ਯੂਹੰਨਾ 14
14
ਰਾਹ, ਸੱਚ ਅਤੇ ਜੀਵਨ
1 “ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ਰ ਉੱਤੇ ਵਿਸ਼ਵਾਸ ਰੱਖੋ ਅਤੇ ਮੇਰੇ ਉੱਤੇ ਵੀ ਵਿਸ਼ਵਾਸ ਰੱਖੋ। 2ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ; ਜੇ ਨਾ ਹੁੰਦੇ ਤਾਂ ਮੈਂ ਤੁਹਾਨੂੰ ਕਹਿ ਦਿੰਦਾ, ਕਿਉਂਕਿ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ। 3ਜੇ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ ਤਾਂ ਫੇਰ ਆ ਕੇ ਤੁਹਾਨੂੰ ਆਪਣੇ ਕੋਲ ਲੈ ਜਾਵਾਂਗਾ, ਤਾਂਕਿ ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋਵੋ। 4ਜਿੱਥੇ ਮੈਂ ਜਾਂਦਾ ਹਾਂ, ਤੁਸੀਂ ਉਹ ਰਾਹ ਜਾਣਦੇ ਹੋ#14:4 ਕੁਝ ਹਸਤਲੇਖਾਂ ਵਿੱਚ “ਜਿੱਥੇ ਮੈਂ ਜਾਂਦਾ ਹਾਂ, ਤੁਸੀਂ ਉਹ ਰਾਹ ਜਾਣਦੇ ਹੋ” ਦੇ ਸਥਾਨ 'ਤੇ “ਜਿੱਥੇ ਮੈਂ ਜਾਂਦਾ ਹਾਂ ਤੁਸੀਂ ਜਾਣਦੇ ਹੋ ਅਤੇ ਰਾਹ ਵੀ ਜਾਣਦੇ ਹੋ” ਲਿਖਿਆ ਹੈ।।” 5ਥੋਮਾ ਨੇ ਉਸ ਨੂੰ ਕਿਹਾ, “ਪ੍ਰਭੂ ਜੀ, ਅਸੀਂ ਨਹੀਂ ਜਾਣਦੇ ਤੂੰ ਕਿੱਥੇ ਜਾਂਦਾ ਹੈਂ, ਫਿਰ ਰਾਹ ਕਿਵੇਂ ਜਾਣ ਸਕਦੇ ਹਾਂ?” 6ਯਿਸੂ ਨੇ ਉਸ ਨੂੰ ਕਿਹਾ,“ਰਾਹ, ਸੱਚ ਅਤੇ ਜੀਵਨ ਮੈਂ ਹੀ ਹਾਂ। ਬਿਨਾਂ ਮੇਰੇ ਦੁਆਰਾ ਕੋਈ ਪਿਤਾ ਕੋਲ ਨਹੀਂ ਆ ਸਕਦਾ।
ਯਿਸੂ ਦਾ ਪਿਤਾ ਨੂੰ ਪਰਗਟ ਕਰਨਾ
7 “ਜੇ ਤੁਸੀਂ ਮੈਨੂੰ ਜਾਣ ਲਿਆ ਹੈ ਤਾਂ ਮੇਰੇ ਪਿਤਾ ਨੂੰ ਵੀ ਜਾਣ ਜਾਓਗੇ ਅਤੇ ਹੁਣ ਤੋਂ ਤੁਸੀਂ ਉਸ ਨੂੰ ਜਾਣਦੇ ਹੋ ਅਤੇ ਉਸ ਨੂੰ ਵੇਖ ਲਿਆ ਹੈ।” 8ਫ਼ਿਲਿੱਪੁਸ ਨੇ ਉਸ ਨੂੰ ਕਿਹਾ, “ਪ੍ਰਭੂ ਜੀ, ਸਾਨੂੰ ਪਿਤਾ ਦਾ ਦਰਸ਼ਨ ਕਰਾ, ਸਾਡੇ ਲਈ ਇਹੀ ਕਾਫੀ ਹੈ।” 9ਯਿਸੂ ਨੇ ਕਿਹਾ,“ਫ਼ਿਲਿੱਪੁਸ, ਐਨੇ ਸਮੇਂ ਤੋਂ ਮੈਂ ਤੁਹਾਡੇ ਨਾਲ ਹਾਂ, ਕੀ ਫਿਰ ਵੀ ਤੂੰ ਮੈਨੂੰ ਨਹੀਂ ਜਾਣਿਆ? ਜਿਸ ਨੇ ਮੈਨੂੰ ਵੇਖਿਆ ਉਸ ਨੇ ਪਿਤਾ ਨੂੰ ਵੇਖਿਆ ਹੈ। ਤੂੰ ਕਿਵੇਂ ਕਹਿੰਦਾ ਹੈਂ, ‘ਸਾਨੂੰ ਪਿਤਾ ਦਾ ਦਰਸ਼ਨ ਕਰਾ’? 10ਕੀ ਤੈਨੂੰ ਵਿਸ਼ਵਾਸ ਨਹੀਂ ਹੈ ਕਿ ਮੈਂ ਪਿਤਾ ਵਿੱਚ ਅਤੇ ਪਿਤਾ ਮੇਰੇ ਵਿੱਚ ਹੈ? ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਕਹਿੰਦਾ ਹਾਂ, ਆਪਣੇ ਵੱਲੋਂ ਨਹੀਂ ਕਹਿੰਦਾ ਪਰ ਪਿਤਾ ਜਿਹੜਾ ਮੇਰੇ ਵਿੱਚ ਰਹਿੰਦਾ ਹੈ ਉਹੀ ਆਪਣੇ ਕੰਮ ਕਰਦਾ ਹੈ। 11ਮੇਰਾ ਵਿਸ਼ਵਾਸ ਕਰੋ ਕਿ ਮੈਂ ਪਿਤਾ ਵਿੱਚ ਅਤੇ ਪਿਤਾ ਮੇਰੇ ਵਿੱਚ ਹੈ; ਜੇ ਨਹੀਂ ਤਾਂ ਕੰਮਾਂ ਦੇ ਕਾਰਨ ਹੀ ਵਿਸ਼ਵਾਸ ਕਰੋ।
ਯਿਸੂ ਦੇ ਨਾਮ ਵਿੱਚ ਪ੍ਰਾਰਥਨਾ
12 “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਵੀ ਇਹ ਕੰਮ ਕਰੇਗਾ ਜਿਹੜੇ ਮੈਂ ਕਰਦਾ ਹਾਂ, ਸਗੋਂ ਇਨ੍ਹਾਂ ਨਾਲੋਂ ਵੱਡੇ ਕੰਮ ਕਰੇਗਾ, ਕਿਉਂਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ। 13ਜੋ ਕੁਝ ਤੁਸੀਂ ਮੇਰੇ ਨਾਮ ਵਿੱਚ ਮੰਗੋਗੇ ਮੈਂ ਉਹੀ ਕਰਾਂਗਾ, ਤਾਂਕਿ ਪੁੱਤਰ ਵਿੱਚ ਪਿਤਾ ਦੀ ਮਹਿਮਾ ਹੋਵੇ। 14ਜੇ ਤੁਸੀਂ ਮੇਰੇ ਨਾਮ ਵਿੱਚ ਮੇਰੇ ਤੋਂ ਕੁਝ ਮੰਗੋਗੇ ਤਾਂ ਮੈਂ ਉਹੀ ਕਰਾਂਗਾ।
ਪਵਿੱਤਰ ਆਤਮਾ ਦਾ ਵਾਇਦਾ
15 “ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ। 16ਮੈਂ ਪਿਤਾ ਅੱਗੇ ਬੇਨਤੀ ਕਰਾਂਗਾ ਅਤੇ ਉਹ ਤੁਹਾਨੂੰ ਇੱਕ ਸਹਾਇਕ ਦੇਵੇਗਾ ਤਾਂਕਿ ਉਹ ਸਦਾ ਤੁਹਾਡੇ ਨਾਲ ਰਹੇ 17ਅਰਥਾਤ ਸਚਾਈ ਦਾ ਆਤਮਾ ਜਿਸ ਨੂੰ ਸੰਸਾਰ ਪ੍ਰਾਪਤ ਨਹੀਂ ਕਰ ਸਕਦਾ, ਕਿਉਂਕਿ ਉਹ ਨਾ ਤਾਂ ਉਸ ਨੂੰ ਵੇਖਦਾ ਹੈ ਅਤੇ ਨਾ ਹੀ ਜਾਣਦਾ ਹੈ। ਤੁਸੀਂ ਉਸ ਨੂੰ ਜਾਣਦੇ ਹੋ, ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ। 18ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ; ਮੈਂ ਤੁਹਾਡੇ ਕੋਲ ਆਵਾਂਗਾ। 19ਹੁਣ ਥੋੜ੍ਹੀ ਦੇਰ ਬਾਅਦ ਸੰਸਾਰ ਮੈਨੂੰ ਫਿਰ ਨਾ ਵੇਖੇਗਾ ਪਰ ਤੁਸੀਂ ਮੈਨੂੰ ਵੇਖੋਗੇ; ਕਿਉਂਕਿ ਮੈਂ ਜੀਉਂਦਾ ਹਾਂ, ਤੁਸੀਂ ਵੀ ਜੀਓਗੇ। 20ਉਸ ਦਿਨ ਤੁਸੀਂ ਜਾਣੋਗੇ ਕਿ ਮੈਂ ਆਪਣੇ ਪਿਤਾ ਵਿੱਚ ਅਤੇ ਤੁਸੀਂ ਮੇਰੇ ਵਿੱਚ ਅਤੇ ਮੈਂ ਤੁਹਾਡੇ ਵਿੱਚ ਹਾਂ। 21ਜਿਸ ਦੇ ਕੋਲ ਮੇਰੇ ਹੁਕਮ ਹਨ ਅਤੇ ਜਿਹੜਾ ਉਨ੍ਹਾਂ ਦੀ ਪਾਲਣਾ ਕਰਦਾ ਹੈ, ਉਹੀ ਮੈਨੂੰ ਪਿਆਰ ਕਰਦਾ ਹੈ ਅਤੇ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਪਿਤਾ ਦਾ ਪਿਆਰਾ ਹੋਵੇਗਾ। ਮੈਂ ਉਸ ਨੂੰ ਪਿਆਰ ਕਰਾਂਗਾ ਅਤੇ ਆਪਣੇ ਆਪ ਨੂੰ ਉਸ ਉੱਤੇ ਪਰਗਟ ਕਰਾਂਗਾ।”
ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ
22ਯਹੂਦਾ ਨੇ (ਇਹ ਯਹੂਦਾ ਇਸਕਰਿਯੋਤੀ ਨਹੀਂ ਸੀ) ਉਸ ਨੂੰ ਕਿਹਾ, “ਪ੍ਰਭੂ ਜੀ, ਅਜਿਹਾ ਕੀ ਹੋਇਆ, ਕਿ ਤੂੰ ਆਪਣੇ ਆਪ ਨੂੰ ਸਾਡੇ ਉੱਤੇ ਪਰਗਟ ਕਰੇਂਗਾ, ਪਰ ਸੰਸਾਰ ਉੱਤੇ ਨਹੀਂ?” 23ਯਿਸੂ ਨੇ ਉਸ ਨੂੰ ਉੱਤਰ ਦਿੱਤਾ,“ਜੇ ਕੋਈ ਮੈਨੂੰ ਪਿਆਰ ਕਰਦਾ ਹੈ ਤਾਂ ਉਹ ਮੇਰੇ ਵਚਨ ਦੀ ਪਾਲਣਾ ਕਰੇਗਾ ਅਤੇ ਮੇਰਾ ਪਿਤਾ ਉਸ ਨੂੰ ਪਿਆਰ ਕਰੇਗਾ; ਅਸੀਂ ਉਸ ਦੇ ਕੋਲ ਆਵਾਂਗੇ ਅਤੇ ਉਸ ਦੇ ਨਾਲ ਵਾਸ ਕਰਾਂਗੇ। 24ਜੋ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਵਚਨਾਂ ਦੀ ਪਾਲਣਾ ਨਹੀਂ ਕਰਦਾ; ਇਹ ਵਚਨ ਜੋ ਤੁਸੀਂ ਸੁਣਦੇ ਹੋ ਮੇਰਾ ਨਹੀਂ, ਪਰ ਪਿਤਾ ਦਾ ਹੈ ਜਿਸ ਨੇ ਮੈਨੂੰ ਭੇਜਿਆ।
25 “ਮੈਂ ਇਹ ਗੱਲਾਂ ਤੁਹਾਡੇ ਨਾਲ ਰਹਿੰਦੇ ਹੋਏ ਤੁਹਾਨੂੰ ਦੱਸੀਆਂ ਹਨ। 26ਪਰ ਸਹਾਇਕ ਅਰਥਾਤ ਪਵਿੱਤਰ ਆਤਮਾ, ਜਿਸ ਨੂੰ ਪਿਤਾ ਮੇਰੇ ਨਾਮ ਵਿੱਚ ਭੇਜੇਗਾ ਉਹ ਤੁਹਾਨੂੰ ਸਭ ਕੁਝ ਸਿਖਾਵੇਗਾ ਅਤੇ ਜੋ ਮੈਂ ਤੁਹਾਨੂੰ ਕਿਹਾ ਉਹ ਸਭ ਤੁਹਾਨੂੰ ਯਾਦ ਦਿਵਾਏਗਾ।
ਯਿਸੂ ਦੁਆਰਾ ਸ਼ਾਂਤੀ
27 “ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ; ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ, ਜਿਸ ਤਰ੍ਹਾਂ ਸੰਸਾਰ ਦਿੰਦਾ ਹੈ ਮੈਂ ਉਸ ਤਰ੍ਹਾਂ ਤੁਹਾਨੂੰ ਨਹੀਂ ਦਿੰਦਾ। ਤੁਹਾਡਾ ਦਿਲ ਨਾ ਘਬਰਾਵੇ ਅਤੇ ਨਾ ਡਰੇ। 28ਤੁਸੀਂ ਸੁਣਿਆ ਕਿ ਮੈਂ ਤੁਹਾਨੂੰ ਕਿਹਾ ਸੀ, ‘ਮੈਂ ਜਾ ਰਿਹਾ ਹਾਂ ਅਤੇ ਫਿਰ ਤੁਹਾਡੇ ਕੋਲ ਆਵਾਂਗਾ’। ਜੇ ਤੁਸੀਂ ਮੈਨੂੰ ਪਿਆਰ ਕਰਦੇ ਤਾਂ ਅਨੰਦ ਮਨਾਉਂਦੇ ਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ, ਕਿਉਂਕਿ ਪਿਤਾ ਮੇਰੇ ਤੋਂ ਵੱਡਾ ਹੈ। 29ਹੁਣ ਇਸ ਦੇ ਹੋਣ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਦਿੱਤਾ ਹੈ ਤਾਂਕਿ ਜਦੋਂ ਇਹ ਹੋਵੇ ਤਾਂ ਤੁਸੀਂ ਵਿਸ਼ਵਾਸ ਕਰੋ। 30ਮੈਂ ਹੁਣ ਤੁਹਾਡੇ ਨਾਲ ਬਹੁਤੀਆਂ ਗੱਲਾਂ ਨਾ ਕਰਾਂਗਾ, ਕਿਉਂਕਿ ਇਸ ਸੰਸਾਰ ਦਾ ਪ੍ਰਧਾਨ ਆ ਰਿਹਾ ਹੈ ਅਤੇ ਮੇਰੇ ਉੱਤੇ ਉਸ ਦਾ ਕੋਈ ਅਧਿਕਾਰ ਨਹੀਂ। 31ਪਰ ਇਸ ਲਈ ਕਿ ਸੰਸਾਰ ਜਾਣ ਲਵੇ ਜੋ ਮੈਂ ਪਿਤਾ ਨੂੰ ਪਿਆਰ ਕਰਦਾ ਹਾਂ ਅਤੇ ਜਿਸ ਤਰ੍ਹਾਂ ਪਿਤਾ ਨੇ ਮੈਨੂੰ ਹੁਕਮ ਦਿੱਤਾ, ਮੈਂ ਉਸੇ ਤਰ੍ਹਾਂ ਕਰਦਾ ਹਾਂ।
“ਉੱਠੋ, ਇੱਥੋਂ ਚੱਲੀਏ!
Currently Selected:
ਯੂਹੰਨਾ 14: PSB
Highlight
Share
Copy
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative