YouVersion Logo
Search Icon

ਮੱਤੀ ਦੀ ਇੰਜੀਲ 2

2
ਜੋਤਸ਼ੀ ਯਿਸੂ ਨੂੰ ਮਿਲਣ ਆਏ
1ਯਿਸੂ ਯਹੂਦਿਯਾ ਦੇ ਨਗਰ ਬੈਤਲਹਮ ਵਿੱਚ ਜੰਮਿਆ ਸੀ। ਉਹ ਉਸ ਵਕਤ ਜਨਮਿਆ ਸੀ ਜਦੋਂ ਹੇਰੋਦੇਸ ਰਾਜਾ ਸੀ। ਯਿਸੂ ਦੇ ਜਨਮ ਤੋਂ ਬਾਅਦ ਪੂਰਬ ਵੱਲੋਂ ਕੁਝ ਜੋਤਸ਼ੀ ਯਰੂਸ਼ਲਮ ਵਿੱਚ ਆਏ। 2ਜੋਤਸ਼ੀਆਂ ਨੇ ਲੋਕਾਂ ਨੂੰ ਪੁੱਛਿਆ, “ਨਵਾਂ ਜੁਆਕ ਕਿੱਥੇ ਹੈ ਜੋ ਕਿ ਯਹੂਦੀਆਂ ਦਾ ਰਾਜਾ ਹੈ? ਅਸੀਂ ਤਾਰਾ ਵੇਖਿਆ ਹੈ ਜੋ ਦਰਸਾਉਂਦਾ ਕਿ ਉਹ ਜਨਮਿਆ ਹੈ। ਅਸੀਂ ਤਾਰੇ ਨੂੰ ਪੂਰਬ ਵਿੱਚ ਆਕਾਸ਼ ਵਿੱਚ ਉੱਠਦਿਆਂ ਵੇਖਿਆ। ਅਸੀਂ ਉਸਦੀ ਉਪਾਸਨਾ ਕਰਨ ਲਈ ਆਏ ਹਾਂ।”
3ਜਦੋਂ ਰਾਜਾ ਹੇਰੋਦੇਸ ਅਤੇ ਯਰੂਸ਼ਲਮ ਦੇ ਲੋਕਾਂ ਨੇ ਯਹੂਦੀਆਂ ਦੇ ਰਾਜੇ ਬਾਰੇ ਸੁਣਿਆ, ਤਾਂ ਉਹ ਘਬਰਾ ਗਏ। 4ਹੇਰੋਦੇਸ ਨੇ ਯਹੂਦੀ ਪ੍ਰਧਾਨ ਜਾਜਕਾਂ ਤੇ ਨੇਮ ਦੇ ਉਸਦੇਸ਼ਕਾਂ ਨੂੰ ਇਕੱਠਿਆਂ ਕਰਕੇ, ਉਨ੍ਹਾਂ ਨੂੰ ਪੁੱਛਿਆ ਕਿ ਮਸੀਹ ਕਿੱਥੇ ਜੰਮੇਗਾ? 5ਉਨ੍ਹਾਂ ਨੇ ਕਿਹਾ, “ਯਹੂਦਿਯਾ ਦੇ ਬੈਤਲਹਮ ਵਿੱਚ, ਕਿਉਂਕਿ ਨਬੀ ਨੇ ਇਸ ਬਾਰੇ ਪੋਥੀਆਂ ਵਿੱਚ ਲਿਖਿਆ ਹੈ:
6‘ਹੇ ਬੈਤਲਹਮ, ਯਹੂਦਾਹ ਦੀ ਧਰਤੀ ਵਿੱਚ
ਤੂੰ ਯਹੂਦਾਹ ਦੇ ਹਾਕਮਾਂ ਵਿੱਚੋਂ ਬੜਾ ਮਹੱਤਵਪੂਰਣ ਹੈ।
ਹਾਂ, ਤੇਰੇ ਵਿੱਚੋਂ ਇੱਕ ਅਜਿਹਾ ਹਾਕਮ ਆਵੇਗਾ,
ਜਿਹੜਾ ਮੇਰੇ ਲੋਕਾਂ, ਅਤੇ ਇਸਰਾਏਲ ਦੀ ਅਗਵਾਈ ਕਰੇਗਾ।’”#ਮੀਕਾਹ 5:2
7ਫੇਰ ਹੇਰੋਦੇਸ ਨੇ ਪੂਰਬ ਤੋਂ ਆਏ ਜੋਤਸ਼ੀਆਂ ਨੂੰ ਚੁੱਪ ਕੀਤੇ ਬੁਲਾਕੇ ਉਨ੍ਹਾਂ ਕੋਲੋਂ ਠੀਕ-ਠੀਕ ਪਤਾ ਕੀਤਾ ਕਿ ਉਨ੍ਹਾਂ ਨੂੰ ਤਾਰਾ ਪਹਿਲੀ ਵਾਰ ਕਦੋਂ ਦਿਖਾਈ ਦਿੱਤਾ ਸੀ। 8ਫ਼ੇਰ ਹੇਰੋਦੇਸ ਨੇ ਉਨ੍ਹਾਂ ਨੂੰ ਬੈਤਲਹਮ ਵਿੱਚ, ਇਹ ਕਹਿ ਕੇ ਭੇਜ ਦਿੱਤਾ ਕਿ, “ਜਾਓ ਅਤੇ ਧਿਆਨ ਨਾਲ ਇਸ ਬਾਲਕ ਬਾਰੇ ਪਤਾ ਲਗਾਓ। ਜਦੋਂ ਤੁਸੀਂ ਬਾਲਕ ਨੂੰ ਲੱਭ ਲਵੋਂ, ਤਾਂ ਆਕੇ ਮੈਨੂੰ ਦੱਸ ਦਿਓ, ਤਾਂ ਜੋ ਮੈਂ ਵੀ ਜਾਵਾਂ ਅਤੇ ਉਸਦੀ ਉਪਾਸਨਾ ਕਰਾਂ।”
9ਉਹ ਰਾਜੇ ਦੀ ਗੱਲ ਸੁਣਕੇ ਚੱਲੇ ਗਏ। ਅਤੇ ਉਹ ਤਾਰਾ, ਜਿਹੜਾ ਉਨ੍ਹਾਂ ਨੇ ਚੜ੍ਹ੍ਹਦੇ ਪਾਸੇ ਦੇਖਿਆ ਸੀ, ਜੋਤਸ਼ੀਆਂ ਨੇ ਉਸ ਤਾਰੇ ਦਾ ਪਿੱਛਾ ਕੀਤਾ। ਤਾਰੇ ਨੇ ਉਨ੍ਹਾਂ ਦੀ ਉਦੋਂ ਤੱਕ ਅਗਵਾਈ ਕੀਤੀ, ਜਦੋਂ ਤੱਕ ਕਿ ਉਹ ਉਸ ਜਗ਼੍ਹਾ ਉੱਤੇ ਆਕੇ ਨਹੀਂ ਰੁਕ ਗਿਆ ਜਿੱਥੇ ਉਹ ਬਾਲਕ ਸੀ। 10ਜੋਤਸ਼ੀ ਉਦੋਂ ਬਹੁਤ ਖੁਸ਼ ਸਨ ਜਦੋਂ ਉਨ੍ਹਾਂ ਨੇ ਤਾਰਾ ਵੇਖਿਆ।
11ਉਨ੍ਹਾਂ ਨੇ ਉਸ ਘਰ ਵਿੱਚ ਜਾਕੇ ਬਾਲਕ ਨੂੰ ਉਸਦੀ ਮਾਤਾ ਮਰਿਯਮ ਨਾਲ ਦੇਖਿਆ ਅਤੇ ਪੈਰੀਂ ਪੈਕੇ ਉਸ ਨੂੰ ਮੱਥਾ ਟੇਕਿਆ। ਉਨ੍ਹਾਂ ਨੇ ਆਪਣੀਆਂ ਥੈਲੀਆਂ ਖੋਲ੍ਹੀਆਂ ਅਤੇ ਸੋਨੇ, ਲੁਬਾਣ ਅਤੇ ਗੰਧਰਸ ਦੀਆਂ ਸੁਗਾਤਾਂ ਭੇਂਟ ਕੀਤੀਆਂ ਜਿਹੜੀਆਂ ਉਹ ਬਾਲਕ ਵਾਸਤੇ ਲਿਆਏ ਸਨ। 12ਪਰ ਸੁਫਨੇ ਵਿੱਚ ਪਰਮੇਸ਼ੁਰ ਨੇ ਜੋਤਸ਼ੀਆਂ ਨੂੰ ਖਬਰਦਾਰ ਕੀਤਾ ਕਿ ਉਹ ਹੇਰੋਦੇਸ ਕੋਲ ਫੇਰ ਨਾ ਜਾਣ। ਤਾਂ ਉਹ ਹੋਰ ਰਸਤੇ ਆਪਣੇ ਦੇਸ਼ ਨੂੰ ਮੁੜ ਗਏ।
ਯਿਸੂ ਆਪਣੇ ਮਾਤਾ ਪਿਤਾ ਨਾਲ ਮਿਸਰ ਨੂੰ
13ਜਦੋਂ ਜੋਤਸ਼ੀ ਦੂਰ ਚੱਲੇ ਗਏ, ਤਾਂ ਪ੍ਰਭੂ ਦੇ ਦੂਤ ਨੇ ਯੂਸੁਫ ਦੇ ਸੁਫਨੇ ਵਿੱਚ ਦਰਸ਼ਨ ਦੇਕੇ ਆਖਿਆ, “ਉੱਠ! ਬਾਲਕ ਤੇ ਉਸਦੀ ਮਾਤਾ ਨੂੰ ਲੈ ਕੇ ਮਿਸਰ ਦੇਸ਼ ਵਿੱਚ ਚੱਲਾ ਜਾ। ਅਤੇ ਜਦ ਤੀਕਰ ਮੈਂ ਤੈਨੂੰ ਨਾ ਆਖਾਂ ਉੱਥੇ ਹੀ ਰਹਿਣਾ ਕਿਉਂਕਿ ਹੇਰੋਦੇਸ ਬਾਲਕ ਨੂੰ ਮਾਰਣ ਵਾਸਤੇ ਲੱਭੇਗਾ।”
14ਤਾਂ ਯੂਸੁਫ ਉੱਠਿਆ ਰਾਤੋ-ਰਾਤ ਬਾਲਕ ਅਤੇ ਉਸਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਵੱਲ ਤੁਰ ਪਿਆ। 15ਯੂਸੁਫ਼ ਹੇਰੋਦੇਸ ਦੇ ਮਰਨ ਤੱਕ ਮਿਸਰ ਵਿੱਚ ਹੀ ਰਿਹਾ। ਇਹ ਇਸ ਲਈ ਵਾਪਰਿਆ ਤਾਂ ਕਿ ਜਿਹੜਾ ਬਚਨ ਪ੍ਰਭੂ ਨੇ ਨਬੀ ਦੀ ਜ਼ਬਾਨੀ ਆਖਿਆ ਸੀ ਉਹ ਪੂਰਾ ਹੋਵੇ: ਪ੍ਰਭੂ ਨੇ ਆਖਿਆ, “ਮੈਂ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਸੱਦਿਆ।”#ਹੋਸ਼ੇਆ 11:1
ਹੇਰੋਦੇਸ ਨੇ ਬੈਤਲਹਮ ਦੇ ਸਭ ਬਾਲ ਮੁੰਡਿਆਂ ਨੂੰ ਮਾਰ ਸੁੱਟਿਆ
16ਜਦੋਂ ਹੇਰੋਦੇਸ ਨੂੰ ਇਹ ਸਮਝ ਆਈ ਕਿ ਉਸ ਨੂੰ ਜੋਤਸ਼ੀਆਂ ਦੁਆਰਾ ਧੋਖਾ ਦਿੱਤਾ ਗਿਆ ਹੈ, ਤਾਂ ਉਸ ਨੂੰ ਬੜਾ ਕ੍ਰੋਧ ਆਇਆ। ਫ਼ੇਰ ਉਸ ਨੇ ਬੈਤਲਹਮ ਅਤੇ ਆਸੇ-ਪਾਸੇ ਦੇ ਸਾਰੇ ਇਲਾਕਿਆਂ ਦੇ ਬਾਲਕਾਂ ਨੂੰ ਮਾਰਨ ਦਾ ਹੁਕਮ ਦੇ ਦਿੱਤਾ। ਉਸ ਨੇ ਦੋ ਸਾਲ ਅਤੇ ਇਸਤੋਂ ਛੋਟੀ ਉਮਰ ਦੇ ਬਾਲਕਾਂ ਨੂੰ ਮਾਰ ਦੇਣ ਦਾ ਹੁਕਮ ਦੇ ਦਿੱਤਾ ਕਿਉਂਕਿ ਉਸ ਨੇ ਜੋਤਸ਼ੀਆਂ ਤੋਂ ਜਨਮ ਦੇ ਸਹੀ ਸਮੇਂ ਦਾ ਪਤਾ ਲਾਇਆ ਸੀ। 17ਤਾਂ ਨਬੀ ਯਿਰਮਿਯਾਹ ਦੁਆਰਾ ਬੋਲਿਆ ਪਰਮੇਸ਼ੁਰ ਦਾ ਸ਼ਬਦ ਪੂਰਾ ਹੋ ਗਿਆ ਸੀ:
18“ਰਾਮਾਹ ਵਿੱਚ ਇੱਕ ਅਵਾਜ਼ ਸੁਣਾਈ ਦਿੱਤੀ।
ਰੋਣਾ ਅਤੇ ਵੱਡੇ ਵਿਰਲਾਪ ਨਾਲ
ਰਾਖੇਲ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ
ਅਤੇ ਤਸੱਲੀ ਨਹੀਂ ਚਾਹੁੰਦੀ,
ਕਿਉਂਕਿ ਉਸ ਦੇ ਬੱਚੇ ਮਰ ਚੁੱਕੇ ਹਨ।”#ਯਿਰਮਿਯਾਹ. 31:15
ਯੂਸੁਫ਼ ਅਤੇ ਮਰਿਯਮ ਮਿਸਰ ਤੋਂ ਮੁੜੇ
19ਹੇਰੋਦੇਸ ਦੇ ਮਰਨ ਤੋਂ ਬਾਅਦ, ਪ੍ਰਭੂ ਦਾ ਇੱਕ ਦੂਤ ਮਿਸਰ ਵਿੱਚ ਯੂਸੁਫ਼ ਦੇ ਸੁਪਨੇ ਵਿੱਚ ਪ੍ਰਗਟਿਆ। 20ਦੂਤ ਨੇ ਆਖਿਆ, “ਉੱਠ! ਬਾਲਕ ਅਤੇ ਉਸਦੀ ਮਾਤਾ ਨੂੰ ਲੈ ਕੇ ਇਸਰਾਏਲ ਦੇ ਦੇਸ਼ ਨੂੰ ਜਾ। ਕਿਉਂਕਿ ਜਿਹੜੇ ਲੋਕ ਬਾਲਕ ਨੂੰ ਮਾਰਨਾ ਚਾਹੁੰਦੇ ਸਨ ਉਹ ਹੁਣ ਮਰ ਚੁੱਕੇ ਹਨ।”
21ਤਦ ਉਹ ਤਿਆਰ ਹੋਇਆ ਅਤੇ ਬਾਲਕ ਅਤੇ ਉਸਦੀ ਮਾਤਾ ਨੂੰ ਨਾਲ ਲੈ ਕੇ ਇਸਰਾਏਲ ਦੇਸ਼ ਨੂੰ ਚੱਲਿਆ ਗਿਆ। 22ਜਦੋਂ ਯੂਸੁਫ਼ ਨੇ ਸੁਣਿਆ ਕਿ ਅਰਕਿਲਊਸ ਯਹੂਦਿਯਾ ਵਿੱਚ ਆਪਣੇ ਪਿਤਾ ਹੇਰੋਦੇਸ ਦੀ ਮੌਤ ਤੋਂ ਬਾਅਦ ਰਾਜਾ ਬਣ ਗਿਆ ਹੈ ਤਾਂ ਉਹ ਉੱਥੇ ਜਾਣ ਤੋਂ ਡਰਦਾ ਸੀ। ਪਰ ਸੁਪਨੇ ਵਿੱਚ ਪਰਮੇਸ਼ੁਰ ਦੁਆਰਾ ਖ਼ਬਰ ਪਾਕੇ ਉਹ ਗਲੀਲ ਦੇ ਇਲਾਕੇ ਨੂੰ ਚੱਲਿਆ ਗਿਆ। 23ਯੂਸੁਫ਼ ਨਾਸਰਤ ਨਾਮ ਦੇ ਇੱਕ ਨਗਰ ਵਿੱਚ ਜਾ ਵਸਿਆ ਅਤੇ ਇਸਨੇ ਉਹ ਬਚਨ ਪੂਰਾ ਕਰ ਦਿੱਤਾ ਜਿਹੜਾ ਪਰਮੇਸ਼ੁਰ ਨੇ ਨਬੀਆਂ ਰਾਹੀਂ ਆਖਿਆ ਸੀ। ਕਿ ਉਹ ਇੱਕ ਨਾਸਰੀ#2:23 ਨਾਸਰੀ ਨਾਸਰਤ ਨਗਰ ਦਾ ਮਨੁਖ। ਅਖਵਾਏਗਾ।

Highlight

Share

Copy

None

Want to have your highlights saved across all your devices? Sign up or sign in