ਉਤਪਤ 21
21
ਆਖਿਰਕਾਰ, ਸਾਰਾਹ ਦਾ ਇੱਕ ਬੱਚਾ
1ਯਹੋਵਾਹ ਨੇ ਉਹ ਇਕਰਾਰ ਨਿਭਾਇਆ ਜਿਹੜਾ ਉਸ ਨੇ ਸਾਰਾਹ ਨਾਲ ਕੀਤਾ ਸੀ। ਯਹੋਵਾਹ ਨੇ ਸਾਰਾਹ ਲਈ ਉਹੋ ਕੁਝ ਕੀਤਾ ਜਿਸਦਾ ਉਸ ਨੇ ਇਕਰਾਰ ਕੀਤਾ ਸੀ। 2ਸਾਰਾਹ ਗਰਭਵਤੀ ਹੋਈ ਅਤੇ ਉਸ ਨੇ ਅਬਰਾਹਾਮ ਦੀ ਬਿਰਧ ਅਵਸਥਾ ਵਿੱਚ ਉਸ ਲਈ ਇੱਕ ਪੁੱਤਰ ਜੰਮਿਆ। ਇਹ ਸਾਰੀਆਂ ਗੱਲਾਂ ਪਰਮੇਸ਼ੁਰ ਦੇ ਐਲਾਨ ਕੀਤੇ ਬਿਲਕੁਲ ਸਹੀ ਸਮੇਂ ਤੇ ਵਾਪਰੀਆਂ। 3ਸਾਰਾਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਅਬਰਾਹਾਮ ਨੇ ਉਸ ਦਾ ਨਾਮ ਇਸਹਾਕ ਰੱਖਿਆ। 4ਅਬਰਾਹਾਮ ਨੇ ਇਸਹਾਕ ਦੀ ਸੁੰਨਤ ਕਰ ਦਿੱਤੀ, ਜਦੋਂ ਇਸਹਾਕ ਅੱਠਾਂ ਦਿਨਾਂ ਦਾ ਹੋਇਆ ਸੀ, ਜਿਵੇਂ ਕਿ ਪਰਮੇਸ਼ੁਰ ਨੇ ਆਦੇਸ਼ ਦਿੱਤਾ ਸੀ।
5ਅਬਰਾਹਾਮ ਉਦੋਂ 100 ਵਰ੍ਹਿਆਂ ਦਾ ਸੀ ਜਦੋਂ ਉਸ ਦਾ ਪੁੱਤਰ ਇਸਹਾਕ ਜਨਮਿਆ। 6ਅਤੇ ਸਾਰਾਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਖੁਸ਼ੀ ਦਿੱਤੀ ਹੈ। ਹਰ ਬੰਦਾ ਜਿਹੜਾ ਇਹ ਗੱਲ ਸੁਣੇਗਾ ਉਹ ਪ੍ਰਸੰਨ ਹੋਵੇਗਾ। 7ਕੋਈ ਨਹੀਂ ਸੀ ਸੋਚਦਾ ਕਿ ਮੈਂ, ਸਾਰਾਹ, ਅਬਰਾਹਾਮ ਦਾ ਬੱਚਾ ਜਣਾਂਗੀ। ਪਰ ਮੈਂ ਅਬਰਾਹਾਮ ਨੂੰ ਇੱਕ ਪੁੱਤਰ ਦਿੱਤਾ ਜਦੋਂ ਕਿ ਉਹ ਬਿਰਧ ਹੈ।”
ਘਰ ਵਿੱਚ ਮੁਸ਼ਿਕਲ
8ਇਸਹਾਕ ਵੱਧਣ ਫ਼ੁੱਲਣ ਲੱਗਾ। ਛੇਤੀ ਹੀ ਉਹ ਠੋਸ ਆਹਾਰ ਕਰਨ ਜਿੰਨੀ ਉਮਰ ਦਾ ਹੋ ਗਿਆ। ਇਸ ਲਈ ਅਬਰਾਹਾਮ ਨੇ ਇੱਕ ਦਾਵਤ ਦਿੱਤੀ। 9ਹਾਜਰਾ ਉਹ ਮਿਸਰੀ ਗੁਲਾਮ ਔਰਤ ਸੀ ਜਿਸਨੇ ਅਬਰਾਹਾਮ ਦੇ ਪਹਿਲੇ ਪੁੱਤਰ ਨੂੰ ਜਨਮ ਦਿੱਤਾ ਸੀ। ਸਾਰਾਹ ਨੇ ਹਾਜਰਾ ਦੇ ਪੁੱਤਰ ਨੂੰ ਖੇਡਦਿਆਂ ਦੇਖਿਆ। ਸਾਰਾਹ ਅਸ਼ਾਂਤ ਹੋ ਗਈ। 10ਸਾਰਾਹ ਨੇ ਅਬਰਾਹਾਮ ਨੂੰ ਆਖਿਆ, “ਇਸ ਦਾਸੀ ਅਤੇ ਇਸਦੇ ਪੁੱਤਰ ਤੋਂ ਖਹਿੜਾ ਛੁਡਾ। ਮੈਂ ਨਹੀਂ ਚਾਹੁੰਦੀ ਕਿ ਉਸ ਦਾਸੀ ਦਾ ਪੁੱਤਰ ਮੇਰੇ ਪੁੱਤਰ ਇਸਹਾਕ ਨਾਲ ਸਾਡੀ ਜਾਇਦਾਦ, ਵਿਰਸੇ ਵਿੱਚ ਪ੍ਰਾਪਤ ਕਰੇ।”
11ਇਸ ਗੱਲ ਨੇ ਅਬਰਾਹਾਮ ਨੂੰ ਬਹੁਤ ਅਸ਼ਾਂਤ ਕਰ ਦਿੱਤਾ। ਉਹ ਆਪਣੇ ਪੁੱਤਰ ਇਸਮਾਏਲ ਬਾਰੇ ਚਿੰਤਿਤ ਸੀ। 12ਪਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, “ਉਸ ਮੁੰਡੇ ਅਤੇ ਗੁਲਾਮ ਔਰਤ ਦਾ ਫ਼ਿਕਰ ਨਾ ਕਰ। ਉਹੀ ਕਰ ਜੋ ਸਾਰਾਹ ਚਾਹੁੰਦੀ ਹੈ। ਇਸਹਾਕ ਹੀ ਤੇਰਾ ਇੱਕੋ-ਇੱਕ ਵਾਰਿਸ ਹੋਵੇਗਾ। 13ਪਰ ਮੈਂ ਤੇਰੀ ਗੁਲਾਮ ਔਰਤ ਦੇ ਪੁੱਤਰ ਨੂੰ ਵੀ ਅਸੀਸ ਦੇਵਾਂਗਾ। ਉਹ ਤੇਰਾ ਪੁੱਤਰ ਹੈ, ਇਸ ਲਈ ਮੈਂ ਉਸ ਦੇ ਪਰਿਵਾਰ ਤੋਂ ਵੀ ਇੱਕ ਮਹਾਨ ਕੌਮ ਬਣਾਵਾਂਗਾ।”
14ਅਗਲੀ ਸਵੇਰ, ਅਬਰਾਹਾਮ ਨੇ ਕੁਝ ਭੋਜਨ ਪਾਣੀ ਲਿਆ। ਅਬਰਾਹਾਮ ਨੇ ਇਹ ਚੀਜ਼ਾਂ ਹਾਜਰਾ ਨੂੰ ਦੇ ਦਿੱਤੀਆਂ। ਹਾਜਰਾ ਨੇ ਇਹ ਚੀਜ਼ਾਂ ਚੁੱਕ ਲਈਆਂ ਅਤੇ ਆਪਣੇ ਪੁੱਤਰ ਨੂੰ ਲੈ ਕੇ ਚਲੀ ਗਈ। ਹਾਜਰਾ ਨੇ ਉਹ ਥਾਂ ਛੱਡ ਦਿੱਤੀ ਅਤੇ ਬਏਰਸਬਾ ਦੇ ਮਾਰੂਥਲ ਵਿੱਚ ਘੁੰਮਣ ਲਗੀ।
15ਕੁਝ ਸਮੇਂ ਬਾਦ, ਸਾਰਾ ਪਾਣੀ ਮੁੱਕ ਗਿਆ। ਪੀਣ ਲਈ ਕੁਝ ਵੀ ਨਹੀਂ ਬਚਿਆ। ਇਸ ਲਈ ਹਾਜਰਾ ਨੇ ਆਪਣੇ ਬੱਚੇ ਨੂੰ ਇੱਕ ਝਾੜੀ ਦੇ ਅੰਦਰ ਰੱਖ ਦਿੱਤਾ। 16ਹਾਜਰਾ ਥੋੜਾ ਜਿਹਾ ਦੂਰ ਗਈ। ਫ਼ੇਰ ਉਹ ਰੁਕ ਗਈ ਅਤੇ ਬੈਠ ਗਈ। ਹਾਜਰਾ ਨੇ ਸੋਚਿਆ ਕਿ ਉਸ ਦਾ ਪੁੱਤਰ ਪਿਆਸ ਨਾਲ ਮਰ ਜਾਵੇਗਾ। ਉਹ ਉਸ ਨੂੰ ਮਰਦਿਆਂ ਹੋਇਆ ਨਹੀਂ ਦੇਖਣ ਚਾਹੁੰਦੀ ਸੀ। ਉਹ ਉੱਥੇ ਬੈਠ ਗਈ ਅਤੇ ਰੋਣ ਲੱਗ ਪਈ।
17ਪਰਮੇਸ਼ੁਰ ਨੇ ਮੁੰਡੇ ਦਾ ਰੋਣਾ ਸੁਣਿਆ ਅਤੇ ਪਰਮੇਸ਼ੁਰ ਦੇ ਦੂਤ ਨੇ ਹਾਜਰਾ ਨੂੰ ਆਕਾਸ਼ ਵਿੱਚੋਂ ਆਵਾਜ਼ ਦਿੱਤੀ। ਉਸ ਨੇ ਆਖਿਆ, “ਕੀ ਗੱਲ ਹੈ, ਹਾਜਰਾ? ਡਰ ਨਾ! ਯਹੋਵਾਹ ਨੇ ਬੱਚੇ ਦਾ ਰੋਣਾ ਸੁਣ ਲਿਆ ਹੈ। 18ਜਾਹ ਅਤੇ ਮੁੰਡੇ ਦੀ ਸਹਾਇਤਾ ਕਰ। ਉਸ ਦਾ ਹੱਥ ਫ਼ੜਕੇ ਉਸ ਨੂੰ ਖੜ੍ਹਾ ਕਰ! ਮੈਂ ਉਸ ਨੂੰ ਇੱਕ ਮਹਾਨ ਕੌਮ ਦਾ ਪਿਤਾ ਬਣਾਵਾਂਗਾ।”
19ਫ਼ੇਰ ਪਰਮੇਸ਼ੁਰ ਨੇ ਹਾਜਰਾ ਨੂੰ ਪਾਣੀ ਦਾ ਇੱਕ ਖੂਹ ਦਿਖਾਇਆ। ਇਸ ਲਈ ਹਾਜਰਾ ਖੂਹ ਉੱਤੇ ਗਈ ਅਤੇ ਆਪਣਾ ਥੈਲਾ ਪਾਣੀ ਨਾਲ ਭਰ ਲਿਆ। ਫ਼ੇਰ ਉਸ ਨੇ ਮੁੰਡੇ ਨੂੰ ਪਾਣੀ ਪਿਲਾਇਆ।
20ਮੁੰਡਾ ਵੱਡਾ ਹੁੰਦਾ ਗਿਆ ਅਤੇ ਪਰਮੇਸ਼ੁਰ ਉਸ ਦੇ ਅੰਗ-ਸੰਗ ਰਿਹਾ। ਇਸਮਾਏਲ ਮਾਰੂਥਲ ਵਿੱਚ ਰਹਿੰਦਾ ਸੀ ਅਤੇ ਇੱਕ ਸ਼ਿਕਾਰੀ ਬਣ ਗਿਆ। ਉਸ ਨੇ ਤੀਰ ਕਮਾਣ ਚਲਾਉਣ ਵਿੱਚ ਮਹਾਰਥ ਹਾਸਿਲ ਕਰ ਲਈ। 21ਉਸ ਦੀ ਮਾਂ ਨੇ ਉਸ ਲਈ ਮਿਸਰ ਵਿੱਚੋਂ ਇੱਕ ਪਤਨੀ ਲੱਭ ਲਈ। ਉਹ ਪਾਰਾਨ ਦੇ ਮਾਰੂਥਲ ਵਿੱਚ ਰਹਿੰਦੇ ਰਹੇ।
ਅਬਰਾਹਾਮ ਦਾ ਅਬੀਮਲਕ ਨਾਲ ਸੌਦਾ
22ਫ਼ੇਰ ਅਬੀਮਲਕ ਅਤੇ ਫ਼ੀਕੋਲ ਨੇ ਅਬਰਾਹਾਮ ਨਾਲ ਗੱਲ ਕੀਤੀ। ਫ਼ੀਲੋਕ ਅਬੀਮਲਕ ਦੀ ਫ਼ੌਜ ਦਾ ਕਮਾਂਡਰ ਸੀ। ਉਨ੍ਹਾਂ ਨੇ ਅਬਰਾਹਾਮ ਨੂੰ ਆਖਿਆ, “ਤੇਰੀ ਹਰ ਗੱਲ ਵਿੱਚ ਪਰਮੇਸ਼ੁਰ ਤੇਰੇ ਨਾਲ ਹੈ। 23ਇਸ ਲਈ ਮੈਨੂੰ ਇੱਥੇ ਪਰਮੇਸ਼ੁਰ ਦੇ ਸਾਹਮਣੇ ਇੱਕ ਬਚਨ ਦੇ। ਇਕਰਾਰ ਕਰ ਕਿ ਤੂੰ ਮੇਰੇ ਅਤੇ ਮੇਰੇ ਬੱਚਿਆਂ ਨਾਲ ਇਨਸਾਫ਼ ਕਰੇਂਗਾ। ਇਕਰਾਰ ਕਰ ਕਿ ਤੂੰ ਮੇਰੇ ਉੱਤੇ ਅਤੇ ਇਸ ਦੇਸ਼ ਉੱਤੇ, ਜਿੱਥੇ ਤੂੰ ਰਿਹਾ ਹੈਂ, ਮਿਹਰਬਾਨ ਹੋਵੇਂਗਾ। ਇਕਰਾਰ ਕਰ ਤੂੰ ਮੇਰੇ ਉੱਤੇ ਓਨਾ ਹੀ ਮਿਹਰਬਾਨ ਹੋਵੇਂਗਾ ਜਿੰਨਾ ਮੈਂ ਤੇਰੇ ਉੱਤੇ ਰਿਹਾ ਹਾਂ।”
24ਅਤੇ ਅਬਰਾਹਾਮ ਨੇ ਆਖਿਆ, “ਮੈਂ ਤੇਰੇ ਨਾਲ ਓਹੋ ਜਿਹਾ ਸਲੂਕ ਕਰਨ ਦਾ ਇਕਰਾਰ ਕਰਦਾ ਹਾਂ ਜਿਹੋ ਜਿਹਾ ਤੂੰ ਮੇਰੇ ਨਾਲ ਕੀਤਾ ਹੈ।” 25ਫ਼ੇਰ ਅਬਰਾਹਾਮ ਨੇ ਅਬੀਮਲਕ ਨੂੰ ਸ਼ਿਕਾਇਤ ਕੀਤੀ। ਅਬਰਾਹਾਮ ਨੇ ਇਸ ਲਈ ਸ਼ਿਕਾਇਤ ਕੀਤੀ ਕਿਉਂਕਿ ਅਬੀਮਲਕ ਦੇ ਨੌਕਰਾਂ ਨੇ ਪਾਣੀ ਦੇ ਖੂਹ ਉੱਤੇ ਕਬਜ਼ਾ ਕਰ ਲਿਆ ਸੀ।
26ਪਰ ਅਬੀਮਲਕ ਨੇ ਆਖਿਆ, “ਮੈਨੂੰ ਨਹੀਂ ਪਤਾ, ਇਹ ਕਿਸ ਨੇ ਕੀਤਾ। ਤੂੰ ਇਹ ਮੈਨੂੰ ਪਹਿਲਾਂ ਕਦੇ ਨਹੀਂ ਦੱਸਿਆ। ਮੈਂ ਇਸ ਬਾਰੇ ਅੱਜ ਹੀ ਸੁਣ ਰਿਹਾ ਹਾਂ!”
27ਇਸ ਲਈ ਅਬਰਾਹਾਮ ਅਤੇ ਅਬੀਮਲਕ ਨੇ ਇੱਕ ਇਕਰਾਰਨਾਮਾ ਕੀਤਾ। ਅਬਰਾਹਾਮ ਨੇ ਅਬੀਮਲਕ ਨੂੰ ਕੁਝ ਭੇਡਾਂ ਅਤੇ ਪਸ਼ੂ ਇਕਰਾਰਨਾਮੇ ਦੇ ਸਬੂਤ ਵਜੋਂ ਦਿੱਤੇ। 28ਅਬਰਾਹਾਮ ਨੇ ਸੱਤ ਲੇਲੀਆਂ ਵੀ ਅਬੀਮਲਕ ਦੇ ਸਾਹਮਣੇ ਰੱਖ ਦਿੱਤੀਆਂ।
29ਅਬੀਮਲਕ ਨੇ ਅਬਰਾਹਾਮ ਨੂੰ ਪੁੱਛਿਆ, “ਤੂੰ ਇਨ੍ਹਾਂ ਸੱਤ ਲੇਲੀਆਂ ਨੂੰ ਇੱਕਲਿਆਂ ਕਿਉਂ ਰੱਖ ਦਿੱਤਾ ਹੈ?”
30ਅਬਰਾਹਾਮ ਨੇ ਜਵਾਬ ਦਿੱਤਾ, “ਜਦੋਂ ਤੂੰ ਇਨ੍ਹਾਂ ਲੇਲੀਆਂ ਨੂੰ ਮੇਰੇ ਵੱਲੋਂ ਪ੍ਰਵਾਨ ਕਰ ਲਵੇਂਗਾ ਤਾਂ ਇਹ ਇਸ ਗੱਲ ਦਾ ਸਬੂਤ ਹੋਵੇਗਾ ਕਿ ਮੈਂ ਇਹ ਖੂਹ ਪੁੱਟਿਆ ਸੀ।”
31ਇਸ ਲਈ ਇਸ ਤੋਂ ਮਗਰੋਂ ਖੂਹ ਨੂੰ ਬਏਰਸ਼ਬਾ ਆਖਿਆ ਜਾਣ ਲੱਗਾ। ਉਸ ਨੇ ਇਸ ਖੂਹ ਨੂੰ ਇਹ ਨਾਲ ਇਸ ਵਾਸਤੇ ਦਿੱਤਾ ਕਿਉਂਕਿ ਇਹੀ ਉਹ ਥਾਂ ਸੀ ਜਿੱਥੇ ਉਨ੍ਹਾਂ ਨੇ ਇੱਕ ਦੂਜੇ ਨਾਲ ਇਕਰਾਰ ਕੀਤਾ ਸੀ।
32ਇਸ ਤਰ੍ਹਾਂ ਅਬਰਾਹਾਮ ਅਤੇ ਅਬੀਮਲਕ ਨੇ ਬਏਰਸਬਾ ਵਿਖੇ ਇੱਕ ਇਕਰਾਰਨਾਮਾ ਕੀਤਾ। ਫ਼ੇਰ ਅਬੀਮਲਕ ਅਤੇ ਉਸ ਦਾ ਫ਼ੌਜੀ ਕਮਾਂਡਰ ਫ਼ਲਿਸਤੀਆਂ ਦੇ ਦੇਸ਼ ਨੂੰ ਚੱਲੇ ਗਏ।
33ਅਬਰਾਹਾਮ ਨੇ ਬਏਰਸਬਾ ਵਿਖੇ ਇੱਕ ਖਾਸ ਰੁੱਖ ਲਾਇਆ। ਉਸ ਥਾਂ ਉੱਤੇ, ਅਬਰਾਹਾਮ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਉਸ ਪਰਮੇਸ਼ੁਰ ਅੱਗੇ ਜਿਹੜਾ ਸਦਾ ਜਿਉਂਦਾ ਹੈ। 34ਅਤੇ ਅਬਰਾਹਾਮ ਫ਼ਲਿਸਤੀਆਂ ਦੇ ਦੇਸ਼ ਵਿੱਚ ਲੰਮਾ ਸਮਾਂ ਰਿਹਾ।
Currently Selected:
ਉਤਪਤ 21: PERV
Highlight
Share
Copy
![None](/_next/image?url=https%3A%2F%2Fimageproxy.youversionapi.com%2F58%2Fhttps%3A%2F%2Fweb-assets.youversion.com%2Fapp-icons%2Fen.png&w=128&q=75)
Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International