ਮੱਤੀ 22
22
ਵਿਆਹ-ਭੋਜ ਦਾ ਦ੍ਰਿਸ਼ਟਾਂਤ
1ਯਿਸੂ ਫੇਰ ਉਨ੍ਹਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਕਹਿਣ ਲੱਗਾ, 2“ਸਵਰਗ ਦਾ ਰਾਜ ਇੱਕ ਰਾਜੇ ਵਰਗਾ ਹੈ ਜਿਸ ਨੇ ਆਪਣੇ ਪੁੱਤਰ ਦੇ ਵਿਆਹ ਦੀ ਦਾਅਵਤ ਦਾ ਪ੍ਰਬੰਧ ਕੀਤਾ। 3ਉਸ ਨੇ ਆਪਣੇ ਦਾਸਾਂ ਨੂੰ ਭੇਜਿਆ ਕਿ ਜਿਨ੍ਹਾਂ ਨੂੰ ਨਿਓਤਾ ਦਿੱਤਾ ਸੀ ਉਨ੍ਹਾਂ ਨੂੰ ਵਿਆਹ ਵਿੱਚ ਬੁਲਾ ਲਿਆਉਣ, ਪਰ ਉਨ੍ਹਾਂ ਨੇ ਆਉਣਾ ਨਾ ਚਾਹਿਆ। 4ਫੇਰ ਉਸ ਨੇ ਹੋਰ ਦਾਸਾਂ ਨੂੰ ਇਹ ਕਹਿ ਕੇ ਭੇਜਿਆ, ‘ਜਿਨ੍ਹਾਂ ਨੂੰ ਨਿਓਤਾ ਦਿੱਤਾ ਸੀ ਉਨ੍ਹਾਂ ਨੂੰ ਕਹੋ, ਵੇਖੋ, ਮੈਂ ਭੋਜ ਤਿਆਰ ਕਰ ਲਿਆ ਹੈ, ਮੇਰੇ ਬਲਦ ਅਤੇ ਪਲ਼ੇ ਹੋਏ ਜਾਨਵਰ ਕੱਟੇ ਗਏ ਹਨ ਅਤੇ ਸਭ ਕੁਝ ਤਿਆਰ ਹੈ; ਵਿਆਹ-ਭੋਜ ਵਿੱਚ ਆਓ’। 5ਪਰ ਉਨ੍ਹਾਂ ਨੇ ਕੋਈ ਧਿਆਨ ਨਾ ਦਿੱਤਾ ਅਤੇ ਚਲੇ ਗਏ; ਕੋਈ ਆਪਣੇ ਖੇਤ ਨੂੰ ਅਤੇ ਕੋਈ ਆਪਣੇ ਕਾਰੋਬਾਰ ਲਈ; 6ਅਤੇ ਬਾਕੀਆਂ ਨੇ ਉਸ ਦੇ ਦਾਸਾਂ ਨੂੰ ਫੜ ਕੇ ਬੇਇੱਜ਼ਤ ਕੀਤਾ ਅਤੇ ਉਨ੍ਹਾਂ ਨੂੰ ਮਾਰ ਸੁੱਟਿਆ। 7ਤਦ#22:7 ਕੁਝ ਹਸਤਲੇਖਾਂ ਵਿੱਚ “ਤਦ” ਦੇ ਸਥਾਨ 'ਤੇ “ਇਹ ਸੁਣ ਕੇ” ਲਿਖਿਆ ਹੈ।ਰਾਜੇ ਨੂੰ ਕ੍ਰੋਧ ਆਇਆ ਅਤੇ ਉਸ ਨੇ ਆਪਣੀ ਸੈਨਾ ਭੇਜ ਕੇ ਉਨ੍ਹਾਂ ਕਾਤਲਾਂ ਦਾ ਨਾਸ ਕੀਤਾ ਅਤੇ ਉਨ੍ਹਾਂ ਦੇ ਨਗਰ ਨੂੰ ਫੂਕ ਸੁੱਟਿਆ। 8ਫਿਰ ਉਸ ਨੇ ਆਪਣੇ ਦਾਸਾਂ ਨੂੰ ਕਿਹਾ, ‘ਵਿਆਹ-ਭੋਜ ਤਾਂ ਤਿਆਰ ਹੈ, ਪਰ ਸੱਦੇ ਹੋਏ ਯੋਗ ਨਹੀਂ ਸਨ; 9ਸੋ ਤੁਸੀਂ ਚੁਰਾਹਿਆਂ ਵਿੱਚ ਜਾਓ ਅਤੇ ਜਿੰਨੇ ਵੀ ਮਿਲਣ, ਉਨ੍ਹਾਂ ਨੂੰ ਵਿਆਹ-ਭੋਜ ਵਿੱਚ ਬੁਲਾ ਲਿਆਓ’। 10ਤਦ ਉਹ ਦਾਸ ਰਾਹਾਂ ਵਿੱਚ ਗਏ ਅਤੇ ਜਿੰਨੇ ਵੀ ਬੁਰੇ-ਭਲੇ ਮਿਲੇ ਉਨ੍ਹਾਂ ਸਭਨਾਂ ਨੂੰ ਇਕੱਠੇ ਕਰ ਲਿਆਏ ਅਤੇ ਵਿਆਹ ਵਾਲਾ ਘਰ ਮਹਿਮਾਨਾਂ ਨਾਲ ਭਰ ਗਿਆ।
11 “ਜਦੋਂ ਰਾਜਾ ਮਹਿਮਾਨਾਂ ਨੂੰ ਵੇਖਣ ਅੰਦਰ ਆਇਆ ਤਾਂ ਉੱਥੇ ਉਸ ਨੇ ਇੱਕ ਮਨੁੱਖ ਨੂੰ ਵੇਖਿਆ ਜਿਸ ਨੇ ਵਿਆਹ ਵਾਲਾ ਵਸਤਰ ਨਹੀਂ ਪਹਿਨਿਆ ਹੋਇਆ ਸੀ; 12ਰਾਜੇ ਨੇ ਉਸ ਨੂੰ ਕਿਹਾ, ‘ਮਿੱਤਰਾ, ਤੂੰ ਵਿਆਹ ਦਾ ਵਸਤਰ ਪਹਿਨੇ ਬਿਨਾਂ ਅੰਦਰ ਕਿਵੇਂ ਆ ਗਿਆ’? ਪਰ ਉਹ ਕੁਝ ਨਾ ਬੋਲ ਸਕਿਆ। 13ਤਦ ਰਾਜੇ ਨੇ ਸੇਵਕਾਂ ਨੂੰ ਕਿਹਾ, ‘ਇਸ ਦੇ ਹੱਥ-ਪੈਰ ਬੰਨ੍ਹ ਕੇ#22:13 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਲੈ ਜਾਓ ਅਤੇ” ਲਿਖਿਆ ਹੈ।ਇਸ ਨੂੰ ਬਾਹਰ ਅੰਧਘੋਰ ਵਿੱਚ ਸੁੱਟ ਦਿਓ; ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ’। 14ਕਿਉਂਕਿ ਸੱਦੇ ਹੋਏ ਤਾਂ ਬਹੁਤ ਹਨ, ਪਰ ਚੁਣੇ ਹੋਏ ਥੋੜ੍ਹੇ ਹਨ।”
ਕੈਸਰ ਨੂੰ ਟੈਕਸ ਦੇਣ ਬਾਰੇ ਪ੍ਰਸ਼ਨ
15ਤਦ ਫ਼ਰੀਸੀਆਂ ਨੇ ਜਾ ਕੇ ਮਤਾ ਪਕਾਇਆ ਕਿ ਉਹ ਕਿਵੇਂ ਉਸ ਨੂੰ ਗੱਲਾਂ ਵਿੱਚ ਫਸਾਉਣ। 16ਸੋ ਉਨ੍ਹਾਂ ਨੇ ਆਪਣੇ ਚੇਲਿਆਂ ਨੂੰ ਹੇਰੋਦੀਆਂ ਦੇ ਨਾਲ ਉਸ ਕੋਲ ਇਹ ਕਹਿਣ ਲਈ ਭੇਜਿਆ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੂੰ ਸੱਚਾ ਹੈਂ ਅਤੇ ਸਚਾਈ ਨਾਲ ਪਰਮੇਸ਼ਰ ਦਾ ਰਾਹ ਸਿਖਾਉਂਦਾ ਹੈਂ ਅਤੇ ਕਿਸੇ ਦੀ ਪਰਵਾਹ ਨਹੀਂ ਕਰਦਾ, ਕਿਉਂਕਿ ਤੂੰ ਮਨੁੱਖਾਂ ਵਿੱਚ ਪੱਖਪਾਤ ਨਹੀਂ ਕਰਦਾ। 17ਸੋ ਸਾਨੂੰ ਦੱਸ ਤੂੰ ਕੀ ਸੋਚਦਾ ਹੈ; ਕੈਸਰ ਨੂੰ ਟੈਕਸ ਦੇਣਾ ਯੋਗ ਹੈ ਜਾਂ ਨਹੀਂ?” 18ਪਰ ਯਿਸੂ ਨੇ ਉਨ੍ਹਾਂ ਦੀ ਦੁਸ਼ਟਤਾ ਨੂੰ ਜਾਣ ਕੇ ਕਿਹਾ,“ਹੇ ਪਖੰਡੀਓ, ਤੁਸੀਂ ਮੈਨੂੰ ਕਿਉਂ ਪਰਖਦੇ ਹੋ? 19ਮੈਨੂੰ ਟੈਕਸ ਵਾਲਾ ਸਿੱਕਾ ਵਿਖਾਓ।” ਤਦ ਉਹ ਇੱਕ ਦੀਨਾਰ ਉਸ ਦੇ ਕੋਲ ਲਿਆਏ। 20ਉਸ ਨੇ ਉਨ੍ਹਾਂ ਨੂੰ ਪੁੱਛਿਆ,“ਇਹ ਮੂਰਤ ਅਤੇ ਲਿਖਤ ਕਿਸ ਦੀ ਹੈ?” 21ਉਨ੍ਹਾਂ ਉਸ ਨੂੰ ਉੱਤਰ ਦਿੱਤਾ, “ਕੈਸਰ ਦੀ।” ਤਦ ਉਸ ਨੇ ਉਨ੍ਹਾਂ ਨੂੰ ਕਿਹਾ,“ਜੋ ਕੈਸਰ ਦਾ ਹੈ ਉਹ ਕੈਸਰ ਨੂੰ ਦਿਓ ਅਤੇ ਜੋ ਪਰਮੇਸ਼ਰ ਦਾ ਹੈ ਉਹ ਪਰਮੇਸ਼ਰ ਨੂੰ ਦਿਓ।” 22ਇਹ ਸੁਣ ਕੇ ਉਹ ਹੈਰਾਨ ਰਹਿ ਗਏ ਅਤੇ ਯਿਸੂ ਨੂੰ ਛੱਡ ਕੇ ਚਲੇ ਗਏ।
ਪੁਨਰ-ਉਥਾਨ ਸੰਬੰਧੀ ਪ੍ਰਸ਼ਨ
23ਉਸੇ ਦਿਨ ਕੁਝ ਸਦੂਕੀ ਜਿਹੜੇ ਕਹਿੰਦੇ ਹਨ ਕਿ ਪੁਨਰ-ਉਥਾਨ ਨਹੀਂ ਹੈ, ਉਸ ਦੇ ਕੋਲ ਆਏ ਅਤੇ ਉਸ ਨੂੰ ਪੁੱਛਣ ਲੱਗੇ, 24“ਗੁਰੂ ਜੀ, ਮੂਸਾ ਨੇ ਕਿਹਾ, ‘ਜੇ ਕੋਈ ਬੇਔਲਾਦ ਮਰ ਜਾਵੇ, ਤਾਂ ਉਸ ਦਾ ਭਰਾ ਉਸ ਦੀ ਪਤਨੀ ਨਾਲ ਵਿਆਹ ਕਰਕੇ ਆਪਣੇ ਭਰਾ ਲਈ ਅੰਸ ਪੈਦਾ ਕਰੇ’।#ਬਿਵਸਥਾ 25:5 25ਸਾਡੇ ਵਿੱਚ ਸੱਤ ਭਰਾ ਸਨ। ਪਹਿਲੇ ਨੇ ਵਿਆਹ ਕੀਤਾ ਅਤੇ ਮਰ ਗਿਆ ਅਤੇ ਕਿਉਂਕਿ ਉਸ ਦੀ ਕੋਈ ਅੰਸ ਨਹੀਂ ਸੀ ਇਸ ਲਈ ਆਪਣੀ ਪਤਨੀ ਨੂੰ ਆਪਣੇ ਭਰਾ ਲਈ ਛੱਡ ਗਿਆ। 26ਇਸੇ ਤਰ੍ਹਾਂ ਦੂਜੇ ਅਤੇ ਤੀਜੇ ਤੋਂ ਲੈ ਕੇ ਸੱਤਵੇਂ ਤੱਕ ਹੋਇਆ 27ਅਤੇ ਸਾਰਿਆਂ ਤੋਂ ਬਾਅਦ ਉਹ ਔਰਤ ਵੀ ਮਰ ਗਈ। 28ਸੋ ਪੁਨਰ-ਉਥਾਨ ਦੇ ਸਮੇਂ ਉਹ ਸੱਤਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ? ਕਿਉਂਕਿ ਉਹ ਤਾਂ ਸਾਰਿਆਂ ਦੀ ਪਤਨੀ ਰਹੀ ਸੀ।” 29ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਤੁਸੀਂ ਭੁੱਲ ਵਿੱਚ ਪਏ ਹੋ ਕਿਉਂਕਿ ਨਾ ਤਾਂ ਤੁਸੀਂ ਲਿਖਤਾਂ ਨੂੰ ਅਤੇ ਨਾ ਹੀ ਪਰਮੇਸ਼ਰ ਦੀ ਸਮਰੱਥਾ ਨੂੰ ਸਮਝਿਆ ਹੈ। 30ਕਿਉਂਕਿ ਪੁਨਰ-ਉਥਾਨ ਦੇ ਸਮੇਂ, ਨਾ ਤਾਂ ਲੋਕ ਵਿਆਹ ਕਰਨਗੇ ਅਤੇ ਨਾ ਹੀ ਵਿਆਹੇ ਜਾਣਗੇ, ਪਰ ਸਵਰਗ ਵਿੱਚ#22:30 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪਰਮੇਸ਼ਰ ਦੇ” ਲਿਖਿਆ ਹੈ।ਸਵਰਗਦੂਤਾਂ ਵਰਗੇ ਹੋਣਗੇ। 31ਪਰ ਕੀ ਤੁਸੀਂ ਇਹ ਵਚਨ ਨਹੀਂ ਪੜ੍ਹਿਆ ਜੋ ਮੁਰਦਿਆਂ ਦੇ ਪੁਨਰ-ਉਥਾਨ ਬਾਰੇ ਪਰਮੇਸ਼ਰ ਨੇ ਤੁਹਾਨੂੰ ਕਿਹਾ, 32‘ਮੈਂ ਅਬਰਾਹਾਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ ਅਤੇ ਯਾਕੂਬ ਦਾ ਪਰਮੇਸ਼ਰ ਹਾਂ#ਕੂਚ 3:6’? ਉਹ ਮੁਰਦਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ਰ ਹੈ।” 33ਇਹ ਸੁਣ ਕੇ ਲੋਕ ਉਸ ਦੇ ਉਪਦੇਸ਼ ਤੋਂ ਹੈਰਾਨ ਰਹਿ ਗਏ।
ਵੱਡਾ ਅਤੇ ਪ੍ਰਮੁੱਖ ਹੁਕਮ
34ਜਦੋਂ ਫ਼ਰੀਸੀਆਂ ਨੇ ਇਹ ਸੁਣਿਆ ਕਿ ਉਸ ਨੇ ਸਦੂਕੀਆਂ ਦਾ ਮੂੰਹ ਬੰਦ ਕਰ ਦਿੱਤਾ ਤਾਂ ਉਹ ਆਪਸ ਵਿੱਚ ਇਕੱਠੇ ਹੋਏ। 35ਅਤੇ ਉਨ੍ਹਾਂ ਵਿੱਚੋਂ ਇੱਕ ਨੇ ਜੋ ਬਿਵਸਥਾ ਦਾ ਸਿਖਾਉਣ ਵਾਲਾ ਸੀ, ਉਸ ਨੂੰ ਪਰਖਣ ਲਈ ਪੁੱਛਿਆ, 36“ਗੁਰੂ ਜੀ, ਬਿਵਸਥਾ ਵਿੱਚ ਵੱਡਾ ਹੁਕਮ ਕਿਹੜਾ ਹੈ?” 37ਯਿਸੂ ਨੇ ਉਸ ਨੂੰ ਕਿਹਾ,“ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧੀ ਨਾਲ ਪਿਆਰ ਕਰ!#ਬਿਵਸਥਾ 6:5 38ਇਹੋ ਵੱਡਾ ਅਤੇ ਪ੍ਰਮੁੱਖ ਹੁਕਮ ਹੈ। 39ਇਸੇ ਤਰ੍ਹਾਂ ਦੂਜਾ ਇਹ ਹੈ ਕਿਤੂੰ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ।#ਲੇਵੀਆਂ 19:18 40ਸਾਰੀ ਬਿਵਸਥਾ ਅਤੇ ਨਬੀਆਂ ਦੀਆਂ ਲਿਖਤਾਂ ਇਨ੍ਹਾਂ ਦੋਹਾਂ ਹੁਕਮਾਂ ਉੱਤੇ ਟਿਕੀਆਂ ਹਨ।”
ਮਸੀਹ ਕਿਸ ਦਾ ਪੁੱਤਰ ਹੈ?
41ਜਦੋਂ ਫ਼ਰੀਸੀ ਇਕੱਠੇ ਸਨ ਤਾਂ ਯਿਸੂ ਨੇ ਉਨ੍ਹਾਂ ਤੋਂ ਪੁੱਛਿਆ, 42“ਤੁਸੀਂ ਮਸੀਹ ਦੇ ਬਾਰੇ ਕੀ ਸੋਚਦੇ ਹੋ? ਉਹ ਕਿਸ ਦਾ ਪੁੱਤਰ ਹੈ?” ਉਨ੍ਹਾਂ ਕਿਹਾ, “ਦਾਊਦ ਦਾ।” 43ਉਸ ਨੇ ਉਨ੍ਹਾਂ ਨੂੰ ਕਿਹਾ,“ਫਿਰ ਦਾਊਦ ਆਤਮਾ ਵਿੱਚ ਉਸ ਨੂੰ ਪ੍ਰਭੂ ਕਿਵੇਂ ਕਹਿੰਦਾ ਹੈ,
44 ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ,
‘ਮੇਰੇ ਸੱਜੇ ਪਾਸੇ ਬੈਠ
ਜਦੋਂ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ # 22:44 ਕੁਝ ਹਸਤਲੇਖਾਂ ਵਿੱਚ “ਪੈਰਾਂ ਹੇਠ ਨਾ ਕਰ ਦਿਆਂ” ਦੇ ਸਥਾਨ 'ਤੇ “ਪੈਰਾਂ ਦੀ ਚੌਂਕੀ ਨਾ ਬਣਾ ਦਿਆਂ” ਲਿਖਿਆ ਹੈ। ’?
45 ਜੇ ਦਾਊਦ ਉਸ ਨੂੰ ਪ੍ਰਭੂ ਕਹਿੰਦਾ ਹੈ ਤਾਂ ਉਹ ਉਸ ਦਾ ਪੁੱਤਰ ਕਿਵੇਂ ਹੋਇਆ?” 46ਕੋਈ ਵੀ ਉਸ ਨੂੰ ਕੁਝ ਉੱਤਰ ਨਾ ਦੇ ਸਕਿਆ ਅਤੇ ਨਾ ਹੀ ਉਸ ਦਿਨ ਤੋਂ ਬਾਅਦ ਕਿਸੇ ਨੇ ਉਸ ਨੂੰ ਫਿਰ ਸਵਾਲ ਕਰਨ ਦਾ ਹੌਸਲਾ ਕੀਤਾ।
Currently Selected:
ਮੱਤੀ 22: PSB
Highlight
Share
Copy
![None](/_next/image?url=https%3A%2F%2Fimageproxy.youversionapi.com%2F58%2Fhttps%3A%2F%2Fweb-assets.youversion.com%2Fapp-icons%2Fen.png&w=128&q=75)
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative