੱਸ ਕਿ ਕੀ ਕੈਸਰ ਨੂੰ ਮਹਿਸੂਲ ਦੇਣਾ ਯੋਗ ਹੈ ਕਿ ਨਹੀਂ? ਸਾਨੂੰ ਉਸ ਨੂੰ ਮਹਿਸੂਲ ਦੇਣਾ ਚਾਹੀਦਾ ਹੈ ਜਾਂ ਨਹੀਂ?”
15ਯਿਸੂ ਜਾਣਦਾ ਸੀ ਕਿ ਇਹ ਆਦਮੀ ਸੱਚਮੁੱਚ ਉਸ ਨਾਲ ਕੋਈ ਚਾਲ ਖੇਡ ਰਹੇ ਹਨ ਤਾਂ ਉਸ ਨੇ ਕਿਹਾ, “ਤੁਸੀਂ ਮੈਨੂੰ ਕਿਉਂ ਪਰਤਿਆਉਂਦੇ ਹੋ? ਚਾਂਦੇ ਦਾ ਇੱਕ ਸਿੱਕਾ ਮੇਰੇ ਕੋਲ ਲਿਆਓ ਅਤੇ ਮੈਨੂੰ ਵੇਖਣ ਦਿਓ।” 16ਉਨ੍ਹਾਂ ਉਸ ਨੂੰ ਇੱਕ ਸਿੱਕਾ ਦੇ ਦਿੱਤਾ ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਸਿੱਕੇ ਉੱਤੇ ਕਿਸਦੀ ਤਸਵੀਰ ਹੈ? ਅਤੇ ਉਸ ਉੱਪਰ ਕਿਸਦਾ ਨਾਉਂ ਲਿਖਿਆ ਹੋਇਆ ਹੈ?” ਤਾਂ ਉਨ੍ਹਾਂ ਕਿਹਾ, “ਇਸਤੇ ਕੈਸਰ ਦੀ ਤਸਵੀਰ ਅਤੇ ਉਸਦਾ ਨਾਉਂ ਲਿਖਿਆ ਹੈ।”
17ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਜੋ ਵਸਤਾਂ ਕੈਸਰ ਦੀਆਂ ਨੇ ਉਹ ਉਸ ਨੂੰ ਦੇਵੋ ਅਤੇ ਜੋ ਪਰਮੇਸ਼ੁਰ ਦੀਆਂ ਹਨ ਉਹ ਪਰਮੇਸ਼ੁਰ ਨੂੰ ਦੇਵੋ।” ਲੋਕ ਉਸਤੇ ਹੈਰਾਨ ਸਨ, ਜੋ ਯਿਸੂ ਨੇ ਉਨ੍ਹਾਂ ਨੂੰ ਸਮਝਾਇਆ ਸੀ।
ਕੁਝ ਸਦੂਕੀਆਂ ਨੇ ਯਿਸੂ ਨਾਲ ਚਾਲ ਖੇਡੀ
(ਮੱਤੀ 22:23-33; ਲੂਕਾ 20:27-40)
18ਫ਼ਿਰ ਕੁਝ ਸਦੂਕੀ ਯਿਸੂ ਕੋਲ ਆਏ। ਸਦੂਕੀਆਂ ਦਾ ਵਿਸ਼ਵਾਸ ਸੀ ਕਿ ਮਰਨ ਉਪ੍ਰੰਤ ਕੋਈ ਮੁੜ ਨਹੀਂ ਜਿਉਂਦਾ। ਤੇ ਸਦੂਕੀਆਂ ਨੇ ਯਿਸੂ ਨੂੰ ਇੱਕ ਸਵਾਲ ਪੁੱਛਿਆ, 19“ਗੁਰੂ ਜੀ, ਸਾਡੇ ਲਈ ਮੂਸਾ ਨੇ ਲਿਖਿਆ ਹੈ ਕਿ ਜੇਕਰ ਕੋਈ ਵਿਆਹਿਆ ਪੁਰੱਖ ਬੇ-ਔਲਾਦ ਮਰ ਜਾਵੇ, ਤਾਂ ਉਸ ਦੇ ਭਰਾ ਨੂੰ ਉਸਦੀ ਤੀਵੀ ਨਾਲ ਵਿਆਹ ਕਰਵਾ ਲੈਣਾ ਚਾਹੀਦਾ ਹੈ, ਤਾਂ ਜੋ ਉਹ ਮਰੇ ਹੋਏ ਭਰਾ ਲਈ ਔਲਾਦ ਪੈਦਾ ਕਰ ਸੱਕਣ।#12:19 ਦੇਖੋ ਬਿਵਸਥਾ ਸਾਰ 25:5-6 20ਇੱਕ ਵਾਰੀ ਸੱਤ ਭਰਾ ਸਨ। ਪਹਿਲੇ ਦਾ ਵਿਆਹ ਹੋਇਆ ਅਤੇ ਉਹ ਮਰ ਗਿਆ, ਉਸ ਦੇ ਕੋਈ ਔਲਾਦ ਨਹੀਂ ਸੀ, 21ਫ਼ੇਰ ਦੂਜੇ ਭਰਾ ਨੇ ਉਸ ਨਾਲ ਵਿਆਹ ਕਰਵਾਇਆ ਪਰ ਉਹ ਵੀ ਬੇ-ਔਲਾਦਾ ਹੀ ਮਰ ਗਿਆ। ਇੰਝ ਹੀ ਤੀਜੇ ਭਰਾ ਨਾਲ ਵੀ ਹੋਇਆ। 22ਇੰਝ ਵਾਰੀ-ਵਾਰੀ ਸੱਤਾਂ ਭਰਾਵਾਂ ਨੇ ਉਸ ਨਾਲ ਵਿਆਹ ਕੀਤਾ ਪਰ ਸਭ ਹੀ ਬੇ-ਔਲਾਦੇ ਵਾਰੀ-ਵਾਰੀ ਮਰ ਗਏ। ਕਿਸੇ ਭਰਾ ਨੂੰ ਉਸ ਔਰਤ ਨਾਲ ਸੰਤਾਨ ਨਾ ਮਿਲੀ। ਆਖਿਰਕਾਰ, ਉਹ ਔਰਤ ਵੀ ਮਰ ਗਈ। 23ਕਿਉਂ ਜੋ ਸਾਰੇ ਸੱਤਾਂ ਭਰਾਵਾਂ ਨੇ ਉਸ ਨੂੰ ਆਪਣੀ ਪਤਨੀ ਬਣਾਇਆ, ਪੁਨਰ ਉੱਥਾਨ ਦੇ ਦਿਨ, ਉਹ ਔਰਤ ਕਿਸ ਦੀ ਤੀਵੀ ਕਹਾਵੇਗੀ?”
24ਯਿਸੂ ਨੇ ਆਖਿਆ, “ਕੀ ਤੁਸੀਂ ਗਲਤ ਨਹੀਂ ਹੋ? ਤੁਸੀਂ ਪੋਥੀਆਂ ਜਾਂ ਪਰਮੇਸ਼ੁਰ ਦੀ ਸ਼ਕਤੀ ਨੂੰ ਨਹੀਂ ਜਾਣਦੇ! 25ਜਦ ਲੋਕ ਮੁਰਦਿਆਂ ਵਿੱਚੋਂ ਜੀਅ ਉੱਠਣਗੇ ਉਹ ਵਿਆਹ ਨਹੀਂ ਕਰਨਗੇ। ਲੋਕਾਂ ਦਾ ਇੱਕ ਦੂਜੇ ਨਾਲ ਵਿਆਹ ਨਹੀਂ ਹੋਵੇਗਾ ਸਭ ਲੋਕ ਸੁਰਗ ਵਿੱਚ ਦੂਤਾਂ ਵਾਂਗ ਹੋਣਗੇ। 26ਪਰ ਮੁਰਦਿਆਂ ਦੇ ਜੀ ਉੱਠਣ ਦੇ ਸੰਬੰਧ ਵਿੱਚ, ਕੀ ਤੁਸੀਂ ਮੂਸਾ ਦੀ ਪੋਥੀ ਵਿੱਚ ਮੱਚਦੀ ਹੋਈ ਝਾੜੀ’ ਬਾਰੇ ਨਹੀਂ ਪੜ੍ਹਿਆ। ਉੱਥੇ ਲਿਖਿਆ ਹੋਇਆ ਹੈ ਕਿ ਪਰਮੇਸ਼ੁਰ ਨੇ ਮੂਸਾ ਨੂੰ ਕੀ ਆਖਿਆ; ‘ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾ।’#ਕੂਚ 3:6 27ਜੇਕਰ ਪਰਮੇਸ਼ੁਰ ਆਖਦਾ ਹੈ ਕਿ ਉਹ ਇਨ੍ਹਾਂ ਦਾ ਪਰਮੇਸ਼ੁਰ ਹੈ ਤਾਂ, ਇਹ ਮਨੁੱਖ ਵਾਸਤਵ ਵਿੱਚ ਮਰੇ ਨਹੀਂ। ਤੁਸੀਂ ਸਦੂਕੀਆਂ ਨੇ ਇਸ ਨੂੰ ਗਲਤ ਸਮਝਿਆ ਹੈ। ਪਰਮੇਸ਼ੁਰ ਮੁਰਦੇ ਲੋਕਾਂ ਦਾ ਪਰਮੇਸ਼ੁਰ ਨਹੀਂ ਸਗੋਂ ਜਿਉਂਦਿਆਂ ਦਾ ਹੈ।”
ਕਿਹੜਾ ਹੁਕਮ ਵੱਧ ਮਹੱਤਵਪੂਰਣ ਹੈ
(ਮੱਤੀ 22:34-40; ਲੂਕਾ 10:25-28)
28ਇੱਕ ਨੇਮ ਦਾ ਉਪਦੇਸ਼ਕ ਯਿਸੂ ਕੋਲ ਆਇਆ। ਉਸ ਨੇ ਯਿਸੂ ਨੂੰ ਸਦੂਕੀਆਂ ਅਤੇ ਫ਼ਰੀਸੀਆਂ ਨਾਲ ਬਹਿਸ ਕਰਦੇ ਸੁਣਿਆ। ਉਸ ਨੇ ਵੇਖਿਆ ਕਿ ਯਿਸੂ ਨੇ ਉਨ੍ਹਾਂ ਦੇ ਸਵਾਲਾਂ ਦੇ ਬੜੇ ਵੱਧੀਆ ਜਵਾਬ ਦਿੱਤੇ ਹਨ, ਤਾਂ ਉਸ ਨੇ ਯਿਸੂ ਨੂੰ ਪੁੱਛਿਆ, “ਕਿਹੜਾ ਹੁਕਮ ਸਭ ਤੋਂ ਵੱਧ ਮਹੱਤਵਯੋਗ ਹੈ?”
29ਯਿਸੂ ਨੇ ਆਖਿਆ, “ਸਭ ਤੋਂ ਮੁਖ ਇਹੀ ਹੈ ਕਿ: ‘ਹੇ ਇਸਰਾਏਲ ਦੇ ਲੋਕੋ, ਸੁਣੋ! ਸਾਡਾ ਪ੍ਰਭੂ ਪਰਮੇਸ਼ੁਰ ਹੀ ਇੱਕੋ ਪ੍ਰਭੂ ਹੈ। 30ਤੂੰ ਆਪਣੇ ਪ੍ਰਭੂ ਪਰਮੇਸ਼ੁਰ ਨੂੰ ਦਿਲ ਜਾਨ ਨਾਲ ਪਿਆਰ ਕਰ। ਤੂੰ ਆਪਣੀ ਪੂਰੀ ਰੂਹ, ਪੂਰੇ ਦਿਮਾਗ ਪੂਰੀ ਤਾਕਤ ਨਾਲ ਉਸ ਨਾਲ ਪਿਆਰ ਕਰ।’#ਬਿਵਸਥਾ ਸਾਰ 6:4-5 31ਦੂਜਾ ਮਹੱਤਵਪੂਰਨ ਹੁਕਮ ਇਹ ਹੈ ਕਿ, ‘ਜਿਵੇਂ ਤੂੰ ਆਪਣੇ-ਆਪ ਨਾਲ ਪਿਆਰ ਕਰਦਾ ਹੈ ਇਵੇਂ ਹੀ ਦੂਜਿਆਂ ਨੂੰ ਵੀ ਪਿਆਰ ਕਰ।’#ਲੇਵੀਆਂ. 19:18 ਇਹੀ ਹੁਕਮ ਸਭ ਤੋਂ ਵੱਧ ਮਹੱਤਵਪੂਰਣ ਹਨ।”
32ਤਦ ਉਸ ਆਦਮੀ ਨੇ ਕਿਹਾ, “ਗੁਰੂ ਜੀ! ਤੁਸੀਂ ਬਿਲਕੁਲ ਠੀਕ ਆਖਿਆ ਹੈ ਕਿ ਪਰਮੇਸ਼ੁਰ ਸਿਰਫ਼ ਇੱਕ ਹੈ ਹੋਰ ਉਸਤੋਂ ਬਿਨਾ ਦੂਜਾ ਪਰਮੇਸ਼ੁਰ ਕੋਈ ਨਹੀਂ ਹੈ। 33ਅਤੇ ਮਨੁੱਖ ਨੂੰ ਪਰਮੇਸ਼ੁਰ ਨੂੰ ਪੂਰੇ ਦਿਲ ਜਾਨ ਨਾਲ, ਪੂਰੀ ਰੂਹ, ਪੂਰੇ ਦਿਮਾਗ ਅਤੇ ਪੂਰੀ ਤਾਕਤ ਨਾਲ ਪਿਆਰ ਕਰਨਾ ਚਾਹੀਦਾ ਹੈ। ਅਤੇ ਮਨੁੱਖ ਨੂੰ ਆਪਣੇ ਵਾਂਗ ਹੀ ਦੂਜਿਆਂ ਨੂੰ ਜਾਨਣਾ ਤੇ ਪਿਆਰ ਕਰਨਾ ਚਾਹੀਦਾ ਹੈ। ਇਹ ਦੋ ਹੁਕਮ ਸਾਰੇ ਹੋਮਾਂ ਅਤੇ ਬਲੀਦਾਨਾਂ ਤੋਂ, ਜੋ ਅਸੀਂ ਪਰਮੇਸ਼ੁਰ ਨੂੰ ਭੇਂਟ ਕਰਦੇ ਹਾਂ, ਵੱਧ ਮਹੱਤਵਪੂਰਣ ਹਨ।”
34ਜਦ ਯਿਸੂ ਨੇ ਵੇਖਿਆ ਕਿ ਉਸ ਆਦਮੀ ਨੇ ਸਿਆਣਪ ਨਾਲ ਉੱਤਰ ਦਿੱਤਾ ਤਾਂ ਯਿਸੂ ਨੇ ਉਸ ਆਦਮੀ ਨੂੰ ਕਿਹਾ, “ਤੂੰ ਪਰਮੇਸ਼ੁਰ ਦੇ ਰਾਜ ਦੇ ਨੇੜੇ ਹੈਂ।” ਅਤੇ ਇਸਤੋਂ ਬਾਦ ਕਿਸੇ ਦਾ ਹੌਂਸਲਾ ਨਾ ਪਿਆ ਜੋ ਉਸ ਕੋਲੋ ਕੁਝ ਹੋਰ ਸੁਆਲ ਕਰੇ।
ਮਸੀਹ ਕਿਸਦਾ ਪੁੱਤਰ ਹੈ
(ਮੱਤੀ 22:41-46; ਲੂਕਾ 20:41-44)
35ਜਦੋਂ ਯਿਸੂ ਮੰਦਰ ਵਿੱਚ ਉਪਦੇਸ਼ ਦੇ ਰਿਹਾ ਸੀ ਤਾਂ ਉਸ ਨੇ ਆਖਿਆ, “ਨੇਮ ਦੇ ਉਪਦੇਸ਼ਕ ਇਹ ਕਿਉਂ ਕਹਿੰਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ? 36ਦਾਊਦ ਨੇ ਪਵਿੱਤਰ ਆਤਮਾ ਰਾਹੀਂ ਖੁਦ ਆਖਿਆ ਹੈ ਕਿ:
‘ਪ੍ਰਭੂ ਨੇ, ਮੇਰੇ ਪ੍ਰਭੂ ਨੂੰ, ਆਖਿਆ:
ਤੂੰ ਮੇਰੇ ਸੱਜੇ ਪਾਸੇ ਬੈਠ।
ਅਤੇ ਮੈਂ ਤੇਰੇ ਦੁਸ਼ਮਣਾ ਨੂੰ ਤੇਰੇ ਪੈਰਾਂ ਹੇਠ ਕਰ ਦਿਆਂਗਾ।’#ਜ਼ਬੂਰ 110:1
37ਦਾਊਦ ਤਾਂ ਆਪੇ ਹੀ ਮਸੀਹ ਨੂੰ ‘ਪ੍ਰਭੂ’ ਬੁਲਾਉਂਦਾ ਹੈ। ਜੇਕਰ ਅਜਿਹਾ ਹੈ, ਤਾਂ ਮਸੀਹ ਉਸਦਾ ਪੁੱਤਰ ਕਿਵੇਂ ਹੋ ਸੱਕਦਾ ਹੈ?” ਅਤੇ ਵੱਡੀ ਭੀੜ ਖੁਸ਼ੀ ਨਾਲ ਉਸ ਦੇ ਉਪਦੇਸ਼ ਸੁਣ ਰਹੀ ਸੀ।
ਯਿਸੂ ਨੇਮ ਦੇ ਉਪਦੇਸ਼ਕਾਂ ਦੀ ਅਲੋਚਨਾ ਕਰਦਾ
(ਮੱਤੀ 23:6-7; ਲੂਕਾ 11:43; 20:45-47)
38ਉਹ ਲਗਾਤਾਰ ਉਪਦੇਸ਼ ਦਿੰਦਾ ਰਿਹਾ ਅਤੇ ਆਖਿਆ, “ਨੇਮ ਦੇ ਉਪਦੇਸ਼ਕਾਂ ਤੋਂ ਸਾਵੱਧਾਨ ਰਹੋ। ਉਹ ਲੰਬੇ ਚੋਗੇ ਪਾਕੇ ਇਹ ਵਿਖਾਉਣ ਲਈ ਕਿ ਉਹ ਮਹੱਤਵਪੂਰਣ ਹਨ, ਇਧਰ-ਉਧਰ ਭਟਕਦੇ ਰਹਿੰਦੇ ਹਨ। ਅਤੇ ਬਜ਼ਾਰਾਂ ਵਿੱਚ ਲੋਕ ਉਨ੍ਹਾਂ ਨੂੰ ਇੱਜ਼ਤ ਦੇਣ ਦੇ ਇਛੁੱਕ ਹਨ। 39ਅਤੇ ਉਹ ਪ੍ਰਾਰਥਨਾ ਸਥਾਨਾਂ ਵਿੱਚ ਅਤੇ ਦਾਵਤਾਂ ਵਿੱਚ ਵੱਡੇ ਅਹੁਦੇ ਦੀਆਂ ਕੁਰਸੀਆਂ ਤੇ ਬੈਠਣਾ ਚਾਹੁੰਦੇ ਹਨ। 40ਉਹ ਵਿਧਵਾਵਾਂ ਦੇ ਘਰਾਂ ਨੂੰ ਵੀ ਲੁੱਟ ਲੈਂਦੇ ਹਨ, ਅਤੇ ਚੰਗੇ ਬਨਣ ਲਈ ਵਿਖਾਵੇ ਕਰਨ ਵਾਸਤੇ ਲੰਬੀਆਂ-ਲੰਬੀਆਂ ਪ੍ਰਾਰਥਨਾ ਕਰਦੇ ਹਨ। ਪਰਮੇਸ਼ੁਰ ਉਨ੍ਹਾਂ ਨੂੰ ਬਹੁਤ ਸਜ਼ਾ ਦੇਵੇਗਾ।”
ਇੱਕ ਵਿਧਵਾ ਦੇਣ ਦਾ ਮਤਲਬ ਦੱਸਦੀ ਹੈ
(ਲੂਕਾ 21:1-4)
41ਯਿਸੂ ਮੰਦਰ ਦੇ ਖਜ਼ਾਨੇ ਦੇ ਸੰਦੂਕ ਕੋਲ ਬੈਠਾ ਇਹ ਵੇਖ ਰਿਹਾ ਸੀ ਕਿ ਲੋਕ ਆਂਦੇ-ਜਾਂਦੇ ਉਸ ਵਿੱਚ ਕੀ ਭੇਟਾ ਪਾਉਂਦੇ ਹਨ। ਬਹੁਤ ਸਾਰੇ ਅਮੀਰ ਲੋਕ ਇਸ ਵਿੱਚ ਬਹੁਤ ਸਾਰਾ ਧਨ ਪਾ ਰਹੇ ਸਨ। 42ਫ਼ਿਰ ਇੱਕ ਗਰੀਬ ਵਿਧਵਾ ਆਈ ਅਤੇ ਉਸ ਨੇ ਦੋ ਛੋਟੇ-ਛੋਟੇ ਤਾਂਬੇ ਦੇ ਸਿੱਕੇ ਭੇਟਾ ਕੀਤੇ ਜੋ ਕਿ ਇੱਕ ਪੈਸੇ ਦੇ ਤੁੱਲ ਵੀ ਨਹੀਂ ਸਨ।
43ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਇਸ ਗਰੀਬ ਵਿਧਵਾ ਨੇ ਦੋ ਛੋਟੇ ਸਿੱਕੇ ਚਢ਼ਾਏ ਹਨ, ਅਸਲ ਵਿੱਚ ਜੋ ਕਿ ਸਾਰੇ ਧਨਵਾਨਾਂ ਦੀ ਚਢ਼ਾਈ ਢੇਰ ਸਾਰੀ ਭੇਟਾ ਨਾਲੋਂ ਕਿਤੇ ਵੱਧੇਰੇ ਹਨ। 44ਉਨ੍ਹਾਂ ਅਮੀਰ ਲੋਕਾਂ ਕੋਲ ਅਥਾਹ ਧਨ ਹੈ ਅਤੇ ਉਸ ਸਭ ਕਾਸੇ ਵਿੱਚੋਂ, ਉਨ੍ਹਾਂ ਕੋਲ ਜੋ ਫ਼ਾਲਤੂ ਸੀ, ਸੋ ਉਨ੍ਹਾਂ ਨੇ ਭੇਟਾ ਕਰ ਦਿੱਤਾ। ਪਰ ਇਹ ਔਰਤ ਬਹੁਤ ਗਰੀਬ ਹੈ ਅਤੇ ਉਸ ਕੋਲ ਜੋ ਵੀ ਸੀ ਉਸ ਨੇ ਅਰਪਣ ਕਰ ਦਿੱਤਾ ਹੈ। ਜੋ ਕੁਝ ਉਸ ਨੇ ਅਰਪਣ ਕੀਤਾ ਹੈ ਉਹ ਉਸ ਦੇ ਆਪਣੇ ਜਿਉਣ ਵਾਸਤੇ ਸੀ।”
Currently Selected:
ਮਰਕੁਸ ਦੀ ਇੰਜੀਲ 12: PERV
Highlight
Share
Copy

Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International