YouVersion Logo
Search Icon

ਮੱਤੀ 25

25
ਦਸ ਕੁਆਰੀਆਂ ਦਾ ਦ੍ਰਿਸ਼ਟਾਂਤ
1 “ਸਵਰਗ ਦਾ ਰਾਜ ਉਨ੍ਹਾਂ ਦਸਾਂ ਕੁਆਰੀਆਂ ਵਰਗਾ ਹੋਵੇਗਾ ਜਿਹੜੀਆਂ ਆਪਣੀਆਂ ਮਸ਼ਾਲਾਂ ਲੈ ਕੇ ਲਾੜੇ ਨੂੰ ਮਿਲਣ ਲਈ ਨਿੱਕਲੀਆਂ। 2ਉਨ੍ਹਾਂ ਵਿੱਚੋਂ ਪੰਜ ਮੂਰਖ ਅਤੇ ਪੰਜ ਬੁੱਧਵਾਨ ਸਨ। 3ਕਿਉਂਕਿ ਮੂਰਖਾਂ ਨੇ ਆਪਣੀਆਂ ਮਸ਼ਾਲਾਂ ਤਾਂ ਲਈਆਂ ਪਰ ਆਪਣੇ ਨਾਲ ਤੇਲ ਨਾ ਲਿਆ, 4ਪਰ ਬੁੱਧਵਾਨਾਂ ਨੇ ਆਪਣੀਆਂ ਮਸ਼ਾਲਾਂ ਦੇ ਨਾਲ ਬਰਤਨਾਂ ਵਿੱਚ ਤੇਲ ਵੀ ਲਿਆ। 5ਜਦੋਂ ਲਾੜੇ ਦੇ ਆਉਣ ਵਿੱਚ ਦੇਰ ਹੋਈ ਤਾਂ ਸਾਰੀਆਂ ਊਂਘਣ ਲੱਗੀਆਂ ਅਤੇ ਸੌਂ ਗਈਆਂ। 6ਫਿਰ ਅੱਧੀ ਰਾਤ ਨੂੰ ਧੁੰਮ ਪਈ, ‘ਵੇਖੋ ਲਾੜਾ ਆ ਰਿਹਾ ਹੈ, ਉਸ ਦੇ ਮਿਲਣ ਲਈ ਨਿੱਕਲੋ’। 7ਤਦ ਉਨ੍ਹਾਂ ਸਾਰੀਆਂ ਕੁਆਰੀਆਂ ਨੇ ਉੱਠ ਕੇ ਆਪਣੀਆਂ ਮਸ਼ਾਲਾਂ ਤਿਆਰ ਕੀਤੀਆਂ। 8ਪਰ ਮੂਰਖਾਂ ਨੇ ਬੁੱਧਵਾਨਾਂ ਨੂੰ ਕਿਹਾ, ‘ਆਪਣੇ ਤੇਲ ਵਿੱਚੋਂ ਕੁਝ ਸਾਨੂੰ ਵੀ ਦਿਓ, ਕਿਉਂਕਿ ਸਾਡੀਆਂ ਮਸ਼ਾਲਾਂ ਬੁਝਦੀਆਂ ਜਾਂਦੀਆਂ ਹਨ’। 9ਪਰ ਬੁੱਧਵਾਨਾਂ ਨੇ ਕਿਹਾ, ‘ਬਿਲਕੁਲ ਨਹੀਂ! ਇਹ ਸਾਡੇ ਅਤੇ ਤੁਹਾਡੇ ਲਈ ਪੂਰਾ ਨਹੀਂ ਹੋਵੇਗਾ; ਤੁਸੀਂ ਵੇਚਣ ਵਾਲਿਆਂ ਕੋਲ ਜਾ ਕੇ ਆਪਣੇ ਲਈ ਖਰੀਦ ਲਵੋ’। 10ਜਦੋਂ ਉਹ ਖਰੀਦਣ ਜਾ ਰਹੀਆਂ ਸਨ ਤਾਂ ਲਾੜਾ ਆ ਪਹੁੰਚਿਆ ਅਤੇ ਜਿਹੜੀਆਂ ਤਿਆਰ ਸਨ, ਉਸ ਦੇ ਨਾਲ ਵਿਆਹ ਵਿੱਚ ਅੰਦਰ ਚੱਲੀਆਂ ਗਈਆਂ ਅਤੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ। 11ਇਸ ਤੋਂ ਬਾਅਦ ਦੂਜੀਆਂ ਕੁਆਰੀਆਂ ਵੀ ਆਈਆਂ ਅਤੇ ਕਹਿਣ ਲੱਗੀਆਂ, ‘ਸ੍ਰੀ ਮਾਨ ਜੀ! ਸ੍ਰੀ ਮਾਨ ਜੀ! ਸਾਡੇ ਲਈ ਬੂਹਾ ਖੋਲ੍ਹ ਦਿਓ’। 12ਪਰ ਉਸ ਨੇ ਕਿਹਾ, ‘ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮੈਂ ਤੁਹਾਨੂੰ ਨਹੀਂ ਜਾਣਦਾ’। 13ਇਸ ਲਈ ਜਾਗਦੇ ਰਹੋ, ਕਿਉਂਕਿ ਤੁਸੀਂ ਨਾ ਉਸ ਦਿਨ ਨੂੰ ਅਤੇ ਨਾ ਉਸ ਘੜੀ ਨੂੰ ਜਾਣਦੇ ਹੋ#25:13 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜਿਸ ਵਿੱਚ ਮਨੁੱਖ ਦਾ ਪੁੱਤਰ ਆਉਂਦਾ ਹੈ” ਲਿਖਿਆ ਹੈ।
ਤੋੜਿਆਂ ਦਾ ਦ੍ਰਿਸ਼ਟਾਂਤ
14 “ਇਹ ਗੱਲ ਉਸ ਮਨੁੱਖ ਵਾਂਗ ਹੈ ਜਿਸ ਨੇ ਪਰਦੇਸ ਜਾਣ ਲੱਗਿਆਂ ਆਪਣੇ ਦਾਸਾਂ ਨੂੰ ਬੁਲਾਇਆ ਅਤੇ ਆਪਣੀ ਸੰਪਤੀ ਉਨ੍ਹਾਂ ਨੂੰ ਸੌਂਪ ਦਿੱਤੀ। 15ਉਸ ਨੇ ਇੱਕ ਨੂੰ ਪੰਜ ਤੋੜੇ#25:15 1 ਤੋੜਾ = ਲਗਭਗ 6,000 ਦੀਨਾਰ, 1 ਦੀਨਾਰ = ਇੱਕ ਦਿਨ ਦੀ ਮਜ਼ਦੂਰੀ, ਦੂਜੇ ਨੂੰ ਦੋ ਅਤੇ ਤੀਜੇ ਨੂੰ ਇੱਕ ਅਰਥਾਤ ਹਰੇਕ ਨੂੰ ਉਸ ਦੀ ਯੋਗਤਾ ਅਨੁਸਾਰ ਦਿੱਤਾ ਅਤੇ ਪਰਦੇਸ ਚਲਾ ਗਿਆ। 16ਜਿਸ ਨੂੰ ਪੰਜ ਤੋੜੇ ਮਿਲੇ ਸਨ, ਉਸ ਨੇ ਤੁਰੰਤ ਜਾ ਕੇ ਉਨ੍ਹਾਂ ਨਾਲ ਵਪਾਰ ਕੀਤਾ ਅਤੇ ਪੰਜ ਹੋਰ ਕਮਾ ਲਏ। 17ਇਸੇ ਤਰ੍ਹਾਂ ਜਿਸ ਨੂੰ ਦੋ ਮਿਲੇ ਸਨ, ਉਸ ਨੇ ਵੀ ਦੋ ਹੋਰ ਕਮਾ ਲਏ। 18ਪਰ ਜਿਸ ਨੂੰ ਇੱਕ ਮਿਲਿਆ ਸੀ, ਉਸ ਨੇ ਜਾ ਕੇ ਟੋਆ ਪੁੱਟਿਆ ਅਤੇ ਆਪਣੇ ਮਾਲਕ ਦਾ ਪੈਸਾ ਲੁਕਾ ਦਿੱਤਾ।
19 “ਬਹੁਤ ਸਮੇਂ ਬਾਅਦ ਉਨ੍ਹਾਂ ਦਾਸਾਂ ਦਾ ਮਾਲਕ ਆਇਆ ਅਤੇ ਉਨ੍ਹਾਂ ਤੋਂ ਹਿਸਾਬ ਲੈਣ ਲੱਗਾ। 20ਜਿਸ ਨੂੰ ਪੰਜ ਤੋੜੇ ਮਿਲੇ ਸਨ ਉਹ ਪੰਜ ਤੋੜੇ ਹੋਰ ਲਿਆਇਆ ਅਤੇ ਕਹਿਣ ਲੱਗਾ, ‘ਸੁਆਮੀ ਜੀ, ਤੁਸੀਂ ਮੈਨੂੰ ਪੰਜ ਤੋੜੇ ਸੌਂਪੇ ਸਨ; ਵੇਖੋ, ਮੈਂ ਪੰਜ ਤੋੜੇ ਹੋਰ ਕਮਾਏ’। 21ਉਸ ਦੇ ਮਾਲਕ ਨੇ ਉਸ ਨੂੰ ਕਿਹਾ, ‘ਸ਼ਾਬਾਸ਼, ਚੰਗੇ ਅਤੇ ਵਿਸ਼ਵਾਸਯੋਗ ਦਾਸ! ਤੂੰ ਥੋੜ੍ਹੇ ਵਿੱਚ ਵਿਸ਼ਵਾਸਯੋਗ ਰਿਹਾ, ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰੀ ਠਹਿਰਾਵਾਂਗਾ; ਆਪਣੇ ਮਾਲਕ ਦੇ ਅਨੰਦ ਵਿੱਚ ਸ਼ਾਮਲ ਹੋ’। 22ਜਿਸ ਨੂੰ ਦੋ ਤੋੜੇ ਮਿਲੇ ਸਨ, ਉਸ ਨੇ ਵੀ ਕੋਲ ਆ ਕੇ ਕਿਹਾ, ‘ਸੁਆਮੀ ਜੀ, ਤੁਸੀਂ ਮੈਨੂੰ ਦੋ ਤੋੜੇ ਸੌਂਪੇ ਸਨ; ਵੇਖੋ, ਮੈਂ ਦੋ ਤੋੜੇ ਹੋਰ ਕਮਾਏ’। 23ਉਸ ਦੇ ਮਾਲਕ ਨੇ ਉਸ ਨੂੰ ਕਿਹਾ, ‘ਸ਼ਾਬਾਸ਼, ਚੰਗੇ ਅਤੇ ਵਿਸ਼ਵਾਸਯੋਗ ਦਾਸ! ਤੂੰ ਥੋੜ੍ਹੇ ਵਿੱਚ ਵਿਸ਼ਵਾਸਯੋਗ ਰਿਹਾ, ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰੀ ਠਹਿਰਾਵਾਂਗਾ; ਆਪਣੇ ਮਾਲਕ ਦੇ ਅਨੰਦ ਵਿੱਚ ਸ਼ਾਮਲ ਹੋ’। 24ਫਿਰ ਜਿਸ ਨੂੰ ਇੱਕ ਤੋੜਾ ਮਿਲਿਆ ਸੀ, ਉਸ ਨੇ ਵੀ ਕੋਲ ਆ ਕੇ ਕਿਹਾ, ‘ਸੁਆਮੀ ਜੀ, ਮੈਂ ਤੁਹਾਨੂੰ ਜਾਣਦਾ ਸੀ ਕਿ ਤੁਸੀਂ ਸਖ਼ਤ ਮਨੁੱਖ ਹੋ; ਜਿੱਥੇ ਤੁਸੀਂ ਨਹੀਂ ਬੀਜਿਆ ਉੱਥੋਂ ਵੱਢਦੇ ਹੋ ਅਤੇ ਜਿੱਥੇ ਨਹੀਂ ਖਿੰਡਾਇਆ ਉੱਥੋਂ ਇਕੱਠਾ ਕਰਦੇ ਹੋ; 25ਇਸ ਲਈ ਮੈਂ ਡਰਿਆ ਅਤੇ ਜਾ ਕੇ ਤੁਹਾਡਾ ਤੋੜਾ ਮਿੱਟੀ ਵਿੱਚ ਲੁਕਾ ਦਿੱਤਾ; ਵੇਖੋ, ਇਹ ਰਿਹਾ ਤੁਹਾਡਾ ਤੋੜਾ’। 26ਉਸ ਦੇ ਮਾਲਕ ਨੇ ਉਸ ਨੂੰ ਕਿਹਾ, ‘ਓਏ ਦੁਸ਼ਟ ਅਤੇ ਆਲਸੀ ਦਾਸ! ਜਦੋਂ ਤੂੰ ਜਾਣਦਾ ਸੀ ਕਿ ਜਿੱਥੇ ਮੈਂ ਨਹੀਂ ਬੀਜਦਾ ਉੱਥੋਂ ਵੱਢਦਾ ਹਾਂ ਅਤੇ ਜਿੱਥੇ ਨਹੀਂ ਖਿੰਡਾਉਂਦਾ ਉੱਥੋਂ ਇਕੱਠਾ ਕਰਦਾ ਹਾਂ; 27ਫਿਰ ਤਾਂ ਤੈਨੂੰ ਚਾਹੀਦਾ ਸੀ ਕਿ ਮੇਰਾ ਧਨ ਸ਼ਾਹੂਕਾਰਾਂ ਕੋਲ ਰੱਖ ਦਿੰਦਾ ਅਤੇ ਮੈਂ ਆ ਕੇ ਇਸ ਨੂੰ ਵਿਆਜ ਸਮੇਤ ਲੈ ਲੈਂਦਾ। 28ਇਸ ਲਈ ਇਹ ਤੋੜਾ ਇਸ ਤੋਂ ਲੈ ਲਵੋ ਅਤੇ ਜਿਸ ਕੋਲ ਦਸ ਤੋੜੇ ਹਨ, ਉਸ ਨੂੰ ਦੇ ਦਿਓ; 29ਕਿਉਂਕਿ ਹਰੇਕ ਜਿਸ ਕੋਲ ਹੈ ਉਸ ਨੂੰ ਹੋਰ ਦਿੱਤਾ ਜਾਵੇਗਾ ਅਤੇ ਉਸ ਕੋਲ ਬਹੁਤ ਹੋ ਜਾਵੇਗਾ, ਪਰ ਜਿਸ ਕੋਲ ਨਹੀਂ ਹੈ ਉਸ ਤੋਂ ਉਹ ਵੀ ਜੋ ਉਸ ਦੇ ਕੋਲ ਹੈ, ਲੈ ਲਿਆ ਜਾਵੇਗਾ। 30ਇਸ ਨਿਕੰਮੇ ਦਾਸ ਨੂੰ ਬਾਹਰ ਅੰਧਘੋਰ ਵਿੱਚ ਸੁੱਟ ਦਿਓ; ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ’।
ਨਿਆਂ ਦਾ ਦਿਨ
31 “ਜਦੋਂ ਮਨੁੱਖ ਦਾ ਪੁੱਤਰ ਆਪਣੇ ਤੇਜ ਅਤੇ ਸਾਰੇ # 25:31 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪਵਿੱਤਰ” ਲਿਖਿਆ ਹੈ। ਸਵਰਗਦੂਤਾਂ ਨਾਲ ਆਵੇਗਾ ਤਾਂ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬਿਰਾਜਮਾਨ ਹੋਵੇਗਾ 32ਅਤੇ ਸਾਰੀਆਂ ਕੌਮਾਂ ਉਸ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਜਿਸ ਤਰ੍ਹਾਂ ਚਰਵਾਹਾ ਭੇਡਾਂ ਨੂੰ ਬੱਕਰੀਆਂ ਤੋਂ ਵੱਖਰਾ ਕਰਦਾ ਹੈ, ਉਸੇ ਤਰ੍ਹਾਂ ਉਹ ਉਨ੍ਹਾਂ ਨੂੰ ਇੱਕ ਦੂਜੇ ਤੋਂ ਵੱਖਰਾ ਕਰੇਗਾ। 33ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਖੱਬੇ ਪਾਸੇ ਖੜ੍ਹਾ ਕਰੇਗਾ। 34ਤਦ ਰਾਜਾ ਆਪਣੇ ਸੱਜੇ ਪਾਸੇ ਵਾਲਿਆਂ ਨੂੰ ਕਹੇਗਾ, ‘ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ, ਆਓ, ਜਿਹੜਾ ਰਾਜ ਸੰਸਾਰ ਦੇ ਮੁੱਢ ਤੋਂ ਤੁਹਾਡੇ ਲਈ ਤਿਆਰ ਕੀਤਾ ਗਿਆ ਹੈ, ਉਸ ਦੇ ਵਾਰਸ ਹੋਵੋ; 35ਕਿਉਂਕਿ ਮੈਂ ਭੁੱਖਾ ਸੀ ਅਤੇ ਤੁਸੀਂ ਮੈਨੂੰ ਖਾਣ ਲਈ ਦਿੱਤਾ; ਮੈਂ ਪਿਆਸਾ ਸੀ ਅਤੇ ਤੁਸੀਂ ਮੈਨੂੰ ਪਾਣੀ ਪਿਆਇਆ; ਮੈਂ ਪਰਦੇਸੀ ਸੀ ਅਤੇ ਤੁਸੀਂ ਮੈਨੂੰ ਘਰ ਬੁਲਾਇਆ; 36ਮੈਂ ਨੰਗਾ ਸੀ ਅਤੇ ਤੁਸੀਂ ਮੈਨੂੰ ਕੱਪੜੇ ਪਹਿਨਾਏ; ਮੈਂ ਬਿਮਾਰ ਸੀ ਅਤੇ ਤੁਸੀਂ ਮੈਨੂੰ ਵੇਖਣ ਆਏ; ਮੈਂ ਕੈਦਖ਼ਾਨੇ ਵਿੱਚ ਸੀ ਅਤੇ ਤੁਸੀਂ ਮੈਨੂੰ ਮਿਲਣ ਆਏ’। 37ਤਦ ਧਰਮੀ ਉਸ ਨੂੰ ਕਹਿਣਗੇ, ‘ਪ੍ਰਭੂ ਜੀ, ਅਸੀਂ ਕਦੋਂ ਤੈਨੂੰ ਭੁੱਖਾ ਵੇਖਿਆ ਅਤੇ ਖੁਆਇਆ ਜਾਂ ਪਿਆਸਾ ਵੇਖਿਆ ਅਤੇ ਪਾਣੀ ਪਿਆਇਆ? 38ਕਦੋਂ ਤੈਨੂੰ ਪਰਦੇਸੀ ਵੇਖਿਆ ਅਤੇ ਘਰ ਬੁਲਾਇਆ ਜਾਂ ਨੰਗਾ ਵੇਖਿਆ ਅਤੇ ਕੱਪੜੇ ਪਹਿਨਾਏ? 39ਕਦੋਂ ਅਸੀਂ ਤੈਨੂੰ ਬਿਮਾਰ ਜਾਂ ਕੈਦਖ਼ਾਨੇ ਵਿੱਚ ਵੇਖਿਆ ਅਤੇ ਤੈਨੂੰ ਮਿਲਣ ਆਏ’? 40ਤਦ ਰਾਜਾ ਉਨ੍ਹਾਂ ਨੂੰ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਤੁਸੀਂ ਮੇਰੇ ਇਨ੍ਹਾਂ ਛੋਟੇ ਤੋਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਕੀਤਾ ਉਹ ਮੇਰੇ ਨਾਲ ਕੀਤਾ’।
41 “ਫਿਰ ਰਾਜਾ ਖੱਬੇ ਪਾਸੇ ਵਾਲਿਆਂ ਨੂੰ ਕਹੇਗਾ, ‘ਹੇ ਸਰਾਪੀ ਲੋਕੋ, ਮੇਰੇ ਕੋਲੋਂ ਉਸ ਸਦੀਪਕ ਅੱਗ ਵਿੱਚ ਚਲੇ ਜਾਓ ਜਿਹੜੀ ਸ਼ੈਤਾਨ ਅਤੇ ਉਸ ਦੇ ਦੂਤਾਂ ਲਈ ਤਿਆਰ ਕੀਤੀ ਗਈ ਹੈ; 42ਕਿਉਂਕਿ ਮੈਂ ਭੁੱਖਾ ਸੀ ਅਤੇ ਤੁਸੀਂ ਮੈਨੂੰ ਖਾਣ ਲਈ ਨਾ ਦਿੱਤਾ; ਮੈਂ ਪਿਆਸਾ ਸੀ ਅਤੇ ਤੁਸੀਂ ਮੈਨੂੰ ਪਾਣੀ ਨਾ ਪਿਆਇਆ; 43ਮੈਂ ਪਰਦੇਸੀ ਸੀ ਅਤੇ ਤੁਸੀਂ ਮੈਨੂੰ ਘਰ ਨਾ ਬੁਲਾਇਆ; ਮੈਂ ਨੰਗਾ ਸੀ ਅਤੇ ਤੁਸੀਂ ਮੈਨੂੰ ਕੱਪੜੇ ਨਾ ਪਹਿਨਾਏ; ਮੈਂ ਬਿਮਾਰ ਅਤੇ ਕੈਦਖ਼ਾਨੇ ਵਿੱਚ ਸੀ ਅਤੇ ਤੁਸੀਂ ਮੈਨੂੰ ਵੇਖਣ ਨਾ ਆਏ’। 44ਤਦ ਉਹ ਕਹਿਣਗੇ, ‘ਪ੍ਰਭੂ, ਅਸੀਂ ਕਦੋਂ ਤੈਨੂੰ ਭੁੱਖਾ ਜਾਂ ਪਿਆਸਾ ਜਾਂ ਪਰਦੇਸੀ ਜਾਂ ਨੰਗਾ ਜਾਂ ਬਿਮਾਰ ਜਾਂ ਕੈਦਖ਼ਾਨੇ ਵਿੱਚ ਵੇਖਿਆ ਅਤੇ ਤੇਰੀ ਸੇਵਾ ਨਾ ਕੀਤੀ’? 45ਤਦ ਰਾਜਾ ਉਨ੍ਹਾਂ ਨੂੰ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਤੁਸੀਂ ਮੇਰੇ ਇਨ੍ਹਾਂ ਛੋਟੇ ਤੋਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਨਹੀਂ ਕੀਤਾ ਉਹ ਮੇਰੇ ਨਾਲ ਵੀ ਨਹੀਂ ਕੀਤਾ’। 46ਇਸ ਲਈ ਇਹ ਲੋਕ ਸਦੀਪਕ ਸਜ਼ਾ ਵਿੱਚ ਜਾਣਗੇ, ਪਰ ਧਰਮੀ ਸਦੀਪਕ ਜੀਵਨ ਵਿੱਚ।”

Currently Selected:

ਮੱਤੀ 25: PSB

Highlight

Share

Copy

None

Want to have your highlights saved across all your devices? Sign up or sign in