ਮਰਕੁਸ 3
3
ਸੁੱਕੇ ਹੱਥ ਵਾਲੇ ਮਨੁੱਖ ਨੂੰ ਚੰਗਾ ਕਰਨਾ
1ਯਿਸੂ ਫੇਰ ਸਭਾ-ਘਰ ਵਿੱਚ ਗਿਆ ਅਤੇ ਉੱਥੇ ਇੱਕ ਮਨੁੱਖ ਸੀ ਜਿਸ ਦਾ ਹੱਥ ਸੁੱਕਾ ਹੋਇਆ ਸੀ 2ਅਤੇ ਫ਼ਰੀਸੀ ਉਸ ਦੀ ਤਾਕ ਵਿੱਚ ਸਨ ਕਿ ਉਹ ਸਬਤ ਦੇ ਦਿਨ ਉਸ ਨੂੰ ਚੰਗਾ ਕਰੇ ਤਾਂਕਿ ਉਹ ਉਸ ਉੱਤੇ ਦੋਸ਼ ਲਾ ਸਕਣ। 3ਉਸ ਨੇ ਉਸ ਸੁੱਕੇ ਹੱਥ ਵਾਲੇ ਮਨੁੱਖ ਨੂੰ ਕਿਹਾ,“ਵਿਚਕਾਰ ਖੜ੍ਹਾ ਹੋ ਜਾ।” 4ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ,“ਸਬਤ ਦੇ ਦਿਨ ਕੀ ਕਰਨਾ ਯੋਗ ਹੈ; ਭਲਾ ਕਰਨਾ ਜਾਂ ਬੁਰਾ ਕਰਨਾ, ਜੀਵਨ ਬਚਾਉਣਾ ਜਾਂ ਨਾਸ ਕਰਨਾ?” ਪਰ ਉਹ ਚੁੱਪ ਰਹੇ। 5ਤਦ ਉਸ ਨੇ ਉਨ੍ਹਾਂ ਦੇ ਦਿਲ ਦੀ ਕਠੋਰਤਾ 'ਤੇ ਦੁਖੀ ਹੁੰਦੇ ਹੋਏ ਗੁੱਸੇ ਨਾਲ ਉਨ੍ਹਾਂ ਵੱਲ ਚਾਰੇ-ਪਾਸੇ ਵੇਖਿਆ ਅਤੇ ਉਸ ਮਨੁੱਖ ਨੂੰ ਕਿਹਾ,“ਆਪਣਾ ਹੱਥ ਅੱਗੇ ਵਧਾ।” ਤਦ ਉਸ ਨੇ ਅੱਗੇ ਵਧਾਇਆ ਅਤੇ ਉਸ ਦਾ ਹੱਥ#3:5 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਦੂਜੇ ਹੱਥ ਵਰਗਾ” ਲਿਖਿਆ ਹੈ। ਚੰਗਾ ਹੋ ਗਿਆ। 6ਤਦ ਫ਼ਰੀਸੀ ਬਾਹਰ ਜਾ ਕੇ ਤੁਰੰਤ ਹੇਰੋਦੀਆਂ#3:6 ਹੇਰੋਦੀ ਅਰਥਾਤ ਇੱਕ ਯਹੂਦੀ ਰਾਜਨੀਤਿਕ ਦਲ ਜੋ ਰੋਮੀ ਰਾਜਪਾਲ ਦੀ ਬਜਾਏ ਰਾਜਾ ਹੇਰੋਦੇਸ ਦੇ ਵੰਸ਼ ਦਾ ਸਮਰਥਨ ਕਰਦਾ ਸੀ। ਨਾਲ ਉਸ ਦੇ ਵਿਰੁੱਧ ਮਤਾ ਪਕਾਉਣ ਲੱਗੇ ਕਿ ਕਿਸ ਤਰ੍ਹਾਂ ਉਸ ਦਾ ਨਾਸ ਕਰਨ।
ਝੀਲ ਦੇ ਕਿਨਾਰੇ ਭੀੜ ਅਤੇ ਯਿਸੂ
7ਫਿਰ ਯਿਸੂ ਆਪਣੇ ਚੇਲਿਆਂ ਨਾਲ ਝੀਲ ਵੱਲ ਚਲਾ ਗਿਆ ਅਤੇ ਗਲੀਲ ਤੋਂ ਇੱਕ ਵੱਡੀ ਭੀੜ ਉਸ ਦੇ ਪਿੱਛੇ ਚੱਲ ਪਈ ਅਤੇ ਯਹੂਦਿਯਾ, 8ਯਰੂਸ਼ਲਮ, ਅਦੂਮ, ਯਰਦਨ ਦੇ ਪਾਰੋਂ ਅਤੇ ਸੂਰ ਅਤੇ ਸੈਦਾ ਦੇ ਆਲੇ-ਦੁਆਲਿਓਂ ਇੱਕ ਵੱਡੀ ਭੀੜ ਉਨ੍ਹਾਂ ਸਭ ਕੰਮਾਂ ਬਾਰੇ ਸੁਣ ਕੇ ਜੋ ਉਹ ਕਰ ਰਿਹਾ ਸੀ, ਉਸ ਕੋਲ ਆਈ। 9ਤਦ ਭੀੜ ਦੇ ਕਾਰਨ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਮੇਰੇ ਲਈ ਇੱਕ ਕਿਸ਼ਤੀ ਤਿਆਰ ਰੱਖੋ ਤਾਂਕਿ ਲੋਕ ਮੈਨੂੰ ਦਬਾ ਨਾ ਲੈਣ। 10ਕਿਉਂਕਿ ਯਿਸੂ ਨੇ ਬਹੁਤਿਆਂ ਨੂੰ ਚੰਗਾ ਕੀਤਾ ਸੀ, ਇਸ ਲਈ ਜਿੰਨੇ ਰੋਗੀ ਸਨ ਉਸ ਨੂੰ ਛੂਹਣ ਲਈ ਉਸ ਉੱਤੇ ਡਿੱਗਦੇ ਜਾਂਦੇ ਸਨ। 11ਜਦੋਂ ਭ੍ਰਿਸ਼ਟ ਆਤਮਾਵਾਂ ਨੇ ਉਸ ਨੂੰ ਵੇਖਿਆ ਤਾਂ ਉਸ ਦੇ ਸਾਹਮਣੇ ਡਿੱਗ ਪਈਆਂ ਅਤੇ ਚੀਕਦੀਆਂ ਹੋਈਆਂ ਕਹਿਣ ਲੱਗੀਆਂ, “ਤੂੰ ਪਰਮੇਸ਼ਰ ਦਾ ਪੁੱਤਰ ਹੈਂ!” 12ਪਰ ਉਸ ਨੇ ਉਨ੍ਹਾਂ ਨੂੰ ਸਖ਼ਤੀ ਨਾਲ ਝਿੜਕਿਆ ਕਿ ਉਹ ਉਸ ਨੂੰ ਪਰਗਟ ਨਾ ਕਰਨ।
ਬਾਰ੍ਹਾਂ ਦਾ ਰਸੂਲ ਨਿਯੁਕਤ ਕੀਤਾ ਜਾਣਾ
13ਫਿਰ ਉਹ ਪਹਾੜ ਉੱਤੇ ਚੜ੍ਹ ਗਿਆ ਅਤੇ ਜਿਨ੍ਹਾਂ ਨੂੰ ਉਹ ਚਾਹੁੰਦਾ ਸੀ, ਕੋਲ ਬੁਲਾਇਆ ਅਤੇ ਉਹ ਉਸ ਕੋਲ ਆਏ। 14ਤਦ ਉਸ ਨੇ ਬਾਰ੍ਹਾਂ ਨੂੰ ਨਿਯੁਕਤ ਕੀਤਾ [ਜਿਨ੍ਹਾਂ ਨੂੰ ਉਸ ਨੇ “ਰਸੂਲ” ਨਾਮ ਵੀ ਦਿੱਤਾ] ਤਾਂਕਿ ਉਹ ਉਸ ਦੇ ਨਾਲ ਰਹਿਣ ਅਤੇ ਉਹ ਉਨ੍ਹਾਂ ਨੂੰ ਪ੍ਰਚਾਰ ਲਈ ਭੇਜੇ 15ਅਤੇ ਉਨ੍ਹਾਂ ਕੋਲ#3:15 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਬਿਮਾਰਾਂ ਨੂੰ ਚੰਗਾ ਕਰਨ ਅਤੇ” ਲਿਖਿਆ ਹੈ। ਦੁਸ਼ਟ ਆਤਮਾਵਾਂ ਨੂੰ ਕੱਢਣ ਦਾ ਅਧਿਕਾਰ ਹੋਵੇ। 16ਉਸ ਨੇ ਇਨ੍ਹਾਂ ਬਾਰ੍ਹਾਂ ਨੂੰ ਨਿਯੁਕਤ ਕੀਤਾ: ਸ਼ਮਊਨ ਜਿਸ ਦਾ ਨਾਮ ਉਸ ਨੇ ਪਤਰਸ ਰੱਖਿਆ 17ਅਤੇ ਜ਼ਬਦੀ ਦਾ ਪੁੱਤਰ ਯਾਕੂਬ ਅਤੇ ਯਾਕੂਬ ਦਾ ਭਰਾ ਯੂਹੰਨਾ ਜਿਨ੍ਹਾਂ ਦਾ ਨਾਮ ਉਸ ਨੇ ਬਨੀਰੋਗਿਜ਼ ਰੱਖਿਆ ਜਿਸ ਦਾ ਅਰਥ ਹੈ-ਗਰਜਣ ਦੇ ਪੁੱਤਰ, 18ਅੰਦ੍ਰਿਯਾਸ, ਫ਼ਿਲਿੱਪੁਸ, ਬਰਥੁਲਮਈ, ਮੱਤੀ, ਥੋਮਾ, ਹਲਫ਼ਾ ਦਾ ਪੁੱਤਰ ਯਾਕੂਬ, ਥੱਦਈ, ਸ਼ਮਊਨ ਕਨਾਨੀ 19ਅਤੇ ਯਹੂਦਾ ਇਸਕਰਿਯੋਤੀ ਜਿਸ ਨੇ ਉਸ ਨੂੰ ਫੜਵਾ ਵੀ ਦਿੱਤਾ।
ਪਵਿੱਤਰ ਆਤਮਾ ਦੇ ਵਿਰੁੱਧ ਨਿੰਦਾ
20ਤਦ ਉਹ ਘਰ ਵਿੱਚ ਆਇਆ ਅਤੇ ਭੀੜ ਫੇਰ ਇਕੱਠੀ ਹੋ ਗਈ ਜਿਸ ਕਰਕੇ ਉਹ ਰੋਟੀ ਵੀ ਨਾ ਖਾ ਸਕੇ। 21ਇਹ ਸੁਣ ਕੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਫੜਨ ਲਈ ਨਿੱਕਲੇ, ਕਿਉਂਕਿ ਉਹ ਕਹਿ ਰਹੇ ਸਨ ਕਿ ਉਹ ਆਪਣਾ ਦਿਮਾਗੀ ਸੰਤੁਲਨ ਗੁਆ ਬੈਠਾ ਹੈ। 22ਯਰੂਸ਼ਲਮ ਤੋਂ ਆਏ ਸ਼ਾਸਤਰੀ ਇਹ ਕਹਿ ਰਹੇ ਸਨ, “ਉਸ ਵਿੱਚ ਬਆਲਜ਼ਬੂਲ ਹੈ ਅਤੇ ਉਹ ਦੁਸ਼ਟ ਆਤਮਾਵਾਂ ਦੇ ਪ੍ਰਧਾਨ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹੈ।”
23ਤਦ ਉਹ ਉਨ੍ਹਾਂ ਨੂੰ ਕੋਲ ਬੁਲਾ ਕੇ ਦ੍ਰਿਸ਼ਟਾਂਤਾਂ ਵਿੱਚ ਕਹਿਣ ਲੱਗਾ,“ਸ਼ੈਤਾਨ ਕਿਵੇਂ ਸ਼ੈਤਾਨ ਨੂੰ ਕੱਢ ਸਕਦਾ ਹੈ? 24ਜੇ ਕਿਸੇ ਰਾਜ ਵਿੱਚ ਫੁੱਟ ਪੈ ਜਾਵੇ ਤਾਂ ਉਹ ਰਾਜ ਕਾਇਮ ਨਹੀਂ ਰਹਿ ਸਕਦਾ। 25ਜੇ ਕਿਸੇ ਘਰ ਵਿੱਚ ਫੁੱਟ ਪੈ ਜਾਵੇ ਤਾਂ ਉਹ ਘਰ ਕਾਇਮ ਨਹੀਂ ਰਹਿ ਸਕਦਾ। 26ਜੇ ਸ਼ੈਤਾਨ ਆਪਣੇ ਹੀ ਵਿਰੁੱਧ ਉੱਠੇ ਅਤੇ ਉਸ ਵਿੱਚ ਫੁੱਟ ਪੈ ਜਾਵੇ ਤਾਂ ਉਹ ਕਾਇਮ ਨਹੀਂ ਰਹਿ ਸਕਦਾ ਸਗੋਂ ਉਸ ਦਾ ਅੰਤ ਆ ਗਿਆ ਹੈ। 27ਕੋਈ ਕਿਸੇ ਤਾਕਤਵਰ ਦੇ ਘਰ ਵਿੱਚ ਦਾਖਲ ਹੋ ਕੇ ਉਸ ਦਾ ਸਮਾਨ ਨਹੀਂ ਲੁੱਟ ਸਕਦਾ ਜਦੋਂ ਤੱਕ ਉਹ ਪਹਿਲਾਂ ਉਸ ਤਾਕਤਵਰ ਨੂੰ ਬੰਨ੍ਹ ਨਾ ਲਵੇ ਅਤੇ ਫਿਰ ਉਹ ਉਸ ਦਾ ਘਰ ਲੁੱਟ ਸਕੇਗਾ।
28 “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮਨੁੱਖਾਂ ਦੇ ਪੁੱਤਰਾਂ ਨੂੰ ਪਾਪ ਅਤੇ ਨਿੰਦਾ ਜੋ ਵੀ ਉਹ ਕਰਨ, ਸਭ ਮਾਫ਼ ਕੀਤਾ ਜਾਵੇਗਾ, 29ਪਰ ਜੋ ਕੋਈ ਪਵਿੱਤਰ ਆਤਮਾ ਦੀ ਨਿੰਦਾ ਕਰੇ ਉਸ ਲਈ ਕਦੇ ਮਾਫ਼ੀ ਨਹੀਂ ਹੈ ਸਗੋਂ ਉਹ ਸਦੀਪਕ ਪਾਪ ਦਾ ਦੋਸ਼ੀ ਹੈ।” 30ਕਿਉਂਕਿ ਉਹ ਕਹਿ ਰਹੇ ਸਨ, “ਉਸ ਵਿੱਚ ਭ੍ਰਿਸ਼ਟ ਆਤਮਾ ਹੈ।”
ਯਿਸੂ ਦੀ ਮਾਤਾ ਅਤੇ ਭਰਾ
31ਤਦ ਉਸ ਦੀ ਮਾਤਾ ਅਤੇ ਉਸ ਦੇ ਭਰਾ ਆਏ ਅਤੇ ਬਾਹਰ ਖੜ੍ਹੇ ਰਹਿ ਕੇ ਉਸ ਨੂੰ ਬੁਲਾਉਣ ਲਈ ਕਿਸੇ ਨੂੰ ਭੇਜਿਆ। 32ਲੋਕ ਉਸ ਦੇ ਆਲੇ-ਦੁਆਲੇ ਬੈਠੇ ਹੋਏ ਸਨ ਅਤੇ ਉਨ੍ਹਾਂ ਨੇ ਉਸ ਨੂੰ ਕਿਹਾ, “ਵੇਖ, ਤੇਰੀ ਮਾਤਾ, ਤੇਰੇ ਭਰਾ ਅਤੇ ਤੇਰੀਆਂ ਭੈਣਾਂ ਬਾਹਰ ਤੈਨੂੰ ਲੱਭਦੇ ਹਨ।” 33ਉਸ ਨੇ ਉਨ੍ਹਾਂ ਨੂੰ ਕਿਹਾ,“ਕੌਣ ਹੈ ਮੇਰੀ ਮਾਤਾ ਅਤੇ ਮੇਰੇ ਭਰਾ?” 34ਫਿਰ ਉਸ ਨੇ ਆਪਣੇ ਚਾਰੇ-ਪਾਸੇ ਬੈਠੇ ਲੋਕਾਂ ਵੱਲ ਵੇਖ ਕੇ ਕਿਹਾ,“ਵੇਖੋ, ਮੇਰੀ ਮਾਤਾ ਅਤੇ ਮੇਰੇ ਭਰਾ! 35ਕਿਉਂਕਿ ਜੋ ਕੋਈ ਪਰਮੇਸ਼ਰ ਦੀ ਇੱਛਾ 'ਤੇ ਚੱਲਦਾ ਹੈ, ਉਹੀ ਮੇਰਾ ਭਰਾ, ਮੇਰੀ ਭੈਣ ਅਤੇ ਮੇਰੀ ਮਾਤਾ ਹੈ।”
Currently Selected:
ਮਰਕੁਸ 3: PSB
Highlight
Share
Copy

Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative