ਲੂਕਾ ਦੀ ਇੰਜੀਲ 16
16
ਸੱਚਾ ਧਨ
1ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਇੱਕ ਵਾਰ ਇੱਕ ਬੜਾ ਧਨਵਾਨ ਆਦਮੀ ਸੀ। ਉਸ ਨੇ ਆਪਣਾ ਕਾਰੋਬਾਰ ਸੰਭਾਲਣ ਲਈ ਇੱਕ ਮੁਖਤਿਆਰ ਰੱਖਿਆ। ਬਾਦ ਵਿੱਚ ਉਸ ਨੂੰ ਪਤਾ ਚੱਲਿਆ ਕਿ ਉਸਦਾ ਮੁਖਤਿਆਰ ਉਸ ਨਾਲ ਧੋਖਾ ਕਰ ਰਿਹਾ ਹੈ। 2ਤਾਂ ਉਸ ਨੇ ਉਸ ਨੂੰ ਅੰਦਰ ਬੁਲਾਇਆ ਅਤੇ ਕਿਹਾ, ‘ਤੇਰੇ ਬਾਰੇ ਮੈਂ ਇਹ ਸਭ ਕੀ ਸੁਣ ਰਿਹਾ ਹਾਂ। ਮੈਨੂੰ ਮੇਰੇ ਸਾਰੇ ਪੈਸੇ ਦਾ ਹਿਸਾਬ ਦੇ। ਤੂੰ ਇਸ ਤੋਂ ਬਾਦ ਮੇਰਾ ਮੁਖਤਿਆਰ ਨਹੀਂ ਹੋ ਸੱਕਦਾ।’
3“ਬਾਅਦ ਵਿੱਚ ਮੁਖਤਿਆਰ ਨੇ ਆਪਣੇ ਮਨ ਵਿੱਚ ਸੋਚਿਆ, ‘ਹੁਣ ਮੈਂ ਕੀ ਕਰਾਂਗਾ? ਮੇਰਾ ਮਾਲਕ ਤਾਂ ਮੈਨੂੰ ਮੇਰੀ ਨੋਕਰੀ ਤੋਂ ਹਟਾ ਰਿਹਾ ਹੈ। ਮੇਰੇ ਵਿੱਚ ਖੋਦਣ ਦੀ ਤਾਕਤ ਨਹੀਂ ਹੈ ਅਤੇ ਭੀਖ ਮੰਗਣ ਤੋਂ ਮੈਨੂੰ ਸ਼ਰਮ ਆਉਂਦੀ ਹੈ। 4ਮੈਂ ਜਾਣ ਗਿਆ ਕਿ ਮੈਂ ਕੀ ਕਰਾਂ, ਜਿਸ ਵੇਲੇ ਮੈਂ ਮੁਖਤਿਆਰੀ ਤੋਂ ਹਟਾਇਆ ਜਾਵਾਂਗਾ, ਮੈਂ ਕੁਝ ਅਜਿਹਾ ਕਰਾਂਗਾ ਕਿ ਲੋਕ ਆਪਣੇ ਘਰਾਂ ਵਿੱਚ ਮੇਰਾ ਸਵਾਗਤ ਕਰਨਗੇ।’
5“ਤਾਂ ਉਸ ਨੇ ਆਪਣੇ ਮਾਲਕ ਦੇ ਕਰਜਾਈਆਂ ਨੂੰ ਇੱਕ-ਇੱਕ ਕਰਕੇ ਆਪਣੇ ਕੋਲ ਸੱਦਿਆ ਅਤੇ ਪਹਿਲੇ ਨੂੰ ਕਿਹਾ, ‘ਤੂੰ ਮੇਰੇ ਮਾਲਕ ਦਾ ਕਿੰਨਾ ਦੇਣਾ ਹੈ।’ 6ਉਸ ਮਨੁੱਖ ਨੇ ਆਖਿਆ, ‘ਮੈਂ ਉਸ ਦੇ ਜੈਤੂਨ ਦੇ ਤੇਲ ਦੇ ਅੱਠ ਹਜ਼ਾਰ ਪੌਂਡ ਦੇਣੇ ਹਨ।’ ਤਾਂ ਮੁਖਤਿਆਰ ਨੇ ਉਸ ਨੂੰ ਕਿਹਾ, ‘ਆਪਣੀ ਵਹੀ ਲੈ ਅਤੇ ਬੈਠਕੇ ਚਾਰ ਹਜ਼ਾਰ ਪੌਂਡ ਲਿਖ ਦੇ।’
7“ਤਾਂ ਮੁਖਤਿਆਰ ਨੇ ਦੂਸਰੇ ਆਦਮੀ ਨੂੰ ਸੱਦਿਆ, ‘ਤੂੰ ਮੇਰੇ ਮਾਲਕ ਦੇ ਕਿੰਨੇ ਦੇਣੇ ਹਨ?’ ਉਸ ਮਨੁੱਖ ਨੇ ਜਵਾਬ ਦਿੱਤਾ, ‘ਮੈਂ ਉਸ ਨੂੰ ਕਣਕ ਦੇ ਸੱਠ ਹਜ਼ਾਰ ਪੌਂਡ ਦੇਣਦਾਰ ਹਾਂ’, ਮੁਖਤਿਆਰ ਨੇ ਉਸ ਨੂੰ ਆਖਿਆ, ‘ਆਪਣੀ ਵਹੀ ਲੈ ਅਤੇ ਛੇਤੀ ਬੈਠ ਕੇ ਪੰਜਾਹ ਹਜ਼ਾਰ ਪੌਂਡ ਲਿਖ ਦੇ।’
8“ਬਾਅਦ ਵਿੱਚ ਮਾਲਕ ਨੇ ਆਪਣੇ ਬੇਈਮਾਨ ਮੁਖਤਿਆਰ ਨੂੰ ਕਿਹਾ ਕਿ ਉਸ ਨੇ ਬੜੀ ਚਲਾਕੀ ਖੇਡੀ ਹੈ। ਹਾਂ! ਦੁਨਿਆਵੀ ਲੋਕ ਆਤਮਕ ਲੋਕਾਂ ਨਾਲੋਂ ਆਪਣੇ ਸਮੇਂ ਦੇ ਦੂਜੇ ਲੋਕਾਂ ਨਾਲ ਵੱਧੇਰੇ ਚਲਾਕੀ ਕਰਦੇ ਹਨ।
9“ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪਣੇ ਲਈ ਦੋਸਤ ਪ੍ਰਾਪਤ ਕਰਨ ਵਾਸਤੇ ਤੁਹਾਡੇ ਕੋਲ ਜਿੰਨੀ ਵੀ ਦੁਨਿਆਵੀ ਦੌਲਤ ਹੈ, ਇਸਤੇਮਾਲ ਕਰੋ। ਜਦੋਂ ਦੁਨਿਆਵੀ ਦੌਲਤ ਮੁੱਕ ਜਾਵੇਗੀ ਤਾਂ ਤੁਹਾਡਾ ਸਦੀਵੀ ਘਰਾਂ ਵਿੱਚ ਸੁਆਗਤ ਕੀਤਾ ਜਾਵੇਗਾ। 10ਜੇਕਰ ਕੋਈ ਮਨੁੱਖ ਛੋਟੀਆਂ ਵਸਤਾਂ ਬਾਰੇ ਭਰੋਸੇਮੰਦ ਹੈ, ਉਸਤੇ ਵੱਡੀਆਂ ਵਸਤਾਂ ਬਾਰੇ ਵੀ ਭਰੋਸਾ ਕੀਤਾ ਜਾ ਸੱਕਦਾ ਹੈ। ਪਰ ਜੇਕਰ ਕੋਈ ਮਨੁੱਖ ਛੋਟੀਆਂ ਚੀਜ਼ਾਂ ਵਿੱਚ ਬੇਇਮਾਨ ਹੋਵੇਗਾ ਤਾਂ ਉਹ ਵੱਡੀਆਂ ਵਸਤਾਂ ਵਿੱਚ ਵੀ ਬੇਈਮਾਨੀ ਕਰ ਸੱਕਦਾ ਹੈ। 11ਜੇਕਰ ਤੁਸੀਂ ਇਹ ਸਾਬਤ ਨਹੀਂ ਕਰ ਸੱਕਦੇ ਕਿ ਤੁਸੀਂ ਦੁਨਿਆਵੀ ਦੌਲਤ ਨਾਲ ਵਿਸ਼ਵਾਸਯੋਗ ਹੋ, ਤਾਂ ਫ਼ਿਰ ਤੁਹਾਨੂੰ ਸੱਚੀ ਦੌਲਤ ਕੌਣ ਸੌਂਪੇਗਾ? 12ਜੇਕਰ ਤੁਸੀਂ ਇਹ ਸਾਬਤ ਨਹੀਂ ਕਰਦੇ ਕਿ ਤੁਸੀਂ ਦੂਜਿਆਂ ਦੀ ਮਲਕੀਅਤ ਨਾਲ ਵਫਾਦਾਰ ਨਹੀਂ ਹੋ ਤਾਂ ਫ਼ਿਰ ਤੁਹਾਨੂੰ ਆਪਣੇ ਲਈ ਕੌਣ ਮਲਕੀਅਤ ਦੇਵੇਗਾ?
13“ਕੋਈ ਵੀ ਸੇਵਕ ਇੱਕੋ ਵੇਲੇ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸੱਕਦਾ। ਉਹ ਇੱਕ ਨੂੰ ਪਿਆਰ ਕਰੇਗਾ ਅਤੇ ਦੂਜੇ ਨੂੰ ਨਫ਼ਰਤ ਜਾਂ ਇੱਕ ਨਾਲ ਵਫਾਦਾਰ ਹੋਵੇਗਾ ਅਤੇ ਦੂਜੇ ਨਾਲ ਅਣਗਹਿਲੀ ਕਰੇਗਾ। ਤੁਸੀਂ ਪਰਮੇਸ਼ੁਰ ਅਤੇ ਪੈਸੇ ਦੀ ਇੱਕੋ ਵੇਲੇ ਸੇਵਾ ਨਹੀਂ ਕਰ ਸੱਕਦੇ।”
ਪਰਮੇਸ਼ੁਰ ਦਾ ਨੇਮ ਨਹੀਂ ਬਦਲਿਆ ਜਾ ਸੱਕਦਾ
(ਮੱਤੀ 11:12-13)
14ਜਦੋਂ ਪੈਸੇ ਨੂੰ ਪਿਆਰ ਕਰਨ ਵਾਲੇ ਫਰੀਸੀਆਂ ਨੇ ਇਹ ਸੁਣਿਆ ਤਾਂ ਉਨ੍ਹਾਂ ਨੇ ਯਿਸੂ ਦਾ ਮਜਾਕ ਉਡਾਇਆ। 15ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਲੋਕਾਂ ਸਾਹਮਣੇ ਆਪਣੇ-ਆਪ ਨੂੰ ਬੜਾ ਚੰਗਾ ਕਰਕੇ ਵਿਖਾਉਂਦੇ ਹੋ, ਪਰ ਪਰਮੇਸ਼ੁਰ ਤੁਹਾਡੇ ਦਿਲਾਂ ਦੀਆਂ ਜਾਣਦਾ ਹੈ। ਜਿਸ ਕਾਸੇ ਨੂੰ ਵੀ ਲੋਕ ਮੁੱਲਵਾਨ ਸਮਝਦੇ ਹਨ, ਪਰਮੇਸ਼ੁਰ ਲਈ ਉਸਦੀ ਕੋਈ ਕੀਮਤ ਨਹੀਂ।”
16“ਪਰਮੇਸ਼ੁਰ ਜਾਣਦਾ ਹੈ ਕਿ ਲੋਕ ਮੂਸਾ ਦੀ ਸ਼ਰ੍ਹਾ ਅਤੇ ਨਬੀਆਂ ਦੀਆਂ ਲਿਖਤਾਂ ਦੀ ਯੂਹੰਨਾ ਦੇ ਸਮੇਂ ਤੱਕ ਮੁਨਾਦੀ ਹੋ ਚੁੱਕੀ ਸੀ। ਉਸਤੋਂ ਬਾਦ ਪਰਮੇਸ਼ੁਰ ਦੇ ਰਾਜ ਦੇ ਸੰਦੇਸ਼ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਪਰਮੇਸ਼ੁਰ ਦੇ ਰਾਜ ਵਿੱਚ ਆਉਣ ਲਈ ਜੋਰ-ਜਬਰਦਸਤੀ ਕਰ ਰਹੇ ਹਨ। 17ਸ਼ਰ੍ਹਾ ਦੇ ਇੱਕ ਅੱਖਰ ਦੇ ਇੱਕ ਹਿੱਸੇ ਦੇ ਬਦਲਣ ਨਾਲੋਂ ਅਕਾਸ਼ ਅਤੇ ਧਰਤੀ ਦਾ ਮਿਟ ਜਾਣਾ ਸੌਖਾ ਹੈ।
ਤਲਾਕ ਅਤੇ ਦੂਜਾ ਵਿਆਹ
18“ਕੋਈ ਵੀ ਜੋ ਆਪਣੀ ਔਰਤ ਨੂੰ ਤਲਾਕ ਦਿੰਦਾ ਹੈ ਅਤੇ ਦੂਜੀ ਔਰਤ ਨਾਲ ਵਿਆਹ ਕਰਦਾ ਹੈ ਉਹ ਇੱਕ ਬਦਕਾਰ ਹੈ। ਇਸੇ ਤਰ੍ਹਾਂ ਹੀ ਉਹ ਆਦਮੀ ਜੋ ਤਲਾਕ ਦਿੱਤੀ ਹੋਈ ਔਰਤ ਨਾਲ ਵਿਆਹ ਕਰਦਾ ਹੈ ਉਹ ਵੀ ਇੱਕ ਬਦਕਾਰ ਹੈ।”
ਅਮੀਰ ਆਦਮੀ ਅਤੇ ਲਾਜ਼ਰ
19ਯਿਸੂ ਨੇ ਆਖਿਆ, “ਇੱਕ ਅਮੀਰ ਆਦਮੀ ਸੀ। ਉਹ ਮਹੀਨ ਕੀਮਤੀ ਵਸਤਰ ਪਹਿਨਦਾ ਅਤੇ ਹਰ ਰੋਜ਼ ਐਸ਼ ਪ੍ਰਸਤੀ ਦੀ ਜਿੰਦਗੀ ਜਿਉਂਦਾ ਸੀ। 20ਉੱਥੇ ਇੱਕ ਲਾਜ਼ਰ ਨਾਂ ਦਾ ਮੰਗਤਾ ਸੀ ਜਿਸਦਾ ਸਾਰਾ ਸਰੀਰ ਫ਼ੋੜਿਆਂ ਨਾਲ ਭਰਿਆ ਹੋਇਆ ਸੀ। ਉਹ ਅਕਸਰ ਅਮੀਰ ਆਦਮੀ ਦੇ ਦਰ ਅੱਗੇ ਪਿਆ ਹੁੰਦਾ ਸੀ। 21ਉਸ ਨੂੰ ਅਮੀਰ ਆਦਮੀ ਦੀ ਮੇਜ਼ ਤੋਂ ਬਚੇ ਹੋਏ ਭੋਜਨ ਲਈ ਵੀ ਤੀਬ੍ਰ ਇੱਛਾ ਰਹਿੰਦੀ ਸੀ। ਸਗੋਂ ਕੁੱਤੇ ਆਕੇ ਉਸ ਦੇ ਫ਼ੋੜਿਆਂ ਨੂੰ ਵੀ ਚੱਟਦੇ।
22“ਫ਼ੇਰ ਗਰੀਬ ਲਾਜ਼ਰ ਮਰ ਗਿਆ ਦੂਤਾਂ ਨੇ ਉਸ ਨੂੰ ਲਿਆ ਅਤੇ ਅਬਰਾਹਾਮ ਗੋਦ ਵਿੱਚ ਜਾ ਰੱਖਿਆ, ਫ਼ੇਰ ਉਹ ਅਮੀਰ ਆਦਮੀ ਵੀ ਮਰ ਗਿਆ ਅਤੇ ਦਫ਼ਨਾਇਆ ਗਿਆ। 23ਉਸ ਨੇ ਪਤਾਲ ਵਿੱਚੋਂ ਜਿੱਥੇ ਉਹ ਦੁੱਖ ਝੱਲ ਰਿਹਾ ਸੀ ਆਪਣੀਆਂ ਅੱਖਾਂ ਚੁੱਕੀਆਂ ਅਤੇ ਦੂਰੋਂ ਲਾਜ਼ਰ ਨੂੰ ਅਬਰਾਹਾਮ ਦੀ ਗੋਦ ਵਿੱਚ ਵੇਖਿਆ। 24ਤਾਂ ਉਸ ਨੇ ਅਵਾਜ਼ ਮਾਰਕੇ ਕਿਹਾ, ‘ਪਿਤਾ ਅਬਰਾਹਾਮ! ਮੇਰੇ ਤੇ ਮਿਹਰ ਕਰ। ਲਾਜ਼ਰ ਨੂੰ ਪਾਣੀ ਵਿੱਚ ਆਪਣੀ ਉਂਗਲ ਭਿਉਂ ਕੇ ਮੇਰੀ ਜੀਭ ਗਿੱਲੀ ਕਰਨ ਲਈ ਭੇਜ, ਕਿਉਂਕਿ ਮੈਂ ਇਸ ਅੱਗ ਵਿੱਚ ਦੁੱਖ ਝੱਲ ਰਿਹਾ ਹਾਂ।’
25“ਪਰ ਅਬਰਾਹਾਮ ਨੇ ਆਖਿਆ, ‘ਮੇਰੇ ਪੁੱਤਰ, ਯਾਦ ਕਰ ਜੋ ਤੂੰ ਧਰਤੀ ਤੇ ਆਪਣੇ ਜਿਉਂਦੇ ਜੀ ਆਪਣੀਆਂ ਸਾਰੀਆਂ ਵਸਤਾਂ ਭੋਗ ਚੁੱਕਾ ਹੈਂ ਅਤੇ ਲਾਜ਼ਰ ਨੇ ਸਾਰੀਆਂ ਮਾੜੀਆਂ ਵਸਤਾਂ ਭੋਗੀਆਂ ਹਨ। ਇਸ ਲਈ ਉਹ ਹੁਣ ਸੁੱਖ ਭੋਗ ਰਿਹਾ ਹੈ ਤੇ ਤੂੰ ਦੁੱਖ। 26ਇਸਤੋਂ ਇਲਾਵਾ ਤੁਹਾਡੇ ਤੇ ਸਾਡੇ ਵਿੱਚਕਾਰ ਇੱਕ ਗਹਿਰੀ ਖੱਡ ਹੈ, ਇਸ ਲਈ ਅਗਰ ਕੋਈ ਵੀ, ਜੋ ਤੇਰੀ ਮਦਦ ਕਰਨੀ ਚਾਹੁੰਦਾ ਹੈ, ਤਾਂ ਉਹ ਉਧਰ ਨਹੀਂ ਜਾ ਸੱਕਦਾ ਅਤੇ ਨਾ ਹੀ ਕੋਈ ਉਧਰੋਂ ਇਧਰ ਆ ਸੱਕਦਾ ਹੈ।’
27“ਤਾਂ ਅਮੀਰ ਆਦਮੀ ਨੇ ਕਿਹਾ ‘ਫ਼ੇਰ ਪਿਤਾ ਅਬਰਾਹਾਮ ਮੈਂ ਤੇਰੇ ਅੱਗੇ ਲਾਜ਼ਰ ਨੂੰ ਧਰਤੀ ਤੇ ਮੇਰੇ ਪਿਤਾ ਦੇ ਘਰ ਭੇਜਣ ਦੀ ਬੇਨਤੀ ਕਰਦਾ ਹਾਂ, ਕਿਉਂਕਿ ਮੇਰੇ ਪੰਜ ਭਰਾ ਹਨ। 28ਲਾਜ਼ਰ ਜਾਕੇ ਮੇਰੇ ਭਰਾਵਾਂ ਨੂੰ ਚੁਕੰਨਾ ਕਰ ਆਵੇ ਕਿ ਉਹ ਇਸ ਪਤਾਲ ਦੇ ਨਰਕ ਕੁੰਡ ਵਿੱਚ ਨਾ ਆਉਣ।’
29“ਪਰ ਅਬਰਾਹਾਮ ਨੇ ਆਖਿਆ, ‘ਉਨ੍ਹਾਂ ਕੋਲ ਮੂਸਾ ਦੇ ਨੇਮ ਅਤੇ ਨਬੀਆਂ ਦੀਆਂ ਲਿਖਤਾਂ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਉਪਦੇਸ਼ ਦਾ ਅਨੁਸਰਣ ਕਰਨ ਦੇ।’
30“ਪਰ ਉਸ ਧਨਵਾਨ ਨੇ ਕਿਹਾ, ‘ਨਹੀਂ ਪਿਤਾ ਅਬਰਾਹਾਮ! ਜੇਕਰ ਕੋਈ ਮੁਰਦਿਆਂ ਵਿੱਚੋਂ ਉਨ੍ਹਾਂ ਕੋਲ ਜਾਵੇ ਤਾਂ ਉਹ ਵਿਸ਼ਵਾਸ ਕਰਨਗੇ ਅਤੇ ਆਪਣੇ ਦਿਲ ਅਤੇ ਜੀਵਨ ਬਦਲ ਲੈਣਗੇ।’
31“ਪਰ ਅਬਰਾਹਾਮ ਨੇ ਉਸ ਨੂੰ ਆਖਿਆ, ‘ਜੇਕਰ ਉਹ ਮੂਸਾ ਅਤੇ ਨਬੀਆਂ ਨੂੰ ਨਹੀਂ ਸੁਣਨਗੇ, ਤਾਂ ਫ਼ੇਰ ਉਹ ਉਸ ਨੂੰ ਵੀ ਨਹੀਂ ਸੁਣਨਗੇ ਜੋ ਮੁਰਦਿਆਂ ਵਿੱਚੋਂ ਜੀਅ ਉੱਠਿਆ ਹੋਵੇ।’”
Currently Selected:
ਲੂਕਾ ਦੀ ਇੰਜੀਲ 16: PERV
Highlight
Share
Copy
Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International