ਲੂਕਾ ਦੀ ਇੰਜੀਲ 20
20
ਪਰਤਾਵੇ ਲਈ ਪ੍ਰਸ਼ਨ
(ਮੱਤੀ 21:23-27; ਮਰਕੁਸ 11:27-33)
1ਇੱਕ ਦਿਨ ਯਿਸੂ ਮੰਦਰ ਵਿੱਚ ਉਪਦੇਸ਼ ਦੇ ਰਿਹਾ ਸੀ। ਉਹ ਲੋਕਾਂ ਸਾਹਮਣੇ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਬਾਰੇ ਬੋਲਿਆ। ਪ੍ਰਧਾਨ ਜਾਜਕ, ਨੇਮ ਦੇ ਉਪਦੇਸ਼ਕ ਅਤੇ ਬਜ਼ੁਰਗ ਯਹੂਦੀ ਆਗੂ ਯਿਸੂ ਨਾਲ ਗੱਲ ਬਾਤ ਕਰਨ ਲਈ ਆਏ। 2ਉਨ੍ਹਾਂ ਨੇ ਉਸ ਨੂੰ ਪੁੱਛਿਆ, “ਸਾਨੂੰ ਦੱਸ? ਤੂੰ ਇਹ ਸਭ ਗੱਲਾਂ ਕਿਸ ਅਧਿਕਾਰ ਨਾਲ ਕਰ ਰਿਹਾ ਹੈ? ਤੈਨੂੰ ਇਹ ਅਧਿਕਾਰ ਕਿਸਨੇ ਦਿੱਤਾ ਹੈ?”
3ਯਿਸੂ ਨੇ ਆਖਿਆ, “ਮੈਂ ਵੀ ਤੁਹਾਨੂੰ ਇੱਕ ਸਵਾਲ ਕਰਦਾ ਹਾਂ। 4ਤੁਸੀਂ ਮੈਨੂੰ ਦੱਸੋ; ਯੂਹੰਨਾ ਦੁਆਰਾ ਦਿੱਤਾ ਗਿਆ ਬਪਤਿਸਮਾ ਕੀ ਸੁਰਗ ਵੱਲੋਂ ਸੀ ਜਾਂ ਲੋਕਾਂ ਵੱਲੋਂ?”
5ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਯਹੂਦੀ ਆਗੂਆਂ, ਸਭ ਨੇ ਇਸ ਬਾਰੇ ਚਰਚਾ ਕੀਤੀ ਅਤੇ ਇੱਕ ਦੂਜੇ ਨੂੰ ਕਿਹਾ, “ਜੇਕਰ ਅਸੀਂ ਕਿਹਾ ਕਿ ‘ਯੂਹੰਨਾ ਦਾ ਬਪਤਿਸਮਾ, ਪਰਮੇਸ਼ੁਰ ਵੱਲੋਂ ਸੀ ਤਾਂ ਉਹ ਆਖੇਗਾ ਕਿ ਫਿਰ ਤੁਸੀਂ ਯੂਹੰਨਾ ਤੇ ਵਿਸ਼ਵਾਸ ਕਿਉਂ ਨਹੀਂ ਕੀਤਾ?’ 6ਪਰ ਜੇਕਰ ਅਸੀਂ ਆਖਦੇ ਹਾਂ ਕਿ, ਯੂਹੰਨਾ ਦਾ ਬਪਤਿਸਮਾ ਲੋਕਾਂ ਵੱਲੋਂ ਸੀ।’ ਤਾਂ ਸਾਰੇ ਲੋਕ ਸਾਨੂੰ ਇਹ ਸੁਣਕੇ ਪੱਥਰਾਂ ਨਾਲ ਮਾਰ ਸੁੱਟਣਗੇ ਕਿਉਂਕਿ ਉਹ ਇਹੀ ਵਿਸ਼ਵਾਸ ਰੱਖਦੇ ਹਨ ਕਿ ਯੂਹੰਨਾ ਇੱਕ ਨਬੀ ਸੀ।” 7ਇਸ ਲਈ ਉਨ੍ਹਾਂ ਨੇ ਆਖਿਆ, “ਅਸੀਂ ਇਸ ਗੱਲ ਦਾ ਉੱਤਰ ਨਹੀਂ ਜਾਣਦੇ।”
8ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤਾਂ ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਇਹ ਸਭ ਕਰਨ ਲਈ ਮੈਂ ਕਿਹੜਾ ਅਧਿਕਾਰ ਇਸਤੇਮਾਲ ਕਰਦਾ ਹਾਂ?”
ਪਰਮੇਸ਼ੁਰ ਆਪਣਾ ਪੁੱਤਰ ਭੇਜਦਾ
(ਮੱਤੀ 21:33-46; ਮਰਕੁਸ 12:1-12)
9ਫਿਰ ਯਿਸੂ ਨੇ ਲੋਕਾਂ ਨੂੰ ਇਹ ਉਦਾਹਰਣ ਦਿੱਤੀ: “ਇੱਕ ਆਦਮੀ ਨੇ ਅੰਗੂਰਾਂ ਦਾ ਬਾਗ ਲਾਇਆ ਅਤੇ ਕੁਝ ਕਿਸਾਨਾਂ ਨੂੰ ਠੇਕੇ ਤੇ ਦੇ ਦਿੱਤਾ, ਅਤੇ ਲੰਬੇ ਸਮੇਂ ਲਈ ਕਿਸੇ ਦੂਰ ਦੇਸ਼ ਨੂੰ ਚੱਲਿਆ ਗਿਆ। 10ਸਮਾਂ ਆਉਣ ਤੇ ਰੁੱਤ ਸਿਰ ਉਸ ਨੇ ਇੱਕ ਨੌਕਰ ਨੂੰ ਕਿਸਾਨਾਂ ਕੋਲ ਭੇਜਿਆ ਕਿ ਉਹ ਉਸ ਨੂੰ ਅੰਗੂਰਾਂ ਵਿੱਚੋਂ ਉਸਦਾ ਬਣਦਾ ਹਿੱਸਾ ਦੇਣ। ਪਰ ਕਿਸਾਨਾਂ ਨੇ ਨੌਕਰ ਨੂੰ ਕੁੱਟਿਆ ਅਤੇ ਉਸ ਨੂੰ ਖਾਲੀ ਹੱਥੀਂ ਵਾਪਸ ਭੇਜ ਦਿੱਤਾ। 11ਤਾਂ ਫ਼ਿਰ ਉਸ ਮਨੁੱਖ ਨੇ ਉਨ੍ਹਾਂ ਕੋਲ ਆਪਣਾ ਦੂਜਾ ਨੌਕਰ ਭੇਜਿਆ। ਉਨ੍ਹਾਂ ਨੇ ਇਸ ਨੂੰ ਵੀ ਕੁਟਿਆ ਅਤੇ ਬੇਇੱਜ਼ਤ ਕਰਕੇ ਉਸ ਨੂੰ ਖਾਲੀ ਹੱਥੀ ਭੇਜ ਦਿੱਤਾ। 12ਫ਼ੇਰ ਉਸ ਆਦਮੀ ਨੇ ਕਿਸਾਨਾਂ ਕੋਲ ਇੱਕ ਤੀਜਾ ਨੌਕਰ ਭੇਜਿਆ। ਉਨ੍ਹਾਂ ਨੇ ਉਸ ਨੂੰ ਕੁਟਿਆ ਅਤੇ ਜ਼ਖਮੀ ਕਰਕੇ ਉਸ ਨੂੰ ਬਾਹਰ ਸੁੱਟ ਦਿੱਤਾ।
13“ਉਸ ਖੇਤ ਦੇ ਮਾਲਕ ਨੇ ਸੋਚਿਆ, ‘ਮੈਂ ਹੁਣ ਕੀ ਕਰਾਂ? ਮੈਂ ਹੁਣ ਆਪਣੇ ਪਿਆਰੇ ਪੁੱਤਰ ਨੂੰ ਭੇਜਾਂਗਾ। ਇਹ ਕਿਸਾਨ ਮੇਰੇ ਪੁੱਤਰ ਨੂੰ ਇੱਜ਼ਤ ਦੇਣਗੇ!’ 14ਜਦੋਂ ਕਿਸਾਨਾਂ ਨੇ ਉਸ ਦੇ ਪੁੱਤਰ ਨੂੰ ਆਉਂਦਾ ਵੇਖਿਆ ਤਾਂ ਉਹ ਇੱਕ-ਦੂਜੇ ਨੂੰ ਆਖਣ ਲੱਗੇ, ‘ਇਹ ਮਾਲਕ ਦਾ ਪੁੱਤਰ ਹੈ ਜੋ ਕਿ ਇਸ ਅੰਗੂਰਾਂ ਦੇ ਬਾਗ ਦਾ ਵਾਰਸ ਹੈ, ਆਓ ਇਸ ਨੂੰ ਮਾਰ ਦੇਈਏ ਤਾਂ ਜੋ ਇਹ ਅੰਗੂਰਾਂ ਦਾ ਬਾਗ ਸਾਡਾ ਹੋ ਜਾਵੇਗਾ।’ 15ਇਸ ਲਈ ਕਿਸਾਨਾਂ ਨੇ ਉਸ ਦੇ ਪੁੱਤਰ ਨੂੰ ਬਾਹਰ ਲਿਆਂਦਾ ਅਤੇ ਮਾਰ ਦਿੱਤਾ।
“ਤਾਂ ਹੁਣ ਅੰਗੂਰਾਂ ਦੇ ਬਾਗ ਦਾ ਮਾਲਕ ਕੀ ਕਰੇਗਾ? 16ਉਹ ਆਵੇਗਾ ਅਤੇ ਉਨ੍ਹਾਂ ਕਿਸਾਨਾਂ ਨੂੰ ਮਾਰ ਦੇਵੇਗਾ। ਅਤੇ ਅੰਗੂਰਾਂ ਦੇ ਬਾਗ ਨੂੰ ਦੂਸਰੇ ਕਿਸਾਨਾਂ ਨੂੰ ਠੇਕੇ ਤੇ ਦੇ ਦੇਵੇਗਾ।” ਜਦੋਂ ਲੋਕਾਂ ਨੇ ਇਹ ਦ੍ਰਿਸ਼ਟਾਂਤ ਸੁਣਿਆ ਤਾਂ ਉਹ ਆਖਣ ਲੱਗੇ, “ਰੱਬ ਨਾ ਕਰੇ ਕਿ ਅਜਿਹਾ ਹੋਵੇ।” 17ਪਰ ਯਿਸੂ ਨੇ ਉਨ੍ਹਾਂ ਦੀਆਂ ਅੱਖਾਂ ਵਿੱਚ ਝਾਕਿਆ ਅਤੇ ਆਖਿਆ, “ਤਾਂ ਫ਼ੇਰ ਇਸ ਲਿਖਤ ਦਾ ਕੀ ਅਰਥ:
‘ਜਿਸ ਪੱਥਰ ਨੂੰ ਰਾਜਾਂ ਨੇ ਰੱਦ ਕੀਤਾ
ਉਹ ਖੂੰਜੇ ਦਾ ਪੱਥਰ ਬਣ ਗਿਆ।’#ਜ਼ਬੂਰ 118:22
18ਹਰ ਕੋਈ ਜੋ ਉਸ ਪੱਥਰ ਤੇ ਡਿੱਗੇਗਾ ਟੁਕੜੇ-ਟੁਕੜੇ ਹੋ ਜਾਵੇਗਾ। ਅਤੇ ਜਿਸ ਉੱਤੇ ਉਹ ਪੱਥਰ ਡਿੱਗੇਗਾ ਉਹ ਕੁਚੱਲਿਆ ਜਾਵੇਗਾ।”
19ਯਹੂਦੀ ਆਗੂਆਂ ਨੇ ਇਹ ਦ੍ਰਿਸ਼ਟਾਂਤ ਸੁਣਿਆ ਅਤੇ ਮਹਿਸੂਸ ਕੀਤਾ ਕਿ ਇਹ ਦ੍ਰਿਸ਼ਟਾਂਤ ਉਨ੍ਹਾਂ ਬਾਰੇ ਕਿਹਾ ਗਿਆ ਸੀ। ਇਸ ਲਈ ਉਹ ਉਸ ਨੂੰ ਉਸ ਵੇਲੇ ਫੜਨਾ ਚਾਹੁੰਦੇ ਸਨ ਪਰ ਉਹ ਲੋਕਾਂ ਕੋਲੋਂ ਡਰਦੇ ਸਨ ਉਹ ਖਬਰੇ ਕੀ ਕਰਨਗੇ?
ਯਹੂਦੀ ਆਗੂਆਂ ਨੇ ਯਿਸੂ ਨਾਲ ਚਾਲ ਖੇਡੀ
(ਮੱਤੀ 22:15-22; ਮਰਕੁਸ 12:13-17)
20ਇਸ ਲਈ ਨੇਮ ਦੇ ਉਪਦੇਸ਼ਕ ਅਤੇ ਜਾਜਕ ਯਿਸੂ ਨੂੰ ਫ਼ੜਨ ਦੀ ਸਹੀ ਤਾਕ ਵਿੱਚ ਰਹੇ ਅਤੇ ਉਨ੍ਹਾਂ ਨੇ ਉਸ ਕੋਲ ਕੁਝ ਜਸੂਸ ਭੇਜੇ ਜਿਨ੍ਹਾਂ ਨੇ ਚੰਗੇ ਮਨੁੱਖ ਹੋਣ ਦਾ ਨਾਟਕ ਕੀਤਾ। ਉਹ ਯਿਸੂ ਦੀਆਂ ਗੱਲਾਂ ਵਿੱਚੋਂ ਕੋਈ ਗਲਤੀ ਲੱਭਣਾ ਚਾਹੁੰਦੇ ਸਨ ਤਾਂ ਜੋ ਉਹ ਯਿਸੂ ਨੂੰ ਰਾਜਪਾਲ ਦੇ ਹੱਥੀ ਸੌਂਪ ਸੱਕਣ, ਜਿਸ ਕੋਲ ਯਿਸੂ ਉੱਤੇ ਸ਼ਕਤੀ ਅਤੇ ਅਧਿਕਾਰ ਸੀ। 21ਤਾਂ ਇਨ੍ਹਾਂ ਆਦਮੀਆਂ ਨੇ ਯਿਸੂ ਨੂੰ ਪੁੱਛਿਆ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਜੋ ਤੁਸੀਂ ਆਖਦੇ ਹੋ ਅਤੇ ਉਪਦੇਸ਼ ਦਿੰਦੇ ਹੋ ਉਹ ਸਹੀ ਹੈ ਤੁਸੀਂ ਕਿਸੇ ਦੀ ਵੀ ਤਰਫ਼ਦਾਰੀ ਨਹੀਂ ਕਰਦੇ ਸਗੋਂ ਪਰਮੇਸ਼ੁਰ ਦੇ ਮਾਰਗ ਬਾਰੇ ਸੱਚਾਈ ਦਾ ਉਪਦੇਸ਼ ਦਿੰਦੇ ਹੋ। 22ਤੁਸੀਂ ਸਾਨੂੰ ਇਹ ਦੱਸੋ ਕਿ ਕੀ ਕੈਸਰ ਨੂੰ ਮਸੂਲ ਦੇਣਾ ਠੀਕ ਹੈ ਕਿ ਗਲਤ?”
23ਪਰ ਯਿਸੂ ਜਾਣਦਾ ਸੀ ਕਿ ਇਹ ਆਦਮੀ ਉਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, 24“ਮੈਨੂੰ ਇੱਕ ਸਿੱਕਾ ਦਿਖਾਵੋ? ਅਤੇ ਇਹ ਦੱਸੋ ਕਿ ਇਸ ਉੱਪਰ ਕਿਸਦਾ ਨਾਮ ਅਤੇ ਤਸਵੀਰ ਹੈ?”
ਉਨ੍ਹਾਂ ਕਿਹਾ, “ਇਹ ਕੈਸਰ ਦੀ ਹੈ।”
25ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤਾਂ ਫ਼ੇਰ ਜੋ ਕੈਸਰ ਦਾ ਹੈ ਉਹ ਕੈਸਰ ਨੂੰ ਦੇਵੋ ਅਤੇ ਜੋ ਪਰਮੇਸ਼ੁਰ ਦਾ ਹੈ ਉਹ ਪਰਮੇਸ਼ੁਰ ਨੂੰ ਦੇਵੋ।”
26ਲੋਕ ਉਸ ਦੇ ਇੰਨੇ ਬੁੱਧੀਮਾਨ ਜਵਾਬ ਤੇ ਹੈਰਾਨ ਰਹਿ ਗਏ ਅਤੇ ਕੁਝ ਨਾ ਆਖ ਸੱਕੇ। ਉਹ ਭੀੜ ਅੱਗੇ ਯਿਸੂ ਦੀਆਂ ਗੱਲਾਂ ਵਿੱਚੋਂ ਕੋਈ ਗਲਤੀ ਲੱਭਣ ਵਿੱਚ ਅਸਮਰਥ ਸਨ।
ਕੁਝ ਸਦੂਕੀਆਂ ਨੇ ਯਿਸੂ ਨਾਲ ਚਾਲ ਖੇਡੀ
(ਮੱਤੀ 22:23-33; ਮਰਕੁਸ 12:18-27)
27ਕੁਝ ਸਦੂਕੀ ਯਿਸੂ ਕੋਲ ਆਏ। ਉਹ ਇਹ ਵਿਸ਼ਵਾਸ ਨਹੀਂ ਕਰਦੇ ਕਿ ਪੁਨਰ ਉੱਥਾਨ ਹੈ। 28ਉਨ੍ਹਾਂ ਉਸ ਨੂੰ ਪੁੱਛਿਆ, “ਮੂਸਾ ਨੇ ਲਿਖਿਆ ਹੈ ਕਿ ਜੇਕਰ ਕੋਈ ਵਿਆਹਿਆ ਮਰਦ ਬਿਨ ਔਲਾਦ ਮਰ ਜਾਵੇ, ਤਾਂ ਉਸ ਦੇ ਭਰਾ ਨੂੰ ਉਸਦੀ ਔਰਤ ਨਾਲ ਵਿਆਹ ਕਰਾ ਲੈਣਾ ਚਾਹੀਦਾ ਹੈ।#20:28 ਦੇਖੋ ਬਿਵਸਥਾ ਸਾਰ 25:5, 6 ਤਾਂ ਜੋ ਉਹ ਮਰੇ ਹੋਏ ਭਰਾ ਵਾਸਤੇ ਸੰਤਾਨ ਪੈਦਾ ਕਰ ਸੱਕੇ। 29ਇੱਕ ਵਾਰ ਸੱਤ ਭਰਾ ਸਨ। ਪਹਿਲੇ ਭਰਾ ਨੇ ਜੋ ਸਭ ਤੋਂ ਵੱਡਾ ਸੀ, ਇੱਕ ਔਰਤ ਨਾਲ ਵਿਆਹ ਕਰਵਾਇਆ ਪਰ ਉਹ ਮਰ ਗਿਆ, ਉਸ ਦੇ ਕੋਈ ਉਲਾਦ ਨਾ ਹੋਈ। 30ਫਿਰ ਦੂਜੇ ਭਰਾ ਨੇ ਉਸ ਔਰਤ ਨਾਲ ਵਿਆਹ ਕੀਤਾ ਪਰ ਉਹ ਵੀ ਮਰ ਗਿਆ। 31ਉਸ ਦੇ ਤੀਜੇ ਭਰਾ ਨੇ ਉਸ ਔਰਤ ਨਾਲ ਵਿਆਹ ਕਰਵਾ ਲਿਆ ਪਰ ਉਹ ਵੀ ਮਰ ਗਿਆ। ਇੰਝ ਹੀ ਸੱਤਾਂ ਭਰਾਵਾਂ ਨਾਲ ਵਾਪਰਿਆ। ਵਾਰੀ-ਵਾਰੀ ਉਨ੍ਹਾਂ ਸਭਨਾਂ ਨੇ ਉਸ ਨਾਲ ਵਿਆਹ ਕਰਵਾਇਆ ਅਤੇ ਉਹ ਸਾਰੇ ਦੇ ਸਾਰੇ ਹੀ ਬਿਨ ਔਲਾਦ ਹੀ ਮਰ ਗਏ। 32ਅੰਤ ਵਿੱਚ, ਔਰਤ ਵੀ ਮਰ ਗਈ। ਪਰ ਉਨ੍ਹਾਂ ਸੱਤਾਂ ਭਰਾਵਾਂ ਨੇ ਉਸ ਨਾਲ ਵਿਆਹ ਕੀਤਾ, 33ਹੁਣ, ਪੁਨਰ ਉੱਥਾਨ ਦੇ ਦਿਨ, ਉਹ ਕਿਸ ਦੀ ਵਹੁਟੀ ਹੋਵੇਗੀ, ਕਿਉਂਕਿ ਸੱਤਾਂ ਹੀ ਭਰਾਵਾਂ ਨੇ ਉਸ ਨਾਲ ਵਿਆਹ ਕੀਤਾ?”
34ਯਿਸੂ ਨੇ ਸਦੂਕੀਆਂ ਨੂੰ ਕਿਹਾ, “ਧਰਤੀ ਤੇ ਲੋਕਾਂ ਦਾ ਵਿਆਹ ਇੱਕ ਦੂਜੇ ਨਾਲ ਹੁੰਦਾ ਹੈ। 35ਪਰ ਉਹ ਲੋਕ ਜਿਹੜੇ ਮੁਰਦਿਆਂ ਵਿੱਚੋਂ ਜੀਅ ਉੱਠਦੇ ਹਨ ਅਤੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿੱਚ ਜਿਉਣਗੇ, ਉਹ ਵਿਆਹ ਨਹੀਂ ਕਰਨਗੇ। 36ਅਤੇ ਉਹ ਹੋਰ ਨਹੀਂ ਮਰ ਸੱਕਦੇ, ਕਿਉਂਕਿ ਮੌਤ ਤੋਂ ਉਨ੍ਹਾਂ ਦਾ ਪੁਨਰ ਉੱਥਾਨ ਕੀਤਾ ਗਿਆ ਹੈ ਉਹ ਦੂਤਾਂ ਵਰਗੇ ਹਨ ਅਤੇ ਪਰਮੇਸ਼ੁਰ ਦੇ ਬੱਚੇ ਹਨ। 37ਮੂਸਾ ਨੇ ਵੀ ਇਹ ਦਰਸਾਇਆ ਹੈ ਕਿ ਮੁਰਦਾ ਲੋਕ ਜੀਅ ਉੱਠਣਗੇ। ਉਸ ਨੇ ਅਜਿਹਾ ਮਚਦੀ ਹੋਈ ਝਾੜੀ#20:37 ਮਚਦੀ ਹੋਈ ਝਾੜੀ ਦੇਖੋ ਕੂਚ 3:1-12 ਵਾਲੀ ਘਟਨਾ ਵੇਲੇ ਦਰਸਾਇਆ ਜਦੋਂ ਉਸ ਨੇ ਪ੍ਰਭੂ ਨੂੰ ‘ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ’ ਬੁਲਾਇਆ ਸੀ। 38ਉਹ ਮਰੇ ਹੋਏ ਲੋਕਾਂ ਦਾ ਨਹੀਂ ਸਗੋਂ ਜਿਉਂਦਿਆਂ ਦਾ ਪਰਮੇਸ਼ੁਰ ਹੈ। ਉਸ ਲਈ ਸਭ ਲੋਕ ਜੀਵਿਤ ਹਨ।”
39ਕੁਝ ਨੇਮ ਦੇ ਉਪਦੇਸ਼ਕਾਂ ਨੇ ਕਿਹਾ, “ਗੁਰੂ ਜੀ, ਤੁਸੀਂ ਸਹੀ ਆਖਿਆ ਹੈ।” 40ਉਸ ਵੇਲੇ ਤੋਂ, ਕੋਈ ਵੀ ਇੰਨਾ ਨਿੱਡਰ ਨਹੀਂ ਸੀ ਕਿ ਉਸ ਨੂੰ ਕੋਈ ਹੋਰ ਸਵਾਲ ਕਰ ਸੱਕੇ।
ਕੀ ਮਸੀਹ ਦਾਊਦ ਦਾ ਪੁੱਤਰ ਹੈ?
(ਮੱਤੀ 22:41-46; ਮਰਕੁਸ 12:35-37)
41ਤਦ ਯਿਸੂ ਨੇ ਆਖਿਆ, “ਲੋਕ ਇਹ ਕਿਉਂ ਆਖਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ? 42ਜ਼ਬੂਰਾਂ ਦੀ ਪੁਸਤਕ ਵਿੱਚ ਦਾਊਦ ਖੁਦ ਕਹਿੰਦਾ ਹੈ:
‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ,
ਤੂੰ ਮੇਰੇ ਸੱਜੇ ਪਾਸੇ ਬੈਠ’
43ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਬਣਾ ਦੇਵਾਂ।’#ਜ਼ਬੂਰ 110:1
44ਇਸ ਲਈ ਜਦੋਂ ਦਾਊਦ ਮਸੀਹ ਨੂੰ ‘ਪ੍ਰਭੂ’ ਬੁਲਾਉਦਾ ਹੈ। ਫ਼ੇਰ ਯਿਸੂ ਦਾਊਦ ਦਾ ਪੁੱਤਰ ਕਿਵੇਂ ਹੋ ਸੱਕਦਾ ਹੈ?”
ਯਿਸੂ ਨੇਮ ਦੇ ਉਪਦੇਸ਼ਕਾਂ ਬਾਰੇ ਖਬਰਦਾਰ ਕਰਦਾ
(ਮੱਤੀ 23:1-36; ਮਰਕੁਸ 12:38-40; ਲੂਕਾ 11:37-54)
45ਸਾਰੇ ਲੋਕ ਯਿਸੂ ਨੂੰ ਸੁਣ ਰਹੇ ਸਨ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, 46“ਨੇਮ ਦੇ ਉਪਦੇਸ਼ਕਾਂ ਕੋਲੋਂ ਖਬਰਦਾਰ ਰਹੋ ਜਿਹੜੇ ਲੰਬੇ ਚੋਗੇ ਪਾਕੇ ਫਿਰਨਾ ਪਸੰਦ ਕਰਦੇ ਹਨ ਅਤੇ ਬਜ਼ਾਰਾਂ ਵਿੱਚ ਸਲਾਮ ਲੈਣਾ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਅਗਲੀਆਂ ਕੁਰਸੀਆਂ ਅਤੇ ਦਾਅਵਤਾਂ ਵਿੱਚ ਬਹੁਤ ਮਹੱਤਵਪੂਰਨ ਥਾਵਾਂ ਚਾਹੁੰਦੇ ਹਨ। 47ਉਹ ਵਿਧਵਾਵਾਂ ਦੇ ਘਰ ਲੁੱਟ ਲੈਂਦੇ ਹਨ ਅਤੇ ਬਾਦ ਵਿੱਚ ਲੰਬੀਆਂ-ਲੰਬੀਆਂ ਪ੍ਰਾਰਥਨਾ ਕਰਕੇ ਚੰਗੇ ਬਨਣ ਦਾ ਢੋਂਗ ਕਰਦੇ ਹਨ। ਉਨ੍ਹਾਂ ਨੂੰ ਵੱਧੇਰੇ ਸਜਾ ਮਿਲੇਗੀ।”
Currently Selected:
ਲੂਕਾ ਦੀ ਇੰਜੀਲ 20: PERV
Highlight
Share
Copy
Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International