ਰਸੂਲਾਂ ਦੇ ਕਰਤੱਬ 3
3
ਪਤਰਸ ਦਾ ਇੱਕ ਲੰਗੜ੍ਹੇ ਨੂੰ ਠੀਕ ਕਰਨਾ
1ਇੱਕ ਦਿਨ ਪਤਰਸ ਅਤੇ ਯੂਹੰਨਾ ਮੰਦਰ ਵਾਲੇ ਇਲਾਕੇ ਵੱਲ ਗਏ। ਇਹ ਦੁਪਿਹਰ ਦੇ ਤਿੰਨ ਵਜੇ ਦਾ ਵੇਲਾ ਸੀ, ਇਹ ਮੰਦਰ ਦੀ ਰੋਜ਼ਾਨਾ ਪ੍ਰਾਰਥਨਾ ਦੀ ਸੇਵਾ ਦਾ ਵੇਲਾ ਹੁੰਦਾ ਸੀ। 2ਜਦੋਂ ਉਹ ਮੰਦਰ ਦੇ ਵਿਹੜੇ ਅੰਦਰ ਜਾ ਰਹੇ ਸਨ, ਉਨ੍ਹਾਂ ਨੇ ਇੱਕ ਆਦਮੀ ਨੂੰ ਵੇਖਿਆ ਜੋ ਲੰਗੜਾ ਜੰਮਿਆ ਸੀ। ਉਹ ਚੱਲ ਨਹੀਂ ਸੱਕਦਾ ਸੀ, ਇਸ ਲਈ ਉਸ ਦੇ ਕੁਝ ਮਿੱਤਰਾਂ ਨੇ ਉਸ ਨੂੰ ਚੁੱਕਿਆ ਹੋਇਆ ਸੀ। ਹਰ ਰੋਜ਼ ਉਸ ਦੇ ਮਿੱਤਰ ਉਸ ਨੂੰ ਲਿਆਉਂਦੇ ਅਤੇ ਉਸ ਨੂੰ ਭੀਖ ਮੰਗਨ ਲਈ ਮੰਦਰ ਦੇ ਬੂਹੇ ਤੇ ਛੱਡ ਜਾਂਦੇ, ਜੋ ਕਿ “ਖੂਬਸੂਰਤ ਬੂਹਾ” ਅਖਵਾਉਂਦਾ ਸੀ। ਉਹ ਆਦਮੀ ਉਨ੍ਹਾਂ, ਸਾਰੇ ਲੋਕਾਂ ਤੋਂ, ਜਿਹੜੇ ਵੀ ਮੰਦਰ ਅੰਦਰ ਜਾਂਦੇ, ਭੀਖ ਮੰਗਦਾ। 3ਉਸ ਦਿਨ, ਉਸ ਨੇ ਪਤਰਸ ਅਤੇ ਯੂਹੰਨਾ ਨੂੰ ਮੰਦਰ ਦੇ ਵਿਹੜੇ ਅੰਦਰ ਜਾਂਦੇ ਵੇਖਿਆ ਅਤੇ ਉਨ੍ਹਾਂ ਕੋਲੋਂ ਪੈਸਿਆਂ ਦੀ ਭੀਖ ਮੰਗੀ।
4ਪਤਰਸ ਅਤੇ ਯੂਹੰਨਾ ਨੇ ਉਸ ਵੱਲ ਵੇਖਿਆ ਅਤੇ ਫ਼ੇਰ ਪਤਰਸ ਨੇ ਆਖਿਆ, “ਸਾਡੇ ਵੱਲ ਵੇਖ।” 5ਉਸ ਆਦਮੀ ਨੇ ਉਨ੍ਹਾਂ ਵੱਲ ਵੇਖਿਆ ਤੇ ਸੋਚਿਆ ਸ਼ਾਇਦ ਉਹ ਉਸ ਨੂੰ ਭੀਖ ਦੇਣਗੇ। 6ਪਰ ਪਤਰਸ ਨੇ ਆਖਿਆ, “ਮੇਰੇ ਕੋਲ ਕੋਈ ਚਾਂਦੀ ਜਾਂ ਸੋਨਾ ਨਹੀਂ, ਪਰ ਜੋ ਮੇਰੇ ਕੋਲ ਹੈ ਮੈਂ ਤੈਨੂੰ ਦੇਵਾਂਗਾ। ਨਾਸਰਤ ਦੇ ਯਿਸੂ ਮਸੀਹ ਦੀ ਸ਼ਕਤੀ ਨਾਲ ਤੂੰ ਉੱਠ ਕੇ ਖੜ੍ਹਾ ਹੋ ਅਤੇ ਚੱਲ।”
7ਤਦ ਪਤਰਸ ਨੇ ਉਸ ਲੰਗੜ੍ਹੇ ਦਾ ਸੱਜਾ ਹੱਥ ਫ਼ੜਿਆ ਅਤੇ ਉਸ ਨੂੰ ਉੱਠਾਇਆ, ਤੁਰੰਤ ਹੀ, ਉਸ ਲੰਗੜ੍ਹੇ ਆਦਮੀ ਦੇ ਪੈਰਾਂ ਅਤੇ ਗਿਟਿਆਂ ਵਿੱਚ ਤਾਕਤ ਆ ਗਈ। 8ਉਹ ਝੱਟ ਆਪਣੇ ਪੈਰਾਂ ਤੇ ਕੁਦਿਆ ਅਤੇ ਚੱਲਣ ਲੱਗ ਪਿਆ ਅਤੇ ਉਨ੍ਹਾਂ ਦੇ ਨਾਲ ਮੰਦਰ ਦੇ ਵਿਹੜੇ ਅੰਦਰ ਗਿਆ। ਉਹ ਚੱਲ ਰਿਹਾ ਸੀ, ਕੁੱਦ ਰਿਹਾ ਸੀ, ਅਤੇ ਪਰਮੇਸ਼ੁਰ ਦੀ ਉਸਤਤਿ ਕਰ ਰਿਹਾ ਸੀ। 9-10ਸਾਰੇ ਲੋਕ ਜਿਨ੍ਹਾਂ ਨੇ ਉਸ ਨੂੰ ਵੇਖਿਆ, ਉਸ ਨੂੰ ਪਛਾਣ ਗਏ। ਕਿ ਇਹ ਉਹੀ ਹੈ ਜੋ ਮੰਦਰ ਦੇ ਖੂਬਸੂਰਤ ਫ਼ਾਟਕ ਉੱਪਰ ਬੈਠਕੇ ਭੀਖ ਮੰਗਿਆ ਕਰਦਾ ਸੀ ਤਾਂ ਜਦੋਂ ਉਨ੍ਹਾਂ ਨੇ ਉਸੇ ਮਨੁੱਖ ਨੂੰ ਚੱਲ ਕੇ ਮੰਦਰ ਵੱਲ ਆਉਂਦੇ ਪਰਮੇਸ਼ੁਰ ਦੀ ਉਸਤਤਿ ਕਰਦੇ ਵੇਖਿਆ ਤਾਂ ਉਹ ਇਹ ਸਭ ਵੇਖਕੇ ਹੈਰਾਨ ਰਹਿ ਗਏ ਤੇ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਭਾਣਾ ਕਿਵੇਂ ਵਾਪਰਿਆ ਸੀ?
ਪਤਰਸ ਦਾ ਲੋਕਾਂ ਨੂੰ ਉਪਦੇਸ਼ ਦੇਣਾ
11ਉਸ ਆਦਮੀ ਨੇ ਪਤਰਸ ਅਤੇ ਯੂਹੰਨਾ ਨੂੰ ਫ਼ੜਿਆ ਹੋਇਆ ਸੀ ਤੇ ਲੋਕ ਉਸ ਨੂੰ ਠੀਕ ਚੱਲਦਾ ਵੇਖ ਕੇ ਹੈਰਾਨ ਸਨ ਕਿਉਂਕਿ ਹੁਣ ਉਹ ਬਿਲਕੁਲ ਠੀਕ-ਠਾਕ ਸੀ। ਤਾਂ ਲੋਕ ਵੀ ਪਤਰਸ ਅਤੇ ਯੂਹੰਨਾ ਕੋਲ ਸੁਲੇਮਾਨ ਦੇ ਦਲਾਨ ਵਿੱਚੋਂ ਦੌੜੇ ਆਏ।
12ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਆਖਿਆ, “ਮੇਰੇ ਯਹੂਦੀ ਭਰਾਵੋ, ਤੁਸੀ ਇਸ ਤੇ ਹੈਰਾਨ ਕਿਉਂ ਹੋ? ਤੁਸੀਂ ਸਾਡੇ ਵੱਲ ਇਉਂ ਕਿਉਂ ਵੇਖ ਰਹੇ ਹੋ ਜਿਵੇਂ ਅਸੀਂ ਉਸ ਨੂੰ ਆਪਣੀ ਤਾਕਤ ਅਤੇ ਚੰਗਿਆਈ ਨਾਲ ਠੀਕ ਕੀਤਾ ਹੈ? 13ਨਹੀਂ। ਅਸੀਂ ਨਹੀਂ। ਪਰਮੇਸ਼ੁਰ ਨੇ ਇਹ ਸਭ ਕੀਤਾ ਹੈ। ਉਹ ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ੁਰ ਹੈ। ਉਹ ਸਾਡੇ ਪੁਰਖਿਆਂ ਦਾ ਪਰਮੇਸ਼ੁਰ ਹੈ। ਉਸ ਨੇ ਇਹ ਸਭ ਕੁਝ ਕਰਕੇ ਆਪਣੇ ਸੇਵਕ ਯਿਸੂ ਦੀ ਮਹਿਮਾ ਕੀਤੀ ਹੈ। ਪਰ ਤੁਸੀਂ ਯਿਸੂ ਨੂੰ ਮਰਵਾਉਣ ਲਈ ਦੇ ਦਿੱਤਾ, ਪਿਲਾਤੁਸ ਨੇ ਯਿਸੂ ਨੂੰ ਛੱਡ ਦੇਣਾ ਚਾਹਿਆ ਪਰ ਤੁਸੀਂ ਆਖਿਆ ਕਿ ਤੁਹਾਨੂੰ ਯਿਸੂ ਦੀ ਆਜ਼ਾਦੀ ਨਹੀਂ ਚਾਹੀਦੀ। 14ਯਿਸੂ ਪਵਿੱਤਰ ਅਤੇ ਧਰਮੀ ਸੀ। ਪਰ ਤੁਸੀਂ ਕਿਹਾ ਕਿ ਤੁਹਾਨੂੰ ਉਸਦੀ ਜ਼ਰੂਰਤ ਨਹੀਂ ਹੈ। ਪਰ ਤੁਸੀਂ ਪਿਲਾਤੁਸ ਨੂੰ ਯਿਸੂ ਦੀ ਜਗ਼੍ਹਾ ਇੱਕ ਖੂਨੀ ਨੂੰ ਛੱਡਣ ਦੀ ਮੰਗ ਕੀਤੀ ਹੈ। 15ਇਸ ਤਰ੍ਹਾਂ ਤੁਸੀਂ ਉਸ ਨੂੰ ਮਾਰਿਆ ਜੋ ਜਿੰਦਗੀ ਦਿੰਦਾ ਹੈ ਪਰ ਪਰਮੇਸ਼ੁਰ ਨੇ ਉਸ ਨੂੰ ਮੁਰਦੇ ਤੋਂ ਜੀਵਨ ਵੱਲ ਉੱਠਾਇਆ। ਅਸੀਂ ਇਸਦੇ ਗਵਾਹ ਹਾਂ ਕਿਉਂ ਕਿ ਅਸੀਂ ਇਹ ਸਭ ਕੁਝ ਆਪਣੀ ਅਖੀ ਵੇਖਿਆ।
16“ਇਹ ਯਿਸੂ ਦੀ ਸ਼ਕਤੀ ਹੀ ਸੀ ਜਿਸਨੇ ਇਸ ਲੰਗੜ੍ਹੇ ਆਦਮੀ ਨੂੰ ਚੱਲਣ ਦੀ ਸ਼ਕਤੀ ਦਿੱਤੀ। ਇਹ ਇਸ ਲਈ ਵਾਪਰਿਆ ਕਿਉਂਕਿ ਅਸੀਂ ਯਿਸੂ ਦੀ ਸ਼ਕਤੀ ਵਿੱਚ ਯਕੀਨ ਕੀਤਾ। ਤੁਸੀਂ ਇਸ ਆਦਮੀ ਨੂੰ ਵੇਖ ਸੱਕਦੇ ਹੋ ਤੇ ਤੁਸੀਂ ਇਸ ਨੂੰ ਜਾਣਦੇ ਵੀ ਹੋ। ਇਹ ਯਿਸੂ ਵਿੱਚ ਆਪਣੇ ਵਿਸ਼ਵਾਸ ਕਾਰਣ ਚੰਗਾ ਹੋਇਆ ਹੈ ਅਤੇ ਤੁਸੀਂ ਸਭਨਾ ਨੇ ਵੇਖਿਆ ਕਿ ਇਹ ਕਿਵੇਂ ਵਾਪਰਿਆ।
17“ਮੇਰੇ ਭਰਾਵੋ। ਮੈਂ ਜਾਣਦਾ ਹਾਂ ਕਿ ਤੁਸੀਂ ਯਿਸੂ ਨਾਲ ਉਹ ਸਭ ਕੁਝ ਇਸ ਲਈ ਕੀਤਾ ਕਿਉਂਕਿ ਤੁਸੀਂ ਆਪਣੀ ਕਰਨੀ ਤੋਂ ਅਨਜਾਣ ਸੀ ਕਿ ਤੁਸੀਂ ਇਹ ਕੀ ਕਰ ਰਹੇ ਹੋ। ਤੁਹਾਡੇ ਆਗੂ ਵੀ ਅਨਜਾਣ ਸਨ। 18ਪਰ ਉਨ੍ਹਾਂ ਗੱਲਾਂ ਦੀ ਸੂਚਨਾ ਪਰਮੇਸ਼ੁਰ ਨੇ ਆਪਣੇ ਨਬੀਆਂ ਰਾਹੀਂ ਦਿੱਤੀ ਜਿਵੇਂ ਕਿ ਉਸ ਦੇ ਮਸੀਹ ਨੂੰ ਦੁੱਖ ਝੱਲਣੇ ਪੈਣਗੇ। ਇਹ ਇਵੇਂ ਹੀ ਵਾਪਰਿਆ ਜਿਵੇਂ ਮੈਂ ਤੁਹਾਨੂੰ ਕਿਹਾ ਹੈ। 19ਇਸੇ ਲਈ ਤੁਹਾਨੂੰ ਆਪਣੇ ਦਿਲ ਅਤੇ ਜੀਵਨ ਬਦਲਣੇ ਚਹੀਦੇ ਹਨ ਅਤੇ ਪਰਮੇਸ਼ੁਰ ਵੱਲ ਮੁੜੋ ਤਾਂ ਜੋ ਉਹ ਤੁਹਾਡੇ ਪਾਪ ਬਖਸ਼ ਸੱਕੇ। 20ਤਦ ਫ਼ਿਰ ਪ੍ਰਭੂ ਤੁਹਾਨੂੰ ਆਤਮਕ ਸੁੱਖ ਦਾ ਸਮਾਂ ਦੇਵੇਗਾ, ਉਹ ਯਿਸੂ ਨੂੰ ਭੇਜੇਗਾ ਜਿਸ ਨੂੰ ਉਸ ਨੇ ਮਸੀਹ ਹੋਣ ਲਈ ਚੁਣਿਆ ਹੈ।
21“ਜਿੰਨਾ ਚਿਰ ਸਾਰੀਆਂ ਚੀਜ਼ਾਂ ਮੁੜ ਸੁਧਾਰੀਆਂ ਨਹੀਂ ਜਾਂਦੀਆਂ, ਯਿਸੂ ਨੇ ਸਵਰਗ ਵਿੱਚ ਹੀ ਰਹਿਣਾ ਹੈ। ਇਸ ਬਾਰੇ ਪਰਮੇਸ਼ੁਰ ਨੇ ਆਪਣੇ ਪਵਿੱਤਰ ਨਬੀਆਂ ਦੀ ਜ਼ਬਾਨੀ ਸ਼ੁਰੂ ਤੋਂ ਹੀ ਆਖਿਆ ਸੀ। 22ਮੂਸਾ ਨੇ ਆਖਿਆ, ‘ਪ੍ਰਭੂ, ਤੁਹਾਡਾ ਪਰਮੇਸ਼ੁਰ, ਤੁਹਾਡੇ ਆਪਣੇ ਭਰਾਵਾਂ ਵਿੱਚੋਂ ਇੱਕ ਨਬੀ ਦੇਵੇਗਾ, ਜਿਹੜਾ ਮੇਰੇ ਵਰਗਾ ਹੈ। ਜੋ ਕੁਝ ਨਬੀ ਤੁਹਾਨੂੰ ਆਖੇ ਉਸ ਨੂੰ ਸੁਣੋ। 23ਜੋ ਕੋਈ ਵੀ ਉਸ ਨਬੀ ਨੂੰ ਨਹੀਂ ਮੰਨੇ ਉਹ ਮਰ ਜਾਵੇਗਾ ਅਤੇ ਪਰਮੇਸ਼ੁਰ ਦੇ ਲੋਕਾਂ ਵਿੱਚੋਂ ਕੱਢ ਦਿੱਤਾ ਜਾਵੇਗਾ।’#ਬਿਵਸਥਾ ਸਾਰ 18:15, 19
24“ਸਮੂਏਲ ਅਤੇ ਉਸਤੋਂ ਬਾਅਦ ਸਾਰੇ ਨਬੀ, ਜੋ ਪਰਮੇਸ਼ੁਰ ਲਈ ਬੋਲੇ, ਉਨ੍ਹਾਂ ਨੇ ਵਰਤਮਾਨ ਕਾਲ ਦੀਆਂ ਗੱਲਾਂ ਨਿਸ਼ਚਿਤ ਕੀਤੀਆਂ। 25ਤੁਸੀਂ ਨਬੀਆਂ ਦੇ ਅਤੇ ਉਸ ਨੇਮ ਦੇ ਪੁੱਤਰ ਹੋ ਜਿਸ ਨੂੰ ਪਰਮੇਸ਼ੁਰ ਨੇ ਤੁਹਾਡੇ ਪਿਓ ਦਾਦਿਆਂ ਨਾਲ ਬਣਾਇਆ ਸੀ। ਜਦ ਉਹ ਅਬਰਾਹਾਮ ਨੂੰ ਆਖਿਆ ਕਿ, ‘ਧਰਤੀ ਦੇ ਸਾਰੇ ਲੋਕ ਤੇਰੀ ਅੰਸ ਰਾਹੀਂ ਧੰਨ ਹੋਣਗੇ।’#ਉਤਪਤ. 22:18; 26:24 26ਪਰਮੇਸ਼ੁਰ ਨੇ ਆਪਣੇ ਖਾਸ ਸੇਵਕ ਯਿਸੂ ਨੂੰ ਤੁਹਾਡੇ ਕੋਲ ਪਹਿਲਾਂ ਭੇਜਿਆ। ਉਹ ਤੁਹਾਡੇ ਵਿੱਚੋਂ ਹਰ ਇੱਕ ਨੂੰ ਤੁਹਾਡੇ ਬਦੀ ਦੇ ਰਸਤਿਆਂ ਤੋਂ ਹਟਾ ਕੇ ਅਸੀਸਾਂ ਦੇਣ ਲਈ ਆਇਆ।”
Currently Selected:
ਰਸੂਲਾਂ ਦੇ ਕਰਤੱਬ 3: PERV
Highlight
Share
Copy

Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International