ਰਸੂਲਾਂ ਦੇ ਕਰਤੱਬ 5
5
ਹਨਾਨਿਯਾ ਅਤੇ ਸਫ਼ੀਰਾ
1ਉੱਥੇ ਹਨਾਨਿਯਾ ਨਾਂ ਦਾ ਇੱਕ ਮਨੁੱਖ ਸੀ, ਜਿਸਦੀ ਪਤਨੀ ਦਾ ਨਾਂ ਸਫ਼ੀਰਾ ਸੀ। ਹਨਾਨਿਯਾ ਕੋਲ ਜਿਸ ਜ਼ਮੀਨ ਦਾ ਕਬਜ਼ਾ ਸੀ ਉਸ ਦਾ ਇੱਕ ਹਿੱਸਾ ਉਸ ਨੇ ਵੇਚ ਦਿੱਤਾ। 2ਪਰ ਉਸ ਨੇ ਉਸ ਧਨ ਦਾ ਕੁਝ ਹੀ ਹਿੱਸਾ ਰਸੂਲਾਂ ਨੂੰ ਦਿੱਤਾ ਤੇ ਕੁਝ ਧਨ ਬਿਨਾ ਉਨ੍ਹਾਂ ਨੂੰ ਦੱਸਿਆਂ, ਆਪਣੇ ਵਾਸਤੇ ਰੱਖ ਲਿਆ। ਉਸਦੀ ਪਤਨੀ ਇਹ ਸਭ ਜਾਣਦੀ ਸੀ ਤੇ ਉਹ ਉਸ ਦੇ ਨਾਲ ਰਲ ਗਈ।
3ਪਤਰਸ ਨੇ ਆਖਿਆ, “ਹਨਾਨਿਯਾ, ਸ਼ੈਤਾਨ ਨੂੰ ਆਪਣੇ ਦਿਲ ਉੱਪਰ ਰਾਜ ਕਰਨ ਦੇਣ ਦੀ ਕੀ ਵਜਹ ਸੀ? ਤੂੰ ਝੂਠ ਬੋਲਕੇ ਪਵਿੱਤਰ ਆਤਮਾ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਤੂੰ ਜ਼ਮੀਨ ਵੇਚਕੇ ਕਿਉਂ ਉਸ ਧਨ ਦਾ ਕੁਝ ਹਿੱਸਾ ਚੋਰੀ-ਚੋਰੀ ਆਪਣੇ ਵਾਸਤੇ ਸੰਭਾਲ ਲਿਆ ਹੈ? 4ਉਹ ਖੇਤ ਵੇਚਣ ਤੋਂ ਪਹਿਲਾਂ, ਇਹ ਤੇਰੇ ਨਾਲ ਸੰਬੰਧਿਤ ਸੀ। ਅਤੇ ਉਸ ਨੂੰ ਵੇਚਣ ਤੋਂ ਬਾਅਦ ਵੀ, ਤੂੰ ਆਪਣੀ ਇੱਛਾ ਅਨੁਸਾਰ ਇਸ ਧਨ ਨੂੰ ਵਰਤ ਸੱਕਦਾ ਸੀ। ਫ਼ੇਰ ਤੂੰ ਅਜਿਹਾ ਕਰਨ ਦੀ ਕਿਉਂ ਸੋਚੀ? ਤੂੰ ਲੋਕਾਂ ਨੂੰ ਨਹੀਂ ਸਗੋਂ ਪਰਮੇਸ਼ੁਰ ਨੂੰ ਝੂਠ ਬੋਲਿਆ ਹੈ।”
5-6ਜਦੋਂ ਹਨਾਨਿਯਾ ਨੇ ਇਹ ਸੁਣਿਆ, ਤਾਂ ਉਹ ਭੁੰਜੇ ਡਿੱਗਿਆ ਅਤੇ ਮਰ ਗਿਆ। ਕੁਝ ਨੌਜਵਾਨ ਅੱਗੇ ਆਏ, ਉਸਦੀ ਲੋਥ ਨੂੰ ਲਪੇਟ ਕੇ ਲੈ ਗਏ ਅਤੇ ਜਾਕੇ ਉਸ ਨੂੰ ਦਫ਼ਨਾ ਦਿੱਤਾ। ਜਿਨ੍ਹਾਂ ਨੇ ਵੀ ਉਸ ਬਾਰੇ ਇਹ ਗੱਲ ਸੁਣੀ ਡਰ ਗਏ।
7ਤਕਰੀਬਨ ਤਿੰਨ ਘੰਟੇ ਬਾਅਦ ਉਸਦੀ ਪਤਨੀ ਸਫ਼ੀਰਾ ਅੰਦਰ ਆਈ। ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਪਤੀ ਨਾਲ ਕੀ ਵਾਪਰੀ ਹੈ। 8ਪਤਰਸ ਨੇ ਉਸ ਨੂੰ ਪੁੱਛਿਆ, “ਮੈਨੂੰ ਦੱਸ ਕਿ ਉਸ ਜਾਇਦਾਦ ਨੂੰ ਵੇਚਕੇ ਕਿੰਨਾ ਧਨ ਤੈਨੂੰ ਮਿਲਿਆ ਹੈ। ਕੀ ਤੈਨੂੰ ਇੰਨਾ ਧਨ ਮਿਲਿਆ ਹੈ।”
ਸਫ਼ੀਰਾ ਨੇ ਜਵਾਬ ਦਿੱਤਾ, “ਹਾਂ, ਖੇਤ ਵੇਚਕੇ ਸਾਨੂੰ ਇੰਨਾ ਹੀ ਮਿਲਿਆ ਸੀ।”
9ਪਤਰਸ ਨੇ ਉਸ ਨੂੰ ਕਿਹਾ, “ਤੂੰ ਅਤੇ ਤੇਰਾ ਪਤੀ ਪ੍ਰਭੂ ਦੇ ਆਤਮਾ ਨੂੰ ਪਰੱਖਣ ਲਈ ਕਿਉਂ ਸਹਿਮਤ ਹੋਏ? ਸੁਣ। ਕੀ ਤੂੰ ਪੈਰਾਂ ਦੀ ਚਾਪ ਸੁਣ ਰਹੀ ਹੈਂ? ਜਿਹੜੇ ਆਦਮੀ ਤੇਰੇ ਪਤੀ ਨੂੰ ਦਫ਼ਨਾ ਕੇ ਆਏ ਹਨ ਉਹ ਦਰਵਾਜ਼ੇ ਤੇ ਖੜ੍ਹੇ ਹਨ। ਉਹ ਇਸੇ ਤਰ੍ਹਾਂ ਤੈਨੂੰ ਵੀ ਲੈ ਜਾਣਗੇ।” 10ਉਸੇ ਘੜੀ ਸਫ਼ੀਰਾ ਉਸ ਦੇ ਪੈਰਾਂ ਕੋਲ ਹੇਠਾਂ ਡਿੱਗੀ ਅਤੇ ਮਰ ਗਈ। ਨੌਜਵਾਨ ਆਦਮੀ ਅੰਦਰ ਆਏ ਅਤੇ ਉਸ ਨੂੰ ਮਰੀ ਹੋਈ ਪਾਇਆ। ਉਹ ਉਸਦੀ ਲਾਸ਼ ਨੂੰ ਉਸ ਜਗ਼੍ਹਾ ਤੋਂ ਦੂਰ ਲੈ ਗਏ ਅਤੇ ਉਸ ਦੇ ਪਤੀ ਦੇ ਕੋਲ ਹੀ ਦਫ਼ਨਾ ਦਿੱਤਾ। 11ਸਾਰੇ ਨਿਹਚਾਵਾਨ ਅਤੇ ਹੋਰ ਲੋਕੀ ਜਿਨ੍ਹਾਂ ਨੇ ਵੀ ਇਸ ਗੱਲ ਬਾਰੇ ਸੁਣਿਆ, ਡਰ ਗਏ।
ਪਰਮੇਸ਼ੁਰ ਵੱਲੋਂ ਨਿਸ਼ਾਨੀਆਂ
12ਰਸੂਲਾਂ ਨੇ ਬਹੁਤ ਸਾਰੀਆਂ ਸ਼ਕਤੀਸ਼ਾਲੀ ਕਰਾਮਾਤਾਂ ਤੇ ਚਮਤਕਾਰ ਕੀਤੇ। ਸਭ ਲੋਕਾਂ ਨੇ ਇਹ ਵੇਖੀਆਂ। ਸਾਰੇ ਰਸੂਲ ਇੱਕੋ ਮਨ ਨਾਲ ਸੁਲੇਮਾਨ ਦੇ ਦਲਾਨ ਵਿੱਚ ਇਕੱਠੇ ਹੋਏ ਸਨ। 13ਉਨ੍ਹਾਂ ਵਿੱਚੋਂ ਕਿਸੇ ਦਾ ਵੀ ਉਨ੍ਹਾਂ ਨਾਲ ਜੁੜਨ ਦਾ ਹੀਆਂ ਨਾ ਪਿਆ ਪਰ ਸਾਰੇ ਲੋਕ ਰਸੂਲਾਂ ਦੀ ਉਸਤਤਿ ਕਰ ਰਹੇ ਸਨ। 14ਵੱਧ ਤੋਂ ਵੱਧ ਲੋਕ, ਆਦਮੀ ਤੇ ਔਰਤਾਂ ਦੋਵੇਂ ਹੀ ਪ੍ਰਭੂ ਵਿੱਚ ਨਿਹਚਾ ਰੱਖਣ ਲੱਗੇ। ਅਤੇ ਉਨ੍ਹਾਂ ਨਿਹਚਾਵਾਨਾਂ ਦੀ ਸੰਗਤ ਵਿੱਚ ਰਲਦੇ ਗਏ। 15ਇਸ ਲਈ ਲੋਕਾਂ ਨੇ ਬਿਮਾਰਾਂ ਨੂੰ ਗਲੀਆਂ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ ਕਿਉਂ ਕਿ ਉਨ੍ਹਾਂ ਸੁਣਿਆ ਸੀ ਕਿ ਪਤਰਸ ਉੱਥੇ ਆ ਰਿਹਾ ਹੈ, ਤਾਂ ਲੋਕ ਬਿਮਾਰਾਂ ਨੂੰ ਮੰਜੀਆਂ ਜਾਂ ਗਧਿਆਂ ਤੇ ਪਾਕੇ ਲਿਆਉਂਦੇ, ਇਸ ਲਈ ਕਿ ਜਦ ਪਤਰਸ ਆਵੇ ਤਾਂ ਹੋਰ ਨਹੀਂ ਤਾਂ ਸ਼ਾਇਦ ਉਸ ਦਾ ਪਰਛਾਵਾਂ ਹੀ ਉਨ੍ਹਾਂ ਵਿੱਚੋਂ ਕਿਸੇ ਤੇ ਪੈ ਜਾਵੇ, ਉਨ੍ਹਾਂ ਨੂੰ ਠੀਕ ਕਰਨ ਵਾਸਤੇ ਇਹੀ ਕਾਫ਼ੀ ਹੈ। 16ਲੋਕਾਂ ਦੀ ਭੀੜ ਯਰੂਸ਼ਲਮ ਦੇ ਆਸ-ਪਾਸ ਦੇ ਨਗਰਾਂ ਤੋਂ ਵੀ ਆ ਰਹੀ ਸੀ। ਉਹ ਬਿਮਾਰਾਂ ਨੂੰ ਆਪਣੇ ਨਾਲ ਲੈ ਕੇ ਆਉਂਦੇ ਅਤੇ ਉਨ੍ਹਾਂ ਨੂੰ ਵੀ ਜੋ ਸ਼ੈਤਾਨ ਵੱਲੋਂ ਭਰਿਸ਼ਟ ਆਤਮਾ ਦੇ ਸਤਾਏ ਹੋਏ ਹੁੰਦੇ ਸਨ। ਇਹ ਸਾਰੇ ਰੋਗੀ ਉੱਥੇ ਠੀਕ ਹੋ ਗਏ।
ਯਹੂਦੀਆਂ ਦੀਆਂ ਰਸੂਲਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ
17ਸਰਦਾਰ ਜਾਜਕ ਅਤੇ ਉਸ ਦੇ ਸਾਰੇ ਮਿੱਤਰ ਇੱਕ ਪੰਥ ਨਾਲ ਜੋ ਸਦੂਕੀ ਅਖਵਾਉਂਦਾ ਸੀ, ਬਹੁਤ ਈਰਖਾ ਕਰਨ ਲੱਗੇ। 18ਉਨ੍ਹਾਂ ਨੇ ਰਸੂਲਾਂ ਨੂੰ ਫ਼ੜਕੇ ਕੈਦ ਕਰ ਦਿੱਤਾ। 19ਪਰ ਰਾਤ ਦੇ ਵਕਤ, ਪ੍ਰਭੂ ਦੇ ਦੂਤ ਨੇ ਜੇਲ ਦੇ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ। ਦੂਤ ਉਨ੍ਹਾਂ ਨੂੰ ਬਾਹਰ ਲੈ ਗਿਆ ਅਤੇ ਆਖਿਆ, 20“ਜਾਓ ਅਤੇ ਮੰਦਰ ਦੇ ਵਿਹੜੇ ਵਿੱਚ ਖੜ੍ਹੇ ਹੋ ਜਾਓ। ਅਤੇ ਲੋਕਾਂ ਨੂੰ ਇਸ ਸਾਰੇ ਨਵੇਂ ਜੀਵਨ ਬਾਰੇ ਦੱਸੋ।” 21ਜਦੋਂ ਰਸੂਲਾਂ ਨੇ ਅਜਿਹਾ ਸੁਣਿਆ, ਤਾਂ ਉਹ ਝੱਟ ਕਿਹਾ ਮੰਨ ਕੇ ਮੰਦਰ ਦੇ ਵਿੱਚ ਗਏ। ਇਹ ਅਮ੍ਰਿਤ ਵੇਲਾ ਸੀ ਜਦੋਂ ਰਸੂਲਾਂ ਨੇ ਲੋਕਾਂ ਨੂੰ ਉਪਦੇਸ਼ ਦੇਣੇ ਸ਼ੁਰੂ ਕੀਤੇ।
ਸਰਦਾਰ ਜਾਜਕ ਅਤੇ ਉਸ ਦੇ ਸਾਥੀ ਆਏ। ਉਨ੍ਹਾਂ ਨੇ ਯਹੂਦੀ ਆਗੂਆਂ ਅਤੇ ਯਹੂਦੀਆਂ ਦੇ ਮਹੱਤਵਪੂਰਣ ਬਜ਼ੁਰਗਾਂ ਨੂੰ ਸੱਦਿਆ ਅਤੇ ਇੱਕ ਸਭਾ ਕੀਤੀ। ਫ਼ੇਰ ਉਨ੍ਹਾਂ ਨੇ ਕੁਝ ਲੋਕਾਂ ਨੂੰ ਰਸੂਲਾਂ ਨੂੰ ਕੈਦ ਵਿੱਚੋਂ ਲਿਆਉਣ ਲਈ ਭੇਜਿਆ। 22ਜਦੋਂ ਉਹ ਲੋਕ ਕੈਦਖਾਨੇ ਕੋਲ ਪਹੁੰਚੇ, ਉੱਥੇ ਉਹ ਉਨ੍ਹਾਂ ਨੂੰ ਲੱਭ ਨਾ ਸੱਕੇ। ਉਹ ਵਾਪਸ ਆਏ ਅਤੇ ਇਹ ਸਾਰੀ ਗੱਲ ਯਹੂਦੀ ਆਗੂਆਂ ਨੂੰ ਦੱਸੀ। 23ਉਨ੍ਹਾਂ ਆਦਮੀਆਂ ਕਿਹਾ, “ਜੇਲ੍ਹ ਬੰਦ ਸੀ ਅਤੇ ਉਸ ਨੂੰ ਜਿੰਦਰਾ ਵੀ ਲੱਗਿਆ ਹੋਇਆ ਸੀ। ਅਤੇ ਦਰਵਾਜ਼ਿਆਂ ਤੇ ਦਰਬਾਨ ਵੀ ਖੜ੍ਹੇ ਹੋਏ ਸਨ, ਪਰ ਜਦ ਅਸੀਂ ਦਰਵਾਜ਼ੇ ਖੋਲ੍ਹੇ ਤਾਂ ਜੇਲ੍ਹ ਅੰਦਰੋਂ ਖਾਲੀ ਪਈ ਸੀ।” 24ਜਦੋਂ ਮੰਦਰ ਦੇ ਪੈਹਰੇਦਾਰਾਂ ਅਤੇ ਪਰਧਾਨ ਜਾਜਕਾਂ ਨੇ ਇਹ ਸਭ ਸੁਣਿਆ ਤਾਂ ਉਹ ਪਰੇਸ਼ਾਨ ਹੋਏ ਅਤੇ ਹੈਰਾਨ ਸਨ ਕਿ ਪਤਾ ਨਹੀਂ ਇਸਦੇ ਕਾਰਣ ਕੀ ਹੋ ਜਾਵੇ। 25ਤਦ ਇੱਕ ਹੋਰ ਆਦਮੀ ਆਇਆ ਅਤੇ ਉਸ ਨੇ ਆਕੇ ਕਿਹਾ ਕਿ, “ਸੁਣੋ। ਜਿਨ੍ਹਾਂ ਮਨੁੱਖਾਂ ਨੂੰ ਤੁਸੀਂ ਕੈਦਖਾਨੇ ਵਿੱਚ ਕੈਦ ਕੀਤਾ ਸੀ ਉਹ ਮੰਦਰ ਦੇ ਵਿਹੜੇ ਚ ਖੜੋ ਕੇ ਲੋਕਾਂ ਨੂੰ ਉਪਦੇਸ਼ ਦੇ ਰਹੇ ਹਨ।” 26ਤਦ ਕਪਤਾਨ ਅਤੇ ਉਸ ਦੇ ਆਦਮੀ ਬਾਹਰ ਗਏ ਅਤੇ ਰਸੂਲਾਂ ਨੂੰ ਵਾਪਸ ਲਿਆਏ। ਪਰ ਉਨ੍ਹਾਂ ਨੇ ਕੋਈ ਜ਼ੋਰ ਜਬਰਦਸਤੀ ਨਾ ਕੀਤੀ ਕਿਉਂਕਿ ਉਹ ਡਰਦੇ ਸਨ ਕਿ ਸ਼ਾਇਦ ਭੀੜ ਉਨ੍ਹਾਂ ਨੂੰ ਪੱਥਰ ਮਾਰੇ।
27ਸਿਪਾਹੀਆਂ ਨੇ ਰਸੂਲਾਂ ਨੂੰ ਯਹੂਦੀ ਆਗੂਆਂ ਦੇ ਸਾਹਮਣੇ ਯਹੂਦੀ ਸਭਾ ਵਿੱਚ ਲਿਆ ਖੜ੍ਹਾ ਕੀਤਾ। ਪ੍ਰਧਾਨ ਜਾਜਕ ਨੇ ਰਸੂਲਾਂ ਨੂੰ ਸਵਾਲ ਕੀਤਾ। 28ਉਸ ਨੇ ਆਖਿਆ, “ਅਸੀਂ ਬੜੀ ਦ੍ਰਿੜਤਾ ਨਾਲ ਤੁਹਾਨੂੰ ਦੁਬਾਰਾ ਕਦੇ ਵੀ ਇਸ ਆਦਮੀ ਯਿਸੂ ਬਾਰੇ ਉਪਦੇਸ਼ ਨਾ ਦੇਣ ਵਾਸਤੇ ਕਿਹਾ ਸੀ। ਪਰ ਵੇਖੋ ਤੁਸੀਂ ਕੀ ਕਰ ਰਹੇ ਹੋ? ਤੁਸੀਂ ਸਾਰੇ ਯਰੂਸ਼ਲਮ ਨੂੰ ਆਪਣੇ ਉਪਦੇਸ਼ਾਂ ਨਾਲ ਭਰ ਦਿੱਤਾ ਹੈ। ਇੰਝ ਕਰਕੇ ਤੁਸੀਂ ਸਾਨੂੰ ਉਸਦੀ ਮੌਤ ਦਾ ਜਿੰਮੇਵਾਰ ਠਹਿਰਾ ਰਹੇ ਹੋ।”
29ਪਤਰਸ ਅਤੇ ਦੂਜੇ ਰਸੂਲਾਂ ਨੇ ਜਵਾਬ ਦਿੱਤਾ, “ਮਨੁੱਖਾਂ ਦੇ ਹੁਕਮ ਨਾਲੋਂ ਸਾਨੂੰ ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਵੱਧੇਰੇ ਕਰਨੀ ਚਾਹੀਦੀ ਹੈ। 30ਤੁਸੀਂ ਯਿਸੂ ਨੂੰ ਮਾਰ ਦਿੱਤਾ। ਤੁਸੀਂ ਉਸ ਨੂੰ ਸੂਲੀ ਤੇ ਚਾੜ੍ਹ ਦਿੱਤਾ ਪਰ ਪਰਮੇਸ਼ੁਰ ਨੇ, ਜਿਹੜਾ ਸਾਡੇ ਪੁਰਖਿਆਂ ਦਾ ਵੀ ਪਿਤਾ ਹੈ, ਯਿਸੂ ਨੂੰ ਮੁੜ ਮੌਤ ਤੋਂ ਜੀਵਾਲਿਆ। 31ਉਸ ਨੂੰ ਪਰਮੇਸ਼ੁਰ ਨੇ ਆਪਣੇ ਕੋਲ ਸੱਜੇ ਪਾਸੇ, ਉੱਚਾ ਚੁੱਕ ਕੇ ਸਾਡਾ ਸਰਦਾਰ ਅਤੇ ਮੁਕਤੀ ਦਾਤਾ ਠਹਿਰਾਇਆ ਹੈ। ਪਰਮੇਸ਼ੁਰ ਨੇ ਇਹ ਇਸ ਲਈ ਕੀਤਾ ਤਾਂ ਜੋ ਸਾਰੇ ਯਹੂਦੀ ਆਪਣੇ ਦਿਲ ਅਤੇ ਜੀਵਨਾਂ ਨੂੰ ਬਦਲ ਸੱਕਣ ਅਤੇ ਆਪਣੇ ਪਾਪਾਂ ਵਾਸਤੇ ਮੁਆਫ਼ੀ ਪਾ ਸੱਕਣ। 32ਅਸੀਂ ਇਹ ਸਭ ਵਾਪਰਦਿਆਂ ਵੇਖਿਆ ਹੈ ਇਸ ਲਈ ਅਸੀਂ ਇਹ ਆਖ ਸੱਕਦੇ ਹਾਂ ਕਿ ਇਹ ਸਭ ਸੱਚ ਹੈ ਤੇ ਪਵਿੱਤਰ ਆਤਮਾ ਵੀ ਇਹ ਦਰਸ਼ਾਉਂਦਾ ਹੈ ਕਿ ਇਹ ਸਭ ਸੱਚ ਹੈ। ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਸਭਨਾ ਨੂੰ ਜੋ ਉਸ ਨੂੰ ਮੰਨਦੇ ਹਨ ਪਵਿੱਤਰ ਆਤਮਾ ਬਖਸ਼ਿਆ ਹੈ।”
33ਇਹ ਗੱਲਾਂ ਸੁਣਕੇ, ਯਹੂਦੀ ਆਗੂ ਬਹੁਤ ਗੁੱਸੇ ਹੋਏ ਅਤੇ ਉਨ੍ਹਾਂ ਨੇ ਰਸੂਲਾਂ ਨੂੰ ਮਾਰਨ ਦਾ ਨਿਸ਼ਚਾ ਕੀਤਾ। 34ਸਭਾ ਵਿੱਚੋਂ ਇੱਕ ਫ਼ਰੀਸੀ ਉੱਠ ਖਲੋਇਆ। ਉਸ ਦਾ ਨਾਂ ਗਮਲੀਏਲ ਸੀ। ਉਹ ਸ਼ਰ੍ਹਾ ਪੜਾਉਣ ਵਾਲਾ ਸੀ, ਅਤੇ ਸਾਰੇ ਲੋਕ ਉਸਦੀ ਇੱਜ਼ਤ ਕਰਦੇ ਸਨ। ਉਸ ਨੇ ਰਸੂਲਾਂ ਨੂੰ ਕੁਝ ਦੇਰ ਲਈ ਸਭਾ ਵਿੱਚੋਂ ਬਾਹਰ ਲੈ ਜਾਣ ਦਾ ਆਦੇਸ਼ ਦਿੱਤਾ। 35ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਹੇ ਇਸਰਾਏਲ ਦੇ ਪੁਰਖੋ, ਜੋ ਤੁਸੀਂ ਇਨ੍ਹਾਂ ਲੋਕਾਂ ਨਾਲ, ਕਰਨ ਦੀ ਵਿਉਂਤ ਬਣਾ ਰਹੇ ਹੋ, ਉਸ ਬਾਰੇ ਸਾਵੱਧਾਨ ਰਹੋ। 36ਕੁਝ ਸਮਾਂ ਪਹਿਲਾਂ ਥੇਉਦਾਸ ਆਇਆ ਅਤੇ ਦਾਵ੍ਹਾ ਕੀਤਾ ਕਿ ਉਹ ਇੱਕ ਮਹੱਤਵਪੂਰਣ ਵਿਅਕਤੀ ਸੀ। ਚਾਰ ਸੌ ਦੇ ਨੇੜੇ ਲੋਕ ਉਸ ਨਾਲ ਜੁੜੇ। ਫ਼ੇਰ ਜਦੋਂ ਉਹ ਮਾਰਿਆ ਗਿਆ, ਉਸ ਦੇ ਸਾਰੇ ਚੇਲੇ ਖਿੱਲਰ ਗਏ ਅਤੇ ਇਸ ਸਾਰੇ ਕਾਸੇ ਦਾ ਅੰਤ ਹੋ ਗਿਆ। 37ਬਾਅਦ ਵਿੱਚ, ਮਰਦੁਮਸ਼ੁਮਾਰੀ ਦੇ ਸਮੇਂ ਗਲੀਲੀ ਤੋਂ ਯਹੂਦਾ ਆਇਆ ਅਤੇ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਪਿੱਛੇ ਲਾ ਲਿਆ। ਉਹ ਵੀ ਮਾਰਿਆ ਗਿਆ ਅਤੇ ਜਿੰਨੇ ਉਸ ਨੂੰ ਮੰਨਦੇ ਸਨ ਸਭ ਇੱਧਰ-ਉੱਧਰ ਖਿੱਲਰ ਗਏ। 38ਇਸੇ ਲਈ ਹੁਣ ਮੈਂ ਤੁਹਾਨੂੰ ਆਖਦਾ ਹਾਂ; ਇਨ੍ਹਾਂ ਲੋਕਾਂ ਬਾਰੇ ਤੰਗ ਨਾ ਹੋਵੋ। ਇਨ੍ਹਾਂ ਨੂੰ ਜਾਣ ਦਿਉ। ਜੇਕਰ ਇਨ੍ਹਾਂ ਦੀਆਂ ਵਿਉਂਤਾਂ ਅਤੇ ਅਮਲ ਲੋਕਾਂ ਵੱਲੋਂ ਹਨ, ਤਾਂ ਇਹ ਅਸਫ਼ਲ ਹੋ ਜਾਣਗੀਆਂ। 39ਪਰ ਜੇਕਰ ਇਹ ਪਰਮੇਸ਼ੁਰ ਵੱਲੋਂ ਹਨ, ਫ਼ੇਰ ਤੁਸੀਂ ਇਸ ਨੂੰ ਕਿਸੇ ਤਰ੍ਹਾਂ ਵੀ ਨਹੀਂ ਰੋਕ ਸੱਕਦੇ। ਸ਼ਾਇਦ ਤੁਸੀਂ ਅੰਤ ਵਿੱਚ ਖੁਦ ਪਰਮੇਸ਼ੁਰ ਦੇ ਖਿਲਾਫ਼ ਲੜ ਪਵੋਂ।”
ਯਹੂਦੀ ਆਗੂਆਂ ਨੇ ਉਸਦੀ ਗੱਲ ਮੰਨ ਲਈ। 40ਫ਼ਿਰ ਉਨ੍ਹਾਂ ਰਸੂਲਾਂ ਨੂੰ ਅੰਦਰ ਸੱਦਿਆ ਤਾਂ ਮਾਰ ਕੁੱਟਕੇ ਉਨ੍ਹਾਂ ਨੂੰ ਤਗੀਦ ਕੀਤੀ ਜੋ ਯਿਸੂ ਦੇ ਨਾਮ ਦੀ ਚਰਚਾ ਨਾ ਕਰਨ। ਇਹ ਆਖਕੇ ਉਨ੍ਹਾਂ ਰਸੂਲਾਂ ਨੂੰ ਭੇਜ ਦਿੱਤਾ। 41ਰਸੂਲ ਸਭਾ ਤੋਂ ਵਿਦਾ ਹੋ ਗਏ। ਉਹ ਖੁਸ਼ ਸਨ ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਯਿਸੂ ਦੇ ਨਾਂ ਵਾਸਤੇ ਕਸ਼ਟ ਝੱਲਣ ਯੋਗ ਸਮਝਿਆ। 42ਰਸੂਲਾਂ ਨੇ ਲੋਕਾਂ ਨੂੰ ਉਪਦੇਸ਼ ਦੇਣੇ ਬੰਦ ਨਾ ਕੀਤੇ। ਉਹ ਲੋਕਾਂ ਨੂੰ ਇਸ ਖੁਸ਼ਖਬਰੀ ਦਾ, ਕਿ ਯਿਸੂ ਹੀ ਮਸੀਹ ਹੈ, ਪ੍ਰਚਾਰ ਕਰਦੇ ਰਹੇ। ਉਨ੍ਹਾਂ ਨੇ ਇਹ ਹਰ ਰੋਜ਼ ਮੰਦਰ ਦੇ ਵਿਹੜੇ ਵਿੱਚ ਅਤੇ ਲੋਕਾਂ ਦੇ ਘਰਾਂ ਵਿੱਚ ਕੀਤਾ।
Currently Selected:
ਰਸੂਲਾਂ ਦੇ ਕਰਤੱਬ 5: PERV
Highlight
Share
Copy

Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International