ਰਸੂਲ 20
20
ਮਕਦੂਨਿਯਾ ਵਿੱਚ ਪੌਲੁਸ
1ਰੌਲ਼ਾ ਖ਼ਤਮ ਹੋਣ ਤੋਂ ਬਾਅਦ ਪੌਲੁਸ ਨੇ ਚੇਲਿਆਂ ਨੂੰ ਸੱਦ ਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਅਤੇ ਵਿਦਾ ਲੈ ਕੇ ਮਕਦੂਨਿਯਾ ਜਾਣ ਲਈ ਚੱਲ ਪਿਆ। 2ਉਹ ਉਨ੍ਹਾਂ ਇਲਾਕਿਆਂ ਵਿੱਚੋਂ ਦੀ ਲੰਘਦਾ ਹੋਇਆ ਉਨ੍ਹਾਂ ਨੂੰ ਉਤਸ਼ਾਹਿਤ ਕਰਦਾ ਗਿਆ ਅਤੇ ਯੂਨਾਨ ਨੂੰ ਆਇਆ। 3ਫਿਰ ਤਿੰਨ ਮਹੀਨੇ ਉੱਥੇ ਰਹਿਣ ਤੋਂ ਬਾਅਦ ਜਦੋਂ ਉਹ ਸਮੁੰਦਰ ਦੇ ਰਸਤੇ ਸੁਰਿਯਾ#20:3 ਆਧੁਨਿਕ ਨਾਮ ਸੀਰਿਆ ਨੂੰ ਜਾਣ ਵਾਲਾ ਸੀ ਤਾਂ ਯਹੂਦੀਆਂ ਨੇ ਉਸ ਦੇ ਵਿਰੁੱਧ ਸਾਜ਼ਸ਼ ਰਚੀ; ਇਸ ਕਰਕੇ ਉਸ ਨੇ ਮਕਦੂਨਿਯਾ ਰਾਹੀਂ ਵਾਪਸ ਜਾਣ ਦਾ ਮਨ ਬਣਾਇਆ। 4ਬਰਿਯਾ ਨਿਵਾਸੀ ਪੁੱਰਸ ਦਾ ਪੁੱਤਰ ਸੋਪਤਰੁਸ, ਥੱਸਲੁਨੀਕੀਆਂ ਤੋਂ ਅਰਿਸਤਰਖੁਸ ਅਤੇ ਸਿਕੁੰਦੁਸ, ਦਰਬੇ ਦਾ ਗਾਯੁਸ ਅਤੇ ਤਿਮੋਥਿਉਸ ਅਤੇ ਅਸਿਯਾ#20:4 ਏਸ਼ੀਆ ਦਾ ਪੱਛਮੀ ਹਿੱਸਾ ਦੇ ਤੁਖਿਕੁਸ ਅਤੇ ਤ੍ਰੋਫ਼ਿਮੁਸ#20:4 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਸਿਯਾ ਤੱਕ” ਲਿਖਿਆ ਹੈ। ਉਸ ਦੇ ਨਾਲ ਗਏ; 5ਅਤੇ ਇਹ ਅੱਗੇ ਜਾ ਕੇ ਤ੍ਰੋਆਸ ਵਿੱਚ ਸਾਡੀ ਉਡੀਕ ਕਰ ਰਹੇ ਸਨ। 6ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਦਿਨਾਂ ਤੋਂ ਬਾਅਦ ਅਸੀਂ ਫ਼ਿਲਿੱਪੈ ਤੋਂ ਸਮੁੰਦਰ ਦੇ ਰਸਤੇ ਚੱਲ ਪਏ ਅਤੇ ਪੰਜਾਂ ਦਿਨਾਂ ਵਿੱਚ ਉਨ੍ਹਾਂ ਕੋਲ ਤ੍ਰੋਆਸ ਵਿੱਚ ਪਹੁੰਚੇ, ਜਿੱਥੇ ਅਸੀਂ ਸੱਤ ਦਿਨ ਠਹਿਰੇ।
ਯੂਤਖੁਸ ਦਾ ਜਿਵਾਇਆ ਜਾਣਾ
7ਹਫ਼ਤੇ ਦੇ ਪਹਿਲੇ ਦਿਨ ਜਦੋਂ ਅਸੀਂ#20:7 ਕੁਝ ਹਸਤਲੇਖਾਂ ਵਿੱਚ “ਅਸੀਂ” ਦੇ ਸਥਾਨ 'ਤੇ “ਚੇਲੇ” ਲਿਖਿਆ ਹੈ। ਰੋਟੀ ਤੋੜਨ ਲਈ ਇਕੱਠੇ ਹੋਏ ਤਾਂ ਪੌਲੁਸ ਉਨ੍ਹਾਂ ਨੂੰ ਵਚਨ ਸੁਣਾਉਣ ਲੱਗਾ ਕਿਉਂਕਿ ਅਗਲੇ ਦਿਨ ਉਸ ਨੇ ਜਾਣਾ ਸੀ। ਉਹ ਅੱਧੀ ਰਾਤ ਤੱਕ ਵਚਨ ਸੁਣਾਉਂਦਾ ਰਿਹਾ। 8ਉਸ ਚੁਬਾਰੇ ਵਿੱਚ ਜਿੱਥੇ ਅਸੀਂ ਇਕੱਠੇ ਹੋਏ ਸੀ, ਬਹੁਤ ਸਾਰੇ ਦੀਵੇ ਬਲਦੇ ਸਨ। 9ਤਦ ਯੂਤਖੁਸ ਨਾਮਕ ਇੱਕ ਨੌਜਵਾਨ ਖਿੜਕੀ ਵਿੱਚ ਬੈਠਾ ਹੋਇਆ ਸੀ ਅਤੇ ਜਦੋਂ ਪੌਲੁਸ ਦੇਰ ਤੱਕ ਵਚਨ ਸਣਾਉਂਦਾ ਰਿਹਾ ਤਾਂ ਉਹ ਗੂੜ੍ਹੀ ਨੀਂਦ ਨਾਲ ਉਂਘਲਾਉਣ ਲੱਗਾ ਅਤੇ ਉਂਘਲਾਉਣ ਕਰਕੇ ਤੀਜੀ ਮੰਜਲ ਤੋਂ ਡਿੱਗ ਪਿਆ ਅਤੇ ਉਨ੍ਹਾਂ ਉਸ ਨੂੰ ਮਰਿਆ ਹੋਇਆ ਚੁੱਕਿਆ। 10ਪਰ ਪੌਲੁਸ ਹੇਠਾਂ ਉੱਤਰਿਆ ਅਤੇ ਉਸ ਉੱਤੇ ਝੁਕ ਕੇ ਉਸ ਨੂੰ ਗਲ਼ ਨਾਲ ਲਾਇਆ ਅਤੇ ਕਹਿਣ ਲੱਗਾ, “ਘਬਰਾਓ ਨਾ, ਕਿਉਂਕਿ ਉਸ ਵਿੱਚ ਜਾਨ ਹੈ।” 11ਫਿਰ ਉਸ ਨੇ ਉੱਤੇ ਜਾ ਕੇ ਰੋਟੀ ਤੋੜੀ ਅਤੇ ਖਾਣ ਤੋਂ ਬਾਅਦ ਐਨੀ ਦੇਰ ਤੱਕ ਗੱਲਾਂ ਕਰਦਾ ਰਿਹਾ ਕਿ ਦਿਨ ਚੜ੍ਹ ਗਿਆ। ਫਿਰ ਉਹ ਉੱਥੋਂ ਚਲਾ ਗਿਆ। 12ਤਦ ਉਹ ਉਸ ਨੌਜਵਾਨ ਨੂੰ ਜੀਉਂਦਾ ਘਰ ਲੈ ਆਏ ਅਤੇ ਉਨ੍ਹਾਂ ਨੂੰ ਬਹੁਤ ਤਸੱਲੀ ਮਿਲੀ।
ਤ੍ਰੋਆਸ ਤੋਂ ਮਿਲੇਤੁਸ ਦੀ ਯਾਤਰਾ
13ਅਸੀਂ ਪਹਿਲਾਂ ਹੀ ਇਹ ਸੋਚ ਕੇ ਜਹਾਜ਼ ਦੁਆਰਾ ਸਮੁੰਦਰ ਦੇ ਰਸਤੇ ਅੱਸੁਸ ਨੂੰ ਗਏ ਕਿ ਉੱਥੋਂ ਪੌਲੁਸ ਨੂੰ ਲੈ ਲਵਾਂਗੇ, ਕਿਉਂਕਿ ਉਸ ਨੇ ਆਪ ਪੈਦਲ ਜਾਣ ਦੀ ਇੱਛਾ ਨਾਲ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਸੀ। 14ਜਦੋਂ ਉਹ ਸਾਨੂੰ ਅੱਸੁਸ ਵਿੱਚ ਮਿਲਿਆ ਤਾਂ ਅਸੀਂ ਉਸ ਨੂੰ ਨਾਲ ਲੈ ਕੇ ਮਿਤੁਲੇਨੇ ਨੂੰ ਆਏ। 15ਅਗਲੇ ਦਿਨ ਅਸੀਂ ਉੱਥੋਂ ਸਮੁੰਦਰ ਦੇ ਰਸਤੇ ਖੀਓਸ ਦੇ ਸਾਹਮਣੇ ਪਹੁੰਚੇ ਅਤੇ ਦੂਜੇ ਦਿਨ ਸਾਮੁਸ ਨੂੰ ਆ ਗਏ ਅਤੇ ਫਿਰ#20:15 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਤ੍ਰੋਗੀਲਿਯੁਮ ਵਿੱਚ ਰੁਕ ਕੇ” ਲਿਖਿਆ ਹੈ। ਉਸ ਤੋਂ ਅਗਲੇ ਦਿਨ ਮਿਲੇਤੁਸ ਵਿੱਚ ਆਏ। 16ਕਿਉਂਕਿ ਪੌਲੁਸ ਨੇ ਅਫ਼ਸੁਸ ਦੇ ਕੋਲੋਂ ਦੀ ਅੱਗੇ ਲੰਘ ਜਾਣ ਦਾ ਫੈਸਲਾ ਕੀਤਾ ਸੀ ਤਾਂਕਿ ਉਸ ਨੂੰ ਅਸਿਯਾ ਵਿੱਚ ਸਮਾਂ ਨਾ ਬਿਤਾਉਣਾ ਪਵੇ। ਉਹ ਇਸ ਕਰਕੇ ਛੇਤੀ ਕਰ ਰਿਹਾ ਸੀ ਕਿ ਜੇ ਹੋ ਸਕੇ ਤਾਂ ਪੰਤੇਕੁਸਤ ਦੇ ਦਿਨ ਉਹ ਯਰੂਸ਼ਲਮ ਵਿੱਚ ਹੋਵੇ।
ਅਫ਼ਸੁਸ ਦੇ ਆਗੂਆਂ ਨੂੰ ਪੌਲੁਸ ਦਾ ਸੰਦੇਸ਼
17ਉਸ ਨੇ ਮਿਲੇਤੁਸ ਤੋਂ ਅਫ਼ਸੁਸ ਵਿੱਚ ਸੁਨੇਹਾ ਭੇਜ ਕੇ ਕਲੀਸਿਯਾ ਦੇ ਬਜ਼ੁਰਗਾਂ#20:17 ਅਰਥਾਤ ਆਗੂਆਂ ਨੂੰ ਬੁਲਾਇਆ 18ਅਤੇ ਜਦੋਂ ਉਹ ਉਸ ਦੇ ਕੋਲ ਆਏ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਜਾਣਦੇ ਹੋ ਕਿ ਪਹਿਲੇ ਦਿਨ ਤੋਂ ਜਦੋਂ ਦਾ ਮੈਂ ਅਸਿਯਾ ਵਿੱਚ ਪੈਰ ਰੱਖਿਆ, ਹਰ ਸਮੇਂ ਕਿਸ ਤਰ੍ਹਾਂ ਤੁਹਾਡੇ ਨਾਲ ਰਿਹਾ 19ਅਰਥਾਤ ਪੂਰੀ ਦੀਨਤਾ ਨਾਲ ਅਤੇ ਹੰਝੂ ਵਹਾ-ਵਹਾ ਕੇ ਉਨ੍ਹਾਂ ਪਰਤਾਵਿਆਂ ਵਿੱਚ ਵੀ ਜਿਹੜੇ ਯਹੂਦੀਆਂ ਦੀਆਂ ਸਾਜ਼ਸ਼ਾਂ ਦੇ ਕਾਰਨ ਮੇਰੇ ਉੱਤੇ ਆ ਪਏ, ਮੈਂ ਪ੍ਰਭੂ ਦੀ ਸੇਵਾ ਕਰਦਾ ਰਿਹਾ 20ਅਤੇ ਕਿਵੇਂ ਮੈਂ ਉਨ੍ਹਾਂ ਗੱਲਾਂ ਨੂੰ ਜਿਹੜੀਆਂ ਲਾਭ ਦੀਆਂ ਸਨ ਤੁਹਾਨੂੰ ਦੱਸਣ ਤੋਂ ਨਾ ਝਿਜਕਿਆ, ਸਗੋਂ ਸਭ ਦੇ ਸਾਹਮਣੇ ਅਤੇ ਘਰ-ਘਰ ਤੁਹਾਨੂੰ ਸਿੱਖਿਆ ਦਿੱਤੀ। 21ਮੈਂ ਯਹੂਦੀਆਂ ਅਤੇ ਯੂਨਾਨੀਆਂ ਦੋਹਾਂ ਨੂੰ ਪਰਮੇਸ਼ਰ ਦੇ ਸਾਹਮਣੇ ਤੋਬਾ ਕਰਨ ਅਤੇ ਸਾਡੇ ਪ੍ਰਭੂ ਯਿਸੂ#20:21 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਸੀਹ” ਲਿਖਿਆ ਹੈ। ਉੱਤੇ ਵਿਸ਼ਵਾਸ ਕਰਨ ਦੇ ਵਿਖੇ ਗਵਾਹੀ ਦਿੰਦਾ ਰਿਹਾ। 22ਹੁਣ ਵੇਖੋ, ਮੈਂ ਆਤਮਾ ਦਾ ਬੱਝਾ ਯਰੂਸ਼ਲਮ ਨੂੰ ਜਾਂਦਾ ਹਾਂ ਅਤੇ ਨਹੀਂ ਜਾਣਦਾ ਕਿ ਉੱਥੇ ਮੇਰੇ ਨਾਲ ਕੀ ਵਾਪਰੇਗਾ; 23ਬਸ ਐਨਾ ਜਾਣਦਾ ਹਾਂ ਕਿ ਪਵਿੱਤਰ ਆਤਮਾ ਹਰੇਕ ਨਗਰ ਵਿੱਚ ਮੈਨੂੰ ਇਹ ਕਹਿ ਕੇ ਗਵਾਹੀ ਦਿੰਦਾ ਹੈ ਕਿ ਬੰਧਨ ਅਤੇ ਕਸ਼ਟ ਤੇਰੇ ਲਈ ਤਿਆਰ ਹਨ। 24ਪਰ ਮੈਂ ਕਿਸੇ ਵੀ ਤਰ੍ਹਾਂ ਆਪਣੀ ਜਾਨ ਨੂੰ ਆਪਣੇ ਲਈ ਕੀਮਤੀ ਨਹੀਂ ਸਮਝਦਾ ਤਾਂਕਿ#20:24 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਨੰਦ ਨਾਲ” ਲਿਖਿਆ ਹੈ। ਆਪਣੀ ਦੌੜ ਅਤੇ ਉਸ ਸੇਵਾ ਨੂੰ ਪੂਰੀ ਕਰਾਂ ਜਿਹੜੀ ਮੈਂ ਪਰਮੇਸ਼ਰ ਦੀ ਕਿਰਪਾ ਦੀ ਖੁਸ਼ਖ਼ਬਰੀ ਦੀ ਗਵਾਹੀ ਦੇਣ ਲਈ ਪ੍ਰਭੂ ਯਿਸੂ ਤੋਂ ਪਾਈ।
25“ਹੁਣ ਵੇਖੋ, ਮੈਂ ਜਾਣਦਾ ਹਾਂ ਕਿ ਤੁਸੀਂ ਸਭ ਜਿਨ੍ਹਾਂ ਵਿੱਚ ਮੈਂ#20:25 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪਰਮੇਸ਼ਰ ਦੇ” ਲਿਖਿਆ ਹੈ। ਰਾਜ ਦਾ ਪ੍ਰਚਾਰ ਕਰਦਾ ਫਿਰਿਆ, ਫਿਰ ਕਦੇ ਮੇਰਾ ਮੂੰਹ ਨਾ ਵੇਖੋਗੇ। 26ਇਸ ਲਈ ਅੱਜ ਦੇ ਦਿਨ ਮੈਂ ਤੁਹਾਡੇ ਅੱਗੇ ਗਵਾਹੀ ਦਿੰਦਾ ਹਾਂ ਕਿ ਮੈਂ ਸਭਨਾਂ ਦੇ ਲਹੂ ਤੋਂ ਨਿਰਦੋਸ਼ ਹਾਂ, 27ਕਿਉਂਕਿ ਮੈਂ ਤੁਹਾਨੂੰ ਪਰਮੇਸ਼ਰ ਦੀ ਸਾਰੀ ਇੱਛਾ ਦੱਸਣ ਤੋਂ ਕਦੇ ਨਹੀਂ ਝਿਜਕਿਆ। 28ਸੋ ਆਪਣੀ ਅਤੇ ਸਾਰੇ ਝੁੰਡ ਦੀ ਚੌਕਸੀ ਕਰੋ ਜਿਸ ਉੱਤੇ ਪਵਿੱਤਰ ਆਤਮਾ ਨੇ ਤੁਹਾਨੂੰ ਨਿਗਰਾਨ ਠਹਿਰਾਇਆ ਹੈ ਕਿ ਤੁਸੀਂ ਪਰਮੇਸ਼ਰ ਦੀ ਕਲੀਸਿਯਾ ਦੀ ਰਖਵਾਲੀ ਕਰੋ ਜਿਸ ਨੂੰ ਉਸ ਨੇ ਆਪਣੇ ਲਹੂ ਨਾਲ ਖਰੀਦਿਆ ਹੈ। 29ਮੈਂ ਜਾਣਦਾ ਹਾਂ ਕਿ ਮੇਰੇ ਜਾਣ ਤੋਂ ਬਾਅਦ ਖੂੰਖਾਰ ਬਘਿਆੜ ਤੁਹਾਡੇ ਵਿੱਚ ਆ ਵੜਨਗੇ ਜਿਹੜੇ ਝੁੰਡ ਨੂੰ ਨਾ ਛੱਡਣਗੇ। 30ਤੁਹਾਡੇ ਵਿੱਚੋਂ ਹੀ ਅਜਿਹੇ ਮਨੁੱਖ ਉੱਠਣਗੇ ਜਿਹੜੇ ਚੇਲਿਆਂ ਨੂੰ ਆਪਣੇ ਪਿੱਛੇ ਖਿੱਚਣ ਲਈ ਪੁੱਠੀਆਂ-ਸਿੱਧੀਆਂ ਗੱਲਾਂ ਦੱਸਣਗੇ। 31ਇਸ ਲਈ ਜਾਗਦੇ ਰਹੋ ਅਤੇ ਯਾਦ ਰੱਖੋ ਕਿ ਮੈਂ ਤਿੰਨ ਸਾਲ ਰਾਤ-ਦਿਨ ਹੰਝੂ ਵਹਾ-ਵਹਾ ਕੇ ਤੁਹਾਡੇ ਵਿੱਚੋਂ ਹਰੇਕ ਨੂੰ ਚਿਤਾਉਣਾ ਨਾ ਛੱਡਿਆ। 32ਸੋ ਹੁਣ#20:32 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਹੇ ਭਾਈਓ” ਲਿਖਿਆ ਹੈ। ਮੈਂ ਤੁਹਾਨੂੰ ਪਰਮੇਸ਼ਰ ਅਤੇ ਉਸ ਦੀ ਕਿਰਪਾ ਦੇ ਵਚਨ ਦੇ ਸਪੁਰਦ ਕਰਦਾ ਹਾਂ ਜਿਹੜਾ ਤੁਹਾਡੀ ਉੱਨਤੀ ਕਰ ਸਕਦਾ ਹੈ ਅਤੇ ਸਭ ਪਵਿੱਤਰ ਕੀਤੇ ਲੋਕਾਂ ਦੇ ਨਾਲ ਮਿਰਾਸ ਦੇ ਸਕਦਾ ਹੈ। 33ਮੈਂ ਕਿਸੇ ਦੇ ਸੋਨੇ, ਚਾਂਦੀ ਜਾਂ ਵਸਤਰਾਂ ਦਾ ਲੋਭ ਨਹੀਂ ਕੀਤਾ। 34ਤੁਸੀਂ ਆਪ ਜਾਣਦੇ ਹੋ ਕਿ ਮੇਰੇ ਇਨ੍ਹਾਂ ਹੀ ਹੱਥਾਂ ਨੇ ਮੇਰੀਆਂ ਅਤੇ ਮੇਰੇ ਸਾਥੀਆਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ। 35ਮੈਂ ਤੁਹਾਨੂੰ ਸਭ ਗੱਲਾਂ ਵਿੱਚ ਵਿਖਾਇਆ ਕਿ ਇਸੇ ਤਰ੍ਹਾਂ ਮਿਹਨਤ ਕਰਕੇ ਕਮਜ਼ੋਰਾਂ ਦੀ ਮਦਦ ਕਰਨਾ ਅਤੇ ਪ੍ਰਭੂ ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ ਯਾਦ ਰੱਖਣਾ ਜ਼ਰੂਰੀ ਹੈ ਜੋ ਉਸ ਨੇ ਆਪ ਕਹੇ: ‘ਲੈਣ ਨਾਲੋਂ ਦੇਣਾ ਜ਼ਿਆਦਾ ਮੁਬਾਰਕ ਹੈ’।”
36ਇਹ ਗੱਲਾਂ ਕਹਿਣ ਤੋਂ ਬਾਅਦ ਉਸ ਨੇ ਗੋਡੇ ਟੇਕ ਕੇ ਉਨ੍ਹਾਂ ਸਭਨਾਂ ਨਾਲ ਪ੍ਰਾਰਥਨਾ ਕੀਤੀ। 37ਤਦ ਉਹ ਸਭ ਬਹੁਤ ਰੋਏ ਅਤੇ ਪੌਲੁਸ ਦੇ ਗਲ਼ ਲੱਗ ਕੇ ਉਸ ਨੂੰ ਚੁੰਮਣ ਲੱਗੇ। 38ਸਭ ਤੋਂ ਵੱਧ ਉਹ ਇਸ ਗੱਲ ਕਰਕੇ ਉਦਾਸ ਸਨ ਜਿਹੜੀ ਉਸ ਨੇ ਕਹੀ ਸੀ ਕਿ ਤੁਸੀਂ ਮੇਰਾ ਮੂੰਹ ਫਿਰ ਕਦੇ ਨਾ ਵੇਖੋਗੇ। ਤਦ ਉਹ ਉਸ ਦੇ ਨਾਲ ਜਹਾਜ਼ ਤੱਕ ਗਏ।
Currently Selected:
ਰਸੂਲ 20: PSB
Highlight
Share
Copy

Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative