YouVersion Logo
Search Icon

ਮਰਕੁਸ 8

8
ਚਾਰ ਹਜ਼ਾਰ ਲੋਕਾਂ ਨੂੰ ਭੋਜਨ ਖੁਆਉਣਾ
1ਉਨ੍ਹਾਂ ਦਿਨਾਂ ਵਿੱਚ ਫੇਰ ਇੱਕ ਵੱਡੀ ਭੀੜ ਇਕੱਠੀ ਹੋ ਗਈ ਅਤੇ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਸੀ। ਯਿਸੂ ਨੇ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਕਿਹਾ, 2“ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ, ਕਿਉਂਕਿ ਉਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਹਨ ਅਤੇ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਹੈ। 3ਹੁਣ ਜੇ ਮੈਂ ਉਨ੍ਹਾਂ ਨੂੰ ਭੁੱਖੇ ਹੀ ਉਨ੍ਹਾਂ ਦੇ ਘਰਾਂ ਨੂੰ ਭੇਜ ਦਿਆਂ ਤਾਂ ਉਹ ਰਾਹ ਵਿੱਚ ਹੀ ਨਿਢਾਲ ਹੋ ਜਾਣਗੇ; ਇਨ੍ਹਾਂ ਵਿੱਚੋਂ ਕੁਝ ਤਾਂ ਬਹੁਤ ਦੂਰੋਂ ਆਏ ਹਨ।” 4ਉਸ ਦੇ ਚੇਲਿਆਂ ਨੇ ਉਸ ਨੂੰ ਉੱਤਰ ਦਿੱਤਾ, “ਇੱਥੇ ਉਜਾੜ ਵਿੱਚ ਕੋਈ ਇਨ੍ਹਾਂ ਨੂੰ ਰੋਟੀਆਂ ਕਿੱਥੋਂ ਖੁਆ ਸਕੇਗਾ?” 5ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ,“ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?” ਉਨ੍ਹਾਂ ਨੇ ਕਿਹਾ, “ਸੱਤ।” 6ਤਦ ਉਸ ਨੇ ਲੋਕਾਂ ਨੂੰ ਜ਼ਮੀਨ 'ਤੇ ਬੈਠਣ ਦਾ ਹੁਕਮ ਦਿੱਤਾ ਅਤੇ ਉਹ ਸੱਤ ਰੋਟੀਆਂ ਲਈਆਂ ਤੇ ਧੰਨਵਾਦ ਕਰਕੇ ਤੋੜੀਆਂ ਅਤੇ ਵਰਤਾਉਣ ਲਈ ਆਪਣੇ ਚੇਲਿਆਂ ਨੂੰ ਦਿੱਤੀਆਂ ਤੇ ਚੇਲਿਆਂ ਨੇ ਲੋਕਾਂ ਨੂੰ ਵਰਤਾ ਦਿੱਤੀਆਂ। 7ਉਨ੍ਹਾਂ ਕੋਲ ਕੁਝ ਛੋਟੀਆਂ ਮੱਛੀਆਂ ਵੀ ਸਨ; ਫਿਰ ਉਸ ਨੇ ਉਨ੍ਹਾਂ 'ਤੇ ਬਰਕਤ ਮੰਗ ਕੇ ਕਿਹਾ, “ਇਹ ਵੀ ਵਰਤਾ ਦਿਓ।” 8ਜਦੋਂ ਉਹ ਖਾ ਕੇ ਰੱਜ ਗਏ ਤਾਂ ਬਚੇ ਹੋਏ ਟੁਕੜਿਆਂ ਦੇ ਸੱਤ ਟੋਕਰੇ ਚੁੱਕੇ। 9ਉਹ#8:9 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜਿਨ੍ਹਾਂ ਨੇ ਖਾਧਾ ਉਹ” ਲਿਖਿਆ ਹੈ। ਲਗਭਗ ਚਾਰ ਹਜ਼ਾਰ ਲੋਕ ਸਨ। ਤਦ ਉਸ ਨੇ ਉਨ੍ਹਾਂ ਨੂੰ ਵਿਦਾ ਕੀਤਾ।
10ਫਿਰ ਉਹ ਤੁਰੰਤ ਆਪਣੇ ਚੇਲਿਆਂ ਨਾਲ ਕਿਸ਼ਤੀ ਉੱਤੇ ਚੜ੍ਹ ਕੇ ਦਲਮਨੂਥਾ ਦੇ ਇਲਾਕੇ ਵਿੱਚ ਆਇਆ।
ਅਕਾਸ਼ੋਂ ਚਿੰਨ੍ਹ ਦੀ ਮੰਗ
11ਤਦ ਫ਼ਰੀਸੀ ਆ ਕੇ ਉਸ ਨਾਲ ਬਹਿਸ ਕਰਨ ਲੱਗੇ ਅਤੇ ਉਸ ਨੂੰ ਪਰਖਣ ਲਈ ਉਸ ਕੋਲੋਂ ਅਕਾਸ਼ ਤੋਂ ਚਿੰਨ੍ਹ ਦੀ ਮੰਗ ਕੀਤੀ। 12ਪਰ ਉਸ ਨੇ ਆਪਣੇ ਆਤਮਾ ਵਿੱਚ ਡੂੰਘਾ ਹਉਕਾ ਭਰਦੇ ਹੋਏ ਕਿਹਾ,“ਇਹ ਪੀੜ੍ਹੀ ਚਿੰਨ੍ਹ ਕਿਉਂ ਚਾਹੁੰਦੀ ਹੈ? ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇਸ ਪੀੜ੍ਹੀ ਨੂੰ ਕੋਈ ਚਿੰਨ੍ਹ ਨਹੀਂ ਦਿੱਤਾ ਜਾਵੇਗਾ।” 13ਤਦ ਉਹ ਉਨ੍ਹਾਂ ਨੂੰ ਛੱਡ ਕੇ ਫੇਰ ਕਿਸ਼ਤੀ ਉੱਤੇ ਚੜ੍ਹਿਆ ਅਤੇ ਪਾਰ ਚਲਾ ਗਿਆ।
ਫ਼ਰੀਸੀਆਂ ਦੇ ਖ਼ਮੀਰ ਅਤੇ ਹੇਰੋਦੇਸ ਦੇ ਖ਼ਮੀਰ ਤੋਂ ਸਾਵਧਾਨ
14ਉਹ ਰੋਟੀਆਂ ਲੈਣਾ ਭੁੱਲ ਗਏ ਸਨ ਅਤੇ ਕਿਸ਼ਤੀ ਵਿੱਚ ਉਨ੍ਹਾਂ ਕੋਲ ਇੱਕ ਰੋਟੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। 15ਉਸ ਨੇ ਉਨ੍ਹਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ,“ਵੇਖੋ! ਫ਼ਰੀਸੀਆਂ ਦੇ ਖ਼ਮੀਰ ਅਤੇ ਹੇਰੋਦੇਸ ਦੇ ਖ਼ਮੀਰ ਤੋਂ ਸਾਵਧਾਨ ਰਹੋ!”
16ਤਦ ਉਹ ਆਪਸ ਵਿੱਚ ਵਿਚਾਰ ਕਰਨ ਲੱਗੇ ਕਿ ਸਾਡੇ ਕੋਲ ਰੋਟੀਆਂ ਜੋ ਨਹੀਂ ਹਨ। 17ਯਿਸੂ ਨੇ ਇਹ ਜਾਣ ਕੇ ਉਨ੍ਹਾਂ ਨੂੰ ਕਿਹਾ,“ਤੁਸੀਂ ਕਿਉਂ ਵਿਚਾਰ ਕਰਦੇ ਹੋ ਕਿ ਤੁਹਾਡੇ ਕੋਲ ਰੋਟੀਆਂ ਨਹੀਂ ਹਨ? ਕੀ ਤੁਸੀਂ ਅਜੇ ਤੱਕ ਵੀ ਨਹੀਂ ਜਾਣਦੇ ਅਤੇ ਸਮਝਦੇ? ਕੀ ਤੁਹਾਡਾ ਦਿਲ ਕਠੋਰ ਹੋ ਗਿਆ ਹੈ? 18ਕੀ ਤੁਸੀਂ ਅੱਖਾਂ ਹੁੰਦੇ ਹੋਏ ਵੀ ਨਹੀਂ ਵੇਖਦੇ ਅਤੇ ਕੰਨ ਹੁੰਦੇ ਹੋਏ ਵੀ ਨਹੀਂ ਸੁਣਦੇ? ਕੀ ਤੁਹਾਨੂੰ ਯਾਦ ਨਹੀਂ!
19 “ਜਦੋਂ ਮੈਂ ਪੰਜ ਹਜ਼ਾਰ ਲਈ ਪੰਜ ਰੋਟੀਆਂ ਤੋੜੀਆਂ ਤਾਂ ਤੁਸੀਂ ਟੁਕੜਿਆਂ ਦੀਆਂ ਭਰੀਆਂ ਕਿੰਨੀਆਂ ਟੋਕਰੀਆਂ ਚੁੱਕੀਆਂ?” ਉਨ੍ਹਾਂ ਨੇ ਕਿਹਾ, “ਬਾਰਾਂ।” 20“ਅਤੇ ਜਦੋਂ ਚਾਰ ਹਜ਼ਾਰ ਲਈ ਸੱਤ ਰੋਟੀਆਂ ਤੋੜੀਆਂ ਤਾਂ ਤੁਸੀਂ ਟੁਕੜਿਆਂ ਦੇ ਭਰੇ ਕਿੰਨੇ ਟੋਕਰੇ ਚੁੱਕੇ?” ਉਨ੍ਹਾਂ ਨੇ ਕਿਹਾ, “ਸੱਤ।” 21ਤਦ ਉਸ ਨੇ ਉਨ੍ਹਾਂ ਨੂੰ ਕਿਹਾ,“ਕੀ ਤੁਸੀਂ ਅਜੇ ਵੀ ਨਹੀਂ ਸਮਝੇ?”
ਬੈਤਸੈਦਾ ਦੇ ਅੰਨ੍ਹੇ ਨੂੰ ਠੀਕ ਕਰਨਾ
22ਫਿਰ ਉਹ ਬੈਤਸੈਦਾ ਵਿੱਚ ਆਏ। ਤਦ ਲੋਕ ਇੱਕ ਅੰਨ੍ਹੇ ਨੂੰ ਯਿਸੂ ਕੋਲ ਲਿਆਏ ਅਤੇ ਉਸ ਦੀ ਮਿੰਨਤ ਕੀਤੀ ਕਿ ਉਹ ਉਸ ਨੂੰ ਛੂਹ ਲਵੇ। 23ਤਦ ਉਹ ਉਸ ਅੰਨ੍ਹੇ ਦਾ ਹੱਥ ਫੜ ਕੇ ਉਸ ਨੂੰ ਪਿੰਡੋਂ ਬਾਹਰ ਲੈ ਗਿਆ ਅਤੇ ਉਸ ਦੀਆਂ ਅੱਖਾਂ 'ਤੇ ਥੁੱਕਿਆ ਅਤੇ ਉਸ ਉੱਤੇ ਹੱਥ ਰੱਖ ਕੇ ਉਸ ਨੂੰ ਪੁੱਛਿਆ,“ਕੀ ਤੈਨੂੰ ਕੁਝ ਵਿਖਾਈ ਦਿੰਦਾ ਹੈ?” 24ਉਸ ਨੇ ਅੱਖਾਂ ਚੁੱਕ ਕੇ ਕਿਹਾ, “ਮੈਂ ਮਨੁੱਖਾਂ ਨੂੰ ਵੇਖਦਾ ਹਾਂ ਜੋ ਮੈਨੂੰ ਚੱਲਦੇ ਫਿਰਦੇ ਦਰਖ਼ਤਾਂ ਵਾਂਗ ਦਿਸਦੇ ਹਨ।” 25ਯਿਸੂ ਨੇ ਫੇਰ ਉਸ ਦੀਆਂ ਅੱਖਾਂ ਉੱਤੇ ਹੱਥ ਰੱਖੇ ਅਤੇ ਉਸ ਨੇ ਨਜ਼ਰ ਟਿਕਾ ਕੇ ਵੇਖਿਆ, ਤਾਂ ਉਹ ਸੁਜਾਖਾ ਹੋ ਕੇ ਸਭ ਕੁਝ ਸਾਫ-ਸਾਫ ਵੇਖਣ ਲੱਗਾ। 26ਤਦ ਯਿਸੂ ਨੇ ਉਸ ਨੂੰ ਇਹ ਕਹਿ ਕੇ ਉਸ ਦੇ ਘਰ ਭੇਜ ਦਿੱਤਾ,“ਤੂੰ ਇਸ ਪਿੰਡ ਵਿੱਚ ਪ੍ਰਵੇਸ਼ ਨਾ ਕਰੀਂ#8:26 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਨਾ ਹੀ ਇਸ ਪਿੰਡ ਵਿੱਚ ਕਿਸੇ ਨੂੰ ਦੱਸੀਂ” ਲਿਖਿਆ ਹੈ।।”
ਪਤਰਸ ਦਾ ਯਿਸੂ ਨੂੰ ਮਸੀਹ ਮੰਨਣਾ
27ਫਿਰ ਯਿਸੂ ਅਤੇ ਉਸ ਦੇ ਚੇਲੇ ਕੈਸਰਿਯਾ ਫ਼ਿਲਿੱਪੀ ਦੇ ਪਿੰਡਾਂ ਵਿੱਚ ਗਏ ਅਤੇ ਰਾਹ ਵਿੱਚ ਉਸ ਨੇ ਆਪਣੇ ਚੇਲਿਆਂ ਨੂੰ ਪੁੱਛਿਆ,“ਲੋਕ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ?” 28ਉਨ੍ਹਾਂ ਉਸ ਨੂੰ ਉੱਤਰ ਦਿੱਤਾ, “ਯੂਹੰਨਾ ਬਪਤਿਸਮਾ ਦੇਣ ਵਾਲਾ, ਪਰ ਕਈ ਏਲੀਯਾਹ ਅਤੇ ਕਈ ਨਬੀਆਂ ਵਿੱਚੋਂ ਇੱਕ।” 29ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ,“ਪਰ ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?” ਪਤਰਸ ਨੇ ਉਸ ਨੂੰ ਉੱਤਰ ਦਿੱਤਾ, “ਤੂੰ ਮਸੀਹ ਹੈਂ!” 30ਤਦ ਉਸ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਉਸ ਦੇ ਬਾਰੇ ਕਿਸੇ ਨੂੰ ਨਾ ਦੱਸਣ।
ਯਿਸੂ ਦੁਆਰਾ ਆਪਣੀ ਮੌਤ ਅਤੇ ਫਿਰ ਜੀ ਉੱਠਣ ਬਾਰੇ ਭਵਿੱਖਬਾਣੀ
31ਫਿਰ ਉਹ ਉਨ੍ਹਾਂ ਨੂੰ ਸਿਖਾਉਣ ਲੱਗਾ ਕਿਜ਼ਰੂਰ ਹੈ ਜੋ ਮਨੁੱਖ ਦਾ ਪੁੱਤਰ ਬਹੁਤ ਦੁੱਖ ਝੱਲੇ ਅਤੇ ਬਜ਼ੁਰਗਾਂ#8:31 ਅਰਥਾਤ ਯਹੂਦੀ ਆਗੂਆਂ, ਪ੍ਰਧਾਨ ਯਾਜਕਾਂ ਅਤੇ ਸ਼ਾਸਤਰੀਆਂ ਦੁਆਰਾ ਰੱਦਿਆ ਜਾਵੇ ਤੇ ਮਾਰ ਦਿੱਤਾ ਜਾਵੇ ਅਤੇ ਤਿੰਨਾਂ ਦਿਨਾਂ ਬਾਅਦ ਜੀ ਉੱਠੇ। 32ਉਸ ਨੇ ਇਹ ਗੱਲ ਸਾਫ-ਸਾਫ ਕਹੀ। ਤਦ ਪਤਰਸ ਉਸ ਨੂੰ ਅਲੱਗ ਲਿਜਾ ਕੇ ਝਿੜਕਣ ਲੱਗਾ। 33ਪਰ ਉਸ ਨੇ ਪਿੱਛੇ ਮੁੜ ਕੇ ਆਪਣੇ ਚੇਲਿਆਂ ਵੱਲ ਵੇਖਿਆ ਅਤੇ ਪਤਰਸ ਨੂੰ ਝਿੜਕਦੇ ਹੋਏ ਕਿਹਾ,“ਹੇ ਸ਼ੈਤਾਨ, ਮੇਰੇ ਤੋਂ ਪਿੱਛੇ ਹਟ! ਕਿਉਂਕਿ ਤੂੰ ਪਰਮੇਸ਼ਰ ਦੀਆਂ ਗੱਲਾਂ 'ਤੇ ਨਹੀਂ, ਸਗੋਂ ਮਨੁੱਖਾਂ ਦੀਆਂ ਗੱਲਾਂ 'ਤੇ ਮਨ ਲਾਉਂਦਾ ਹੈਂ।”
ਯਿਸੂ ਦੇ ਪਿੱਛੇ ਚੱਲਣ ਦਾ ਅਰਥ
34ਫਿਰ ਉਸ ਨੇ ਭੀੜ ਨੂੰ ਆਪਣੇ ਚੇਲਿਆਂ ਸਮੇਤ ਕੋਲ ਬੁਲਾ ਕੇ ਉਨ੍ਹਾਂ ਨੂੰ ਕਿਹਾ,“ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। 35ਕਿਉਂਕਿ ਜੋ ਕੋਈ ਆਪਣੀ ਜਾਨ ਬਚਾਉਣੀ ਚਾਹੇ, ਉਹ ਉਸ ਨੂੰ ਗੁਆਵੇਗਾ ਪਰ ਜੋ ਕੋਈ ਮੇਰੇ ਅਤੇ ਖੁਸ਼ਖ਼ਬਰੀ ਦੇ ਕਾਰਨ ਆਪਣੀ ਜਾਨ ਗੁਆਵੇ, ਉਹ ਉਸ ਨੂੰ ਬਚਾਵੇਗਾ। 36ਕਿਉਂਕਿ ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕਮਾਵੇ, ਪਰ ਆਪਣੀ ਜਾਨ ਗੁਆ ਬੈਠੇ? 37ਜਾਂ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ? 38ਇਸ ਵਿਭਚਾਰੀ ਅਤੇ ਪਾਪੀ ਪੀੜ੍ਹੀ ਵਿੱਚ ਜੋ ਕੋਈ ਮੇਰੇ ਤੋਂ ਅਤੇ ਮੇਰੇ ਵਚਨਾਂ ਤੋਂ ਸ਼ਰਮਾਵੇਗਾ, ਮਨੁੱਖ ਦਾ ਪੁੱਤਰ ਵੀ ਜਦੋਂ ਉਹ ਪਵਿੱਤਰ ਸਵਰਗਦੂਤਾਂ ਨਾਲ ਆਪਣੇ ਪਿਤਾ ਦੇ ਤੇਜ ਵਿੱਚ ਆਵੇਗਾ, ਉਸ ਤੋਂ ਸ਼ਰਮਾਵੇਗਾ।”

Currently Selected:

ਮਰਕੁਸ 8: PSB

Highlight

Share

Copy

None

Want to have your highlights saved across all your devices? Sign up or sign in