YouVersion Logo
Search Icon

ਯੂਹੰਨਾ ਦੀ ਇੰਜੀਲ 12

12
ਯਿਸੂ ਬੈਤਆਨਿਯਾ ਵਿੱਚ ਆਪਣੇ ਦੋਸਤਾਂ ਨਾਲ
(ਮੱਤੀ 26:6-13; ਮਰਕੁਸ 14:3-9)
1ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਯਿਸੂ ਬੈਤਆਨਿਯਾ ਨੂੰ ਆਇਆ ਇਹ ਉਹ ਸ਼ਹਿਰ ਸੀ ਜਿੱਥੇ ਲਾਜ਼ਰ ਰਹਿੰਦਾ ਸੀ। ਲਾਜ਼ਰ ਉਹ ਆਦਮੀ ਸੀ, ਜਿਸ ਨੂੰ ਯਿਸੂ ਨੇ ਮੌਤ ਤੋਂ ਜਿਵਾਲਿਆ ਸੀ। 2ਉੱਥੇ ਉਨ੍ਹਾਂ ਨੇ ਯਿਸੂ ਵਾਸਤੇ ਰਾਤ ਦਾ ਭੋਜਨ ਤਿਆਰ ਕੀਤਾ ਸੀ ਅਤੇ ਮਾਰਥਾ ਨੇ ਭੋਜਨ ਵਰਤਾਇਆ। ਲਾਜ਼ਰ ਉਨ੍ਹਾਂ ਵਿੱਚੋਂ ਇੱਕ ਸੀ ਜੋ ਯਿਸੂ ਨਾਲ ਭੋਜਨ ਕਰ ਰਿਹਾ ਸੀ। 3ਮਰਿਯਮ ਨੇ ਨਰਦ ਦੀ ਜੜ੍ਹ ਤੋਂ ਬਣੇ ਮਹਿੰਗੇ ਅਤਰ ਦਾ ਅੱਧਾ ਸੇਰ ਲਿਆ। ਉਸ ਨੇ ਇਸ ਨੂੰ ਯਿਸੂ ਦੇ ਚਰਣਾਂ ਉੱਤੇ ਡੋਲ੍ਹਿਆ ਅਤੇ ਆਪਣੇ ਵਾਲਾਂ ਨਾਲ ਉਸ ਦੇ ਪੈਰ ਪੂੰਝੇ। ਸਾਰਾ ਘਰ ਅਤਰ ਦੀ ਸੁਗੰਧ ਨਾਲ ਭਰ ਗਿਆ।
4ਯਹੂਦਾ ਇਸੱਕਰਿਯੋਤੀ ਯਿਸੂ ਦੇ ਚੇਲਿਆਂ ਵਿੱਚੋਂ ਇੱਕ ਸੀ। ਇਹ ਉਹ ਸੀ ਜਿਸਨੇ ਯਿਸੂ ਦੇ ਖਿਲਾਫ਼ ਹੋ ਜਾਣਾ ਸੀ ਯਹੂਦਾ ਨੇ ਆਖਿਆ 5“ਉਹ ਅਤਰ ਚਾਂਦੀ ਦੇ ਤਿੰਨ ਸੌ ਸਿੱਕਿਆਂ ਦੇ ਮੁੱਲ ਦਾ ਸੀ। ਯਿਸੂ ਉੱਪਰ ਮਲਨ ਦੀ ਬਜਾਇ ਇਸ ਅਤਰ ਨੂੰ ਬਾਜ਼ਾਰ ਵਿੱਚ ਵੇਚਕੇ ਗਰੀਬਾਂ ਦੀ ਮਦਦ ਕੀਤੀ ਜਾ ਸੱਕਦੀ ਸੀ।” 6ਯਹੂਦਾ ਨੇ ਇਹ ਗੱਲ ਇਸ ਲਈ ਨਹੀਂ ਆਖੀ ਸੀ ਕਿ ਉਹ ਗਰੀਬਾਂ ਬਾਰੇ ਚਿੰਤਿਤ ਸੀ ਪਰ ਕਿਉਂ ਜੋ ਉਹ ਚੋਰ ਸੀ। ਚੇਲਿਆਂ ਦੀ ਟੋਲੀ ਲਈ ਧਨ ਵਾਲਾ ਸੰਦੂਕ ਉਸ ਕੋਲ ਹੁੰਦਾ ਸੀ, ਜਿਸ ਵਿੱਚੋਂ ਜਦੋਂ ਉਹ ਚਾਹਵੇ ਚੋਰੀ ਕਰ ਲੈਂਦਾ ਸੀ।
7ਯਿਸੂ ਨੇ ਆਖਿਆ, “ਉਸ ਨੂੰ ਨਾ ਰੋਕੋ, ਉਸ ਨੂੰ ਇਹ ਮੇਰੇ ਜਨਾਜ਼ੇ ਦੇ ਦਿਨ ਦੀ ਤਿਆਰੀ ਲਈ ਕਰਨ ਦਿਉ। 8ਗਰੀਬ ਲੋਕ ਹਮੇਸ਼ਾ ਤੁਹਾਡੇ ਨਾਲ ਹੋਣਗੇ, ਪਰ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਹੋਵਾਂਗਾ।”
ਲਾਜ਼ਰ ਨੂੰ ਮਾਰਨ ਦੀ ਇੱਕ ਵਿਉਂਤ
9ਬਹੁਤ ਸਾਰੇ ਯਹੂਦੀ ਜਾਣ ਗਏ ਕਿ ਯਿਸੂ ਬੈਤਆਨਿਯਾ ਵਿੱਚ ਸੀ ਅਤੇ ਉਹ ਯਿਸੂ ਨੂੰ ਹੀ ਨਹੀਂ ਸਗੋਂ ਲਾਜ਼ਰ ਨੂੰ ਵੀ ਵੇਖਣ ਆਏ। ਲਾਜ਼ਰ ਨੂੰ ਯਿਸੂ ਨੇ ਮੁਰਦੇ ਤੋਂ ਜਿਵਾਲਿਆ ਸੀ। 10ਤਾਂ ਪਰਧਾਨ ਜਾਜਕਾਂ ਨੇ ਲਾਜ਼ਰ ਨੂੰ ਵੀ ਮਾਰਨ ਦੀ ਵਿਉਂਤ ਬਣਾਈ। 11ਲਾਜ਼ਰ ਦੇ ਕਾਰਣ ਬਹੁਤ ਸਾਰੇ ਯਹੂਦੀ ਆਪਣੇ ਆਗੂਆਂ ਨੂੰ ਛੱਡ ਕੇ ਯਿਸੂ ਵਿੱਚ ਪਰਤੀਤ ਕਰਨ ਲੱਗ ਪਏ ਸਨ ਇਸੇ ਲਈ ਯਹੂਦੀਆਂ ਦੇ ਆਗੂ ਲਾਜ਼ਰ ਨੂੰ ਵੀ ਮਾਰ ਮੁਕਾਉਣਾ ਚਾਹੁੰਦੇ ਸਨ।
ਯਿਸੂ ਦਾ ਯਰੂਸ਼ਲਮ ਵਿੱਚ ਪਰਵੇਸ਼
(ਮੱਤੀ 21:1-11; ਮਰਕੁਸ 11:1-11; ਲੂਕਾ 19:28-40)
12ਅਗਲੇ ਦਿਨ ਲੋਕਾਂ ਨੂੰ ਇਹ ਪਤਾ ਲੱਗਾ ਕਿ ਯਿਸੂ ਯਰੂਸ਼ਲਮ ਨੂੰ ਆ ਰਿਹਾ ਸੀ। ਉੱਥੇ ਬਹੁਤ ਸਾਰੇ ਲੋਕ ਸਨ ਜਿਹੜੇ ਪਸਾਹ ਦੇ ਤਿਉਹਾਰ ਤੇ ਆਏ ਸਨ। 13ਉਹ ਖਜ਼ੂਰ ਦੀਆਂ ਟਹਿਣੀਆਂ ਲੈ ਕੇ ਯਿਸੂ ਨੂੰ ਮਿਲਣ ਲਈ ਆਏ ਅਤੇ ਉੱਚੀ-ਉੱਚੀ ਆਖਣ ਲੱਗੇ;
“‘ਉਸਦੀ ਉਸਤਤਿ ਕਰੋ!’
‘ਪਰਮੇਸ਼ੁਰ ਉਸ ਨੂੰ ਅਸੀਸ ਦੇਵੇ ਜੋ ਕੋਈ ਪ੍ਰਭੂ ਦੇ ਨਾਮ ਤੇ ਆਉਂਦਾ ਹੈ।’#ਜ਼ਬੂਰ 118:25-26
ਇਸਰਾਏਲ ਦੇ ਪਾਤਸ਼ਾਹ ਉੱਪਰ ਪਰਮੇਸ਼ੁਰ ਦੀ ਕਿਰਪਾ ਹੋਵੇ!”
14ਯਿਸੂ ਨੇ ਇੱਕ ਗੱਧੀ ਦਾ ਬੱਚਾ ਲੱਭਿਆ ਅਤੇ ਉਸ ਉਪਰ ਬੈਠ ਗਿਆ। ਇਸ ਨੇ ਜੋ ਪੋਥੀ ਵਿੱਚ ਲਿਖਿਆ ਪੂਰਾ ਕਰ ਦਿਤਾ,
15“ਸੀਯੋਨ ਦੀ ਬੇਟੀ ਨਾ ਡਰ!
ਵੇਖ, ਤੇਰਾ ਬਾਦਸ਼ਾਹ ਇੱਕ ਗੱਧੀ
ਦੇ ਬੱਚੇ ਤੇ ਸਵਾਰ ਹੋਕੇ ਆਉਂਦਾ ਹੈ।”#ਜ਼ਕਰਯਾਹ 9:9
16ਯਿਸੂ ਦੇ ਚੇਲੇ ਉਸ ਵਕਤ ਇਹ ਨਾ ਸਮਝ ਸੱਕੇ ਕਿ ਉਹ ਇਹ ਸਭ ਕੀ ਕਰ ਰਿਹਾ ਹੈ। ਪਰ ਜਦੋਂ ਯਿਸੂ ਮਹਿਮਾ ਨੂੰ ਉਭਰਿਆ ਉਨ੍ਹਾਂ ਨੂੰ ਯਾਦ ਆਇਆ ਕਿ ਇਹ ਗੱਲਾਂ ਉਸ ਦੇ ਬਾਰੇ ਲਿਖੀਆਂ ਹੋਈਆਂ ਸਨ ਅਤੇ ਉਨ੍ਹਾਂ ਨੇ ਇਹ ਗੱਲਾਂ ਉਸ ਲਈ ਕੀਤੀਆਂ ਸਨ।
17ਜਦੋਂ ਯਿਸੂ ਨੇ ਲਾਜ਼ਰ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਉਸ ਵਕਤ ਉਸ ਨਾਲ ਬਹੁਤ ਵੱਡੀ ਭੀੜ ਸੀ ਅਤੇ ਉਸ ਨੇ ਲਾਜ਼ਰ ਨੂੰ ਸੱਦਿਆ ਕਿ ਕਬਰ ਚੋਂ ਬਾਹਰ ਨਿਕਲ ਆ। ਹੁਣ ਉਹ ਲੋਕ ਉਸ ਬਾਰੇ, ਜੋ ਉਨ੍ਹਾਂ ਨੇ ਵੇਖਿਆ ਅਤੇ ਸੁਣਿਆ ਸੀ, ਦੂਜਿਆ ਨੂੰ ਦੱਸ ਰਹੇ ਸਨ। 18ਬਹੁਤ ਸਾਰੇ ਲੋਕ ਯਿਸੂ ਨੂੰ ਮਿਲਣ ਲਈ ਆਏ ਕਿਉਂ ਕਿ ਉਨ੍ਹਾਂ ਨੇ ਉਸ ਦੇ ਕੀਤੇ ਇਸ ਕਰਿਸ਼ਮੇ ਬਾਰੇ ਸੁਣਿਆ ਸੀ। 19ਫ਼ਿਰ ਫ਼ਰੀਸੀਆਂ ਨੇ ਆਪਸ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ, “ਦੇਖੋ! ਸਾਡੀ ਯੋਜਨਾ ਵਿਅਰਥ ਹੋ ਗਈ ਹੈ, ਕਿਉਂਕਿ ਸਭ ਲੋਕ ਉਸਦਾ ਅਨੁਸਰਣ ਕਰ ਰਹੇ ਹਨ।”
ਯਿਸੂ ਦਾ ਜ਼ਿੰਦਗੀ ਅਤੇ ਮੌਤ ਬਾਰੇ ਉਪਦੇਸ਼
20ਉੱਥੇ ਉਨ੍ਹਾਂ ਵਿੱਚ ਕੁਝ ਯੂਨਾਨੀ ਲੋਕ ਵੀ ਸਨ, ਜੋ ਪਸਾਹ ਦੇ ਤਿਉਹਾਰ ਤੇ ਉਪਾਸਨਾ ਕਰਨ ਲਈ ਆਏ ਸਨ। 21ਇਹ ਯੂਨਾਨੀ ਲੋਕ ਫ਼ਿਲਿਪੁੱਸ ਕੋਲ ਆਏ ਜੋ ਗਲੀਲ ਅਤੇ ਬੈਤਸੈਦਾ ਤੋਂ ਸੀ। ਉਨ੍ਹਾਂ ਨੇ ਉਸ ਨੂੰ ਅਰਜੋਈ ਕੀਤੀ, “ਜਨਾਬ! ਅਸੀਂ ਯਿਸੂ ਨੂੰ ਮਿਲਣਾ ਚਾਹੁੰਦੇ ਹਾਂ।” 22ਫ਼ਿਲਿਪੁੱਸ ਨੇ ਆਕੇ ਅੰਦ੍ਰਿਯਾਸ ਨੂੰ ਕਿਹਾ ਅਤੇ ਅੰਦ੍ਰਿਯਾਸ ਅਤੇ ਫ਼ਿਲਿਪੁੱਸ ਨੇ ਆਕੇ ਯਿਸੂ ਨੂੰ ਕਿਹਾ।
23ਯਿਸੂ ਨੇ ਜਵਾਬ ਦਿੱਤਾ, “ਮਨੁੱਖ ਦੇ ਪੁੱਤਰ ਲਈ ਮਹਿਮਾਮਈ ਹੋਣ ਦਾ ਵੇਲਾ ਆ ਗਿਆ ਹੈ। 24ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜਦ ਤੱਕ ਕਣਕ ਦਾ ਇੱਕ ਦਾਣਾ ਭੂਮੀ ਵਿੱਚ ਪੈਕੇ ਨਾ ਮਰੇ ਇੱਕ ਦਾਣਾ ਹੀ ਰਹਿੰਦਾ ਹੈ। ਪਰ ਜੇਕਰ ਇਹ ਮਰਦਾ ਹੈ ਤਾਂ ਇਹ ਬਹੁਤ ਸਾਰਾ ਫ਼ਲ ਦਿੰਦਾ ਹੈ। 25ਜਿਹੜਾ ਮਨੁੱਖ ਆਪਣੀ ਜਾਣ ਨੂੰ ਪਿਆਰ ਕਰਦਾ ਹੈ ਉਹ ਇਸ ਨੂੰ ਗੁਆ ਲਵੇਗਾ। ਪਰ ਇਸ ਦੁਨੀਆਂ ਵਿੱਚ ਜਿਹੜਾ ਮਨੁੱਖ ਆਪਣਾ ਜਾਨ ਨੂੰ ਪਿਆਰ ਨਹੀਂ ਕਰਦਾ ਇਸ ਨੂੰ ਸਦੀਪਕ ਜੀਵਨ ਲਈ ਬਚਾ ਲਵੇਗਾ। 26ਜਿਹੜਾ ਮਨੁੱਖ ਮੇਰੀ ਸੇਵਾ ਕਰਦਾ ਹੈ, ਉਸ ਨੂੰ ਮੇਰੇ ਮਗਰ ਚੱਲਣਾ ਚਾਹੀਦਾ ਹੈ ਤਦ ਮੇਰਾ ਉਹ ਸੇਵਕ, ਜਿੱਥੇ ਵੀ ਮੈਂ ਹਾਂ, ਮੇਰੇ ਨਾਲ ਹੋਵੇਗਾ। ਜਿਹੜਾ ਮੇਰੀ ਟਹਿਲ ਕਰਦਾ ਹੈ, ਪਿਤਾ ਉਸ ਨੂੰ ਸਤਿਕਾਰਦਾ ਹੈ।
ਯਿਸੂ ਦਾ ਆਪਣੀ ਮੌਤ ਬਾਰੇ ਜ਼ਾਹਰ ਕਰਨਾ
27“ਹੁਣ ਮੇਰਾ ਦਿਲ ਬਿਪਤਾ ਮਈ ਹੈ। ਮੈਨੂੰ ਕੀ ਕਹਿਣਾ ਚਾਹੀਦਾ ਹੈ? ਕੀ ਮੈਂ ਇਹ ਕਹਾਂ, ‘ਹੇ ਪਿਤਾ, ਮੈਨੂੰ ਇਸ ਮੁਸੀਬਤ ਦੀ ਘੜੀ ਤੋਂ ਬਚਾ?’ ਨਹੀਂ! ਇਸ ਲਈ ਮੈਂ ਇਸ ਸਮੇਂ ਤੱਕ ਆਇਆ ਹਾਂ। 28ਓ ਪਿਤਾ, ਆਪਣੇ ਨਾਮ ਨੂੰ ਮਹਿਮਾਮਈ ਬਣਾ!”
ਫ਼ਿਰ ਸਵਰਗਾਂ ਤੋਂ ਇੱਕ ਆਵਾਜ਼ ਆਈ, “ਮੈਂ ਮੇਰੇ ਨਾਮ ਨੂੰ ਮਹਿਮਾਮਈ ਬਣਾਇਆ ਅਤੇ ਮੈਂ ਫ਼ਿਰ ਇਸ ਨੂੰ ਮਹਿਮਾਮਈ ਬਣਾਵਾਂਗਾ।”
29ਜਿਹੜੇ ਲੋਕ ਉੱਥੇ ਖੜ੍ਹੇ ਸਨ ਉਨ੍ਹਾਂ ਨੇ ਇਹ ਅਵਾਜ਼ ਸੁਣੀ। ਉਨ੍ਹਾਂ ਨੇ ਆਖਿਆ, “ਜੋ ਬੱਦਲ ਗਜਿਆ ਹੈ।”
ਪਰ ਕੁਝ ਲੋਕਾਂ ਨੇ ਆਖਿਆ, “ਇੱਕ ਦੂਤ ਨੇ ਉਸ ਨਾਲ ਗੱਲ ਕੀਤੀ ਹੈ।”
30ਯਿਸੂ ਨੇ ਲੋਕਾਂ ਨੂੰ ਕਿਹਾ, “ਇਹ ਅਵਾਜ਼ ਮੇਰੀ ਖਾਤਰ ਨਹੀਂ ਆਈ, ਸਗੋਂ ਤੁਹਾਡੀ ਖਾਤਰ ਆਈ ਹੈ। 31ਹੁਣ ਦੁਨੀਆਂ ਦੇ ਨਿਆਂ ਦਾ ਸਮਾਂ ਆ ਗਿਆ ਹੈ। ਹੁਣ ਇਸ ਦੁਨੀਆਂ ਦਾ ਹਾਕਮ ਬਾਹਰ ਸੁੱਟਿਆ ਜਾਵੇਗਾ। 32ਮੈਂ ਵੀ ਇਸ ਜਗਤ ਤੋਂ ਸਵਰਗ ਨੂੰ ਚੁੱਕਿਆ ਜਾਵਾਂਗਾ ਅਤੇ ਜਦੋਂ ਇਉਂ ਵਾਪਰੇਗਾ ਤਾਂ ਸਾਰੇ ਲੋਕਾਂ ਨੂੰ ਉੱਪਰ ਆਪਣੇ ਵੱਲ ਖਿੱਚਾਂਗਾ।” 33ਇਹ ਆਖਕੇ, ਯਿਸੂ ਸੂਚਿਤ ਕਰ ਰਿਹਾ ਸੀ ਕਿ ਉਹ ਕਿਸ ਤਰ੍ਹਾਂ ਦੀ ਮੌਤ ਮਰੇਗਾ।
34ਲੋਕਾਂ ਨੇ ਕਿਹਾ, “ਸਾਡੀ ਸ਼ਰ੍ਹਾ ਤਾਂ ਆਖਦੀ ਹੈ ਕਿ ਮਸੀਹ ਹਮੇਸ਼ਾ ਜੀਵੇਗਾ ਤਾਂ ਫ਼ਿਰ ਤੂੰ ਇਹ ਕਿਉਂ ਆਖਦਾ ਹੈ, ਕਿ ‘ਮਨੁੱਖ ਦਾ ਪੁੱਤਰ ਜ਼ਰੂਰ ਉੱਪਰ ਉੱਠਾਇਆ ਜਾਵੇਗਾ? ਇਹ ‘ਮਨੁੱਖ ਦਾ ਪੁੱਤਰ’ ਕੌਣ ਹੈ?”
35ਤਦ ਯਿਸੂ ਨੇ ਕਿਹਾ, “ਚਾਨਣ ਸਿਰਫ਼ ਕੁਝ ਹੀ ਪਲਾ ਲਈ ਤੁਹਾਡੇ ਨਾਲ ਹੋਵੇਗਾ, ਇਸ ਲਈ ਰੌਸ਼ਨੀ ਵਿੱਚ ਤੁਰੋ, ਤਦ ਹੇਨਰਾ ਤੁਹਾਨੂੰ ਨਹੀਂ ਘੇਰੇਗਾ। ਜਿਹੜਾ ਮਨੁਖ ਹਨੇਰੇ ਵਿੱਚ ਚੱਲਦਾ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਚੱਲ ਰਿਹਾ ਹੈ। 36ਇਸ ਲਈ ਜਦੋਂ ਚਾਨਣ ਤੁਹਾਡੇ ਕੋਲ ਹੈ ਚਾਨਣ ਵਿੱਚ ਵਿਸ਼ਵਾਸ ਕਰੋ। ਤਾਂ ਜੋ ਤੁਸੀਂ ਚਾਨਣ ਦੇ ਪੁੱਤਰ ਹੋਵੋਂ।” ਇਹ ਸਭ ਕਹਿਣ ਤੋਂ ਬਾਦ ਯਿਸੂ ਅਜਿਹੀ ਜਗ਼੍ਹਾ ਉੱਤੇ ਚੱਲਾ ਗਿਆ ਜਿੱਥੇ ਲੋਕ ਉਸ ਨੂੰ ਨਾ ਲੱਭ ਸੱਕਣ।
ਯਹੂਦੀਆਂ ਨੇ ਯਿਸੂ ਨੂੰ ਮੰਨਣ ਤੋਂ ਇਨਕਾਰ ਕੀਤਾ
37ਯਿਸੂ ਨੇ ਲੋਕਾਂ ਸਾਹਮਣੇ ਬਹੁਤ ਸਾਰੇ ਕਰਿਸ਼ਮੇ ਕੀਤੇ। ਲੋਕਾਂ ਨੇ ਇਹ ਸਭ ਆਪਣੀ ਅੱਖੀਂ ਵੇਖਿਆ ਪਰ ਫ਼ਿਰ ਵੀ ਉਨ੍ਹਾਂ ਨੇ ਉਸ ਉੱਪਰ ਨਿਹਚਾ ਨਹੀਂ ਕੀਤੀ।
38ਇਹ ਤਾਂ ਹੋਇਆ ਜੋ ਨਬੀ ਯਸਾਯਾਹ ਦੀ ਭਵਿੱਖਬਾਣੀ ਸੱਚੀ ਹੋ ਸੱਕੇ:
“ਹੇ ਪ੍ਰਭੂ ਸਾਡੇ ਸੰਦੇਸ਼ ਦਾ ਕਿਸਨੇ ਵਿਸ਼ਵਾਸ ਕੀਤਾ?
ਪ੍ਰਭੂ ਦੀ ਸ਼ਕਤੀ ਕਿਸਨੇ ਵੇਖੀ?”#ਯਸਾਯਾਹ 53:1
39ਕਿਸੇ ਕਾਰਣ ਲੋਕ ਵਿਸ਼ਵਾਸ ਨਾ ਕਰ ਸੱਕੇ। ਜਿਵੇਂ ਕਿ ਯਸਾਯਾਹ ਇੱਕ ਹੋਰ ਮਿਸਾਲ ਵਿੱਚ ਆਖਦਾ ਹੈ,
40“ਪਰਮੇਸ਼ੁਰ ਨੇ ਉਨ੍ਹਾਂ ਦੀਆਂ ਅੱਖਾਂ ਅੰਨ੍ਹੀਆਂ
ਕਰ ਦਿੱਤੀਆਂ ਅਤੇ ਉਨ੍ਹਾਂ ਦੇ ਦਿਲ ਕਠੋਰ ਕਰ ਦਿੱਤੇ।
ਤਾਂ ਜੋ ਨਾ ਉਹ ਆਪਣੀਆਂ ਅੱਖਾਂ ਨਾਲ ਵੇਖ ਸੱਕਣ,
ਨਾ ਦਿਮਾਗ ਨਾਲ ਸਮਝ ਸੱਕਣ
ਅਤੇ ਮੇਰੇ ਕੋਲ ਫ਼ਿਰ ਆਉਣ ਤਾਂ ਜੋ ਮੈਂ ਉਨ੍ਹਾਂ ਨੂੰ ਠੀਕ ਕਰ ਸੱਕਾਂ।”#ਯਸਾਯਾਹ 6:10
41ਯਸਾਯਾਹ ਨੇ ਇਹ ਇਸ ਲਈ ਆਖਿਆ ਕਿਉਂਕਿ ਉਸ ਨੇ ਉਸ ਦੀ ਮਹਿਮਾ ਵੇਖੀ ਸੀ। ਇਸ ਲਈ ਉਸ ਨੇ ਉਸ ਬਾਰੇ ਇਹ ਕਿਹਾ।
42ਪਰ ਬਹੁਤ ਸਾਰੇ ਲੋਕਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ, ਅਤੇ ਉਨ੍ਹਾਂ ਵਿੱਚੋਂ ਕਈ ਆਗੂ ਸਨ। ਪਰ ਕਿਉਂ ਜੋ ਉਹ ਫ਼ਰੀਸੀਆਂ ਕੋਲੋਂ ਡਰਦੇ ਸਨ ਉਨ੍ਹਾਂ ਨੇ ਖੁਲ੍ਹ ਕੇ ਨਾ ਆਖਿਆ ਕਿ ਉਹ ਯਿਸੂ ਵਿੱਚ ਨਿਹਚਾ ਰੱਖਦੇ ਹਨ। ਉਨ੍ਹਾਂ ਨੂੰ ਇਹ ਡਰ ਸੀ ਕਿ ਉਹ ਪ੍ਰਾਰਥਨਾ ਸਥਾਨਾਂ ਤੋਂ ਕੱਢ ਦਿੱਤੇ ਜਾਣਗੇ। 43ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੀ ਉਸਤਤਿ ਨਾਲੋਂ ਵੱਧ ਲੋਕਾਂ ਦੀ ਉਸਤਤਿ ਨੂੰ ਪਿਆਰ ਕੀਤਾ।
ਯਿਸੂ ਦੇ ਉਪਦੇਸ਼ਾਂ ਦੇ ਆਧਾਰ ਤੇ ਨਿਆਂ
44ਤਦ ਯਿਸੂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਜੋ ਵਿਅਕਤੀ ਮੇਰੇ ਵਿੱਚ ਨਿਹਚਾ ਰੱਖਦਾ ਹੈ ਅਸਲ ਵਿੱਚ ਉਹ ਮੇਰੇ ਵਿੱਚ ਨਹੀਂ ਸਗੋਂ ਉਸ ਇੱਕ ਵਿੱਚ ਨਿਹਚਾ ਰੱਖਦਾ ਹੈ ਜਿਸਨੇ ਮੈਨੂੰ ਭੇਜਿਆ ਹੈ। 45ਜੋ ਵਿਅਕਤੀ ਮੈਨੂੰ ਵਾਸਤਵਿਕ ਤੌਰ ਤੇ ਵੇਖਦਾ ਉਹ ਉਸ ਨੂੰ ਵੇਖਦਾ ਹੈ ਜਿਸਨੇ ਮੈਨੂੰ ਭੇਜਿਆ ਹੈ। 46ਮੈਂ ਚਾਨਣ ਹਾਂ ਅਤੇ ਮੈਂ ਇਸ ਦੁਨੀਆਂ ਉੱਤੇ ਆਇਆ ਤਾਂ ਜੋ ਉਹ ਵਿਅਕਤੀ ਜਿਹੜਾ ਮੇਰੇ ਵਿੱਚ ਨਿਹਚਾ ਰੱਖਦਾ, ਹਨੇਰੇ ਵਿੱਚ ਨਾ ਰਹੇ।
47“ਮੈਂ ਇਸ ਦੁਨੀਆਂ ਵਿੱਚ ਲੋਕਾਂ ਦਾ ਨਿਆਂ ਕਰਨ ਨਹੀਂ ਆਇਆ, ਸਗੋਂ ਲੋਕਾਂ ਨੂੰ ਬਚਾਉਣ ਲਈ ਆਇਆ ਹਾਂ। ਇਸ ਲਈ ਮੈਂ ਉਹ ਨਹੀਂ ਹਾਂ ਜੋ ਲੋਕਾਂ ਦਾ ਨਿਆਂ ਕਰਦਾ ਹੈ ਜੋ ਮੇਰੀਆਂ ਸਿੱਖਿਆਵਾਂ ਸੁਣਦੇ ਹਨ ਅਤੇ ਇਸ ਨੂੰ ਨਹੀਂ ਮੰਨਦੇ। 48ਉਸ ਵਾਸਤੇ ਵੀ ਇੱਕ ਮੁਨਸਫ਼ ਹੈ ਜੋ ਮੇਰੇ ਵਿੱਚ ਵਿਸ਼ਵਾਸ ਕਰਨ ਤੋਂ ਇਨਕਾਰ ਕਰਦਾ ਹੈ ਅਤੇ ਜੋ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਨੂੰ ਨਹੀਂ ਕਬੂਲਦਾ। ਜਿਹੜਾ ਸੰਦੇਸ਼ ਮੈਂ ਦਿੱਤਾ ਅੰਤਲੇ ਦਿਨ ਉੱਤੇ ਉਸਦਾ ਨਿਆਂ ਕਰੇਗਾ। 49ਕਿਉਂ ਕਿ ਮੈਂ ਆਪਣੇ ਮਨੋਂ ਉਪਦੇਸ਼ ਨਹੀਂ ਦਿੱਤਾ ਸਗੋਂ ਜਿਸ ਪਿਤਾ ਨੇ ਮੈਨੂੰ ਭੇਜਿਆ, ਉਸ ਨੇ ਮੈਨੂੰ ਹੁਕਮ ਦਿੱਤਾ ਕਿ ਮੈਨੂੰ ਕੀ ਕਹਿਣਾ ਚਾਹੀਦਾ ਅਤੇ ਕੀ ਸਿੱਖਾਉਣਾ ਚਾਹੀਦਾ। 50ਅਤੇ ਮੈਂ ਜਾਣਦਾ ਹਾਂ ਕਿ ਪਰਮੇਸ਼ੁਰ ਦਾ ਹੁਕਮ ਸਦੀਪਕ ਜੀਵਨ ਲਿਆਉਂਦਾ ਹੈ। ਇਸੇ ਲਈ ਜੋ ਸਬਦ ਮੈਂ ਬੋਲਦਾ ਹਾਂ ਅਤੇ ਉਪਦੇਸ਼ ਦਿੰਦਾ ਹਾਂ ਉਹ ਉਹੀ ਹਨ ਜੋ ਪਿਤਾ ਨੇ ਮੈਨੂੰ ਬੋਲਣ ਲਈ ਕਿਹਾ ਹੈ।”

Highlight

Share

Copy

None

Want to have your highlights saved across all your devices? Sign up or sign in

Free Reading Plans and Devotionals related to ਯੂਹੰਨਾ ਦੀ ਇੰਜੀਲ 12

YouVersion uses cookies to personalize your experience. By using our website, you accept our use of cookies as described in our Privacy Policy