YouVersion Logo
Search Icon

ਯੂਹੰਨਾ ਦੀ ਇੰਜੀਲ 6

6
ਯਿਸੂ ਪੰਜ ਹਜ਼ਾਰ ਤੋਂ ਵੱਧ ਲੋਕਾਂ ਨੂੰ ਭੋਜਨ ਦਿੰਦਾ
(ਮੱਤੀ 14:13-21; ਮਰਕੁਸ 6:30-44; ਲੂਕਾ 9:10-17)
1ਇਸ ਤੋਂ ਬਾਦ ਯਿਸੂ ਗਲੀਲ ਝੀਲ ਅਰਥਾਤ ਤਿਬਿਰਿਯਾਸ ਝੀਲ ਦੇ ਦੂਜੇ ਪਾਸੇ ਚੱਲਿਆ ਗਿਆ। 2ਬਹੁਤ ਸਾਰੇ ਲੋਕ ਉਸ ਦੇ ਨਾਲ ਗਏ। ਉਹ ਇਸ ਲਈ ਗਏ ਕਿਉਂਕਿ ਉਨ੍ਹਾਂ ਨੇ ਯਿਸੂ ਦੇ ਚੰਗਾ ਕਰਨ ਦੇ ਕਰਿਸ਼ਮੇ ਵੇਖੇ ਸਨ। 3ਯਿਸੂ ਪਹਾੜੀ ਉੱਤੇ ਗਿਆ ਅਤੇ ਉੱਥੇ ਆਪਣੇ ਚੇਲਿਆਂ ਨਾਲ ਬੈਠ ਗਿਆ। 4ਯਹੂਦੀਆਂ ਦੇ ਪਸਾਹ ਦੇ ਤਿਉਹਾਰ ਦਾ ਸਮਾਂ ਨੇੜੇ ਆ ਰਿਹਾ ਸੀ।
5ਯਿਸੂ ਨੇ ਉੱਪਰ ਵੇਖਿਆ, ਅਤੇ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਵੱਲ ਆਉਂਦਿਆਂ ਵੇਖਿਆ। ਯਿਸੂ ਨੇ ਫਿਲਿਪੁੱਸ ਨੂੰ ਆਖਿਆ, “ਅਸੀਂ ਕਿੱਥੋਂ ਉਚਿਤ ਰੋਟੀ ਖਰੀਦ ਸੱਕਦੇ ਹਾਂ ਤਾਂ ਜੋ ਉਹ ਸਾਰੇ ਖਾ ਸੱਕਦੇ ਹਨ।” 6ਯਿਸੂ ਨੇ ਇਹ ਪ੍ਰਸ਼ਨ ਫਿਲਿਪੁੱਸ ਨੂੰ ਪਰੱਖਣ ਵਾਸਤੇ ਹੀ ਪੁੱਛਿਆ ਸੀ। ਜੋ ਉਹ ਕਰਨ ਵਾਲਾ ਸੀ ਯਿਸੂ ਪਹਿਲਾਂ ਹੀ ਜਾਣਦਾ ਸੀ।
7ਫਿਲਿਪੁੱਸ ਨੇ ਉੱਤਰ ਦਿੱਤਾ, “ਭਾਵੇਂ ਅਸੀਂ ਸਾਰੇ ਇੱਕ ਮਹੀਨੇ ਲਈ ਕੰਮ ਕਰੀਏ ਤਾਂ ਵੀ ਅਸੀਂ ਇੰਨ੍ਹਾਂ ਸਾਰਿਆਂ ਨੂੰ ਰੋਟੀ ਦਾ ਇੱਕ ਛੋਟਾ ਜਿਹਾ ਟੁਕੜਾ ਹੀ ਦੇਣ ਯੋਗ ਹੋਵਾਂਗੇ।”
8ਉੱਥੇ ਇੱਕ ਹੋਰ ਚੇਲਾ ਸੀ ਅੰਦ੍ਰਿਯਾਸ, ਜੋ ਕਿ ਸਮਊਨ ਪਤਰਸ ਦਾ ਭਰਾ ਸੀ, ਉਸ ਨੇ ਆਖਿਆ, 9“ਏਥੇ ਇੱਕ ਬੱਚਾ ਹੈ ਜਿਸ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ, ਪਰ ਇਹ ਇੰਨੇ ਸਾਰੇ ਲੋਕਾਂ ਲਈ ਕਿਵੇਂ ਕਾਫੀ ਹੋਣਗੀਆਂ?”
10ਯਿਸੂ ਨੇ ਆਖਿਆ, “ਲੋਕਾਂ ਨੂੰ ਆਖੋ ਕਿ ਉਹ ਬੈਠ ਜਾਣ।” ਉਸ ਥਾਂ ਤੇ ਬਹੁਤ ਸਾਰਾ ਘਾਹ ਸੀ। ਤਾਂ ਪੰਜ ਹਜ਼ਾਰ ਆਦਮੀ ਉੱਥੇ ਬੈਠ ਗਏ। 11ਤਦ ਯਿਸੂ ਨੇ ਰੋਟੀਆਂ ਆਪਣੇ ਹੱਥਾਂ ਵਿੱਚ ਲਈਆਂ। ਅਤੇ ਉਨ੍ਹਾਂ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਬੈਠੇ ਹੋਏ ਲੋਕਾਂ ਨੂੰ ਦਿੱਤੀਆਂ। ਉਨ੍ਹਾਂ ਮੱਛੀਆਂ ਨਾਲ ਵੀ ਇਹੀ ਕੀਤਾ। ਯਿਸੂ ਨੇ ਲੋਕਾਂ ਨੂੰ ਓਨਾਂ ਦਿੱਤਾ ਜਿੰਨੇ ਦੀ ਉਨ੍ਹਾਂ ਨੂੰ ਜ਼ਰੂਰਤ ਸੀ।
12ਸਾਰੇ ਲੋਕਾਂ ਨੇ ਉਦੋਂ ਤੱਕ ਖਾਧਾ ਜਦੋਂ ਤੱਕ ਉਹ ਰੱਜ ਨਾ ਗਏ। ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਬਚੇ ਹੋਏ ਰੋਟੀ ਅਤੇ ਮੱਛੀਆਂ ਦੇ ਟੁਕੜੇ ਇਕੱਠੇ ਕਰ ਲਓ, ਕੁਝ ਵੀ ਜਾਇਆ ਨਾ ਕਰੋ।” 13ਤਾਂ ਚੇਲਿਆਂ ਨੇ ਬਚੇ ਹੋਏ ਟੁਕੜਿਆਂ ਨੂੰ ਇਕੱਠਾ ਕੀਤਾ। ਚੇਲਿਆਂ ਨੇ ਲੋਕਾਂ ਦੁਆਰਾ ਛੱਡੀਆਂ ਗਈਆਂ ਪੰਜ ਜੌਂ ਦੀਆਂ ਰੋਟੀਆਂ ਦੇ ਟੁਕੜਿਆਂ ਨਾਲ 12 ਟੋਕਰੀਆਂ ਭਰੀਆਂ।
14ਯਿਸੂ ਦੀ ਕਰਾਮਾਤ ਨੂੰ ਲੋਕਾਂ ਨੇ ਵੇਖਿਆ ਅਤੇ ਆਖਿਆ, “ਸੱਚ-ਮੁੱਚ ਇਹ ਓਹੀ ਨਬੀ ਹੈ ਜਿਸਦਾ ਦੁਨੀਆਂ ਵਿੱਚ ਆਉਣ ਦਾ ਅਨੁਮਾਨ ਸੀ।”
15ਜਦੋਂ ਯਿਸੂ ਨੂੰ ਪਤਾ ਲੱਗਾ ਕਿ ਲੋਕ ਬਦੋ-ਬਦੀ ਉਸ ਨੂੰ ਆਪਣਾ ਬਾਦਸ਼ਾਹ ਬਨਾਉਣਾ ਚਾਹੁੰਦੇ ਹਨ। ਤਾਂ ਯਿਸੂ ਉੱਥੋਂ ਵਿਦਾ ਹੋਕੇ ਇੱਕਲਾ ਹੀ ਪਹਾੜਾਂ ਵੱਲ ਚੱਲਿਆ ਗਿਆ।
ਯਿਸੂ ਦਾ ਪਾਣੀ ਉੱਤੇ ਚੱਲਣਾ
(ਮੱਤੀ 14:22-27; ਮਰਕੁਸ 6:45-52)
16ਸ਼ਾਮ ਨੂੰ, ਯਿਸੂ ਦੇ ਚੇਲੇ ਝੀਲ ਨੂੰ ਚੱਲੇ ਗਏ। 17ਪਹਿਲਾਂ ਤੋਂ ਹੀ ਹਨੇਰਾ ਸੀ ਤੇ ਅਜੇ ਤੱਕ ਯਿਸੂ ਉਨ੍ਹਾਂ ਕੋਲ ਨਹੀਂ ਪਰਤਿਆ ਸੀ। ਚੇਲੇ ਕਿਸ਼ਤੀ ਵਿੱਚ ਬੈਠੇ ਅਤੇ ਕਫਰਨਾਹੂਮ ਵੱਲ ਨੂੰ ਚੱਲ ਪਏ ਜੋ ਕਿ ਝੀਲ ਦੇ ਦੂਜੇ ਪਾਰ ਸੀ। 18ਤੇਜ਼ ਹਵਾ ਚੱਲ ਰਹੀ ਸੀ। ਦਰਿਆ ਦੀਆਂ ਲਹਿਰਾਂ ਵੱਡੀਆਂ ਤੋਂ ਵਡੇਰੀਆਂ ਹੋ ਗਈਆਂ। 19ਚੇਲੇ ਲਗਭਗ ਤਿੰਨ ਜਾਂ ਚਾਰ ਮੀਲ ਝੀਲ ਦੇ ਅਗ੍ਹਾਂ ਜਾ ਚੁੱਕੇ ਸਨ। ਤਦ ਉਨ੍ਹਾਂ ਨੇ ਯਿਸੂ ਨੂੰ ਵੇਖਿਆ। ਉਹ ਪਾਣੀ ਉੱਤੇ ਚੱਲ ਰਿਹਾ ਸੀ। ਚੇਲੇ ਯਿਸੂ ਨੂੰ ਕਿਸ਼ਤੀ ਦੇ ਨੇੜੇ ਆਉਂਦਾ ਵੇਖ ਡਰ ਗਏ। 20ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਹਾਂ ਡਰੋ ਨਾ।” 21ਜਦੋਂ ਯਿਸੂ ਨੇ ਇਹ ਆਖਿਆ, ਤਾਂ ਉਹ ਯਿਸੂ ਨੂੰ ਬੇੜੀ ਅੰਦਰ ਚੜ੍ਹਾ ਕੇ ਖੁਸ਼ ਹੋ ਗਏ। ਉਸਤੋਂ ਬਾਦ ਜਿੱਥੇ ਉਨ੍ਹਾਂ ਨੇ ਪੁੱਜਣਾ ਸੀ, ਬੇੜੀ ਉੱਥੇ ਪਹੁੰਚੀ।
ਲੋਕ ਯਿਸੂ ਨੂੰ ਭਾਲਦੇ ਹਨ
22ਅਗਲੀ ਸਵੇਰ ਜੋ ਲੋਕ ਝੀਲ ਦੇ ਦੂਜੇ ਕੰਢੇ ਤੇ ਠਹਿਰੇ ਹੋਏ ਸਨ, ਉਹ ਜਾਣਦੇ ਸਨ ਕਿ ਯਿਸੂ ਆਪਣੇ ਚੇਲਿਆਂ ਨਾਲ ਬੇੜੀ ਵਿੱਚ ਨਹੀਂ ਗਿਆ ਅਤੇ ਉਹ ਜਾਣਦੇ ਸਨ ਕਿ ਯਿਸੂ ਦੇ ਚੇਲੇ ਇੱਕਲੇ ਹੀ ਬੇੜੀ ਵਿੱਚ ਗਏ ਸਨ। ਅਤੇ ਉਹ ਇਹ ਵੀ ਜਾਣਦੇ ਸਨ ਕਿ ਉੱਥੇ ਕੇਵਲ ਇਹੀ ਇੱਕ ਬੇੜੀ ਸੀ। 23ਪਰ ਤਦ ਤਿਬਿਰਿਯਾਸ ਵੱਲੋਂ ਕੁਝ ਬੇੜੀਆਂ ਉਸ ਥਾਂ ਤੇ ਆਈਆਂ ਜਿੱਥੇ ਉਨ੍ਹਾਂ ਨੇ ਪ੍ਰਭੂ ਦੇ ਸ਼ੁਕਰ ਕਰਨ ਤੋਂ ਬਾਦ ਰੋਟੀ ਖਾਧੀ ਸੀ। 24ਫਿਰ ਭੀੜ ਨੇ ਉੱਥੇ ਨਾ ਤਾਂ ਯਿਸੂ ਨੂੰ ਵੇਖਿਆ ਅਤੇ ਨਾ ਹੀ ਉਸ ਦੇ ਚੇਲਿਆਂ ਨੂੰ। ਇਸ ਲਈ ਉਹ ਉਨ੍ਹਾਂ ਕਿਸ਼ਤੀਆਂ ਵਿੱਚ ਚੜ੍ਹ੍ਹੇ ਅਤੇ ਯਿਸੂ ਨੂੰ ਲੱਭਣ ਲਈ ਕਫਰਨਾਹੂਮ ਨੂੰ ਆ ਗਏ।
ਯਿਸੂ ਜੀਵਨ ਦੀ ਰੋਟੀ
25ਜਦੋਂ ਲੋਕਾਂ ਨੇ ਯਿਸੂ ਨੂੰ ਝੀਲ ਦੇ ਪਰਲੇ ਪਾਰ ਲੱਭਿਆ, ਉਨ੍ਹਾਂ ਨੇ ਉਸ ਨੂੰ ਪੁੱਛਿਆ, “ਗੁਰੂ ਜੀ, ਤੁਸੀਂ ਇੱਥੇ ਕਦੋਂ ਆਏ?”
26ਯਿਸੂ ਨੇ ਆਖਿਆ, “ਤੁਸੀਂ ਮੇਰੀ ਭਾਲ ਕਿਉਂ ਕਰ ਰਹੇ ਹੋ? ਕੀ ਇਸ ਲਈ ਕਿ ਤੁਸੀਂ ਮੈਨੂੰ ਕਰਿਸ਼ਮੇ ਕਰਦਿਆਂ ਵੇਖਿਆ ਹੈ ਜਿਹੜੇ ਕਿ ਮੇਰੀ ਸ਼ਕਤੀ ਨੂੰ ਸਾਬਤ ਕਰਦੇ ਹਨ? ਨਹੀਂ! ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਤੁਸੀਂ ਮੇਰੀ ਭਾਲ ਇਸ ਲਈ ਕਰ ਰਹੇ ਸੀ, ਕਿਉਂ ਕਿ ਤੁਸੀਂ ਰੋਟੀ ਖਾਧੀ ਤੇ ਤੁਸੀਂ ਸੰਤੁਸ਼ਟ ਹੋ ਗਏ ਸੀ। 27ਨਾਸ਼ ਹੋਣ ਵਾਲਾ ਭੋਜਨ ਪ੍ਰਾਪਤ ਕਰਨ ਲਈ ਕੰਮ ਨਾ ਕਰੋ। ਪਰ ਉਸ ਭੋਜਨ ਲਈ ਕੰਮ ਕਰੋ ਜੋ ਹਮੇਸ਼ਾ ਲਈ ਰਹਿੰਦਾ ਅਤੇ ਜੋ ਤੁਹਾਨੂੰ ਸਦੀਪਕ ਜੀਵਨ ਦਿੰਦਾ ਹੈ। ਮਨੁੱਖ ਦਾ ਪੁੱਤਰ ਉਹ ਭੋਜਨ ਦੇਵੇਗਾ। ਪਿਤਾ ਪਰਮੇਸ਼ੁਰ ਨੇ ਆਪਣੀ ਪਰਵਾਨਗੀ ਦੀ ਮੋਹਰ ਆਦਮੀ ਦੇ ਪੁੱਤਰ ਉੱਤੇ ਲਾ ਦਿੱਤੀ ਹੈ।”
28ਭੀੜ ਨੇ ਪੁੱਛਿਆ, “ਉਹ ਕਿਹੜੀਆਂ ਕਰਨੀਆਂ ਹਨ ਜਿਹੜੀਆਂ ਪਰਮੇਸ਼ੁਰ ਸਾਥੋਂ ਕਰਨ ਦੀ ਆਸ ਰੱਖਦਾ ਹੈ?”
29ਯਿਸੂ ਨੇ ਉੱਤਰ ਦਿੱਤਾ, “ਪਰਮੇਸ਼ੁਰ ਤੁਹਾਥੋਂ ਇਸ ਗੱਲ ਦੀ ਆਸ ਰੱਖਦਾ ਹੈ ਕਿ, ਜਿਸ ਨੂੰ ਉਸ ਨੇ ਭੇਜਿਆ ਤੁਸੀਂ ਉਸ ਵਿੱਚ ਵਿਸ਼ਵਾਸ ਕਰੋ।”
30ਭੀੜ ਨੇ ਪੁੱਛਿਆ, “ਤੂੰ ਕਿਹੜਾ ਕਰਿਸ਼ਮਾ ਕਰੇਂਗਾ ਕਿ ਅਸੀਂ ਵੇਖ ਸੱਕੀਏ ਅਤੇ ਵਿਸ਼ਵਾਸ ਕਰ ਸੱਕੀਏ? ਤੂੰ ਕੀ ਕਰਨ ਵਾਲਾ ਹੈ? 31ਸਾਡੇ ਪੂਰਵਜਾਂ ਨੇ ਉਜਾੜ ਵਿੱਚ ਮੰਨ ਖਾਧਾ ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਹੋਇਆ ਹੈ, ‘ਉਸਨੇ ਸਵਰਗ ਤੋਂ ਉਨ੍ਹਾਂ ਨੂੰ ਰੋਟੀ ਖਾਣ ਨੂੰ ਦਿੱਤੀ।’”#ਜ਼ਬੂਰ 78:24
32ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਇਹ ਮੂਸਾ ਨਹੀਂ ਸੀ ਜਿਸਨੇ ਤੁਹਾਨੂੰ ਸਵਰਗ ਵੱਲੋਂ ਰੋਟੀ ਖਾਣ ਨੂੰ ਦਿੱਤੀ। ਇਹ ਮੇਰਾ ਪਿਤਾ ਹੈ ਜੋ ਤੁਹਾਨੂੰ ਸਵਰਗ ਤੋਂ ਸੱਚੀ ਰੋਟੀ ਦਿੰਦਾ ਹੈ। 33ਪਰਮੇਸ਼ੁਰ ਦੀ ਰੋਟੀ ਉਹ ਹੈ ਜੋ ਸੁਰਗਾਂ ਤੋਂ ਉੱਤਰਦੀ ਹੈ ਅਤੇ ਸੰਸਾਰ ਨੂੰ ਜੀਵਨ ਦਿੰਦੀ ਹੈ।”
34ਲੋਕਾਂ ਨੇ ਆਖਿਆ, “ਪ੍ਰਭੂ, ਉਹ ਰੋਟੀ ਸਾਨੂੰ ਹਮੇਸ਼ਾ ਦੇਵੀਂ।”
35ਯਿਸੂ ਨੇ ਉਨ੍ਹਾਂ ਨੂੰ ਕਿਹਾ “ਮੈਂ ਹੀ ਜੀਵਨ ਦੀ ਰੋਟੀ ਹਾਂ। ਜਿਹੜਾ ਕੋਈ ਮੇਰੇ ਕੋਲ ਆਉਂਦਾ ਹੈ ਕਦੇ ਭੁੱਖਾ ਨਹੀਂ ਰਹੇਗਾ ਅਤੇ ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਕਦੇ ਪਿਆਸਾ ਨਹੀਂ ਰਹੇਗਾ। 36ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਸੀ ਕਿ ਤੁਸੀਂ ਮੈਨੂੰ ਵੇਖਿਆ ਹੈ, ਪਰ ਤਾਂ ਵੀ ਤੁਸੀਂ ਨਿਹਚਾ ਨਹੀਂ ਕਰਦੇ। 37ਜਿਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਦਿੰਦਾ ਹੈ ਉਹ ਮੇਰੇ ਕੋਲ ਆਉਣਗੇ ਅਤੇ ਮੈ ਉਸ ਹਰ ਮਨੁੱਖ ਨੂੰ ਸਵੀਕਾਰ ਕਰਾਂਗਾ, ਬਲਕਿ ਉਸ ਨੂੰ ਕੱਢਾਂਗਾ ਨਹੀਂ। 38ਕਿਉਂਕਿ ਮੈਂ ਸਵਰਗ ਤੋਂ ਆਪਣੀ ਖੁਦ ਦੀ ਇੱਛਾ ਅਨੁਸਾਰ ਕਰਨ ਨਹੀਂ ਆਇਆ ਸਗੋਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਕਰਨ ਆਇਆ ਹਾਂ। 39ਮੈਨੂੰ ਉਨ੍ਹਾਂ ਵਿੱਚੋਂ ਇੱਕ ਵੀ ਵਿਅਕਤੀ ਨਹੀਂ ਗੁਆਉਣਾ ਚਾਹੀਦਾ, ਜੋ ਪਰਮੇਸ਼ੁਰ ਨੇ ਮੈਨੂੰ ਦਿੱਤੇ ਹਨ। ਪਰ ਮੈਂ ਉਨ੍ਹਾਂ ਨੂੰ ਅੰਤਲੇ ਦਿਨ ਜਿਉਂਦਾ ਉੱਠਾਵਾਂਗਾ। ਉਹ, ਜਿਸਨੇ ਮੈਨੂੰ ਭੇਜਿਆ ਹੈ, ਇਹੀ ਆਸ ਰੱਖਦਾ ਹੈ। 40ਮੇਰੇ ਪਿਤਾ ਦੀ ਇੱਛਾ ਹੈ: ਹਰ ਕੋਈ ਜੋ ਪੁੱਤਰ ਨੂੰ ਵੇਖਦਾ ਅਤੇ ਉਸ ਵਿੱਚ ਨਿਹਚਾ ਰੱਖਦਾ ਹੈ ਸੋ ਸਦੀਪਕ ਜੀਵਨ ਪਾਵੇਗਾ। ਮੈਂ ਉਸ ਨੂੰ ਅੰਤ ਦੇ ਦਿਨ ਜਿਉਂਦਾ ਉੱਠਾਵਾਂਗਾ।”
41ਫੇਰ ਯਹੂਦੀ ਉਸ ਬਾਰੇ ਬੁੜ-ਬੁੜਾਉਣ ਲੱਗ ਪਏ ਕਿਉਂਕਿ ਉਸ ਨੇ ਆਖਿਆ, “ਮੈਂ ਹੀ ਰੋਟੀ ਹਾਂ ਜੋ ਸਵਰਗ ਤੋਂ ਹੇਠਾਂ ਉੱਤਰੀ ਹੈ।” 42ਯਹੂਦੀਆਂ ਨੇ ਆਖਿਆ, “ਉਹ ਯਿਸੂ ਹੈ। ਉਹ ਯੂਸੁਫ਼ ਦ ਪੁੱਤਰ ਹੈ। ਅਸੀਂ ਉਸ ਦੇ ਮਾਤਾ ਪਿਤਾ ਨੂੰ ਜਾਣਦੇ ਹਾਂ। ਤਾਂ ਭਲਾ ਉਹ ਕਿਵੇ ਕਹਿ ਸੱਕਦਾ ਹੈ, ‘ਮੈਂ ਸਵਰਗੋਂ ਉੱਤਰਿਆ ਹਾਂ।’”
43ਪਰ ਯਿਸੂ ਨੇ ਆਖਿਆ, “ਆਪਣੇ-ਆਪ ਵਿੱਚ ਬੁੜ-ਬੁੜਾਉਨਾ ਬੰਦ ਕਰੋ। 44ਕੋਈ ਵੀ ਵਿਅਕਤੀ ਮੇਰੇ ਤੱਕ ਨਹੀਂ ਆ ਸੱਕਦਾ ਜਦੋਂ ਤੱਕ ਕਿ ਪਿਤਾ ਜਿਸਨੇ ਮੈਨੂੰ ਭੇਜਿਆ ਹੈ ਉਸ ਨੂੰ ਮੇਰੇ ਤੱਕ ਨਹੀਂ ਲਿਆਉਂਦਾ। ਮੈਂ ਉਸ ਮਨੁੱਖ ਨੂੰ ਅੰਤਲੇ ਦਿਨ ਜਿਉਂਦਾ ਉੱਠਾਵਾਂਗਾ। 45ਇਹ ਨਬੀਆਂ ਦੀਆਂ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ: ‘ਉਹ ਪਰਮੇਸ਼ੁਰ ਦੁਆਰਾ ਸਮਝਾਏ ਜਾਣਗੇ।’#ਯਸਾਯਾਹ 54:13 ਹਰ ਕੋਈ ਜਿਹੜਾ ਆਪਣੇ ਪਿਤਾ ਨੂੰ ਸੁਣਦਾ ਅਤੇ ਉਸ ਕੋਲੋਂ ਸਿਖਦਾ ਹੈ ਮੇਰੇ ਤੱਕ ਆਉਂਦਾ। 46ਕਿਸੇ ਨੇ ਵੀ ਪਿਤਾ ਨੂੰ ਨਹੀਂ ਵੇਖਿਆ। ਉਹ ਇੱਕ, ਜਿਹੜਾ ਪਰਮੇਸ਼ੁਰ ਤੋਂ ਆਇਆ ਹੈ, ਉਹੀ ਹੈ ਜਿਸਨੇ ਪਿਤਾ ਨੂੰ ਵੇਖਿਆ।
47“ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਮਨੁੱਖ ਨਿਹਚਾ ਰੱਖਦਾ ਹੈ ਸਦੀਪਕ ਜੀਵਨ ਪਾਉਂਦਾ ਹੈ। 48ਮੈਂ ਹੀ ਜੀਵਨ ਦੀ ਰੋਟੀ ਹਾਂ। 49ਤੁਹਾਡੇ ਪੂਰਵਜਾਂ ਨੇ ਉਜਾੜ ਵਿੱਚ ਮੰਨ ਖਾਧਾ ਅਤੇ ਮਰ ਗਏ। 50ਮੈਂ ਉਹ ਰੋਟੀ ਹਾਂ ਜੋ ਸੁਰਗ ਤੋਂ ਹੇਠਾਂ ਆਉਂਦੀ ਹੈ। ਜੇਕਰ ਕੋਈ ਵੀ ਇਹ ਰੋਟੀ ਖਾਂਦਾ ਹੈ ਉਹ ਕਦੇ ਨਹੀਂ ਮਰੇਗਾ। 51ਮੈਂ ਜਿਉਂਦੀ ਰੋਟੀ ਹਾਂ, ਜੋ ਸਵਰਗ ਤੋਂ ਹੇਠਾਂ ਆਈ ਹੈ। ਉਹ ਜਿਹੜਾ ਇਹ ਰੋਟੀ ਖਾਂਦਾ ਹੈ, ਸਦਾ ਜੀਵੇਗਾ। ਇਹ ਰੋਟੀ ਮੇਰਾ ਸਰੀਰ ਹੈ। ਮੈਂ ਆਪਣਾ ਸਰੀਰ ਦਿੰਦਾ ਹਾਂ ਤਾਂ ਜੋ ਇਸ ਦੁਨੀਆਂ ਦੇ ਲੋਕਾਂ ਨੂੰ ਜੀਵਨ ਮਿਲ ਸੱਕੇ।”
52ਫੇਰ ਯਹੂਦੀਆਂ ਨੇ ਆਪਸ ਵਿੱਚ ਬਹਿਸ ਕਰਨੀ ਸ਼ੁਰੂ ਕਰ ਦਿੱਤੀ, “ਭਲਾ ਇਹ ਆਦਮੀ ਸਾਨੂੰ ਆਪਣਾ ਸਰੀਰ ਖਾਣ ਲਈ ਕਿਵੇਂ ਦੇ ਸੱਕਦਾ ਹੈ?”
53ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦੋਂ ਤੱਕ ਤੁਸੀਂ ਮਨੁੱਖ ਦੇ ਪੁੱਤਰ ਦਾ ਸਰੀਰ ਨਹੀਂ ਖਾਂਦੇ ਅਤੇ ਲਹੂ ਨਹੀਂ ਪੀਂਦੇ, ਤੁਹਾਡੇ ਕੋਲ ਤੁਹਾਡੇ ਵਿੱਚ ਸੱਚਾ ਜੀਵਨ ਨਹੀਂ ਹੋਵੇਗਾ। 54ਉਹ ਮਨੁੱਖ ਜਿਹੜਾ ਮੇਰਾ ਮਾਸ ਖਾਂਦਾ ਹੈ ਅਤੇ ਲਹੂ ਪੀਂਦਾ ਹੈ ਸਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਉਸ ਨੂੰ ਅਖੀਰਲੇ ਦਿਨ ਜਿਉਂਦਾ ਉੱਠਾਵਾਂਗਾ। 55ਮੇਰਾ ਸਰੀਰ ਸੱਚਾ ਭੋਜਨ ਹੈ ਅਤੇ ਮੇਰਾ ਲਹੂ ਅਸਲੀ ਪੀਣ ਦੀ ਵਸਤੂ ਹੈ। 56ਉਹ ਜਿਹੜਾ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਮੇਰੇ ਵਿੱਚ ਨਿਵਾਸ ਕਰਦਾ ਅਤੇ ਮੈਂ ਉਸ ਵਿੱਚ ਨਿਵਾਸ ਕਰਦਾ ਹਾਂ।
57“ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਰਾਹੀਂ ਜਿਉਂਵਾਂਗਾ। ਇਸ ਲਈ ਜੋ ਮੈਨੂੰ ਖਾਂਦਾ ਹੈ ਮੇਰੇ ਰਾਹੀਂ ਜਿਉਂਵੇਗਾ। 58ਮੈਂ ਉਸ ਰੋਟੀ ਵਰਗਾ ਨਹੀਂ ਹਾਂ ਜਿਹੜੀ ਸਾਡੇ ਪੁਰਖਿਆਂ ਨੇ ਉਜਾੜ ਵਿੱਚ ਖਾਧੀ ਸੀ। ਉਨ੍ਹਾਂ ਨੇ ਉਹ ਰੋਟੀ ਖਾਧੀ ਪਰ ਬਾਕੀ ਲੋਕਾਂ ਵਾਂਗ, ਉਹ ਵੀ ਮਰ ਗਏ ਮੈਂ ਸਵਰਗ ਤੋਂ ਉੱਤਰੀ ਰੋਟੀ ਹਾਂ ਅਤੇ ਜੋ ਇਹ ਰੋਟੀ ਖਾਵੇਗਾ ਉਹ ਸਦੀਵੀ ਜੀਵੇਗਾ।”
59ਜਦੋਂ ਯਿਸੂ ਕਫਰਨਾਹੂਮ ਦੇ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇ ਰਿਹਾ ਸੀ ਉਸ ਨੇ ਇਹ ਸਭ ਗੱਲਾਂ ਆਖੀਆਂ।
ਬਹੁਤ ਸਾਰੇ ਚੇਲਿਆਂ ਦਾ ਯਿਸੂ ਨੂੰ ਛੱਡ ਜਾਣਾ
60ਉਸ ਦੇ ਬਹੁਤ ਸਾਰੇ ਚੇਲਿਆਂ ਨੇ ਇਹ ਸੁਣੀਆ ਅਤੇ ਆਖਿਆ, “ਇਹ ਉਪਦੇਸ਼ ਇੰਨਾ ਮੁਸ਼ਕਿਲ ਹੈ। ਕੌਣ ਇਸ ਉਪਦੇਸ਼ ਨੂੰ ਕਬੂਲ ਕਰ ਸੱਕਦਾ ਹੈ?”
61ਯਿਸੂ ਜਾਣਦਾ ਸੀ ਕਿ ਉਸ ਦੇ ਚੇਲੇ ਇਸ ਬਾਰੇ ਬੁੜ-ਬੁੜਾ ਰਹੇ ਸਨ ਇਸ ਲਈ ਉਸ ਨੇ ਆਖਿਆ, “ਕੀ ਇਹ ਉਪਦੇਸ਼ ਤੁਹਾਨੂੰ ਪਰੇਸ਼ਾਨ ਕਰਦਾ ਹੈ? 62ਤਾਂ ਕੀ ਤੁਸੀਂ ਉਦੋਂ ਹੋਰ ਵੀ ਵੱਧੇਰੇ ਪਰੇਸ਼ਾਨ ਨਹੀਂ ਹੋਵੋਂਗੇ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਥੇ ਵਾਪਸ ਜਾਂਦਿਆਂ ਵੇਖੋਂਗੇ, ਜਿੱਥੇੋਂ ਉਹ ਆਇਆ ਸੀ? 63ਇਹ ਸਰੀਰ ਨਹੀਂ ਹੈ ਜੋ ਜੀਵਨ ਦਿੰਦਾ ਹੈ ਸਗੋਂ ਇਹ ਆਤਮਾ ਹੈ ਜੋ ਜੀਵਨ ਦਿੰਦਾ ਹੈ। ਜੋ ਗੱਲਾਂ ਮੈਂ ਤੁਹਾਨੂੰ ਦੱਸੀਆਂ ਹਨ ਉਹ ਆਤਮਾ ਹਨ, ਇਸ ਲਈ ਇਹ ਗੱਲਾਂ ਜੀਵਨ ਦਿੰਦੀਆਂ ਹਨ। 64ਪਰ ਤੁਹਾਡੇ ਵਿੱਚੋਂ ਕੁਝ ਯਕੀਨ ਨਹੀਂ ਕਰਦੇ।” ਯਿਸੂ ਉਨ੍ਹਾਂ ਲੋਕਾਂ ਨੂੰ ਸ਼ੁਰੂ ਤੋਂ ਹੀ ਜਾਣਦਾ ਸੀ ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ। ਅਤੇ ਉਹ ਇਹ ਵੀ ਜਾਣਦਾ ਸੀ ਕਿ ਉਹ ਕੌਣ ਹੈ ਜੋ ਉਸ ਦੇ ਵਿਰੁੱਧ ਮੁੜ ਪਵੇਗਾ। 65ਯਿਸੂ ਨੇ ਕਿਹਾ, “ਇਸੇ ਲਈ ਮੈਂ ਤੁਹਾਨੂੰ ਕਿਹਾ ਸੀ, ‘ਕਿ ਜਦੋਂ ਤੱਕ ਪਿਤਾ ਇੱਕ ਵਿਅਕਤੀ ਨੂੰ ਮੇਰੇ ਕੋਲ ਆਉਣ ਨਹੀਂ ਦਿੰਦਾ ਉਹ ਮੇਰੇ ਕੋਲ ਨਹੀਂ ਆ ਸੱਕਦਾ।’”
66ਇਸੇ ਕਾਰਣ, ਯਿਸੂ ਦੇ ਬਹੁਤੇ ਚੇਲਿਆਂ ਨੇ ਉਸ ਨੂੰ ਛੱਡ ਦਿੱਤਾ ਅਤੇ ਭਵਿੱਖ ਵਿੱਚ ਉਸਦਾ ਅਨੁਸਰਣ ਨਾ ਕੀਤਾ।
67ਯਿਸੂ ਨੇ ਬਾਰ੍ਹਾਂ ਰਸੂਲਾਂ ਨੂੰ ਆਖਿਆ, “ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ?”
68ਸ਼ਮਊਨ ਪਤਰਸ ਨੇ ਉਸ ਨੂੰ ਆਖਿਆ, “ਪ੍ਰਭੂ! ਅਸੀਂ ਕਿਸ ਕੋਲ ਜਾਈਏ? ਤੇਰੇ ਕੋਲ ਸ਼ਬਦ ਹਨ ਜੋ ਸਦੀਪਕ ਜੀਵਨ ਦਿੰਦੇ ਹਨ। 69ਸਾਨੂੰ ਤੇਰੇ ਤੇ ਵਿਸ਼ਵਾਸ ਹੈ, ਅਸੀਂ ਜਾਣਦੇ ਹਾਂ ਕਿ ਤੂੰ ਪਰਮੇਸ਼ੁਰ ਵੱਲੋਂ ਪਵਿੱਤਰ ਪੁਰੱਖ ਹੈਂ।”
70ਤਾਂ ਯਿਸੂ ਨੇ ਜਵਾਬ ਦਿੱਤਾ, “ਮੈਂ ਤੁਹਾਡੇ ਵਿੱਚੋਂ ਬਾਰ੍ਹਾਂ ਨੂੰ ਚੁਣਿਆ ਹੈ ਪਰ ਤੁਹਾਡੇ ਵਿੱਚੋਂ ਇੱਕ ਜਣਾ ਸ਼ੈਤਾਨ ਹੈ।” 71ਯਿਸੂ ਸ਼ਮਊਨ ਇਸੱਕਰਿਯੋਤੀ ਦੇ ਪੁੱਤਰ ਯਹੂਦਾ ਬਾਰੇ ਆਖ ਰਿਹਾ ਸੀ। ਉਹ ਬਾਰ੍ਹਾਂ ਵਿੱਚੋਂ ਇੱਕ ਸੀ ਪਰ ਉਸ ਨੇ ਯਿਸੂ ਦੇ ਵਿਰੁੱਧ ਹੋ ਜਾਣਾ ਸੀ।

Highlight

Share

Copy

None

Want to have your highlights saved across all your devices? Sign up or sign in