YouVersion Logo
Search Icon

ਯੂਹੰਨਾ ਦੀ ਇੰਜੀਲ 8

8
1ਯਿਸੂ ਜੈਤੂਨ ਦੇ ਪਹਾੜ ਵੱਲ ਨੂੰ ਤੁਰ ਪਿਆ। 2ਸਵੇਰ-ਸਾਰ ਯਿਸੂ ਮੰਦਰ ਨੂੰ ਮੁੜਿਆ ਅਤੇ ਸਾਰੇ ਲੋਕ ਯਿਸੂ ਕੋਲ ਆਏ। ਯਿਸੂ ਉੱਥੇ ਬੈਠਿਆ ਅਤੇ ਉਨ੍ਹਾਂ ਨੂੰ ਉਪਦੇਸ਼ ਦਿੱਤਾ।
3ਨੇਮ ਦੇ ਪ੍ਰਚਾਰਕ ਅਤੇ ਫ਼ਰੀਸੀ ਉੱਥੇ ਇੱਕ ਔਰਤ ਨੂੰ ਯਿਸੂ ਕੋਲ ਲੈ ਆਏ ਜੋ ਕਿ ਬਦਕਾਰੀ ਕਰਦਿਆਂ ਫ਼ੜੀ ਗਈ ਸੀ। ਉਨ੍ਹਾਂ ਯਹੂਦੀਆਂ ਨੇ ਉਸ ਔਰਤ ਨੂੰ ਲੋਕਾਂ ਸਾਹਮਣੇ ਖੜ੍ਹੇ ਹੋਣ ਲਈ ਮਜਬੂਰ ਕੀਤਾ। 4ਉਨ੍ਹਾਂ ਨੇ ਯਿਸੂ ਨੂੰ ਆਖਿਆ, “ਗੁਰੂ! ਇਹ ਔਰਤ ਉਦੋਂ ਫ਼ੜੀ ਗਈ ਜਦੋਂ ਇਹ ਬਦਕਾਰੀ ਕਰ ਰਹੀ ਸੀ? 5ਸ਼ਰ੍ਹਾ ਵਿੱਚ, ਮੂਸਾ ਨੇ ਹੁਕਮ ਦਿੱਤਾ ਹੈ ਕਿ ਅਜਿਹੀਆਂ ਔਰਤਾਂ ਨੂੰ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ। ਸਾਨੂੰ ਦੱਸੋ ਸਾਨੂੰ ਕੀ ਕਰਨਾ ਚਾਹੀਦਾ?”
6ਯਹੂਦੀ ਉਸ ਨੂੰ ਚਲਾਕੀ ਨਾਲ ਫ਼ਸਾਉਣ ਲਈ ਇਹ ਸਵਾਲ ਪੁੱਛ ਰਹੇ ਸਨ ਤਾਂ ਕਿ ਉਹ ਕੁਝ ਗਲਤ ਆਖੇ। ਉਹ ਉਸ ਦੇ ਖਿਲਾਫ ਕੋਈ ਦੋਸ਼ ਮੜ੍ਹਨਾ ਚਾਹੁੰਦੇ ਸਨ। ਪਰ ਯਿਸੂ ਥੱਲੇ ਝੁਕਿਆ ਅਤੇ ਜ਼ਮੀਨ ਤੇ ਆਪਣੀ ਉਂਗਲ ਨਾਲ ਕੁਝ ਲਿਖਣ ਲੱਗ ਪਿਆ। 7ਯਹੂਦੀਆਂ ਨੇ ਲਗਾਤਾਰ ਉਸ ਨੂੰ ਇਹ ਸਵਾਲ ਪੁੱਛਿਆ ਤਾਂ ਯਿਸੂ ਸਿੱਧਾ ਹੋਇਆ ਅਤੇ ਆਖਿਆ, “ਕੀ ਇੱਥੇ ਕੋਈ ਅਜਿਹਾ ਮਨੁੱਖ ਹੈ ਜਿਸਨੇ ਕਦੇ ਕੋਈ ਪਾਪ ਨਹੀਂ ਕੀਤਾ ਉਹ ਮਨੁੱਖ ਇਸ ਉੱਪਰ ਪਹਿਲਾ ਪੱਥਰ ਮਾਰ ਸੱਕਦਾ ਹੈ।” 8ਤਾਂ ਉਹ ਫ਼ੇਰ ਥੱਲੇ ਝੁਕਿਆ ਅਤੇ ਧਰਾਤਲ ਤੇ ਕੁਝ ਲਿਖਣ ਲੱਗ ਪਿਆ।
9ਜੋ ਯਿਸੂ ਨੇ ਆਖਿਆ ਲੋਕਾਂ ਨੇ ਸੁਣਿਆ ਅਤੇ ਉਹ ਇੱਕ-ਇੱਕ ਕਰਕੇ ਵਿਦਾ ਹੋਣ ਲੱਗੇ। ਸਭ ਤੋਂ ਪਹਿਲਾਂ ਬਜ਼ੁਰਗ ਲੋਕ ਗਏ ਫ਼ਿਰ ਹੋਰ ਸਾਰੇ ਲੋਕ ਵੀ ਵਿਦਾ ਹੋ ਗਏ। ਯਿਸੂ ਇੱਕਲਾ ਉਸ ਔਰਤ ਨਾਲ ਬੱਚਿਆ ਜੋ ਕਿ ਉਸ ਦੇ ਸਾਹਮਣੇ ਖੜ੍ਹੀ ਸੀ। 10ਯਿਸੂ ਨੇ ਉਸ ਔਰਤ ਨੂੰ ਵੇਖਿਆ ਅਤੇ ਆਖਣ ਲੱਗਾ, “ਹੇ ਔਰਤ, ਉਹ ਕਿੱਥੇ ਹਨ? ਕੀ ਕਿਸੇ ਨੇ ਵੀ ਤੈਨੂੰ ਦੋਸ਼ੀ ਕਰਾਰ ਨਹੀਂ ਦਿੱਤਾ?”
11ਉਸ ਔਰਤ ਨੇ ਉੱਤਰ ਦਿੱਤਾ, “ਨਹੀਂ, ਸ਼੍ਰੀਮਾਨ ਜੀ! ਮੈਨੂੰ ਕਿਸੇ ਨੇ ਵੀ ਦੋਸ਼ੀ ਕਰਾਰ ਨਹੀਂ ਦਿੱਤਾ।”
ਫਿਰ ਯਿਸੂ ਨੇ ਆਖਿਆ, “ਤਾਂ ਮੈਂ ਵੀ ਤੇਰਾ ਦੋਸ਼ੀ ਹੋਣ ਦਾ ਨਿਰਨਾ ਨਹੀਂ ਕਰਦਾ। ਹੁਣ ਤੂੰ ਜਾ ਸੱਕਦੀ ਹੈਂ ਪਰ ਭਵਿੱਖ ਵਿੱਚ ਹੋਰ ਪਾਪ ਨਾ ਕਰੀਂ।”
ਯਿਸੂ ਦੁਨੀਆਂ ਦਾ ਚਾਨਣ ਹੈ
12ਬਾਦ ਵਿੱਚ ਯਿਸੂ ਨੇ ਮੁੜ ਲੋਕਾਂ ਨਾਲ ਗੱਲ ਕੀਤੀ ਅਤੇ ਕਿਹਾ, “ਮੈਂ ਦੁਨੀਆਂ ਦਾ ਚਾਨਣ ਹਾਂ। ਉਹ ਮਨੁੱਖ ਜੋ ਮੇਰਾ ਅਨੁਸਰਣ ਕਰਦਾ, ਉਹ ਕਦੇ ਵੀ ਹਨੇਰਿਆਂ ਵਿੱਚ ਨਹੀਂ ਜੀਵੇਗਾ ਸਗੋਂ ਉਸ ਕੋਲ ਜੀਵਨ ਦੀ ਰੋਸ਼ਨੀ ਹੋਵੇਗੀ।”
13ਪਰ ਫਰੀਸੀਆਂ ਨੇ ਯਿਸੂ ਨੂੰ ਕਿਹਾ, “ਜਦੋਂ ਤੂੰ ਆਪਣੇ-ਆਪ ਬਾਰੇ ਇਹ ਗੱਲਾਂ ਆਖਦਾ ਹੈਂ ਤਾ ਸਿਰਫ ਤੂੰ ਹੀ ਹੈਂ, ਜੋ ਇਹ ਆਖਦਾ ਕਿ ਇਹ ਸੱਚ ਹੈ, ਇਸ ਲਈ ਅਸੀਂ ਉਹ ਨਹੀਂ ਕਬੂਲ ਸੱਕਦੇ ਜੋ ਤੂੰ ਆਖ ਰਿਹਾ ਹੈਂ।”
14ਯਿਸੂ ਨੇ ਜਵਾਬ ਦਿੱਤਾ, “ਹਾਂ ਮੈਂ ਆਪਣੇ ਆਪ ਬਾਰੇ ਅਜਿਹੀਆਂ ਗੱਲਾਂ ਆਖ ਰਿਹਾ ਹਾਂ ਅਤੇ ਇਹ ਸੱਚ ਨੇ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾਵਾਂਗਾ। ਪਰ ਤੁਸੀਂ ਨਹੀਂ ਜਾਣਦੇ ਕਿ ਮੈਂ ਕਿੱਥੋਂ ਆਇਆ ਅਤੇ ਕਿੱਥੇ ਜਾਵਾਂਗਾ। 15ਤੁਸੀਂ ਲੋਕ ਮਾਨਵੀ ਦਰਜੇ ਦੇ ਆਧਾਰ ਤੇ ਮੇਰਾ ਨਿਆਂ ਕਰਦੇ ਹੋ, ਪਰ ਮੈਂ ਕਿਸੇ ਦਾ ਨਿਆਂ ਨਹੀਂ ਕਰਦਾ। 16ਪਰ ਜੇ ਮੈਂ ਨਿਆਂ ਕਰਾਂ ਤਾਂ ਮੇਰਾ ਨਿਆਂ ਸੱਚਾ ਹੋਵੇਗਾ, ਕਿਉਂ ਕਿ ਮੈਂ ਇੱਕਲਾ ਨਹੀਂ ਹਾਂ, ਪਿਤਾ ਜਿਸ ਨੇ ਮੈਨੂੰ ਭੇਜਿਆ ਮੇਰੇ ਨਾਲ ਹੈ। 17ਤੁਹਾਡੀ ਸ਼ਰ੍ਹਾ ਵਿੱਚ ਵੀ ਇਹ ਲਿਖਿਆ ਹੋਇਆ ਹੈ ਕਿ ਦੋ ਮਨੁੱਖਾਂ ਦੀ ਗਵਾਹੀ ਜਾਇਜ਼ ਹੈ। 18ਮੈਂ ਆਪਣੇ ਪੱਖ ਉੱਤੇ ਗਵਾਹੀ ਦਿੰਦਾ ਹਾਂ ਅਤੇ ਮੇਰਾ ਪਿਤਾ, ਜਿਸਨੇ ਮੈਨੂੰ ਭੇਜਿਆ ਹੈ, ਵੀ ਮੇਰੇ ਪੱਖ ਉੱਤੇ ਗਵਾਹੀ ਦਿੰਦਾ ਹੈ।”
19ਲੋਕਾਂ ਨੇ ਪੁੱਛਿਆ, “ਤੇਰਾ ਪਿਤਾ ਕਿੱਥੇ ਹੈ?”
ਯਿਸੂ ਨੇ ਆਖਿਆ, “ਤੁਸੀਂ ਮੈਨੂੰ ਜਾਂ ਮੇਰੇ ਪਿਤਾ ਨੂੰ ਨਹੀਂ ਜਾਣਦੇ। ਪਰ ਜੇ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣ ਜਾਂਦੇ।” 20ਯਿਸੂ ਨੇ ਇਹ ਗੱਲਾਂ ਉਦੋਂ ਆਖੀਆਂ ਜਦੋਂ ਉਹ ਮੰਦਰ ਦੇ ਇਲਾਕੇ ਵਿੱਚ ਉਪਦੇਸ਼ ਦੇ ਰਿਹਾ ਸੀ। ਜਦੋਂ ਉਹ ਚੜ੍ਹਾਵੇ ਦੀ ਪੇਟੀ ਕੋਲ ਪ੍ਰਚਾਰ ਕਰ ਰਿਹਾ ਸੀ ਪਰ ਕਿਸੇ ਵੀ ਮਨੁੱਖ ਨੇ ਉਸ ਨੂੰ ਗਿਰਫਤਾਰ ਨਹੀਂ ਕੀਤਾ ਕਿਉਂ ਕਿ ਅਜੇ ਯਿਸੂ ਦਾ ਸਹੀ ਵੇਲਾ ਨਹੀਂ ਸੀ ਆਇਆ।
ਯਹੂਦੀ ਯਿਸੂ ਨੂੰ ਨਹੀਂ ਸਮਝੇ
21ਯਿਸੂ ਨੇ ਫੇਰ ਲੋਕਾਂ ਨੂੰ ਆਖਿਆ, “ਮੈਂ ਤੁਹਾਨੂੰ ਛੱਡ ਦੇਵਾਂਗਾ ਅਤੇ ਤੁਸੀਂ ਮੈਨੂੰ ਲੱਭੋਂਗੇ, ਪਰ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਵੋਂਗੇ। ਤੁਸੀਂ ਉਸ ਜਗ੍ਹਾ ਨਹੀਂ ਆ ਸੱਕਦੇ, ਜਿੱਥੇ ਮੈਂ ਜਾ ਰਿਹਾ ਹਾਂ।”
22ਫੇਰ ਯਹੂਦੀ ਆਗੂ ਆਪਸ ਵਿੱਚ ਬੋਲੇ, “ਕੀ ਯਿਸੂ ਆਪਣੇ-ਆਪ ਨੂੰ ਮਾਰ ਲਵੇਗਾ? ਕਿਉਂ ਜੋ ਉਸ ਨੇ ਆਖਿਆ ਹੈ, ‘ਤੁਸੀਂ ਉਸ ਜਗ੍ਹਾ ਨਹੀਂ ਆ ਸੱਕਦੇ ਜਿੱਥੇ ਮੈਂ ਜਾ ਰਿਹਾ ਹਾਂ। ਉੱਥੇ ਤੁਸੀਂ ਨਹੀਂ ਪਹੁੰਚ ਸੱਕਦੇ।’”
23ਪਰ ਯਿਸੂ ਨੇ ਉਨ੍ਹਾਂ ਲੋਕਾਂ ਨੂੰ ਆਖਿਆ, “ਤੁਸੀਂ ਥੱਲਿਉਂ ਹੋ ਪਰ ਮੈਂ ਉੱਪਰੋਂ ਹਾਂ। ਤੁਸੀਂ ਇਸ ਦੁਨੀਆਂ ਨਾਲ ਸੰਬੰਧਿਤ ਹੋ ਪਰ ਮੈਂ ਇਸ ਦੁਨੀਆਂ ਨਾਲ ਸੰਬੰਧਿਤ ਨਹੀਂ ਹਾਂ। 24ਇਸ ਲਈ ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਆਪਣੇ ਪਾਪਾਂ ਸੰਗ ਮਰੋਂਗੇ। ਹਾਂ, ਜੇਕਰ ਤੁਸੀਂ ਵਿਸ਼ਵਾਸ ਨਹੀਂ ਕਰੋਂਗ਼ੇ ਕਿ ਮੈਂ ਉਹ ਹਾਂ, ਤਾਂ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਵੋਂਗੇ।”
25ਤਾਂ ਉਨ੍ਹਾਂ ਨੇ ਆਖਿਆ, “ਤੂੰ ਕੌਣ ਹੈਂ?”
ਯਿਸੂ ਨੇ ਜਵਾਬ ਦਿੱਤਾ, “ਮੈਂ ਉਹੀ ਹਾਂ ਜੋ ਮੈਂ ਤੁਹਾਨੂੰ ਮੁਢੋਂ ਕਹਿੰਦਾ ਆ ਰਿਹਾ ਹਾਂ। 26ਮੇਰੇ ਕੋਲ ਤੁਹਾਡੇ ਨਿਆਂ ਕਰਨ ਅਤੇ ਬੋਲਣ ਲਈ ਬਹੁਤ ਸਾਰੀਆਂ ਗੱਲਾਂ ਹਨ। ਉਹ ਇੱਕ ਜਿਸ ਨੇ ਮੈਨੂੰ ਭੇਜਿਆ, ਸੱਚ ਬੋਲਦਾ ਹੈ ਅਤੇ ਮੈਂ ਲੋਕਾਂ ਨੂੰ ਉਹ ਗੱਲਾਂ ਦੱਸਦਾ ਹਾਂ ਜੋ ਮੈਂ ਉਸ ਤੋਂ ਸੁਣੀਆਂ ਹਨ।”
27ਲੋਕ ਉਹ ਨਾ ਸਮਝ ਸੱਕੇ ਕਿ ਯਿਸੂ ਉਨ੍ਹਾਂ ਨਾਲ ਪਿਤਾ ਬਾਰੇ ਗੱਲ ਕਰ ਰਿਹਾ ਸੀ। 28ਤਾਂ ਯਿਸੂ ਨੇ ਲੋਕਾਂ ਆਖਿਆ, “ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਚਾ ਚੁੱਕੋਂਗੇ ਤਾਂ ਤੁਸੀਂ ਜਾਣ ਜਾਵੋਂਗ਼ੇ ਕਿ ਮੈਂ ਉਹ ਹਾਂ। ਅਤੇ ਤੁਸੀਂ ਜਾਣ ਜਾਵੋਂਗੇ ਕਿ ਮੈਂ ਕੁਝ ਵੀ ਆਪਣੇ ਅਧਿਕਾਰ ਨਾਲ ਨਹੀਂ ਕਰਦਾ। ਅਤੇ ਤੁਸੀਂ ਜਾਣ ਜਾਵੋਂਗੇ ਕਿ ਮੈਂ ਉਹੀ ਬੋਲਦਾ ਹਾਂ ਜੋ ਕੁਝ ਮੇਰੇ ਪਿਤਾ ਨੇ ਮੈਨੂੰ ਸਿੱਖਾਇਆ ਹੈ। 29ਉਹ ਜਿਸ ਨੇ ਮੈਨੂੰ ਭੇਜਿਆ ਮੇਰੇ ਨਾਲ ਹੈ। ਮੈਂ ਹਮੇਸ਼ਾ ਉਹੀ ਕਰਦਾ ਹਾਂ ਜੋ ਉਹ ਪਸੰਦ ਕਰਦਾ ਹੈ, ਇਸ ਲਈ ਉਸ ਨੇ ਮੈਨੂੰ ਇੱਕਲਾ ਨਹੀਂ ਛੱਡਿਆ।” 30ਜਦੋਂ ਯਿਸੂ ਅਜਿਹੀਆਂ ਗੱਲਾਂ ਆਖ ਰਿਹਾ ਸੀ, ਤਾਂ ਬਹੁਤ ਲੋਕਾਂ ਨੇ ਉਸ ਵਿੱਚ ਵਿਸ਼ਵਾਸ ਕੀਤਾ।
ਯਿਸੂ ਦਾ ਪਾਪ ਤੋਂ ਮੁਕਤੀ ਬਾਰੇ ਉਪਦੇਸ਼
31ਤਾਂ ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਆਖਿਆ ਜੋ ਉਸ ਵਿੱਚ ਨਿਹਚਾ ਰੱਖਦੇ ਸਨ, “ਜੇਕਰ ਤੁਸੀਂ ਮੇਰੇ ਉਪਦੇਸ਼ ਨੂੰ ਮੰਨੋਂਗੇ ਤਾਂ ਤੁਸੀਂ ਮੇਰੇ ਅਸਲੀ ਚੇਲੇ ਹੋ। 32ਤਦ ਤੁਸੀਂ ਸੱਚ ਨੂੰ ਜਾਣ ਜਾਵੋਂਗੇ ਅਤੇ ਉਹੀ ਸੱਚ ਤੁਹਾਨੂੰ ਮੁਕਤ ਕਰ ਦੇਵੇਗਾ।”
33ਯਹੂਦੀਆਂ ਨੇ ਜਵਾਬ ਦਿੱਤਾ, “ਅਸੀਂ ਅਬਰਾਹਾਮ ਦੀ ਅੰਸ਼ ਹਾਂ। ਅਸੀਂ ਕਦੇ ਵੀ ਕਿਸੇ ਦੇ ਸੇਵਕ ਨਹੀਂ ਰਹੇ ਫਿਰ ਤੂੰ ਕਿਉਂ ਕਹਿੰਨਾ ਕਿ ਅਸੀਂ ਮੁਕਤ ਹੋ ਜਾਵਾਂਗੇ?”
34ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਹਰੇਕ ਉਹ, ਜਿਹੜਾ ਪਾਪ ਕਰਦਾ ਰਹਿੰਦਾ, ਉਹ ਪਾਪ ਦਾ ਗੁਲਾਮ ਹੈ। 35ਇੱਕ ਗੁਲਾਮ ਹਮੇਸ਼ਾ ਵਾਸਤੇ ਪਰਿਵਾਰ ਨਾਲ ਨਹੀਂ ਰਹਿੰਦਾ ਪਰ ਇੱਕ ਪੁੱਤਰ ਹਮੇਸ਼ਾ ਪਰਿਵਾਰ ਨਾਲ ਰਹਿੰਦਾ ਹੈ। 36ਇਸ ਲਈ ਜੇਕਰ ਤੁਹਾਨੂੰ ਪੁੱਤਰ ਆਜ਼ਾਦ ਕਰ ਦਿੰਦਾ ਹੈ ਤਾਂ ਤੁਸੀਂ ਸੱਚ-ਮੁੱਚ ਆਜ਼ਾਦ ਹੋ ਜਾਵੋਂਗੇ। 37ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਾਮ ਦੀ ਅੰਸ਼ ਹੋ। ਪਰ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ ਕਿਉਂਕਿ ਤੁਸੀਂ ਮੇਰੇ ਉਪਦੇਸ਼ ਨੂੰ ਕਬੂਲਣ ਲਈ ਰਾਜੀ ਨਹੀਂ ਹੋ। 38ਮੈਂ ਤੁਹਾਨੂੰ ਉਹੀ ਕੁਝ ਆਖ ਰਿਹਾ ਹਾਂ ਜੋ ਮੇਰੇ ਪਿਤਾ ਨੇ ਮੈਨੂੰ ਦਰਸਾਇਆ ਹੈ। ਪਰ ਤੁਸੀਂ ਉਹ ਕੁਝ ਕਰਦੇ ਹੋ ਜੋ ਤੁਹਾਡੇ ਪਿਤਾ ਨੇ ਤੁਹਾਨੂੰ ਕਰਨ ਵਾਸਤੇ ਕਿਹਾ ਹੈ।”
39ਯਹੂਦੀਆਂ ਨੇ ਕਿਹਾ, “ਸਾਡਾ ਪਿਤਾ ਅਬਰਾਹਾਮ ਹੈ।”
ਯਿਸੂ ਨੇ ਆਖਿਆ, “ਜੇਕਰ ਸੱਚ ਮੁੱਚ ਤੁਸੀਂ ਅਬਰਾਹਾਮ ਦੀ ਅੰਸ਼ ਹੁੰਦੇ, ਤਾਂ ਤੁਸੀਂ ਉਹੀ ਕਰਨੀਆਂ ਕਰਦੇ ਜੋ ਅਬਰਾਹਾਮ ਨੇ ਕੀਤੀਆਂ। 40ਮੈਂ ਉਹ ਹਾਂ ਜਿਸ ਨੇ ਤੁਹਾਨੂੰ ਸੱਚ ਦੱਸਿਆ, ਜਿਹੜਾ ਮੈਂ ਪਰਮੇਸ਼ੁਰ ਤੋਂ ਸੁਣਿਆ, ਪਰ ਤੁਸੀਂ ਮੈਨੂੰ ਮਾਰ ਦੇਣਾ ਚਾਹੁੰਦੇ ਹੋ। ਅਬਰਾਹਾਮ ਨੇ ਤਾਂ ਅਜਿਹਾ ਕੁਝ ਨਹੀਂ ਸੀ ਕੀਤਾ 41ਤੁਸੀਂ ਉਵੇਂ ਦੀਆਂ ਗੱਲਾਂ ਕਰੋ ਜਿਵੇਂ ਦੀਆਂ ਤੁਹਾਡਾ ਪਿਤਾ ਕਰਦਾ ਹੈ।”
ਪਰ ਯਹੂਦੀਆਂ ਨੇ ਕਿਹਾ, “ਅਸੀਂ ਉਨ੍ਹਾਂ ਬੱਚਿਆਂ ਵਾਂਗ ਨਹੀਂ ਹਾਂ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦਾ ਪਿਤਾ ਕੌਣ ਸੀ? ਸਾਡਾ ਇੱਕ ਪਿਤਾ ਹੈ ਅਤੇ ਉਹ ਪਰਮੇਸ਼ੁਰ ਹੈ।”
42ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਕਿਹਾ, “ਜੇਕਰ ਪਰਮੇਸ਼ੁਰ ਤੁਹਾਡਾ ਪਿਤਾ ਹੁੰਦਾ ਤੁਸੀਂ ਮੈਨੂੰ ਪਿਆਰ ਕਰਦੇ ਕਿਉਂ ਕਿ ਮੈਂ ਪਰਮੇਸ਼ੁਰ ਵੱਲੋਂ ਆਇਆ ਹਾਂ ਅਤੇ ਹੁਣ ਮੈਂ ਇੱਥੇ ਹਾਂ। ਮੈਂ ਆਪਣੀ ਖੁਦ ਦੀ ਇੱਛਾ ਨਾਲ ਨਹੀਂ ਆਇਆ, ਮੈਨੂੰ ਪਰਮੇਸ਼ੁਰ ਨੇ ਹੀ ਭੇਜਿਆ ਹੈ। 43ਤੁਹਾਨੂੰ ਜੋ ਮੈਂ ਕਹਿ ਰਿਹਾ ਹਾਂ ਕਿਉਂ ਸਮਝ ਨਹੀਂ ਆ ਰਿਹਾ? ਕਿਉਂ ਕਿ ਤੁਸੀਂ ਮੇਰੇ ਉਪਦੇਸ਼ਾਂ ਨੂੰ ਸੁਨਣ ਲਈ ਤਿਆਰ ਨਹੀਂ ਹੋ। 44ਤੁਹਾਡਾ ਪਿਤਾ ਸ਼ੈਤਾਨ ਹੈ ਅਤੇ ਤੁਸੀਂ ਉਸਦੀ ਅੰਸ਼ ਹੋ ਤੇ ਸਿਰਫ ਉਹੀ ਕਰਨਾ ਚਾਹੁੰਦੇ ਹੋ ਜੋ ਉਸ ਨੂੰ ਪਸੰਦ ਹੈ। ਸ਼ੈਤਾਨ ਸ਼ੁਰੂ ਤੋਂ ਹੀ ਹਤਿਆਰਾ ਹੈ ਉਹ ਸੱਚ ਦੇ ਵਿਰੁੱਧ ਹੈ। ਉਸ ਵਿੱਚ ਕੋਈ ਸੱਚ ਨਹੀਂ। ਜਦ ਉਹ ਝੂਠ ਬੋਲਦਾ ਹੈ, ਉਹ ਆਪਣਾ ਅਸਲੀ ਸਵਰੂਪ ਪ੍ਰਗਟਾਉਂਦਾ ਹੈ। ਹਾਂ! ਸ਼ੈਤਾਨ ਝੂਠਾ ਹੈ ਅਤੇ ਉਹ ਝੂਠ ਦਾ ਪਿਤਾ ਹੈ।
45“ਮੈਂ ਤੁਹਾਨੂੰ ਸੱਚ ਦੱਸ ਰਿਹਾ ਹਾਂ, ਇਸੇ ਲਈ ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ। 46ਕੀ ਤੁਹਾਡੇ ਵਿੱਚੋਂ ਕੋਈ ਹੈ ਜੋ ਇਹ ਸਾਬਤ ਕਰ ਸੱਕੇ ਕਿ ਮੈਂ ਪਾਪ ਦਾ ਦੋਸ਼ੀ ਹਾਂ? ਜੇਕਰ ਮੈਂ ਸੱਚ ਦੱਸ ਰਿਹਾ ਹਾਂ ਤੁਸੀਂ ਮੇਰਾ ਵਿਸ਼ਵਾਸ ਕਿਉਂ ਨਹੀਂ ਕਰਦੇ? 47ਇੱਕ ਵਿਅਕਤੀ ਜਿਹੜਾ ਪਰਮੇਸ਼ੁਰ ਤੋਂ ਹੈ ਪਰਮੇਸ਼ੁਰ ਦੇ ਸ਼ਬਦਾਂ ਨੂੰ ਕਬੂਲਦਾ ਹੈ ਪਰ ਤੁਸੀਂ ਸੁਨਣ ਤੋਂ ਇਨਕਾਰ ਕਰਦੇ ਹੋ ਕਿਉਂ ਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਹੋ।”
ਯਿਸੂ ਆਪਣੇ ਅਤੇ ਅਬਰਾਹਾਮ ਬਾਰੇ ਦੱਸਦਾ ਹੈ
48ਯਹੂਦੀਆਂ ਨੇ ਆਖਿਆ, “ਕੀ ਅਸੀਂ ਠੀਕ ਨਹੀਂ ਆਖਿਆ ਕਿ ਤੂੰ ਇੱਕ ਸਾਮਰੀ ਹੈ ਅਤੇ ਤੇਰੇ ਅੰਦਰ ਇੱਕ ਭੂਤ ਪ੍ਰਵੇਸ਼ ਕਰ ਗਿਆ ਹੈ।”
49ਯਿਸੂ ਨੇ ਆਖਿਆ, “ਮੇਰੇ ਅੰਦਰ ਕੋਈ ਭੂਤ ਨਹੀਂ ਹੈ। ਮੈਂ ਆਪਣੇ ਪਿਤਾ ਦਾ ਸਨਮਾਨ ਕਰਦਾ ਹਾਂ, ਪਰ ਤੁਸੀਂ ਮੇਰਾ ਨਿਰਾਦਰ ਕਰਦੇ ਹੋ। 50ਮੈਂ ਆਪਣੇ-ਆਪ ਵਾਸਤੇ ਮਾਨ ਨਹੀਂ ਚਹੁੰਦਾ। ਇੱਕ ਅਜਿਹਾ ਹੈ ਜੋ ਮੈਨੂੰ ਮਾਣ ਦੇਣਾ ਚਾਹੁੰਦਾ ਹੈ। ਉਹ ਮੁਨਸਫ ਹੈ। 51ਮੈਂ ਤੁਹਾਨੂੰ ਸੱਚ ਦੱਸਦਾ ਹਾਂ ਜੇਕਰ ਕੋਈ ਵੀ ਮਨੁੱਖ ਮੇਰੇ ਉਪਦੇਸ਼ ਤੇ ਚੱਲੇਗਾ ਉਹ ਕਦੇ ਵੀ ਨਹੀਂ ਮਰੇਗਾ।”
52ਯਹੂਦੀਆਂ ਨੇ ਯਿਸੂ ਨੂੰ ਆਖਿਆ, “ਹੁਣ ਅਸੀਂ ਜਾਣਦੇ ਹਾਂ ਕਿ ਤੇਰੇ ਅੰਦਰ ਇੱਕ ਭੂਤ ਹੈ। ਇੱਥੋਂ ਤੱਕ ਕਿ ਅਬਰਾਹਾਮ ਅਤੇ ਦੂਸਰੇ ਨਬੀ ਵੀ ਮਰ ਗਏ ਪਰ ਤੂੰ ਕਹਿੰਨਾ ਕਿ ਜੇਕਰ ਕੋਈ ਮੇਰੇ ਉਪਦੇਸ਼ ਦਾ ਅਨੁਸਰਣ ਕਰਦਾ ਉਹ ਸਦੀਪਕ ਜੀਵਨ ਪਾਵੇਗਾ। ‘ਉਹ ਕਦੇ ਵੀ ਨਹੀਂ ਮਰੇਗਾ।’ 53ਕੀ ਤੂੰ ਸਾਡੇ ਪਿਤਾ ਅਬਰਾਹਾਮ ਤੋਂ ਵੱਡਾ ਹੈਂ? ਅਬਰਾਹਾਮ ਅਤੇ ਨਬੀ ਮਰ ਗਏ ਤਾਂ ਤੂੰ ਭਲਾ ਆਪਣੇ-ਆਪ ਨੂੰ ਕੀ ਸਮਝਦਾ ਹੈਂ?”
54ਯਿਸੂ ਨੇ ਜਵਾਬ ਦਿੱਤਾ, “ਜੇਕਰ ਮੈਂ ਆਪਣੇ-ਆਪ ਦਾ ਸਤਿਕਾਰ ਚਾਹੁੰਦਾ ਹਾਂ, ਤਾਂ ਉਸ ਸਤਿਕਾਰ ਦੀ ਕੋਈ ਕੀਮਤ ਨਹੀਂ। ਪਰ ਜਿਹੜਾ ਮੈਨੂੰ ਸਤਿਕਾਰਦਾ ਹੈ, ਮੇਰਾ ਪਿਤਾ ਹੈ। ਅਤੇ ਤੁਸੀਂ ਕਹਿੰਦੇ ਹੋ ਕਿ ਉਹ ਸਾਡਾ ਪਰਮੇਸ਼ੁਰ ਹੈ। 55ਪਰ ਵਾਸਤਵ ਵਿੱਚ ਤੁਸੀਂ ਉਸ ਨੂੰ ਨਹੀਂ ਜਾਣਦੇ ਪਰ ਮੈਂ ਉਸ ਨੂੰ ਜਾਣਦਾ ਹਾਂ। ਜੇਕਰ ਮੈਂ ਇਹ ਕਹਾਂ ਕਿ ਮੈਂ ਉਸ ਨੂੰ ਨਹੀਂ ਜਾਣਦਾ ਤਾਂ ਮੈਂ ਤੁਹਾਡੀ ਤਰ੍ਹਾਂ ਝੂਠਾ ਹੋਵਾਂਗਾ। ਪਰ ਮੈਂ ਉਸ ਨੂੰ ਜਾਣਦਾ ਹਾਂ ਅਤੇ ਉਸ ਦੇ ਬਚਨਾਂ ਦੀ ਪਾਲਨਾ ਕਰਦਾ ਹਾਂ। 56ਤੁਹਾਡਾ ਪਿਤਾ ਅਬਰਾਹਾਮ ਬੜਾ ਖੁਸ਼ ਸੀ ਕਿ ਉਹ ਮੇਰੇ ਆਉਣ ਦਾ ਦਿਨ ਵੇਖੇਗਾ। ਉਸ ਨੇ ਇਸ ਨੂੰ ਵੇਖਿਆ ਅਤੇ ਬੜਾ ਖੁਸ਼ ਹੋਇਆ।”
57ਫਿਰ ਯਹੂਦੀਆਂ ਨੇ ਯਿਸੂ ਨੂੰ ਆਖਿਆ, “ਕੀ ਤੂੰ ਅਬਰਾਹਾਮ ਨੂੰ ਵੇਖਿਆ ਹੈ? ਤੂੰ ਕਿਵੇਂ ਵੇਖਿਆ ਹੋ ਸੱਕਦਾ ਹੈ ਜਦ ਕਿ ਤੂੰ ਪੰਜਾਹਾਂ ਵਰ੍ਹਿਆਂ ਦਾ ਵੀ ਨਹੀਂ।”
58ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਅਬਰਾਹਾਮ ਦੇ ਜਨਮ ਤੋਂ ਪਹਿਲਾਂ, ਮੈਂ ਹਾਂ।” 59ਜਦੋਂ ਯਿਸੂ ਨੇ ਇਸ ਤਰ੍ਹਾਂ ਆਖਿਆ, ਲੋਕਾਂ ਨੇ ਉਸ ਤੇ ਸੁੱਟਣ ਵਾਸਤੇ ਪੱਥਰ ਚੁੱਕੇ। ਪਰ ਯਿਸੂ ਲੁਕ ਗਿਆ ਅਤੇ ਮੰਦਰ ਛੱਡ ਕੇ ਚੱਲਾ ਗਿਆ।

Highlight

Share

Copy

None

Want to have your highlights saved across all your devices? Sign up or sign in