YouVersion Logo
Search Icon

ਮਰਕੁਸ 8

8
ਪ੍ਰਭੂ ਯਿਸੂ ਦਾ ਚਾਰ ਹਜ਼ਾਰ ਨੂੰ ਰਜਾਉਣਾ
1ਕੁਝ ਦਿਨਾਂ ਦੇ ਬਾਅਦ ਫਿਰ ਇੱਕ ਵੱਡੀ ਭੀੜ ਇਕੱਠੀ ਹੋ ਗਈ । ਜਦੋਂ ਉਹਨਾਂ ਕੋਲ ਕੁਝ ਖਾਣ ਨੂੰ ਨਾ ਰਿਹਾ ਤਾਂ ਯਿਸੂ ਨੇ ਚੇਲਿਆਂ ਨੂੰ ਕੋਲ ਸੱਦਿਆ ਅਤੇ ਕਿਹਾ, 2“ਮੈਨੂੰ ਇਹਨਾਂ ਲੋਕਾਂ ਉੱਤੇ ਬਹੁਤ ਤਰਸ ਆ ਰਿਹਾ ਹੈ । ਤਿੰਨ ਦਿਨਾਂ ਤੋਂ ਇਹ ਲੋਕ ਮੇਰੇ ਨਾਲ ਹਨ ਅਤੇ ਹੁਣ ਇਹਨਾਂ ਕੋਲ ਖਾਣ ਲਈ ਕੁਝ ਨਹੀਂ ਰਿਹਾ । 3ਜੇਕਰ ਮੈਂ ਇਹਨਾਂ ਨੂੰ ਭੁੱਖੇ ਹੀ ਘਰਾਂ ਨੂੰ ਭੇਜ ਦੇਵਾਂ ਤਾਂ ਇਹ ਰਾਹ ਵਿੱਚ ਹੀ ਨਿਢਾਲ ਹੋ ਜਾਣਗੇ । ਉਹਨਾਂ ਵਿੱਚੋਂ ਕੁਝ ਤਾਂ ਆਏ ਵੀ ਬਹੁਤ ਦੂਰੋਂ ਹਨ ।” 4ਚੇਲਿਆਂ ਨੇ ਉੱਤਰ ਦਿੱਤਾ, “ਇੰਨੇ ਲੋਕਾਂ ਨੂੰ ਰਜਾਉਣ ਲਈ ਇਸ ਉਜਾੜ ਥਾਂ ਵਿੱਚ ਭੋਜਨ ਕਿੱਥੋਂ ਮਿਲ ਸਕਦਾ ਹੈ ?” 5ਯਿਸੂ ਨੇ ਪੁੱਛਿਆ, “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ ?” ਉਹਨਾਂ ਨੇ ਉੱਤਰ ਦਿੱਤਾ “ਸੱਤ ।”
6ਫਿਰ ਯਿਸੂ ਨੇ ਲੋਕਾਂ ਨੂੰ ਹੁਕਮ ਦਿੱਤਾ ਕਿ ਉਹ ਜ਼ਮੀਨ ਉੱਤੇ ਬੈਠ ਜਾਣ । ਇਸ ਦੇ ਬਾਅਦ ਯਿਸੂ ਨੇ ਸੱਤ ਰੋਟੀਆਂ ਲਈਆਂ, ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਤੋੜ ਕੇ ਚੇਲਿਆਂ ਨੂੰ ਲੋਕਾਂ ਵਿੱਚ ਵੰਡਣ ਲਈ ਦਿੱਤੀਆਂ ਅਤੇ ਉਹਨਾਂ ਨੇ ਇਸੇ ਤਰ੍ਹਾਂ ਕੀਤਾ । 7ਚੇਲਿਆਂ ਕੋਲ ਕੁਝ ਛੋਟੀਆਂ ਮੱਛੀਆਂ ਵੀ ਸਨ । ਯਿਸੂ ਨੇ ਇਹਨਾਂ ਦੇ ਲਈ ਵੀ ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਚੇਲਿਆਂ ਨੂੰ ਇਹਨਾਂ ਨੂੰ ਵੀ ਲੋਕਾਂ ਵਿੱਚ ਵੰਡਣ ਲਈ ਕਿਹਾ । 8ਸਾਰੇ ਲੋਕਾਂ ਨੇ ਰੱਜ ਕੇ ਖਾਧਾ । ਚੇਲਿਆਂ ਨੇ ਸੱਤ ਟੋਕਰੇ ਬਚੇ ਹੋਏ ਟੁਕੜਿਆਂ ਦੇ ਭਰੇ ਹੋਏ ਚੁੱਕੇ । 9ਖਾਣ ਵਾਲਿਆਂ ਦੀ ਗਿਣਤੀ ਲਗਭਗ ਚਾਰ ਹਜ਼ਾਰ ਸੀ । ਫਿਰ ਯਿਸੂ ਨੇ ਉਹਨਾਂ ਨੂੰ ਵਿਦਾ ਕੀਤਾ । 10ਅੰਤ ਵਿੱਚ ਆਪ ਵੀ ਉਸੇ ਸਮੇਂ ਆਪਣੇ ਚੇਲਿਆਂ ਦੇ ਨਾਲ ਕਿਸ਼ਤੀ ਵਿੱਚ ਬੈਠ ਕੇ ਦਲਮਨੂਥਾ ਦੇ ਇਲਾਕੇ ਨੂੰ ਚਲੇ ਗਏ ।
ਚਮਤਕਾਰ ਦੀ ਮੰਗ
11 # ਮੱਤੀ 12:38, ਲੂਕਾ 11:16 ਕੁਝ ਫ਼ਰੀਸੀ ਆ ਕੇ ਯਿਸੂ ਨਾਲ ਬਹਿਸ ਕਰਨ ਲੱਗੇ । ਉਹਨਾਂ ਨੂੰ ਪਰਤਾਉਣ ਦੇ ਲਈ ਫ਼ਰੀਸੀਆਂ ਨੇ ਉਹਨਾਂ ਨੂੰ ਕੋਈ ਅਸਮਾਨੀ ਚਿੰਨ੍ਹ ਦਿਖਾਉਣ ਲਈ ਕਿਹਾ । 12#ਮੱਤੀ 12:39, ਲੂਕਾ 11:29ਪਰ ਯਿਸੂ ਨੇ ਇੱਕ ਲੰਮਾ ਹਉਕਾ ਭਰ ਕੇ ਕਿਹਾ, “ਇਸ ਪੀੜ੍ਹੀ ਦੇ ਲੋਕ ਚਮਤਕਾਰ ਕਿਉਂ ਦੇਖਣਾ ਚਾਹੁੰਦੇ ਹਨ ? ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇਸ ਪੀੜ੍ਹੀ ਦੇ ਲੋਕਾਂ ਨੂੰ ਕੋਈ ਚਮਤਕਾਰ ਨਹੀਂ ਦਿਖਾਇਆ ਜਾਵੇਗਾ ।” 13ਯਿਸੂ ਉਹਨਾਂ ਨੂੰ ਛੱਡ ਕੇ ਫਿਰ ਕਿਸ਼ਤੀ ਵਿੱਚ ਬੈਠ ਗਏ ਅਤੇ ਝੀਲ ਦੇ ਪਾਰ ਚਲੇ ਗਏ ।
ਫ਼ਰੀਸੀਆਂ ਅਤੇ ਹੇਰੋਦੇਸ ਦਾ ਖ਼ਮੀਰ
14ਚੇਲੇ ਆਪਣੇ ਨਾਲ ਰੋਟੀ ਲਿਆਉਣਾ ਭੁੱਲ ਗਏ ਸਨ । ਕਿਸ਼ਤੀ ਵਿੱਚ ਉਹਨਾਂ ਦੇ ਕੋਲ ਇੱਕ ਰੋਟੀ ਤੋਂ ਸਿਵਾਏ ਹੋਰ ਕੁਝ ਖਾਣ ਲਈ ਨਹੀਂ ਸੀ । 15#ਲੂਕਾ 12:1ਯਿਸੂ ਨੇ ਉਹਨਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ, “ਦੇਖੋ, ਫ਼ਰੀਸੀਆਂ ਦੇ ਖ਼ਮੀਰ ਅਤੇ ਹੇਰੋਦੇਸ ਦੇ ਖ਼ਮੀਰ ਤੋਂ ਸਾਵਧਾਨ ਰਹੋ ।” 16ਇਹ ਸੁਣ ਕੇ ਚੇਲੇ ਆਪਸ ਵਿੱਚ ਕਹਿਣ ਲੱਗੇ, “ਉਹਨਾਂ ਨੇ ਇਹ ਇਸ ਲਈ ਕਿਹਾ ਹੈ ਕਿਉਂਕਿ ਸਾਡੇ ਕੋਲ ਰੋਟੀ ਨਹੀਂ ਹੈ ।” 17ਇਹ ਜਾਣਦੇ ਹੋਏ ਕਿ ਉਹ ਕੀ ਗੱਲਾਂ ਕਰ ਰਹੇ ਹਨ, ਯਿਸੂ ਨੇ ਕਿਹਾ, “ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਹੇ ਹੋ ਕਿ ਤੁਹਾਡੇ ਕੋਲ ਰੋਟੀ ਨਹੀਂ ਹੈ ? ਕੀ ਤੁਸੀਂ ਹੁਣ ਵੀ ਨਹੀਂ ਸਮਝਦੇ ? ਕੀ ਤੁਸੀਂ ਬੇਸਮਝ ਹੋ ? 18#ਯਿਰ 5:21, ਹਿਜ਼ 12:2, ਮਰ 4:12ਕੀ ਤੁਸੀਂ ਅੱਖਾਂ ਹੁੰਦੇ ਹੋਏ ਵੀ ਨਹੀਂ ਦੇਖ ਸਕਦੇ ? ਕੀ ਤੁਸੀਂ ਕੰਨ ਹੁੰਦੇ ਹੋਏ ਵੀ ਨਹੀਂ ਸੁਣ ਸਕਦੇ ? ਕੀ ਤੁਹਾਨੂੰ ਯਾਦ ਨਹੀਂ 19ਜਦੋਂ ਮੈਂ ਪੰਜ ਰੋਟੀਆਂ ਪੰਜ ਹਜ਼ਾਰ ਲਈ ਤੋੜੀਆਂ ਸਨ ਤਾਂ ਤੁਸੀਂ ਬਚੇ ਹੋਏ ਟੁਕੜਿਆਂ ਦੇ ਨਾਲ ਭਰੇ ਹੋਏ ਕਿੰਨੇ ਟੋਕਰੇ ਚੁੱਕੇ ਸਨ ?” ਉਹਨਾਂ ਨੇ ਉੱਤਰ ਦਿੱਤਾ, “ਬਾਰ੍ਹਾਂ ।” 20“ਫਿਰ ਜਦੋਂ ਮੈਂ ਸੱਤ ਰੋਟੀਆਂ ਚਾਰ ਹਜ਼ਾਰ ਲਈ ਤੋੜੀਆਂ ਸਨ ਤਾਂ ਤੁਸੀਂ ਬਚੇ ਹੋਏ ਟੁਕੜਿਆਂ ਦੇ ਨਾਲ ਭਰੇ ਹੋਏ ਕਿੰਨੇ ਟੋਕਰੇ ਚੁੱਕੇ ਸਨ ?” ਉਹਨਾਂ ਨੇ ਉੱਤਰ ਦਿੱਤਾ, “ਸੱਤ ।” 21ਤਦ ਯਿਸੂ ਨੇ ਉਹਨਾਂ ਤੋਂ ਪੁੱਛਿਆ, “ਕੀ ਤੁਸੀਂ ਅਜੇ ਵੀ ਨਹੀਂ ਸਮਝਦੇ ?”
ਬੈਤਸੈਦਾ ਵਿੱਚ ਪ੍ਰਭੂ ਯਿਸੂ ਇੱਕ ਅੰਨ੍ਹੇ ਨੂੰ ਚੰਗਾ ਕਰਦੇ ਹਨ
22ਉਹ ਬੈਤਸੈਦਾ ਵਿੱਚ ਆਏ ਤਾਂ ਉੱਥੇ ਕੁਝ ਲੋਕ ਇੱਕ ਅੰਨ੍ਹੇ ਨੂੰ ਯਿਸੂ ਕੋਲ ਲਿਆਏ ਅਤੇ ਉਹਨਾਂ ਅੱਗੇ ਬੇਨਤੀ ਕੀਤੀ ਕਿ ਉਸ ਨੂੰ ਛੂਹਣ । 23ਯਿਸੂ ਅੰਨ੍ਹੇ ਨੂੰ ਹੱਥ ਤੋਂ ਫੜ ਕੇ ਪਿੰਡ ਤੋਂ ਬਾਹਰ ਲੈ ਗਏ, ਫਿਰ ਉਹਨਾਂ ਨੇ ਉਸ ਦੀਆਂ ਅੱਖਾਂ ਉੱਤੇ ਥੁੱਕਿਆ ਅਤੇ ਆਪਣੇ ਹੱਥ ਉਸ ਦੀਆਂ ਅੱਖਾਂ ਉੱਤੇ ਰੱਖੇ ਅਤੇ ਉਸ ਤੋਂ ਪੁੱਛਿਆ, “ਕੀ ਤੈਨੂੰ ਕੁਝ ਦਿਖਾਈ ਦਿੰਦਾ ਹੈ ?” 24ਉਸ ਆਦਮੀ ਨੇ ਉਤਾਂਹ ਦੇਖਦੇ ਹੋਏ ਉੱਤਰ ਦਿੱਤਾ, “ਮੈਨੂੰ ਮਨੁੱਖ ਦਿਖਾਈ ਦੇ ਰਹੇ ਹਨ । ਪਰ ਉਹ ਇਸ ਤਰ੍ਹਾਂ ਲੱਗਦੇ ਹਨ, ਜਿਵੇਂ ਚੱਲਦੇ ਫਿਰਦੇ ਰੁੱਖ ਹੋਣ ।” 25ਇਸ ਲਈ ਫਿਰ ਯਿਸੂ ਨੇ ਆਪਣੇ ਹੱਥ ਉਸ ਦੀਆਂ ਅੱਖਾਂ ਉੱਤੇ ਰੱਖੇ ਅਤੇ ਉਸ ਆਦਮੀ ਨੇ ਬੜੀ ਨੀਝ ਲਾ ਕੇ ਦੇਖਿਆ ਤਾਂ ਉਸ ਦੀ ਨਜ਼ਰ ਠੀਕ ਹੋ ਚੁੱਕੀ ਸੀ । ਹੁਣ ਉਹ ਸਭ ਕੁਝ ਸਾਫ਼ ਸਾਫ਼ ਦੇਖ ਸਕਦਾ ਸੀ । 26ਯਿਸੂ ਨੇ ਉਸ ਨੂੰ ਇਹ ਹੁਕਮ ਦਿੰਦੇ ਹੋਏ ਘਰ ਨੂੰ ਭੇਜਿਆ, “ਹੁਣ ਇਸ ਪਿੰਡ ਵਿੱਚ ਨਾ ਜਾਵੀਂ ।”
ਪਤਰਸ ਦਾ ਯਿਸੂ ਨੂੰ ‘ਮਸੀਹ’ ਮੰਨਣਾ
27ਇਸ ਦੇ ਬਾਅਦ ਯਿਸੂ ਅਤੇ ਉਹਨਾਂ ਦੇ ਚੇਲੇ ਕੈਸਰਿਯਾ ਫਿਲਿੱਪੀ ਦੇ ਪਿੰਡਾਂ ਵੱਲ ਗਏ । ਰਾਹ ਵਿੱਚ ਜਾਂਦੇ ਹੋਏ ਯਿਸੂ ਨੇ ਆਪਣੇ ਚੇਲਿਆਂ ਤੋਂ ਪੁੱਛਿਆ, “ਲੋਕ ਮੇਰੇ ਬਾਰੇ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ ?” 28#ਮਰ 6:14-15, ਲੂਕਾ 9:7-8ਉਹਨਾਂ ਨੇ ਉੱਤਰ ਦਿੱਤਾ, “ਕੁਝ ਕਹਿੰਦੇ ਹਨ ਕਿ ਤੁਸੀਂ ਯੂਹੰਨਾ ਬਪਤਿਸਮਾ ਦੇਣ ਵਾਲੇ ਹੋ । ਕੁਝ ਕਹਿੰਦੇ ਹਨ, ‘ਏਲੀਯਾਹ,’ ਪਰ ਕੁਝ ਹੋਰ ਕਹਿੰਦੇ ਹਨ, ‘ਨਬੀਆਂ ਵਿੱਚੋਂ ਕੋਈ ਇੱਕ ।’” 29#ਯੂਹ 6:68-69ਫਿਰ ਉਹਨਾਂ ਨੇ ਚੇਲਿਆਂ ਤੋਂ ਪੁੱਛਿਆ, “ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ?” ਪਤਰਸ ਨੇ ਉੱਤਰ ਦਿੱਤਾ, “ਤੁਸੀਂ ਮਸੀਹ ਹੋ ।” 30ਤਦ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ, “ਮੇਰੇ ਬਾਰੇ ਕਿਸੇ ਨੂੰ ਕੁਝ ਨਾ ਦੱਸਣਾ ।”
ਪ੍ਰਭੂ ਯਿਸੂ ਆਪਣੀ ਮੌਤ ਅਤੇ ਪੁਨਰ-ਉਥਾਨ ਬਾਰੇ ਦੱਸਦੇ ਹਨ
31ਫਿਰ ਯਿਸੂ ਆਪਣੇ ਚੇਲਿਆਂ ਨੂੰ ਇਸ ਤਰ੍ਹਾਂ ਸਿੱਖਿਆ ਦੇਣ ਲੱਗੇ, “ਇਹ ਜ਼ਰੂਰੀ ਹੈ ਕਿ ਮਨੁੱਖ ਦਾ ਪੁੱਤਰ ਬਹੁਤ ਦੁੱਖ ਸਹੇ ਅਤੇ ਬਜ਼ੁਰਗ ਆਗੂਆਂ, ਮਹਾਂ-ਪੁਰੋਹਿਤਾਂ ਅਤੇ ਵਿਵਸਥਾ ਦੇ ਸਿੱਖਿਅਕਾਂ ਦੁਆਰਾ ਰੱਦ ਕਰ ਦਿੱਤਾ ਜਾਵੇ । ਉਹ ਮਾਰਿਆ ਜਾਵੇ ਅਤੇ ਤਿੰਨ ਦਿਨਾਂ ਬਾਅਦ ਜੀਅ ਉੱਠੇ ।” 32ਉੁਹਨਾਂ ਨੇ ਇਹ ਗੱਲ ਬੜੇ ਸਾਫ਼ ਸ਼ਬਦਾਂ ਵਿੱਚ ਕਹੀ । ਪਰ ਪਤਰਸ ਯਿਸੂ ਨੂੰ ਇੱਕ ਪਾਸੇ ਕਰ ਕੇ ਝਿੜਕਣ ਲੱਗਾ । 33ਤਦ ਯਿਸੂ ਨੇ ਮੁੜ ਕੇ ਆਪਣੇ ਚੇਲਿਆਂ ਵੱਲ ਦੇਖਦੇ ਹੋਏ ਪਤਰਸ ਨੂੰ ਝਿੜਕਿਆ, “ਹੇ ਸ਼ੈਤਾਨ, ਮੇਰੇ ਤੋਂ ਦੂਰ ਹੋ ਜਾ ! ਤੂੰ ਪਰਮੇਸ਼ਰ ਦੀਆਂ ਨਹੀਂ ਸਗੋਂ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈਂ ।”
ਪ੍ਰਭੂ ਯਿਸੂ ਦੇ ਪਿੱਛੇ ਚੱਲਣ ਦਾ ਅਰਥ
34 # ਮੱਤੀ 10:38, ਲੂਕਾ 14:27 ਇਸ ਦੇ ਬਾਅਦ ਯਿਸੂ ਨੇ ਚੇਲਿਆਂ ਦੇ ਨਾਲ ਲੋਕਾਂ ਨੂੰ ਆਪਣੇ ਕੋਲ ਸੱਦ ਕੇ ਕਿਹਾ, “ਜੇਕਰ ਕੋਈ ਮੇਰੇ ਪਿੱਛੇ ਚੱਲਣਾ ਚਾਹੇ ਤਾਂ ਉਹ ਆਪਣੇ ਆਪ ਦਾ ਤਿਆਗ ਕਰੇ ਅਤੇ ਆਪਣੀ ਸਲੀਬ ਚੁੱਕੇ ਅਤੇ ਮੇਰੇ ਪਿੱਛੇ ਆ ਜਾਵੇ । 35#ਮੱਤੀ 10:39, ਲੂਕਾ 17:33, ਯੂਹ 12:25ਕਿਉਂਕਿ ਜਿਹੜਾ ਕੋਈ ਆਪਣੀ ਜਾਨ ਬਚਾਵੇਗਾ, ਉਹ ਉਸ ਨੂੰ ਗੁਆਵੇਗਾ । ਪਰ ਜਿਹੜਾ ਮੇਰੇ ਲਈ ਅਤੇ ਸ਼ੁਭ ਸਮਾਚਾਰ ਦੇ ਕਾਰਨ ਆਪਣੀ ਜਾਨ ਗੁਆਵੇਗਾ, ਉਹ ਉਸ ਨੂੰ ਬਚਾਵੇਗਾ । 36ਜੇਕਰ ਕੋਈ ਮਨੁੱਖ ਸਾਰਾ ਸੰਸਾਰ ਪ੍ਰਾਪਤ ਕਰ ਲਵੇ ਪਰ ਆਪਣੀ ਜਾਨ ਗੁਆ ਬੈਠੇ ਤਾਂ ਉਸ ਤੋਂ ਉਸ ਨੂੰ ਕੀ ਲਾਭ ? 37ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇ ਸਕਦਾ ਹੈ ? 38ਇਸ ਲਈ ਜੇਕਰ ਕੋਈ ਮੇਰੇ ਕਾਰਨ ਅਤੇ ਮੇਰੇ ਵਚਨਾਂ ਦੇ ਕਾਰਨ ਇਸ ਵਿਸ਼ਵਾਸਹੀਨ ਅਤੇ ਪਾਪੀ ਪੀੜ੍ਹੀ ਵਿੱਚ ਸ਼ਰਮਾਵੇਗਾ ਤਾਂ ਮਨੁੱਖ ਦਾ ਪੁੱਤਰ ਵੀ ਜਦੋਂ ਆਪਣੇ ਪਿਤਾ ਦੇ ਪ੍ਰਤਾਪ ਵਿੱਚ ਪਵਿੱਤਰ ਸਵਰਗਦੂਤਾਂ ਦੇ ਨਾਲ ਆਵੇਗਾ ਤਾਂ ਉਹ ਉਸ ਤੋਂ ਸ਼ਰਮਾਵੇਗਾ ।”

Currently Selected:

ਮਰਕੁਸ 8: CL-NA

Highlight

Share

Copy

None

Want to have your highlights saved across all your devices? Sign up or sign in