ਉਤਪਤ 34
34
ਦੀਨਾਹ ਦਾ ਬਲਾਤਕਾਰ
1ਦੀਨਾਹ ਲੇਆਹ ਅਤੇ ਯਾਕੂਬ ਦੀ ਧੀ ਸੀ। ਇੱਕ ਦਿਨ ਦੀਨਾਹ ਉਸ ਥਾਂ ਦੀਆਂ ਔਰਤਾਂ ਨੂੰ ਮਿਲਣ ਗਈ। 2ਉਸ ਧਰਤੀ ਦਾ ਰਾਜਾ ਹਮੋਰ ਸੀ। ਉਸ ਦੇ ਪੁੱਤਰ ਸ਼ਕਮ ਨੇ ਦੀਨਾਹ ਨੂੰ ਦੇਖਿਆ। ਸ਼ਕਮ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਉਸ ਦਾ ਬਲਾਤਕਾਰ ਕੀਤਾ। 3ਫ਼ੇਰ ਸ਼ਕਮ ਦਾ ਦੀਨਾਹ ਨਾਲ ਪਿਆਰ ਪੈ ਗਿਆ ਅਤੇ ਉਸ ਨਾਲ ਨਮਰਤਾ ਨਾਲ ਗੱਲ ਕੀਤੀ। 4ਸ਼ਕਮ ਨੇ ਆਪਣੇ ਪਿਤਾ ਨੂੰ ਆਖਿਆ, “ਮਿਹਰਬਾਨੀ ਕਰਕੇ ਮੇਰੇ ਲਈ ਇਹ ਕੁੜੀ ਲੈ ਆਉ ਤਾਂ ਜੋ ਮੈਂ ਇਸ ਨਾਲ ਸ਼ਾਦੀ ਕਰ ਸੱਕਾਂ।”
5ਯਾਕੂਬ ਨੂੰ ਪਤਾ ਲੱਗਿਆ ਕਿ ਮੁੰਡੇ ਨੇ ਉਸ ਦੀ ਧੀ ਨੂੰ ਕਲੰਕਤ ਕਰ ਦਿੱਤਾ ਸੀ। ਪਰ ਯਾਕੂਬ ਦੇ ਸਾਰੇ ਪੁੱਤਰ ਖੇਤਾਂ ਵਿੱਚ ਆਪਣੇ ਜਾਨਵਰ ਚਾਰਨ ਲਈ ਗਏ ਹੋਏ ਸਨ। ਇਸ ਲਈ ਉਨ੍ਹਾਂ ਦੇ ਵਾਪਸ ਆਉਣ ਤੋਂ ਪਹਿਲਾਂ ਯਾਕੂਬ ਨੇ ਕੁਝ ਨਹੀਂ ਕੀਤਾ। 6ਉਸ ਸਮੇਂ ਸ਼ਕਮ ਦਾ ਪਿਤਾ ਹਮੋਰ ਯਾਕੂਬ ਨਾਲ ਗੱਲ ਕਰਨ ਲਈ ਗਿਆ।
7ਜਿਉਂ ਹੀ ਯਾਕੂਬ ਦੇ ਪੁੱਤਰਾਂ ਨੇ ਇਸ ਬਾਰੇ ਸੁਣਿਆ, ਉਹ ਖੇਤਾਂ ਵਿੱਚੋਂ ਆ ਗਏ। ਉਹ ਇਸ ਭਿਆਨਕ ਹਾਦਸੇ ਕਾਰਣ ਗੁੱਸੇ ਨਾਲ ਭਰ ਗਏ ਜੋ ਸ਼ਕਮ ਨੇ ਯਕੂਬ ਦੀ ਧੀ ਨਾਲ ਜਿਨਸੀ ਸੰਬੰਧ ਬਣਾ ਕੇ ਕੀਤਾ ਸੀ। ਇਸਰਾਏਲੀਆਂ ਦਰਮਿਆਨ ਅਜਿਹਾ ਅਮਲ ਮੰਜ਼ੂਰ ਨਹੀਂ ਹੈ।
8ਪਰ ਹਮੋਰ ਨੇ ਦੀਨਾਹ ਦੇ ਭਰਾਵਾਂ ਨਾਲ ਗੱਲ ਕੀਤੀ। ਉਸ ਨੇ ਆਖਿਆ, “ਮੇਰਾ ਪੁੱਤਰ ਸ਼ਕਮ ਦੀਨਾਹ ਨੂੰ ਬਹੁਤ ਚਾਹੁੰਦਾ ਹੈ। ਕਿਰਪਾ ਕਰਕੇ ਉਸ ਨੂੰ ਉਸ ਦੇ ਨਾਲ ਵਿਆਹ ਕਰ ਲੈਣ ਦਿਉ। 9ਇਸ ਸ਼ਾਦੀ ਤੋਂ ਇਹ ਲੱਗੇ ਕਿ ਸਾਡਾ ਖਾਸ ਇਕਰਾਰਨਾਮਾ ਹੈ। ਫ਼ੇਰ ਸਾਡੇ ਆਦਮੀ ਤੁਹਾਡੀਆਂ ਔਰਤਾਂ ਨਾਲ ਸ਼ਾਦੀ ਕਰ ਸੱਕਣਗੇ, ਅਤੇ ਤੁਹਾਡੇ ਆਦਮੀ ਸਾਡੀਆਂ ਔਰਤਾਂ ਨਾਲ ਸ਼ਾਦੀ ਕਰ ਸੱਕਣਗੇ। 10ਤੁਸੀਂ ਇੱਕੋ ਧਰਤੀ ਉੱਤੇ ਸਾਡੇ ਨਾਲ ਰਹਿ ਸੱਕੋਂਗੇ। ਤੁਸੀਂ ਜ਼ਮੀਨ ਰੱਖਣ ਵਿੱਚ ਅਤੇ ਇੱਥੇ ਵਪਾਰ ਕਰਨ ਵਿੱਚ ਆਜ਼ਾਦ ਹੋਵੋਂਗ਼ੇ।”
11ਸ਼ਕਮ ਨੇ ਵੀ ਯਾਕੂਬ ਅਤੇ ਦੀਨਾਹ ਦੇ ਭਰਾਵਾਂ ਨਾਲ ਗੱਲ ਕੀਤੀ। ਸ਼ਕਮ ਨੇ ਆਖਿਆ, “ਕਿਰਪਾ ਕਰਕੇ ਮੈਨੂੰ ਪ੍ਰਵਾਨ ਕਰੋ। ਮੈਂ ਹਰ ਉਹ ਗੱਲ ਕਰਾਗਾ ਜਿਹੜੀ ਤੁਸੀਂ ਮੈਨੂੰ ਕਰਨ ਲਈ ਆਖੋਂਗੇ। 12ਮੈਂ ਤੁਹਾਨੂੰ ਕੋਈ ਵੀ ਸੁਗਾਤ ਦੇ ਦੇਵਾਂਗਾ ਜਿਹੜੀ ਤੁਸੀਂ ਚਾਹੁੰਦੇ ਹੋ, ਜੇ ਤੁਸੀਂ ਸਿਰਫ਼ ਮੈਨੂੰ ਦੀਨਾਹ ਨਾਲ ਸ਼ਾਦੀ ਕਰਨ ਦਿਉ। ਤੁਸੀਂ ਜੋ ਮੰਗੋਗੇ, ਮੈਂ ਦੇਵਾਂਗਾ, ਪਰ ਮੈਨੂੰ ਦੀਨਾਹ ਨਾਲ ਸ਼ਾਦੀ ਕਰਨ ਦਿਉ।”
13ਯਾਕੂਬ ਦੇ ਪੁੱਤਰਾਂ ਨੇ ਸ਼ਕਮ, ਜਿਸ ਨੇ ਉਨ੍ਹਾਂ ਦੀ ਭੈਣ ਨੂੰ ਕਲੰਕਤ ਕੀਤਾ ਸੀ ਅਤੇ ਉਸ ਦੇ ਪਿਤਾ ਹਮੋਰ ਨੂੰ ਗੁਮਰਾਹ ਕਰਨ ਦਾ ਫ਼ੈਸਲਾ ਕੀਤਾ। 14ਇਸ ਲਈ ਭਰਾਵਾਂ ਨੇ ਉਸ ਨੂੰ ਆਖਿਆ, “ਅਸੀਂ ਤੈਨੂੰ ਆਪਣੀ ਭੈਣ ਨਾਲ ਸ਼ਾਦੀ ਕਰਨ ਦੀ ਇਜਾਜ਼ਤ ਨਹੀਂ ਦੇ ਸੱਕਦੇ ਕਿਉਂਕਿ ਹਾਲੇ ਤੀਕ ਤੇਰੀ ਸੁੰਨਤ ਨਹੀਂ ਹੋਈ। ਸਾਡੀ ਭੈਣ ਦਾ ਤੇਰੇ ਨਾਲ ਸ਼ਾਦੀ ਕਰਨਾ ਗਲਤ ਗੱਲ ਹੋਵੇਗੀ। 15ਪਰ ਅਸੀਂ ਤੈਨੂੰ ਉਸ ਨਾਲ ਸ਼ਾਦੀ ਕਰਨ ਦੀ ਇਜਾਜ਼ਤ ਦੇ ਸੱਕਦੇ ਹਾਂ ਜੇ ਤੂੰ ਇੱਕ ਗੱਲ ਕਰੇਂ: ਤੇਰੇ ਕਸਬੇ ਦੇ ਹਰ ਆਦਮੀ ਦੀ ਸਾਡੇ ਵਾਂਗ ਸੁੰਨਤ ਹੋਣੀ ਚਾਹੀਦੀ ਹੈ। 16ਫ਼ੇਰ ਤੁਹਾਡੇ ਆਦਮੀ ਸਾਡੀਆਂ ਔਰਤਾਂ ਨਾਲ ਸ਼ਾਦੀ ਕਰਨਗੇ, ਅਤੇ ਸਾਡੇ ਆਦਮੀ ਤੁਹਾਡੀਆਂ ਔਰਤਾਂ ਨਾਲ ਸ਼ਾਦੀ ਕਰ ਸੱਕਣਗੇ। ਫ਼ੇਰ ਅਸੀਂ ਇੱਕੋ ਜਿਹੇ ਲੋਕ ਹੋ ਜਾਵਾਂਗੇ। 17ਜੇ ਤੂੰ ਸੁੰਨਤ ਕਰਨ ਤੋਂ ਇਨਕਾਰ ਕਰੇਂਗਾ ਤਾਂ ਅਸੀਂ ਦੀਨਾਹ ਨੂੰ ਦੂਰ ਲੈ ਜਾਵਾਂਗੇ।”
18ਇਸ ਇਕਰਾਰਨਾਮੇ ਨਾਲ ਹਮੋਰ ਅਤੇ ਸ਼ਕਮ ਨੂੰ ਬਹੁਤ ਖੁਸ਼ੀ ਹੋਈ। 19ਸ਼ਕਮ ਦੀਨਾਹ ਦੇ ਭਰਾਵਾਂ ਦੇ ਆਖੇ ਅਨੁਸਾਰ ਕਰਨ ਲਈ ਬੜੀ ਜਲਦੀ ਵਿੱਚ ਸੀ, ਕਿਉਂਕਿ ਉਹ ਉਸ ਨਾਲ ਪਿਆਰ ਕਰਦਾ ਸੀ।
ਸ਼ਕਮ ਆਪਣੇ ਪਰਿਵਾਰ ਦਾ ਸਭ ਤੋਂ ਇੱਜ਼ਤਦਾਰ ਆਦਮੀ ਸੀ। 20ਹਮੋਰੇ ਅਤੇ ਸ਼ਕਮ ਆਪਣੇ ਸ਼ਹਿਰ ਦੀ ਸਭਾ ਵਾਲੀ ਥਾਂ ਉੱਤੇ ਗਏ। ਉਨ੍ਹਾਂ ਨੇ ਸ਼ਹਿਰ ਦੇ ਆਦਮੀਆਂ ਨਾਲ ਗੱਲ ਕੀਤੀ ਅਤੇ ਆਖਿਆ, 21“ਇਸਰਾਏਲ ਦੇ ਇਹ ਲੋਕ ਸਾਡੇ ਨਾਲ ਦੋਸਤੀ ਪਾਉਣਾ ਚਾਹੁੰਦੇ ਹਨ। ਅਸੀਂ ਉਨ੍ਹਾਂ ਨੂੰ ਆਪਣੀ ਧਰਤੀ ਉੱਤੇ ਰਹਿਣ ਦੇਣਾ ਚਾਹੁੰਦੇ ਹਾਂ ਅਤੇ ਉਨ੍ਹਾਂ ਨਾਲ ਸ਼ਾਂਤੀ ਕਾਇਮ ਕਰਨਾ ਚਾਹੁੰਦੇ ਹਾਂ। ਸਾਡੇ ਕੋਲ ਸਾਰਿਆ ਲਈ ਕਾਫ਼ੀ ਥਾਂ ਹੈ। ਅਸੀਂ ਉਨ੍ਹਾਂ ਦੀਆਂ ਔਰਤਾਂ ਨਾਲ ਸ਼ਾਦੀ ਕਰਨ ਲਈ ਸੁਤੰਤਰ ਹਾਂ। ਅਤੇ ਅਸੀਂ ਉਨ੍ਹਾਂ ਨਾਲ ਆਪਣੀਆਂ ਔਰਤਾਂ ਦੀ ਸ਼ਾਦੀ ਕਰਨ ਵਿੱਚ ਖੁਸ਼ੀ ਹਾਸਿਲ ਕਰਾਂਗੇ। 22ਪਰ ਉਹ ਸਾਡੇ ਨਾਲ ਰਹਿਣ ਅਤੇ ਇੱਕ ਹੋਣ ਲਈ ਤਾਂ ਹੀ ਰਾਜ਼ੀ ਹੋਣਗੇ ਜੇ ਸਾਡੇ ਆਦਮੀ ਉਨ੍ਹਾਂ ਵਾਂਗ ਸੁੰਨਤ ਕਰਾਉਣ ਲਈ ਰਾਜ਼ੀ ਹੋ ਜਾਣ। 23ਜੇ ਅਸੀਂ ਅਜਿਹਾ ਕਰਾਂਗੇ, ਤਾਂ ਅਸੀਂ ਉਨ੍ਹਾਂ ਦੇ ਸਾਰੇ ਪਸ਼ੂਆਂ ਅਤੇ ਜਾਨਵਰਾਂ ਨਾਲ ਮਾਲਾਮਾਲ ਹੋ ਜਾਵਾਂਗੇ। ਇਸ ਲਈ ਸਾਨੂੰ ਉਨ੍ਹਾਂ ਨਾਲ ਇਹ ਇਕਰਾਰਨਾਮਾ ਕਰ ਲੈਣਾ ਚਾਹੀਦਾ ਹੈ ਅਤੇ ਉਹ ਇੱਥੇ ਸਾਡੇ ਨਾਲ ਰਹਿ ਪੈਣਗੇ।” 24ਇਸ ਸਭਾ ਸਥਾਨ ਉੱਤੇ ਹਾਜ਼ਰ ਜਿਨ੍ਹਾਂ ਲੋਕਾਂ ਨੇ ਇਹ ਗੱਲ ਸੁਣੀ ਉਹ ਹਮੋਰ ਅਤੇ ਸ਼ਕਮ ਨਾਲ ਸਹਿਮਤ ਹੋਏ। ਅਤੇ ਉਸੇ ਵੇਲੇ ਹਰ ਆਦਮੀ ਨੇ ਸੁੰਨਤ ਕਰਾ ਲਈ।
25ਤਿੰਨਾ ਦਿਨਾ ਮਗਰੋਂ, ਜਿਨ੍ਹਾਂ ਆਦਮੀਆਂ ਦੀ ਸੁੰਨਤ ਕੀਤੀ ਗਈ ਸੀ ਜਦੋਂ ਹਾਲੇ ਉਹ ਦਰਦ ਵਿੱਚ ਸਨ, ਯਾਕੂਬ ਦੇ ਪੁੱਤਰਾਂ, ਸ਼ਿਮਓਨ, ਅਤੇ ਲੇਵੀ ਨੂੰ ਪਤਾ ਸੀ ਕਿ ਇਸ ਵੇਲੇ ਆਦਮੀ ਕਮਜ਼ੋਰ ਹੋਣਗੇ। ਇਸ ਲਈ ਉਨ੍ਹਾ ਨੇ ਆਪਣੀਆਂ ਤਲਵਾਰਾਂ ਲਈਆਂ ਅਤੇ ਅਚਾਨਕ ਹੀ ਨਗਰ ਵਿੱਚ ਆ ਵੜੇ ਅਤੇ ਉੱਥੋਂ ਦੇ ਸਾਰੇ ਆਦਮੀਆਂ ਨੂੰ ਮਾਰ ਦਿੱਤਾ। 26ਦੀਨਾਹ ਦੇ ਭਰਾਵਾਂ, ਸ਼ਿਮਓਨ ਅਤੇ ਲੇਵੀ ਨੇ ਹਮੋਰ ਅਤੇ ਉਸ ਦੇ ਪੁੱਤਰ ਸ਼ਕਮ ਨੂੰ ਮਾਰ ਦਿੱਤਾ। ਉਨ੍ਹਾਂ ਨੇ ਦੀਨਾਹ ਨੂੰ ਸ਼ਕਮ ਦੇ ਘਰੋਂ ਬਾਹਰ ਲਿਆਂਦਾ ਅਤੇ ਚੱਲੇ ਗਏ। 27ਯਾਕੂਬ ਦੇ ਪੁੱਤਰ ਨਗਰ ਵਿੱਚ ਗਏ ਅਤੇ ਉੱਥੋਂ ਦੀ ਹਰ ਸ਼ੈਅ ਲੁੱਟ ਲਈ। ਉਹ ਹਾਲੇ ਵੀ ਗੁੱਸੇ ਵਿੱਚ ਸਨ ਕਿਉਂਕਿ ਸ਼ਕਮ ਨੇ ਉਨ੍ਹਾਂ ਦੀ ਭੈਣ ਨੂੰ ਕਲੰਕਤ ਕੀਤਾ ਸੀ। 28ਇਸ ਲਈ ਭਰਾਵਾਂ ਨੇ ਉਨ੍ਹਾਂ ਦੇ ਸਾਰੇ ਜਾਨਵਰਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਉਨ੍ਹਾਂ ਨੇ ਉਨ੍ਹਾਂ ਦੇ ਸਾਰੇ ਖੋਤੇ ਅਤੇ ਸ਼ਹਿਰ ਦੇ ਖੇਤਾਂ ਦੀ ਹਰ ਸ਼ੈਅ ਲੁੱਟ ਲਈ। 29ਭਰਾਵਾਂ ਨੇ ਉਨ੍ਹਾਂ ਲੋਕਾਂ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਆਪਣੇ ਕਾਬੂ ਵਿੱਚ ਲੈ ਲਿਆ।
30ਪਰ ਯਾਕੂਬ ਨੇ ਸ਼ਿਮਓਨ ਅਤੇ ਲੇਵੀ ਨੂੰ ਆਖਿਆ, “ਤੁਸੀਂ ਮੇਰੇ ਲਈ ਕਈ ਦੁੱਖਾਂ ਦੇ ਕਾਰਣ ਬਣੇ ਹੋ ਇਸ ਥਾਂ ਦੇ ਸਾਰੇ ਲੋਕ ਮੈਨੂੰ ਨਫ਼ਰਤ ਕਰਨਗੇ। ਸਾਰੇ ਕਨਾਨੀ ਲੋਕ ਅਤੇ ਪਰਿਜ਼ੀ ਲੋਕ ਮੇਰੇ ਵਿਰੁੱਧ ਹੋ ਜਾਣਗੇ। ਅਸੀਂ ਗਿਣਤੀ ਵਿੱਚ ਬਹੁਤ ਘੱਟ ਹਾਂ। ਜੇ ਇਸ ਥਾਂ ਦੇ ਸਾਰੇ ਲੋਕ ਇਕੱਠੇ ਹੋਕੇ ਸਾਡੇ ਨਾਲ ਲੜਾਈ ਕਰਨ ਲਈ ਆ ਗਏ, ਮੈਂ ਤਬਾਹ ਹੋ ਜਾਵਾਂਗਾ, ਅਤੇ ਮੇਰੇ ਨਾਲ ਮੇਰੇ ਸਾਰੇ ਲੋਕ ਵੀ ਤਬਾਹ ਹੋ ਜਾਣਗੇ।”
31ਪਰ ਭਰਾਵਾਂ ਨੇ ਆਖਿਆ, “ਕੀ ਸਾਨੂੰ ਉਨ੍ਹਾਂ ਲੋਕਾਂ ਨੂੰ ਆਪਣੀ ਭੈਣ ਨਾਲ ਵੇਸਵਾ ਵਰਗਾ ਵਿਹਾਰ ਕਰਨ ਦੇਣਾ ਚਾਹੀਦਾ ਹੈ? ਨਹੀਂ!”
Currently Selected:
ਉਤਪਤ 34: PERV
Highlight
Share
Copy

Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International