ਮਰਕੁਸ 1
1
ਯੂਹੰਨਾ ਬਪਤਿਸਮਾ ਦੇਣ ਵਾਲਾ ਅਤੇ ਉਸ ਦਾ ਉਪਦੇਸ਼
1ਪਰਮੇਸ਼ਰ ਦੇ ਪੁੱਤਰ ਯਿਸੂ ਮਸੀਹ ਦੇ ਸ਼ੁਭ ਸਮਾਚਾਰ ਦਾ ਆਰੰਭ । 2#ਮਲਾ 3:1ਯਸਾਯਾਹ ਨਬੀ ਦੀ ਪੁਸਤਕ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ,
“ਦੇਖ, ਮੈਂ ਤੇਰੇ ਅੱਗੇ ਆਪਣੇ ਦੂਤ ਨੂੰ ਭੇਜ ਰਿਹਾ ਹਾਂ,
ਜਿਹੜਾ ਤੇਰਾ ਰਾਹ ਤਿਆਰ ਕਰੇਗਾ ।
3 #
ਯਸਾ 40:3
ਬੋਲਣ ਵਾਲਾ ਸੁੰਨਸਾਨ ਥਾਂ ਵਿੱਚ ਪੁਕਾਰ ਰਿਹਾ ਹੈ, ਪ੍ਰਭੂ ਦਾ ਰਾਹ ਤਿਆਰ ਕਰੋ । ਉਹਨਾਂ ਦੇ ਰਾਹਾਂ ਨੂੰ ਸਿੱਧੇ ਕਰੋ ।”
4ਯੂਹੰਨਾ ਆਇਆ ਜਿਹੜਾ ਸੁੰਨਸਾਨ ਥਾਂ ਵਿੱਚ ਪ੍ਰਚਾਰ ਕਰਦਾ ਅਤੇ ਬਪਤਿਸਮਾ ਦਿੰਦਾ ਸੀ । ਉਸ ਨੇ ਲੋਕਾਂ ਨੂੰ ਕਿਹਾ, “ਆਪਣੇ ਬੁਰੇ ਕੰਮਾਂ ਨੂੰ ਤਿਆਗੋ ਅਤੇ ਬਪਤਿਸਮਾ ਲਓ ਤਾਂ ਜੋ ਪਰਮੇਸ਼ਰ ਤੁਹਾਡੇ ਪਾਪਾਂ ਨੂੰ ਮਾਫ਼ ਕਰਨ ।” 5ਯਹੂਦੀਯਾ ਦੇਸ਼ ਦੇ ਸਾਰੇ ਲੋਕ ਅਤੇ ਯਰੂਸ਼ਲਮ ਸ਼ਹਿਰ ਦੇ ਸਾਰੇ ਰਹਿਣ ਵਾਲੇ ਉਸ ਦੇ ਕੋਲ ਆਏ ਅਤੇ ਆਪਣੇ ਪਾਪਾਂ ਨੂੰ ਮੰਨਦੇ ਹੋਏ, ਯਰਦਨ ਨਦੀ ਵਿੱਚ ਉਸ ਕੋਲੋਂ ਬਪਤਿਸਮਾ ਲੈਣ ਲੱਗੇ ।
6 #
2 ਰਾਜਾ 1:8
ਯੂਹੰਨਾ ਊਠ ਦੇ ਵਾਲਾਂ ਦਾ ਬਣਿਆ ਹੋਇਆ ਚੋਗਾ ਪਾਉਂਦਾ ਅਤੇ ਚਮੜੇ ਦੀ ਪੇਟੀ ਆਪਣੇ ਲੱਕ ਦੁਆਲੇ ਬੰਨ੍ਹਦਾ ਸੀ । ਉਸ ਦਾ ਭੋਜਨ ਟਿੱਡੀਆਂ ਅਤੇ ਜੰਗਲੀ ਸ਼ਹਿਦ ਸੀ ।
7ਉਹ ਲੋਕਾਂ ਨੂੰ ਉਪਦੇਸ਼ ਦਿੰਦਾ ਸੀ, “ਮੇਰੇ ਬਾਅਦ ਉਹ ਆਉਣ ਵਾਲੇ ਹਨ ਜਿਹੜੇ ਮੇਰੇ ਤੋਂ ਜ਼ਿਆਦਾ ਸ਼ਕਤੀਮਾਨ ਹਨ, ਇੱਥੋਂ ਤੱਕ ਕਿ ਮੈਂ ਝੁੱਕ ਕੇ ਉਹਨਾਂ ਦੀ ਜੁੱਤੀ ਦੇ ਤਸਮੇ ਵੀ ਖੋਲ੍ਹਣ ਦੇ ਯੋਗ ਨਹੀਂ ਹਾਂ । 8ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਉਹ ਤੁਹਾਨੂੰ ਪਵਿੱਤਰ ਆਤਮਾ ਦੇ ਨਾਲ ਬਪਤਿਸਮਾ ਦੇਣਗੇ ।”
ਪ੍ਰਭੂ ਯਿਸੂ ਦਾ ਬਪਤਿਸਮਾ
9ਉਸ ਵੇਲੇ ਯਿਸੂ ਗਲੀਲ ਦੇ ਸ਼ਹਿਰ ਨਾਸਰਤ ਤੋਂ ਆਏ ਅਤੇ ਉਹਨਾਂ ਨੇ ਯਰਦਨ ਨਦੀ ਵਿੱਚ ਯੂਹੰਨਾ ਕੋਲੋਂ ਬਪਤਿਸਮਾ ਲਿਆ । 10ਜਦੋਂ ਯਿਸੂ ਪਾਣੀ ਵਿੱਚੋਂ ਬਾਹਰ ਆਏ ਤਾਂ ਉਸੇ ਸਮੇਂ ਉਹਨਾਂ ਨੇ ਅਕਾਸ਼ ਨੂੰ ਖੁੱਲ੍ਹਦੇ ਦੇਖਿਆ ਅਤੇ ਪਵਿੱਤਰ ਆਤਮਾ ਨੂੰ ਘੁੱਗੀ ਦੇ ਵਾਂਗ ਆਪਣੇ ਉੱਤੇ ਉੱਤਰਦੇ ਦੇਖਿਆ, 11#ਉਤ 22:2, ਭਜਨ 2:7, ਯਸਾ 42:1, ਮੱਤੀ 3:17, 12:18, ਮਰ 9:7, ਲੂਕਾ 3:22ਅਤੇ ਅਸਮਾਨ ਤੋਂ ਇੱਕ ਆਵਾਜ਼ ਆਈ,
“ਤੂੰ ਮੇਰਾ ਪਿਆਰਾ ਪੁੱਤਰ ਹੈਂ, ਮੈਂ ਤੇਰੇ ਤੋਂ ਖ਼ੁਸ਼ ਹਾਂ ।”
ਪ੍ਰਭੂ ਯਿਸੂ ਦਾ ਪਰਖਿਆ ਜਾਣਾ
12ਉਸੇ ਸਮੇਂ ਪਵਿੱਤਰ ਆਤਮਾ ਯਿਸੂ ਨੂੰ ਉਜਾੜ ਵਿੱਚ ਲੈ ਗਿਆ 13ਅਤੇ ਉੱਥੇ ਉਹ ਚਾਲ੍ਹੀ ਦਿਨਾਂ ਤੱਕ ਰਹੇ । ਸ਼ੈਤਾਨ ਉਹਨਾਂ ਨੂੰ ਪਰਖਦਾ ਰਿਹਾ । ਯਿਸੂ ਜੰਗਲੀ ਜਾਨਵਰਾਂ ਦੇ ਵਿੱਚ ਰਹਿੰਦੇ ਸਨ ਅਤੇ ਸਵਰਗਦੂਤ ਉਹਨਾਂ ਦੀ ਸੇਵਾ ਕਰਦੇ ਸਨ ।
ਪ੍ਰਭੂ ਯਿਸੂ ਦੀ ਸੇਵਾ ਦਾ ਆਰੰਭ
14ਯੂਹੰਨਾ ਦੇ ਫੜੇ ਜਾਣ ਤੋਂ ਬਾਅਦ, ਯਿਸੂ ਗਲੀਲ ਵਿੱਚ ਆਏ ਅਤੇ ਪਰਮੇਸ਼ਰ ਦੇ ਸ਼ੁਭ ਸਮਾਚਾਰ ਦਾ ਪ੍ਰਚਾਰ ਕਰਨ ਲੱਗੇ । 15#ਮੱਤੀ 3:2ਉਹਨਾਂ ਨੇ ਕਿਹਾ, “ਠੀਕ ਸਮਾਂ ਆ ਗਿਆ ਹੈ ਅਤੇ ਪਰਮੇਸ਼ਰ ਦਾ ਰਾਜ ਨੇੜੇ ਆ ਚੁੱਕਾ ਹੈ ! ਤੋਬਾ ਕਰੋ ਅਤੇ ਸ਼ੁਭ ਸਮਾਚਾਰ ਵਿੱਚ ਵਿਸ਼ਵਾਸ ਕਰੋ !”
ਪਹਿਲੇ ਚਾਰ ਚੇਲਿਆਂ ਦਾ ਸੱਦਿਆ ਜਾਣਾ
16ਜਦੋਂ ਯਿਸੂ ਗਲੀਲ ਦੀ ਝੀਲ ਦੇ ਕੰਢੇ ਉੱਤੇ ਜਾ ਰਹੇ ਸਨ ਤਾਂ ਉਹਨਾਂ ਨੇ ਦੋ ਮਛੇਰਿਆਂ ਸ਼ਮਊਨ ਅਤੇ ਉਸ ਦੇ ਭਰਾ ਅੰਦ੍ਰਿਯਾਸ ਨੂੰ ਦੇਖਿਆ ਜਿਹੜੇ ਝੀਲ ਵਿੱਚ ਆਪਣੇ ਜਾਲ ਪਾ ਰਹੇ ਸਨ । 17ਯਿਸੂ ਨੇ ਉਹਨਾਂ ਨੂੰ ਕਿਹਾ, “ਆਓ, ਮੇਰੇ ਪਿੱਛੇ ਚੱਲੋ, ਮੈਂ ਤੁਹਾਨੂੰ ਮਨੁੱਖਾਂ ਦੇ ਮਛੇਰੇ ਬਣਾਵਾਂਗਾ ।” 18ਉਹ ਇਕਦਮ ਆਪਣੇ ਜਾਲਾਂ ਨੂੰ ਛੱਡ ਕੇ ਉਹਨਾਂ ਦੇ ਪਿੱਛੇ ਚੱਲ ਪਏ ।
19ਉਹ ਥੋੜ੍ਹਾ ਅੱਗੇ ਵਧੇ ਤਾਂ ਉਹਨਾਂ ਨੇ ਦੋ ਭਰਾਵਾਂ, ਯਾਕੂਬ ਅਤੇ ਯੂਹੰਨਾ ਨੂੰ ਆਪਣੇ ਪਿਤਾ ਜ਼ਬਦੀ ਦੇ ਨਾਲ ਕਿਸ਼ਤੀ ਵਿੱਚ ਜਾਲਾਂ ਨੂੰ ਠੀਕ ਕਰਦੇ ਦੇਖਿਆ । 20ਯਿਸੂ ਨੇ ਉਸੇ ਸਮੇਂ ਉਹਨਾਂ ਨੂੰ ਵੀ ਆਪਣੇ ਪਿੱਛੇ ਚੱਲਣ ਦਾ ਸੱਦਾ ਦਿੱਤਾ । ਉਹ ਵੀ ਆਪਣੇ ਪਿਤਾ ਜ਼ਬਦੀ ਨੂੰ ਕਿਸ਼ਤੀ ਵਿੱਚ ਕਾਮਿਆਂ ਦੇ ਨਾਲ ਛੱਡ ਕੇ ਉਹਨਾਂ ਦੇ ਪਿੱਛੇ ਤੁਰ ਪਏ ।
ਪ੍ਰਭੂ ਯਿਸੂ ਇੱਕ ਅਸ਼ੁੱਧ ਆਤਮਾ ਨੂੰ ਕੱਢਦੇ ਹਨ
21ਯਿਸੂ ਅਤੇ ਉਹਨਾਂ ਦੇ ਚੇਲੇ ਕਫ਼ਰਨਾਹੂਮ ਵਿੱਚ ਆਏ । ਫਿਰ ਸਬਤ#1:21 ਸਬਤ ਯਹੂਦੀ ਲੋਕਾਂ ਦਾ ਅਰਾਮ ਦਾ ਦਿਨ ਹੈ, ਜੋ ਸ਼ਨੀਵਾਰ ਹੈ । ਦੇ ਦਿਨ ਯਿਸੂ ਪ੍ਰਾਰਥਨਾ ਘਰ ਵਿੱਚ ਗਏ ਅਤੇ ਲੋਕਾਂ ਨੂੰ ਸਿੱਖਿਆ ਦੇਣ ਲੱਗੇ । 22#ਮੱਤੀ 7:28-29ਲੋਕ ਉਹਨਾਂ ਦੀ ਸਿੱਖਿਆ ਨੂੰ ਸੁਣ ਕੇ ਬਹੁਤ ਹੈਰਾਨ ਹੋਏ ਕਿਉਂਕਿ ਉਹ ਵਿਵਸਥਾ ਦੇ ਸਿੱਖਿਅਕਾਂ ਵਾਂਗ ਨਹੀਂ ਸਗੋਂ ਪੂਰੇ ਅਧਿਕਾਰ ਨਾਲ ਸਿੱਖਿਆ ਦਿੰਦੇ ਸਨ ।
23ਉਸ ਸਮੇਂ ਉਹਨਾਂ ਦੇ ਪ੍ਰਾਰਥਨਾ ਘਰ ਵਿੱਚ ਇੱਕ ਆਦਮੀ ਸੀ ਜਿਸ ਵਿੱਚ ਅਸ਼ੁੱਧ ਆਤਮਾ ਸੀ । ਉਸ ਨੇ ਚੀਕ ਕੇ ਕਿਹਾ, 24“ਹੇ ਯਿਸੂ ਨਾਸਰੀ, ਤੁਹਾਡਾ ਸਾਡੇ ਨਾਲ ਕੀ ਕੰਮ ? ਕੀ ਤੁਸੀਂ ਸਾਡਾ ਨਾਸ਼ ਕਰਨ ਆਏ ਹੋ ? ਮੈਂ ਜਾਣਦੀ ਹਾਂ ਕਿ ਤੁਸੀਂ ਕੌਣ ਹੋ, ਤੁਸੀਂ ਪਰਮੇਸ਼ਰ ਦੇ ਭੇਜੇ ਹੋਏ ਪਵਿੱਤਰ ਮਨੁੱਖ ਹੋ !” 25ਪਰ ਯਿਸੂ ਨੇ ਉਸ ਨੂੰ ਝਿੜਕਦੇ ਹੋਏ ਹੁਕਮ ਦਿੱਤਾ, “ਚੁੱਪ ਰਹਿ ਅਤੇ ਉਸ ਦੇ ਵਿੱਚੋਂ ਨਿਕਲ ਜਾ !” 26ਅਸ਼ੁੱਧ ਆਤਮਾ ਨੇ ਆਦਮੀ ਨੂੰ ਝੰਜੋੜਿਆ ਅਤੇ ਉੱਚੀ ਆਵਾਜ਼ ਨਾਲ ਚੀਕ ਮਾਰ ਕੇ ਉਸ ਵਿੱਚੋਂ ਨਿਕਲ ਗਈ । 27ਇਹ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਇਹ ਕੀ ਹੈ ? ਇੱਕ ਨਵੀਂ ਅਧਿਕਾਰ ਭਰੀ ਸਿੱਖਿਆ ! ਉਹ ਅਸ਼ੁੱਧ ਆਤਮਾਵਾਂ ਨੂੰ ਅਧਿਕਾਰ ਦੇ ਨਾਲ ਹੁਕਮ ਦਿੰਦੇ ਹਨ ਅਤੇ ਉਹ ਵੀ ਉਹਨਾਂ ਦਾ ਹੁਕਮ ਮੰਨਦੀਆਂ ਹਨ !” 28ਇਸ ਤਰ੍ਹਾਂ ਯਿਸੂ ਦੀ ਚਰਚਾ ਹਰ ਥਾਂ ਹੋਣ ਲੱਗੀ ਅਤੇ ਉਹਨਾਂ ਦੀ ਪ੍ਰਸਿੱਧੀ ਸਾਰੇ ਗਲੀਲ ਵਿੱਚ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਫੈਲ ਗਈ ।
ਪ੍ਰਭੂ ਯਿਸੂ ਦਾ ਪਤਰਸ ਦੀ ਸੱਸ ਨੂੰ ਚੰਗਾ ਕਰਨਾ
29ਯਿਸੂ ਇਕਦਮ ਪ੍ਰਾਰਥਨਾ ਘਰ ਤੋਂ ਬਾਹਰ ਆਉਣ ਦੇ ਬਾਅਦ, ਸ਼ਮਊਨ ਅਤੇ ਅੰਦ੍ਰਿਯਾਸ ਦੇ ਘਰ ਗਏ । ਯਾਕੂਬ ਅਤੇ ਯੂਹੰਨਾ ਵੀ ਉਹਨਾਂ ਦੇ ਨਾਲ ਸਨ । 30ਉੱਥੇ ਸ਼ਮਊਨ ਦੀ ਸੱਸ ਬੁਖ਼ਾਰ ਨਾਲ ਪਈ ਹੋਈ ਸੀ । ਉਹਨਾਂ ਨੇ ਉਸ ਦੇ ਬਾਰੇ ਯਿਸੂ ਨੂੰ ਦੱਸਿਆ । 31ਉਹ ਉੁਸ ਦੇ ਕੋਲ ਆਏੇ ਅਤੇ ਹੱਥ ਤੋਂ ਫੜ ਕੇ ਉਸ ਨੂੰ ਉਠਾਇਆ । ਉਸ ਦਾ ਬੁਖ਼ਾਰ ਉਸੇ ਸਮੇਂ ਉਤਰ ਗਿਆ ਅਤੇ ਉਹ ਉਹਨਾਂ ਦੀ ਸੇਵਾ ਕਰਨ ਲੱਗੀ ।
32ਸ਼ਾਮ ਦੇ ਸਮੇਂ ਸੂਰਜ ਡੁੱਬਣ ਦੇ ਬਾਅਦ ਲੋਕ ਬਹੁਤ ਸਾਰੇ ਰੋਗੀਆਂ ਅਤੇ ਜਿਹਨਾਂ ਵਿੱਚ ਅਸ਼ੁੱਧ ਆਤਮਾਵਾਂ ਸਨ, ਯਿਸੂ ਕੋਲ ਲਿਆਏ 33ਅਤੇ ਸਾਰਾ ਸ਼ਹਿਰ ਦਰਵਾਜ਼ੇ ਦੇ ਅੱਗੇ ਇਕੱਠਾ ਹੋ ਗਿਆ । 34ਯਿਸੂ ਨੇ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਨਾਲ ਰੋਗੀ ਸਨ, ਚੰਗਾ ਕੀਤਾ ਅਤੇ ਬਹੁਤ ਸਾਰੀਆਂ ਅਸ਼ੁੱਧ ਆਤਮਾਵਾਂ ਨੂੰ ਕੱਢਿਆ ਅਤੇ ਉਹਨਾਂ ਨੂੰ ਬੋਲਣ ਦੀ ਆਗਿਆ ਨਾ ਦਿੱਤੀ ਕਿਉਂਕਿ ਉਹ ਯਿਸੂ ਨੂੰ ਪਛਾਣਦੀਆਂ ਸਨ ਕਿ ਉਹ ਕੌਣ ਸਨ ।
ਯਿਸੂ ਦਾ ਗਲੀਲ ਵਿੱਚ ਪ੍ਰਚਾਰ
35ਸਵੇਰੇ, ਸੂਰਜ ਨਿਕਲਣ ਤੋਂ ਪਹਿਲਾਂ ਹੀ ਯਿਸੂ ਉੱਠੇ ਅਤੇ ਇਕਾਂਤ ਵਿੱਚ ਚਲੇ ਗਏ । ਉੱਥੇ ਉਹ ਪ੍ਰਾਰਥਨਾ ਕਰਨ ਲੱਗੇ । 36ਪਰ ਸ਼ਮਊਨ ਅਤੇ ਉਸ ਦੇ ਸਾਥੀ ਉਹਨਾਂ ਨੂੰ ਲੱਭਣ ਲਈ ਆਏ । 37ਜਦੋਂ ਉਹਨਾਂ ਨੇ ਯਿਸੂ ਨੂੰ ਲੱਭ ਲਿਆ ਤਾਂ ਕਹਿਣ ਲੱਗੇ, “ਸਾਰੇ ਲੋਕ ਤੁਹਾਨੂੰ ਲੱਭ ਰਹੇ ਹਨ ।” 38ਯਿਸੂ ਨੇ ਉਹਨਾਂ ਨੂੰ ਕਿਹਾ, “ਆਓ, ਅਸੀਂ ਨੇੜੇ ਦੇ ਪਿੰਡਾਂ ਨੂੰ ਚੱਲੀਏ ਤਾਂ ਜੋ ਮੈਂ ਉੱਥੇ ਵੀ ਪ੍ਰਚਾਰ ਕਰਾਂ ਕਿਉਂਕਿ ਮੈਂ ਇਸੇ ਲਈ ਆਇਆ ਹਾਂ ।” 39#ਮੱਤੀ 4:23, 9:35ਇਸ ਲਈ ਉਹ ਸਾਰੇ ਗਲੀਲ ਵਿੱਚ ਗਏ ਅਤੇ ਉਹਨਾਂ ਦੇ ਪ੍ਰਾਰਥਨਾ ਘਰਾਂ ਵਿੱਚ ਪ੍ਰਚਾਰ ਕੀਤਾ ਅਤੇ ਅਸ਼ੁੱਧ ਆਤਮਾਵਾਂ ਨੂੰ ਕੱਢਿਆ ।
ਯਿਸੂ ਇੱਕ ਕੋੜ੍ਹੀ ਨੂੰ ਚੰਗਾ ਕਰਦੇ ਹਨ
40ਇੱਕ ਵਾਰ ਇੱਕ ਕੋੜ੍ਹੀ ਯਿਸੂ ਕੋਲ ਆਇਆ ਅਤੇ ਗੋਡੇ ਟੇਕ ਕੇ ਉਸ ਨੇ ਬੇਨਤੀ ਕੀਤੀ, “ਜੇਕਰ ਤੁਸੀਂ ਚਾਹੋ ਤਾਂ ਮੇਰਾ ਕੋੜ੍ਹ ਦੂਰ ਹੋ ਸਕਦਾ ਹੈ ।” 41ਯਿਸੂ ਨੇ ਤਰਸ ਖਾ ਕੇ ਆਪਣਾ ਹੱਥ ਅੱਗੇ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਤੂੰ ਠੀਕ ਹੋ ਜਾ !” 42ਉਸੇ ਸਮੇਂ ਉਸ ਦਾ ਕੋੜ੍ਹ ਦੂਰ ਹੋ ਗਿਆ ਅਤੇ ਉਸ ਦਾ ਸਰੀਰ ਸਾਫ਼ ਹੋ ਗਿਆ । 43ਫਿਰ ਯਿਸੂ ਨੇ ਉਸ ਨੂੰ ਮਨ੍ਹਾ ਕਰਦੇ ਹੋਏ ਇਹ ਕਹਿ ਕੇ ਬਾਹਰ ਭੇਜਿਆ, 44#ਲੇਵੀ 14:1-32“ਦੇਖ, ਕਿਸੇ ਨੂੰ ਕੁਝ ਨਾ ਕਹਿਣਾ । ਪਹਿਲਾਂ ਤੂੰ ਪੁਰੋਹਿਤ ਕੋਲ ਜਾ ਅਤੇ ਆਪਣੇ ਆਪ ਨੂੰ ਉਸ ਨੂੰ ਦਿਖਾ ਅਤੇ ਆਪਣੇ ਠੀਕ ਹੋਣ ਤੋਂ ਬਾਅਦ ਜੋ ਚੜ੍ਹਾਵਾ ਮੂਸਾ ਨੇ ਠਹਿਰਾਇਆ ਹੈ, ਚੜ੍ਹਾ ਤਾਂ ਜੋ ਸਾਰੇ ਲੋਕ ਇਹ ਜਾਨਣ ਕਿ ਹੁਣ ਤੂੰ ਠੀਕ ਹੈਂ ।” 45ਪਰ ਬਾਹਰ ਜਾ ਕੇ ਉਹ ਹਰ ਜਗ੍ਹਾ ਇਸ ਘਟਨਾ ਦੀ ਇੰਨੀ ਚਰਚਾ ਕਰਨ ਲੱਗਾ ਕਿ ਯਿਸੂ ਲਈ ਖੁਲ੍ਹੇਆਮ ਕਿਸੇ ਵੀ ਸ਼ਹਿਰ ਵਿੱਚ ਜਾਣਾ ਮੁਸ਼ਕਲ ਹੋ ਗਿਆ । ਇਸ ਲਈ ਯਿਸੂ ਬਾਹਰ ਇਕਾਂਤ ਵਿੱਚ ਚਲੇ ਗਏ । ਫਿਰ ਵੀ ਲੋਕ ਸਾਰੇ ਪਾਸਿਆਂ ਤੋਂ ਉਹਨਾਂ ਦੇ ਕੋਲ ਆਉਂਦੇ ਰਹੇ ।
Currently Selected:
ਮਰਕੁਸ 1: CL-NA
Highlight
Share
Copy
Want to have your highlights saved across all your devices? Sign up or sign in
Punjabi Common Language (North American Version):
Text © 2021 Canadian Bible Society and Bible Society of India