ਰਸੂਲਾਂ ਦੇ ਕਰਤੱਬ 10
10
ਪਤਰਸ ਅਤੇ ਕੁਰਨੇਲਿਯੁਸ
1ਕੈਸਰਿਯਾ ਨਾਂ ਦੇ ਸ਼ਹਿਰ ਵਿੱਚ ਕੁਰਨੇਲਿਯੁਸ ਨਾਂ ਦਾ ਇੱਕ ਆਦਮੀ ਸੀ। ਉਹ ਰੋਮ ਦੀ ਸੈਨਾ ਦੇ ਸਮੂਹ “ਇਤਾਲਿਯਾਨ” ਵਿੱਚ ਇੱਕ ਅਧਿਕਾਰੀ ਸੀ। 2ਉਹ ਇੱਕ ਧਰਮੀ ਮਨੁੱਖ ਸੀ। ਉਹ ਅਤੇ ਜਿੰਨੇ ਵੀ ਲੋਕ ਉਸ ਦੇ ਘਰ ਵਿੱਚ ਰਹਿੰਦੇ ਸਨ, ਸਭ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਦੇ ਸਨ। ਉਹ ਲੋਕਾਂ ਨੂੰ ਦਾਨ-ਪੁੰਨ ਬਹੁਤ ਕਰਦਾ ਸੀ ਕੁਰਨੇਲਿਯੁਸ ਹਮੇਸ਼ਾ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਸੀ। 3ਇੱਕ ਦੁਪਹਿਰ ਤਿੰਨ ਵਜੇ ਦੇ ਆਸ-ਪਾਸ ਉਸ ਨੇ ਇੱਕ ਦਰਸ਼ਨ ਦੇਖਿਆ। ਦਰਸ਼ਨ ਵਿੱਚ ਪਰਮੇਸ਼ੁਰ ਵੱਲੋਂ ਇੱਕ ਦੂਤ ਉਸ ਕੋਲ ਆਇਆ ਅਤੇ ਆਖਣ ਲੱਗਾ, “ਕੁਰਨੇਲਿਯੁਸ।”
4ਕੁਰਨੇਲਿਯੁਸ ਨੇ ਦੂਤ ਵੱਲ ਵੇਖਿਆ, ਉਹ ਡਰ ਕੇ ਆਖਣ ਲੱਗਾ, “ਮੇਰੇ ਮਾਲਿਕ, ਤੁਸੀਂ ਕੀ ਚਾਹੁੰਦੇ ਹੋ?”
ਦੂਤ ਨੇ ਉਸ ਨੂੰ ਕਿਹਾ, “ਪਰਮੇਸ਼ੁਰ ਨੇ ਤੇਰੀਆਂ ਪ੍ਰਾਰਥਨਾ ਸੁਣ ਲਈਆਂ ਹਨ। ਉਸ ਨੇ ਉਹ ਸਭ ਗੱਲਾਂ ਵੇਖੀਆਂ ਹਨ ਜੋ ਤੂੰ ਗਰੀਬ ਲੋਕਾਂ ਲਈ ਕਰਦਾ ਹੈਂ। ਇਸ ਲਈ ਉਹ ਤੈਨੂੰ ਨਹੀਂ ਭੁਲਿਆ। 5ਹੁਣ ਤੂੰ ਯੱਪਾ ਸ਼ਹਿਰ ਵੱਲ ਕੁਝ ਆਦਮੀਆਂ ਨੂੰ ਭੇਜ ਅਤੇ ਉੱਥੋਂ ਸ਼ਮਊਨ ਨਾਂ ਦੇ ਆਦਮੀ ਨੂੰ, ਜਿਹੜਾ ਪਤਰਸ ਵੀ ਸਦੀਂਦਾ ਹੈ, ਸੱਦਾ ਭੇਜ। 6ਸ਼ਮਊਨ ਕਿਸੇ ਸ਼ਮਊਨ ਖਟੀਕ ਚਮੜੇ ਦਾ ਕੰਮ ਕਰਨ ਵਾਲੇ ਦੇ ਘਰ ਹੀ ਠਹਿਰਿਆ ਹੋਇਆ ਹੈ। ਉਸ ਦਾ ਘਰ ਸਮੁੰਦਰ ਦੇ ਨੇੜੇ ਹੈ।” 7ਜਿਹੜਾ ਦੂਤ ਕੁਰਨੇਲਿਯੁਸ ਨਾਲ ਗੱਲ ਕਰ ਰਿਹਾ ਸੀ, ਚੱਲਾ ਗਿਆ। ਉਸਤੋਂ ਬਾਅਦ ਕੁਰਨੇਲਿਯੁਸ ਨੇ ਆਪਣੇ ਦੋ ਨੌਕਰਾਂ ਤੇ ਇੱਕ ਸਿਪਾਹੀ ਨੂੰ ਬੁਲਵਾਇਆ। ਇਹ ਸਿਪਾਹੀ ਵੀ ਧਰਮੀ ਮਨੁੱਖ ਸੀ। 8ਇਹ ਸਿਪਾਹੀ ਉਸ ਦੇ ਖਾਸ ਮਦਦਗਾਰਾਂ ਵਿੱਚੋਂ ਇੱਕ ਸੀ। ਉਸ ਨੇ ਇਹ ਸਾਰੀ ਗੱਲ ਤਿੰਨਾਂ ਆਦਮੀਆਂ ਨੂੰ ਸਮਝਾ ਕੇ ਉਨ੍ਹਾਂ ਨੂੰ ਯੱਪਾ ਵੱਲ ਭੇਜ ਦਿੱਤਾ।
9ਅਗਲੇ ਦਿਨ ਇਹ ਤਿੰਨੋ ਆਦਮੀ ਯੱਪਾ ਦੇ ਨੇੜੇ ਪਹੁੰਚੇ। ਪਤਰਸ ਪ੍ਰਾਰਥਨਾ ਕਰਨ ਲਈ ਛੱਤ ਉੱਤੇ ਗਿਆ। ਇਹ ਦੁਪਿਹਰ ਦਾ ਵੇਲਾ ਸੀ। 10ਪਤਰਸ ਨੂੰ ਭੁੱਖ ਲੱਗੀ ਹੋਈ ਸੀ ਅਤੇ ਉਹ ਕੁਝ ਖਾਣਾ ਚਾਹੁੰਦਾ ਸੀ। ਪਰ ਜਦੋਂ ਉਹ ਪਤਰਸ ਦੇ ਖਾਣ ਲਈ ਭੋਜਨ ਤਿਆਰ ਕਰ ਰਹੇ ਸਨ ਤਾਂ ਉਸ ਨੇ ਇੱਕ ਦਰਸ਼ਨ ਵੇਖਿਆ। 11ਉਸ ਨੇ ਖੁਲ੍ਹੇ ਆਕਾਸ਼ ਨੂੰ ਵੇਖਿਆ ਅਤੇ ਉਸ ਵਿੱਚੋਂ ਚਾਦਰ ਵਾਂਗ ਕੋਈ ਚੀਜ਼ ਥੱਲੇ ਆਉਂਦੀ ਵੇਖੀ ਜੋ ਕਿ ਚਹੁੰ ਪਾਸਿਆਂ ਤੋਂ ਧਰਤੀ ਦੇ ਵੱਲ ਲਮਕਾਈ ਹੋਈ ਹੇਠਾਂ ਉਤਰ ਰਹੀ ਸੀ। 12ਸਭ ਪ੍ਰਕਾਰ ਦੇ ਜਾਨਵਰ ਇਸ ਵਿੱਚ ਸਨ। ਉਹ ਜੀਵ ਜਿਹੜੇ ਕਿ ਚੱਲ ਸੱਕਦੇ ਹਨ, ਜਿਹੜੇ ਰੀਂਗਣ ਵਾਲੇ ਸਨ ਜ਼ਮੀਨ ਉੱਪਰ ਅਤੇ ਉਹ ਪੰਛੀ ਜਿਹੜੇ ਕਿ ਹਵਾ ਚ ਉੱਡਦੇ ਹਨ। 13ਫ਼ੇਰ ਇੱਕ ਅਵਾਜ਼ ਨੇ ਪਤਰਸ ਨੂੰ ਆਖਿਆ, “ਪਤਰਸ, ਉੱਠ ਅਤੇ ਇਨ੍ਹਾਂ ਵਿੱਚੋਂ ਕਿਸ ਵੀ ਇੱਕ ਜੀਵ ਨੂੰ ਮਾਰ ਅਤੇ ਖਾ ਲੈ।”
14ਪਰ ਪਤਰਸ ਨੇ ਕਿਹਾ, “ਪ੍ਰਭੂ। ਅਜਿਹਾ ਮੈਂ ਕਦੇ ਨਹੀਂ ਕੀਤਾ, ਮੈਂ ਕਦੇ ਅਪਵਿੱਤਰ ਜਾਂ ਅਸ਼ੁੱਧ ਚੀਜ਼ ਨਹੀਂ ਖਾਧੀ।”
15ਪਰ ਉਸ ਅਵਾਜ਼ ਨੇ ਦੋਬਾਰਾ ਉਸ ਨੂੰ ਕਿਹਾ, “ਪਰਮੇਸ਼ੁਰ ਨੇ ਇਹ ਸਭ ਵਸਤਾਂ ਸ਼ੁੱਧ ਬਣਾਈਆਂ ਹਨ। ਇਸ ਲਈ ਇਨ੍ਹਾਂ ਨੂੰ ‘ਅਪਵਿੱਤਰ’ ਨਾ ਕਹਿ।” 16ਅਜਿਹਾ ਤਿੰਨ ਵਾਰ ਵਾਪਰਿਆ ਅਤੇ ਫ਼ੇਰ ਉਹ ਸਭ ਚੀਜ਼ਾਂ ਵਾਪਸ ਅਕਾਸ਼ ਵੱਲ ਚੁੱਕੀਆਂ ਗਈਆਂ। 17ਪਤਰਸ ਦਰਸ਼ਨ ਦੇ ਅਰਥ ਬਾਰੇ ਸੋਚ ਹੈਰਾਨ ਹੋ ਰਿਹਾ ਸੀ।
ਇਸ ਵਿੱਚਕਾਰ ਕੁਰਨੇਲਿਯੁਸ ਦੇ ਭੇਜੇ ਬੰਦਿਆਂ ਨੇ ਸ਼ਮਊਨ ਦਾ ਘਰ ਲੱਭ ਲਿਆ। ਉਹ ਫ਼ਾਟਕ ਤੇ ਖੜ੍ਹੇ ਸਨ। 18ਉਨ੍ਹਾਂ ਨੇ ਪੁੱਛਿਆ, “ਕੀ ਪਤਰਸ ਸ਼ਮਊਨ ਇੱਥੇ ਰਹਿੰਦਾ ਹੈ।”
19ਪਤਰਸ ਅਜੇ ਵੀ ਉਸ ਦਰਸ਼ਨ ਬਾਰੇ ਹੀ ਸੋਚ ਰਿਹਾ ਸੀ ਪਰ ਆਤਮਾ ਨੇ ਉਸ ਨੂੰ ਕਿਹਾ, “ਵੇਖ। ਤਿੰਨ ਆਦਮੀ ਬਾਹਰ ਤੈਨੂੰ ਲੱਭ ਰਹੇ ਹਨ। 20ਉੱਠ ਅਤੇ ਹੇਠਾਂ ਜਾ। ਉਨ੍ਹਾਂ ਨਾਲ ਬਿਨਾ ਕਿਸੇ ਝਿਜਕ ਚੱਲਾ ਜਾ। ਮੈਂ ਹੀ ਉਨ੍ਹਾਂ ਨੂੰ ਤੇਰੇ ਕੋਲ ਭੇਜਿਆ ਹੈ।” 21ਫ਼ੇਰ ਪਤਰਸ ਹੇਠਾਂ ਉਤਰਿਆ ਅਤੇ ਆਦਮੀਆਂ ਨੂੰ ਆਖਿਆ, “ਮੈਂ ਹੀ ਉਹ ਆਦਮੀ ਹਾਂ ਜਿਸ ਨੂੰ ਤੁਸੀਂ ਲੱਭਣ ਆਏ ਹੋ। ਤੁਸੀਂ ਇੱਥੇ ਕਿਸ ਵਾਸਤੇ ਆਏ ਹੋ?”
22ਉਹ ਬੋਲੇ, “ਇੱਕ ਪਵਿੱਤਰ ਦੂਤ ਨੇ ਕੁਰਨੇਲਿਯੁਸ ਨੂੰ ਤੈਨੂੰ ਆਪਣੇ ਘਰ ਸੱਦਾ ਦੇਣ ਲਈ ਆਖਿਆ ਹੈ। ਉਹ ਇੱਕ ਸੈਨਾ ਦਾ ਅਫ਼ਸਰ ਅਤੇ ਭਲਾ ਆਦਮੀ ਹੈ। ਉਹ ਪਰਮੇਸ਼ੁਰ ਦੀ ਉਪਾਸਨਾ ਕਰਦਾ ਹੈ ਅਤੇ ਸਾਰੇ ਯਹੂਦੀ ਉਸਦਾ ਸਤਿਕਾਰ ਕਰਦੇ ਹਨ। ਦੂਤ ਨੇ ਉਸ ਨੂੰ ਤੈਨੂੰ ਆਪਣੇ ਘਰ ਬੁਲਾਉਣ ਲਈ ਆਖਿਆ ਹੈ ਤਾਂ ਕਿ ਜੋ ਕੁਝ ਗੱਲਾਂ ਤੂੰ ਆਖਣਾ ਚਾਹੁੰਦਾ ਹੈ ਉਹ ਸੁਣ ਲਵੇਂ।” 23ਪਤਰਸ ਨੇ ਉਨ੍ਹਾਂ ਆਦਮੀਆਂ ਨੂੰ ਅੰਦਰ ਆਉਣ ਅਤੇ ਰਾਤ ਠਹਿਰਣ ਲਈ ਆਖਿਆ।
ਅਗਲੀ ਸਵੇਰ ਪਤਰਸ ਉੱਠਿਆ, ਤਿਆਰ ਹੋਇਆ ਅਤੇ ਉਨ੍ਹਾਂ ਤਿੰਨਾਂ ਆਦਮੀਆਂ ਨਾਲ ਚੱਲਾ ਗਿਆ। ਯੱਪਾ ਚੋਂ ਕੁਝ ਭਰਾ ਵੀ ਪਤਰਸ ਨਾਲ ਗਏ। 24ਅਗਲੇ ਦਿਨ ਉਹ ਕੈਸਰਿਯਾ ਵਿੱਚ ਪਹੁੰਚੇ, ਜਿੱਥੇ ਕੁਰਨੇਲਿਯੁਸ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਉਸ ਨੇ ਪਹਿਲਾਂ ਤੋਂ ਹੀ ਆਪਣੇ ਘਰ ਵਿੱਚ ਰਿਸ਼ਤੇਦਾਰਾਂ ਅਤੇ ਨੇੜੇ ਦੇ ਮਿੱਤਰਾਂ ਨੂੰ ਸੱਦਾ ਦੇਕੇ ਇਕੱਠਾ ਕੀਤਾ ਹੋਇਆ ਸੀ।
25ਜਦੋਂ ਪਤਰਸ ਨੇ ਘਰ ਅੰਦਰ ਪ੍ਰਵੇਸ਼ ਕੀਤਾ ਤਾਂ ਪਤਰਸ ਨੂੰ ਕੁਰਨੇਲਿਯੁਸ ਮਿਲਿਆ ਅਤੇ ਉਸ ਦੇ ਪੈਰਾਂ ਤੇ ਮੱਥਾ ਟੇਕਿਆ। 26ਪਰ ਪਤਰਸ ਨੇ ਉਸ ਨੂੰ ਉੱਠਾਇਆ ਅਤੇ ਆਖਿਆ, “ਉੱਠ ਖਲੋ। ਕਿਉਂਕਿ ਮੈਂ ਵੀ ਤੇਰੇ ਵਾਂਗ ਇੱਕ ਸਾਧਾਰਣ ਮਨੁੱਖ ਹੀ ਹਾਂ।” 27ਉਸ ਦੇ ਨਾਲ ਗੱਲਾਂ ਕਰਦਿਆਂ, ਪਤਰਸ ਨੇ ਘਰ ਵਿੱਚ ਪ੍ਰਵੇਸ਼ ਕੀਤਾ। ਉੱਥੇ ਉਸ ਨੇ ਬਹੁਤ ਸਰਿਆਂ ਨੂੰ ਇਕੱਠੇ ਹੋਏ ਵੇਖਿਆ।
28ਤਾਂ ਉਸ ਨੇ ਲੋਕਾਂ ਨੂੰ ਕਿਹਾ, “ਕਿ ਤੁਹਾਨੂੰ ਪਤਾ ਹੈ ਕਿ ਯਹੂਦੀਆਂ ਦੀ ਸ਼ਰ੍ਹਾ ਅਨੁਸਾਰ ਇੱਕ ਯਹੂਦੀ ਨੂੰ ਦੂਜੀ ਜਾਤ ਦੇ ਮਨੁੱਖ ਨਾਲ ਸਹਯੋਗੀ ਹੋਣ ਜਾਂ ਮੇਲ-ਮਿਲਾਪ ਕਰਨ ਦੀ ਆਗਿਆ ਨਹੀਂ ਹੈ। ਪਰ ਪਰਮੇਸ਼ੁਰ ਨੇ ਮੈਨੂੰ ਖੁਦ ਇਹ ਪ੍ਰਗਟ ਕੀਤਾ ਹੈ ਕਿ ਮੈਂ ਕਿਸੇ ਵੀ ਮਨੁੱਖ ਨੂੰ ‘ਅਪਵਿੱਤਰ’ ਜਾਂ ‘ਅਸ਼ੁੱਧ’ ਨਾ ਕਹਾਂ। 29ਇਸੇ ਲਈ ਜਦੋਂ ਇਨ੍ਹਾਂ ਆਦਮੀਆਂ ਨੇ ਮੈਨੂੰ ਇੱਥੇ ਆਉਣ ਲਈ ਕਿਹਾ ਮੈਂ ਆਉਣ ਲਈ ਸਹਿਮਤ ਹੋ ਗਿਆ। ਸੋ ਹੁਣ ਤੁਸੀਂ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਮੈਨੂੰ ਇੱਥੇ ਕਾਹਦੇ ਲਈ ਬੁਲਾਇਆ ਹੈ?”
30ਕੁਰਨੇਲਿਯੁਸ ਨੇ ਕਿਹਾ, “ਚਾਰ ਦਿਨ ਪਹਿਲਾਂ ਮੈਂ ਆਪਣੇ ਘਰ ਵਿੱਚ ਪ੍ਰਾਰਥਨਾ ਕਰ ਰਿਹਾ ਸਾਂ, ਇਹ ਦੁਪਹਿਰੇ ਤਿੰਨ ਕੁ ਵਜੇ ਦੇ ਆਸ-ਪਾਸ ਦਾ ਵਕਤ ਸੀ। ਅਚਾਨਕ ਇੱਕ ਦੂਤ ਮੇਰੇ ਅੱਗੇ ਆਕੇ ਖੜੋ ਗਿਆ, ਉਸ ਨੇ ਬੜੇ ਚਮਕੀਲੇ ਕੱਪੜੇ ਪਾਏ ਹੋਏ ਸਨ। 31ਉਸ ਆਦਮੀ ਨੇ ਕਿਹਾ, ‘ਕੁਰਨੇਲਿਯੁਸ, ਪਰਮੇਸ਼ੁਰ ਨੇ ਤੇਰੀ ਪ੍ਰਾਰਥਨਾ ਸੁਣ ਲਈ ਹੈ ਅਤੇ ਗਰੀਬਾਂ ਨੂੰ ਦਿੱਤੀਆਂ ਤੇਰੀਆਂ ਦਾਤਾਂ ਵੇਖ ਲਈਆਂ ਹਨ। 32ਇਸ ਲਈ ਯੱਪਾ ਵਿੱਚ ਕੁਝ ਆਦਮੀਆਂ ਨੂੰ ਭੇਜ ਅਤੇ ਪਤਰਸ ਸ਼ਮਊਨ ਨੂੰ ਇੱਥੇ ਆਉਣ ਲਈ ਆਖ। ਪਤਰਸ ਉਸ ਘਰ ਵਿੱਚ ਰਹਿ ਰਿਹਾ ਹੈ ਜਿਸ ਘਰ ਦੇ ਆਦਮੀ ਦਾ ਨਾਂ ਵੀ ਸ਼ਮਊਨ ਹੈ ਜੋ ਚਮੜੇ ਦਾ ਕੰਮ ਕਰਦਾ ਹੈ। ਅਤੇ ਉਸਦਾ ਘਰ ਸਮੁੰਦਰ ਕੰਢੇ ਹੈ।’ 33ਤਾਂ ਮੈਂ ਉਸੇ ਵਕਤ ਤੈਨੂੰ ਬੁਲਾਉਣ ਲਈ ਇਨ੍ਹਾਂ ਆਦਮੀਆਂ ਨੂੰ ਭੇਜ ਦਿੱਤਾ। ਆਪਣੀ ਮਿਹਰਬਾਨੀ ਸਦਕਾ ਤੂੰ ਇੱਥੇ ਆਇਆ ਹੈਂ। ਹੁਣ ਅਸੀਂ ਸਭ ਇੱਥੇ ਉਹ ਸਭ ਕੁਝ ਸੁਣਨ ਲਈ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਹਾਂ, ਜੋ ਪ੍ਰਭੂ ਨੇ ਤੈਨੂੰ ਆਖਣ ਦਾ ਹੁਕਮ ਦਿੱਤਾ ਹੈ।”
ਪਤਰਸ ਦਾ ਕੁਰਨੇਲਿਯੁਸ ਦੇ ਘਰ ਵਿੱਚ ਉਪਦੇਸ਼ ਦੇਣਾ
34ਤਦ ਪਤਰਸ ਨੇ ਬੋਲਣਾ ਸ਼ੁਰੂ ਕੀਤਾ, “ਮੈਂ ਸੱਚਮੁੱਚ ਹੁਣ ਸਮਝਿਆ ਹਾਂ ਕਿ ਪਰਮੇਸ਼ੁਰ ਦੀ ਨਜ਼ਰ ਵਿੱਚ ਸਭ ਜੀਅ ਬਰਾਬਰ ਹਨ। 35ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਵੀ ਉਸ ਤੋਂ ਡਰਦਾ ਹੈ ਅਤੇ ਭਲੇ ਕੰਮ ਕਰਦਾ ਹੈ ਉਹ ਪਰਮੇਸ਼ੁਰ ਨੂੰ ਸਵੀਕਾਰ ਹੁੰਦਾ ਹੈ। 36ਇਹ ਉਹ ਸੁਨੇਹਾ ਹੈ ਜੋ ਉਸ ਨੇ ਯਹੂਦੀ ਲੋਕਾਂ ਨੂੰ ਭੇਜਿਆ ਸੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਖੁਸ਼ਖਬਰੀ ਭੇਜੀ ਸੀ ਕਿ ਯਿਸੂ ਮਸੀਹ ਦੁਆਰਾ ਸ਼ਾਂਤੀ ਆਈ ਹੈ ਅਤੇ ਯਿਸੂ ਸਭ ਲੋਕਾਂ ਦਾ ਪ੍ਰਭੂ ਹੈ।
37“ਤੁਹਾਨੂੰ ਪਤਾ ਹੈ ਕਿ ਸਾਰੇ ਯਹੂਦਿਯਾ ਵਿੱਚ ਕੀ ਹੋਇਆ ਸੀ। ਇਸ ਦੀ ਸ਼ੁਰੂਆਤ ਗਲੀਲ ਵਿੱਚ ਯੂਹੰਨਾ ਦੇ ਬਪਤਿਸਮੇ ਬਾਰੇ ਪ੍ਰਚਾਰ ਤੋਂ ਬਾਅਦ ਹੋਈ ਅਤੇ ਇਹ ਸਾਰੇ ਯਹੂਦਿਯਾ ਵਿੱਚ ਫ਼ੈਲ ਗਈ ਸੀ। 38ਤੁਸੀਂ ਯਿਸੂ ਨਾਸਰੀ ਬਾਰੇ ਜਾਣਦੇ ਹੋ। ਪ੍ਰਭੂ ਪਰਮੇਸ਼ੁਰ ਨੇ ਉਸ ਨੂੰ ਪਵਿੱਤਰ ਆਤਮਾ ਤੇ ਸ਼ਕਤੀ ਦੇਕੇ ਮਸੀਹ ਕੀਤਾ ਸੀ ਅਤੇ ਉਹ ਸਭ ਜਗ਼੍ਹਾ ਜਾਕੇ ਲੋਕਾਂ ਦਾ ਭਲਾ ਕਰਦਾ ਰਿਹਾ। ਯਿਸੂ ਨੇ ਉਨ੍ਹਾਂ ਲੋਕਾਂ ਨੂੰ ਚੰਗਿਆਂ ਕੀਤਾ ਜੋ ਸ਼ੈਤਾਨ ਦੁਆਰਾ ਸਤਾਏ ਹੋਏ ਸਨ। ਇੱਥੋਂ ਪਤਾ ਚੱਲਦਾ ਹੈ ਕਿ ਪਰਮੇਸ਼ੁਰ ਉਸ ਦੇ ਵੱਲ ਸੀ।
39“ਅਸੀਂ ਉਨ੍ਹਾਂ ਸਭਨਾਂ ਕੰਮਾਂ ਦੇ ਗਵਾਹ ਹਾਂ ਜਿਹੜੇ ਉਸ ਨੇ ਯਹੂਦਿਯਾ ਅਤੇ ਯਰੂਸ਼ਲਮ ਵਿੱਚ ਕੀਤੇ। ਪਰ ਉਨ੍ਹਾਂ ਨੇ ਉਸ ਨੂੰ ਲਕੜੀ ਦੀ ਬਣੀ ਸਲੀਬ ਤੇ ਮੇਖਾਂ ਨਾਲ ਠੋਕ ਦਿੱਤਾ। 40ਪਰ ਪਰਮੇਸ਼ੁਰ ਨੇ ਉਸਦੀ ਮੌਤ ਤੋਂ ਤੀਜੇ ਦਿਨ ਬਾਅਦ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਉਸ ਨੂੰ ਲੋਕਾਂ ਨੂੰ ਪ੍ਰਗਟਾਇਆ। 41ਪਰ ਯਿਸੂ ਸਭ ਲੋਕਾਂ ਨੂੰ ਪਰਗਟ ਨਾ ਹੋਇਆ, ਸਿਰਫ਼ ਜਿਹੜੇ ਗਵਾਹ ਸਨ ਜਿਨ੍ਹਾਂ ਨੂੰ ਕਿ ਪਰਮੇਸ਼ੁਰ ਨੇ ਪਹਿਲਾਂ ਤੋਂ ਹੀ ਚੁਣਿਆ ਹੋਇਆ ਸੀ, ਸਿਰਫ਼ ਉਹੀ ਉਸ ਨੂੰ ਵੇਖਣ ਦੇ ਸਮਰੱਥ ਹੋਏ। ਅਸੀਂ ਹੀ ਉਹ ਗਵਾਹ ਹਾਂ। ਜਦੋਂ ਉਹ ਮੁਰਦੇ ਤੋਂ ਜਿਵਾਲਿਆ ਗਿਆ ਸੀ ਤਾਂ ਅਸੀਂ ਉਸ ਨਾਲ ਮਿਲ ਬੈਠਕੇ ਖਾਧਾ ਅਤੇ ਪੀਤਾ।
42“ਯਿਸੂ ਨੇ ਸਾਨੂੰ ਲੋਕਾਂ ਵਿੱਚ ਪ੍ਰਚਾਰ ਕਰਨ ਨੂੰ ਕਿਹਾ। ਉਸ ਨੇ ਸਾਨੂੰ ਲੋਕਾਂ ਨੂੰ ਇਹ ਦੱਸਣ ਲਈ ਕਿਹਾ ਕਿ ਉਸ ਨੂੰ ਪਰਮੇਸ਼ੁਰ ਦੁਆਰਾ ਉਨ੍ਹਾਂ ਸਾਰਿਆਂ ਲੋਕਾਂ ਉੱਤੇ ਮੁਨਸਫ਼ ਹੋਣ ਲਈ ਚੁਣਿਆ ਗਿਆ ਹੈ, ਭਾਵੇਂ ਉਹ ਲੋਕ ਜਿਉਂਦੇ ਹਨ ਜਾਂ ਮੁਰਦਾ। 43ਹਰ ਉਹ ਮਨੁੱਖ ਜਿਹੜਾ ਯਿਸੂ ਵਿੱਚ ਨਿਹਚਾ ਰੱਖਦਾ ਹੈ ਉਸ ਨੂੰ ਮੁਆਫ਼ ਕੀਤਾ ਜਾਵੇਗਾ। ਯਿਸੂ ਦੇ ਨਾਂ ਤੇ ਉਸ ਦੇ ਪਾਪ ਖਿਮਾ ਕੀਤੇ ਜਾਣਗੇ। ਸਭ ਨਬੀ ਇਸ ਗੱਲ ਦੀ ਸਾਖੀ ਦਿੰਦੇ ਹਨ।”
ਪਰਾਈਆਂ ਕੌਮਾਂ ਤੇ ਪਵਿੱਤਰ ਆਤਮਾ ਦਾ ਆਉਣਾ
44ਜਦੋਂ ਪਤਰਸ ਅਜੇ ਬੋਲ ਕਰ ਰਿਹਾ ਸੀ, ਪਵਿੱਤਰ ਆਤਮਾ ਉਨ੍ਹਾਂ ਸਾਰੇ ਲੋਕਾਂ ਉੱਪਰ ਆਇਆ, ਜੋ ਸੰਦੇਸ਼ ਨੂੰ ਸੁਣ ਰਹੇ ਸਨ। 45ਯਹੂਦੀ ਚੇਲੇ ਜਿਹੜੇ ਪਤਰਸ ਦੇ ਨਾਲ ਆਏ ਸਨ ਇਹ ਵੇਖਕੇ ਹੈਰਾਨ ਹੋ ਗਏ। ਉਹ ਹੈਰਾਨ ਸਨ ਕਿ ਪਵਿੱਤਰ ਆਤਮਾ ਗੈਰ ਯਹੂਦੀਆਂ ਉੱਪਰ ਵੀ ਵਹਾਇਆ ਗਿਆ ਸੀ। 46ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਨੂੰ ਵਖਰੀਆਂ ਭਾਸ਼ਾਵਾਂ ਵਿੱਚ ਬੋਲਦਿਆਂ ਅਤੇ ਪਰਮੇਸ਼ੁਰ ਦੀ ਉਸਤਤਿ ਕਰਦਿਆਂ ਸੁਣਿਆ ਸੀ। ਤਦ ਪਤਰਸ ਨੇ ਆਖਿਆ, 47“ਕੀ ਕੋਈ ਵੀ ਇਨ੍ਹਾਂ ਲੋਕਾਂ ਨੂੰ ਪਾਣੀ ਅੰਦਰ ਜਾਣ ਅਤੇ ਬਪਤਿਸਮਾ ਲੈਣ ਤੋਂ ਰੋਕ ਸੱਕਦਾ ਹੈ? ਕਿਉਂ ਕਿ ਉਨ੍ਹਾਂ ਨੇ ਉਵੇਂ ਹੀ ਪਵਿੱਤਰ ਆਤਮਾ ਪ੍ਰਾਪਤ ਕੀਤਾ ਹੈ ਜਿਵੇਂ ਕਿ ਅਸੀਂ ਪ੍ਰਾਪਤ ਕੀਤਾ ਸੀ।” 48ਇਸ ਲਈ ਪਤਰਸ ਨੇ ਕੁਰਨੇਲਿਯੁਸ ਨੂੰ ਉਸ ਦੇ ਸਾਕ-ਸੰਬੰਧੀਆਂ ਨੂੰ ਉਸ ਦੇ ਦੋਸਤਾਂ ਨੂੰ ਯਿਸੂ ਮਸੀਹ ਦੇ ਨਾਂ ਤੇ ਬਪਤਿਸਮਾ ਲੈਣ ਦਾ ਹੁਕਮ ਦਿੱਤਾ। ਉਸਤੋਂ ਬਾਅਦ ਉੱਥੋਂ ਦੇ ਲੋਕਾਂ ਨੇ ਪਤਰਸ ਨੂੰ ਉੱਥੇ ਕੁਝ ਦਿਨ ਹੋਰ ਰਹਿਣ ਲਈ ਮਿੰਨਤ ਕੀਤੀ।
Currently Selected:
ਰਸੂਲਾਂ ਦੇ ਕਰਤੱਬ 10: PERV
Highlight
Share
Copy

Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International