YouVersion Logo
Search Icon

ਮੱਤੀ 21

21
ਪ੍ਰਭੂ ਯਿਸੂ ਦਾ ਯਰੂਸ਼ਲਮ ਵਿੱਚ ਜੇਤੂ ਪ੍ਰਵੇਸ਼
1ਜਦੋਂ ਯਿਸੂ ਅਤੇ ਉਹਨਾਂ ਦੇ ਚੇਲੇ ਯਰੂਸ਼ਲਮ ਸ਼ਹਿਰ ਦੇ ਨੇੜੇ ਜ਼ੈਤੂਨ ਨਾਂ ਦੇ ਪਹਾੜ ਉੱਤੇ ਬੈਤਫ਼ੇਗਾ ਸ਼ਹਿਰ ਵਿੱਚ ਆਏ ਤਾਂ ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, 2“ਆਪਣੇ ਸਾਹਮਣੇ ਦੇ ਪਿੰਡ ਵਿੱਚ ਜਾਓ । ਉੱਥੇ ਤੁਸੀਂ ਇੱਕ ਗਧੀ ਅਤੇ ਉਸ ਦੇ ਬੱਚੇ ਨੂੰ ਕਿੱਲੇ ਨਾਲ ਬੰਨ੍ਹਿਆਂ ਦੇਖੋਗੇ । ਉਹਨਾਂ ਨੂੰ ਖੋਲ੍ਹ ਕੇ ਮੇਰੇ ਕੋਲ ਲੈ ਆਓ । 3ਜੇਕਰ ਤੁਹਾਡੇ ਤੋਂ ਕੋਈ ਪੁੱਛੇ ਤਾਂ ਕਹਿਣਾ, ‘ਪ੍ਰਭੂ ਨੂੰ ਇਹਨਾਂ ਦੀ ਲੋੜ ਹੈ’ ਉਹ ਉਸੇ ਸਮੇਂ ਉਹਨਾਂ ਨੂੰ ਭੇਜ ਦੇਵੇਗਾ ।”
4ਇਹ ਇਸ ਲਈ ਹੋਇਆ ਕਿ ਨਬੀ ਦਾ ਕਿਹਾ ਹੋਇਆ ਵਚਨ ਪੂਰਾ ਹੋਵੇ,
5 # ਜ਼ਕਰ 9:9 “ਸੀਯੋਨ ਦੀ ਬੇਟੀ ਨੂੰ ਕਹੋ,
ਦੇਖ, ਤੇਰਾ ਰਾਜਾ ਤੇਰੇ ਕੋਲ ਆ ਰਿਹਾ ਹੈ,
ਉਹ ਨਿਮਰ ਹੈ ਅਤੇ ਗਧੀ ਦੇ ਉੱਤੇ ਸਵਾਰ ਹੈ,
ਸਗੋਂ ਗਧੀ ਦੇ ਬੱਚੇ ਉੱਤੇ ਬੈਠਾ ਹੈ ।”
6ਇਸ ਲਈ ਚੇਲਿਆਂ ਨੇ ਜਾ ਕੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਕਿ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ । 7ਉਹ ਗਧੀ ਅਤੇ ਬੱਚੇ ਨੂੰ ਲੈ ਆਏ । ਫਿਰ ਚੇਲਿਆਂ ਨੇ ਉਹਨਾਂ ਉੱਤੇ ਆਪਣੇ ਕੱਪੜੇ ਵਿਛਾਏ ਅਤੇ ਯਿਸੂ ਨੇ ਸਵਾਰੀ ਕੀਤੀ । 8ਲੋਕਾਂ ਦੀ ਇੱਕ ਵੱਡੀ ਭੀੜ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ, ਕਈਆਂ ਨੇ ਰੁੱਖਾਂ ਦੀਆਂ ਟਹਿਣੀਆਂ ਤੋੜ ਤੋੜ ਕੇ ਰਾਹ ਵਿੱਚ ਵਿਛਾਈਆਂ । 9#ਭਜਨ 118:25-26ਉਹ ਸਾਰੀ ਭੀੜ ਜਿਹੜੀ ਉਹਨਾਂ ਦੇ ਅੱਗੇ ਪਿੱਛੇ ਆ ਰਹੀ ਸੀ, ਉੱਚੀ ਉੱਚੀ ਇਸ ਤਰ੍ਹਾਂ ਨਾਅਰੇ ਮਾਰ ਰਹੀ ਸੀ,
“ਹੋਸੰਨਾ#21:9 ਵਡਿਆਈ ਜਾਂ ਸਾਨੂੰ ਬਚਾਓ । ! ਦਾਊਦ ਦੇ ਪੁੱਤਰ ਦੀ ਵਡਿਆਈ ਹੋਵੇ !
ਪ੍ਰਭੂ ਦੇ ਨਾਮ ਵਿੱਚ ਆਉਣ ਵਾਲੇ ਧੰਨ ਹਨ !
ਹੋਸੰਨਾ ! ਪਰਮਧਾਮ ਵਿੱਚ ਪਰਮੇਸ਼ਰ ਦੀ ਵਡਿਆਈ ਹੋਵੇ !”
10ਇਸ ਤਰ੍ਹਾਂ ਜਦੋਂ ਯਿਸੂ ਨੇ ਯਰੂਸ਼ਲਮ ਸ਼ਹਿਰ ਵਿੱਚ ਪ੍ਰਵੇਸ਼ ਕੀਤਾ ਤਾਂ ਸਾਰੇ ਸ਼ਹਿਰ ਵਿੱਚ ਹਲਚਲ ਮੱਚ ਗਈ । ਲੋਕ ਕਹਿਣ ਲੱਗੇ, “ਇਹ ਕੌਣ ਹੈ ?” 11ਭੀੜ ਨੇ ਉੱਤਰ ਦਿੱਤਾ, “ਇਹ ਗਲੀਲ ਦੇ ਸ਼ਹਿਰ ਨਾਸਰਤ ਦੇ ਰਹਿਣ ਵਾਲੇ ਨਬੀ ਯਿਸੂ ਹਨ ।”
ਪ੍ਰਭੂ ਯਿਸੂ ਹੈਕਲ ਵਿੱਚ
12ਯਿਸੂ ਹੈਕਲ ਵਿੱਚ ਗਏ ਅਤੇ ਉਹਨਾਂ ਨੇ ਸਾਰੇ ਲੋਕਾਂ ਨੂੰ ਜਿਹੜੇ ਉੱਥੇ ਲੈਣ-ਦੇਣ ਕਰ ਰਹੇ ਸਨ, ਬਾਹਰ ਕੱਢ ਦਿੱਤਾ । ਉਹਨਾਂ ਨੇ ਸਰਾਫ਼ਾਂ ਦੀਆਂ ਮੇਜ਼ਾਂ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਗੱਦੀਆਂ ਉਲਟਾ ਦਿੱਤੀਆਂ । 13#ਯਸਾ 56:1, ਯਿਰ 7:11ਉਹਨਾਂ ਨੇ ਲੋਕਾਂ ਨੂੰ ਕਿਹਾ, “ਪਵਿੱਤਰ-ਗ੍ਰੰਥ ਵਿੱਚ ਪਰਮੇਸ਼ਰ ਨੇ ਕਿਹਾ ਹੈ, ‘ਮੇਰਾ ਘਰ ਪ੍ਰਾਰਥਨਾ ਦਾ ਘਰ ਅਖਵਾਏਗਾ,’ ਪਰ ਤੁਸੀਂ ਇਸ ਨੂੰ ਡਾਕੂਆਂ ਦੀ ਖੋਹ ਬਣਾ ਦਿੱਤਾ ਹੈ ।”
14ਫਿਰ ਉੱਥੇ ਹੈਕਲ ਵਿੱਚ ਯਿਸੂ ਕੋਲ ਅੰਨ੍ਹੇ ਅਤੇ ਅਪਾਹਜ ਆਏ ਜਿਹਨਾਂ ਨੂੰ ਉਹਨਾਂ ਨੇ ਚੰਗਾ ਕਰ ਦਿੱਤਾ । 15ਮਹਾਂ-ਪੁਰੋਹਿਤ ਅਤੇ ਵਿਵਸਥਾ ਦੇ ਸਿੱਖਿਅਕ ਇਹ ਸਭ ਅਦਭੁੱਤ ਕੰਮ ਦੇਖ ਕੇ ਅਤੇ ਬੱਚਿਆਂ ਨੂੰ ਹੈਕਲ ਵਿੱਚ “ਹੋਸੰਨਾ ! ਦਾਊਦ ਦੇ ਪੁੱਤਰ ਦੀ ਵਡਿਆਈ ਹੋਵੇ !” ਦੇ ਨਾਅਰੇ ਲਾਉਂਦੇ ਹੋਏ ਸੁਣ ਕੇ ਗੁੱਸੇ ਨਾਲ ਭਰ ਗਏ । 16#ਭਜਨ 8:2ਇਸ ਲਈ ਉਹਨਾਂ ਨੇ ਯਿਸੂ ਨੂੰ ਕਿਹਾ, “ਕੀ ਤੁਸੀਂ ਸੁਣ ਰਹੇ ਹੋ ਕਿ ਇਹ ਕੀ ਕਹਿ ਰਹੇ ਹਨ ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਹਾਂ, ਪਰ ਕੀ ਤੁਸੀਂ ਪਵਿੱਤਰ-ਗ੍ਰੰਥ ਵਿੱਚ ਨਹੀਂ ਪੜ੍ਹਿਆ, ‘ਤੁਸੀਂ ਬੱਚਿਆਂ ਅਤੇ ਦੁੱਧ ਪੀਂਦੇ ਨਿਆਣਿਆਂ ਦੇ ਮੂੰਹਾਂ ਤੋਂ ਆਪਣੀ ਵਡਿਆਈ ਕਰਵਾਈ ?’” 17ਇਹ ਕਹਿ ਕੇ ਯਿਸੂ ਉਹਨਾਂ ਨੂੰ ਛੱਡ ਕੇ ਸ਼ਹਿਰ ਤੋਂ ਬਾਹਰ ਬੈਤਅਨੀਆ ਪਿੰਡ ਨੂੰ ਚਲੇ ਗਏ ਅਤੇ ਉੱਥੇ ਉਹਨਾਂ ਨੇ ਰਾਤ ਕੱਟੀ ।
ਅੰਜੀਰ ਦੇ ਸੁੱਕੇ ਰੁੱਖ ਤੋਂ ਸਿੱਖਿਆ
18ਅਗਲੀ ਸਵੇਰੇ ਜਦੋਂ ਉਹ ਸ਼ਹਿਰ ਵੱਲ ਵਾਪਸ ਆ ਰਹੇ ਸਨ ਤਾਂ ਯਿਸੂ ਨੂੰ ਭੁੱਖ ਲੱਗੀ । 19ਉਹਨਾਂ ਨੇ ਸੜਕ ਦੇ ਕੰਡੇ ਉੱਤੇ ਇੱਕ ਅੰਜੀਰ ਦਾ ਰੁੱਖ ਦੇਖਿਆ । ਉਹ ਉਸ ਕੋਲ ਗਏ ਪਰ ਪੱਤਿਆਂ ਤੋਂ ਸਿਵਾਏ ਹੋਰ ਕੁਝ ਉਸ ਉੱਤੇ ਨਾ ਦੇਖਿਆ । ਇਸ ਲਈ ਯਿਸੂ ਨੇ ਉਸ ਅੰਜੀਰ ਦੇ ਰੁੱਖ ਨੂੰ ਕਿਹਾ, “ਤੈਨੂੰ ਅੱਗੇ ਤੋਂ ਕਦੀ ਫਲ ਨਾ ਲੱਗੇ !” ਅੰਜੀਰ ਦਾ ਰੁੱਖ ਇਕਦਮ ਸੁੱਕ ਗਿਆ । 20ਜਦੋਂ ਚੇਲਿਆਂ ਨੇ ਇਹ ਦੇਖਿਆ ਤਾਂ ਉਹ ਹੈਰਾਨ ਰਹਿ ਗਏ । ਇਸ ਲਈ ਉਹਨਾਂ ਨੇ ਪੁੱਛਿਆ, “ਇਹ ਅੰਜੀਰ ਦਾ ਰੁੱਖ ਇਕਦਮ ਕਿਸ ਤਰ੍ਹਾਂ ਸੁੱਕ ਗਿਆ ਹੈ ?” 21#ਮੱਤੀ 17:20, 1 ਕੁਰਿ 13:2ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜੇਕਰ ਤੁਸੀਂ ਵਿਸ਼ਵਾਸ ਕਰੋ ਅਤੇ ਸ਼ੱਕ ਨਾ ਕਰੋ ਤਾਂ ਤੁਸੀਂ ਕੇਵਲ ਇਹ ਹੀ ਨਹੀਂ ਕਰ ਸਕੋਗੇ ਜੋ ਮੈਂ ਇਸ ਅੰਜੀਰ ਦੇ ਰੁੱਖ ਨਾਲ ਕੀਤਾ ਹੈ ਸਗੋਂ ਜੇਕਰ ਤੁਸੀਂ ਇਸ ਪਹਾੜ ਨੂੰ ਕਹੋ, ‘ਉੱਠ, ਅਤੇ ਸਮੁੰਦਰ ਵਿੱਚ ਜਾ ਡਿੱਗ,’ ਤਾਂ ਇਹ ਹੋ ਜਾਵੇਗਾ । 22ਇਸ ਲਈ ਜੋ ਕੁਝ ਵੀ ਤੁਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਵਿੱਚ ਮੰਗੋਗੇ, ਉਹ ਤੁਹਾਨੂੰ ਮਿਲ ਜਾਵੇਗਾ ।”
ਪ੍ਰਭੂ ਯਿਸੂ ਦੇ ਅਧਿਕਾਰ ਸੰਬੰਧੀ ਪ੍ਰਸ਼ਨ
23ਯਿਸੂ ਫਿਰ ਹੈਕਲ ਵਿੱਚ ਆਏ ਅਤੇ ਜਦੋਂ ਉਹ ਸਿੱਖਿਆ ਦੇ ਰਹੇ ਸਨ ਤਾਂ ਮਹਾਂ-ਪੁਰੋਹਿਤ ਅਤੇ ਲੋਕਾਂ ਦੇ ਬਜ਼ੁਰਗ ਆਗੂ, ਉਹਨਾਂ ਕੋਲ ਆ ਕੇ ਪੁੱਛਣ ਲੱਗੇ, “ਤੁਸੀਂ ਇਹ ਸਾਰੇ ਕੰਮ ਕਿਸ ਅਧਿਕਾਰ ਨਾਲ ਕਰਦੇ ਹੋ ?” 24ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਵੀ ਤੁਹਾਨੂੰ ਇੱਕ ਗੱਲ ਪੁੱਛਦਾ ਹਾਂ, ਜੇਕਰ ਤੁਸੀਂ ਮੈਨੂੰ ਉਸ ਦਾ ਉੱਤਰ ਦਿਓਗੇ ਤਾਂ ਮੈਂ ਵੀ ਤੁਹਾਨੂੰ ਦੱਸਾਂਗਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਸਭ ਕਰਦਾ ਹਾਂ । 25ਯੂਹੰਨਾ ਨੂੰ ਬਪਤਿਸਮਾ ਦੇਣ ਦਾ ਅਧਿਕਾਰ ਕਿੱਥੋਂ ਮਿਲਿਆ ਸੀ, ‘ਪਰਮੇਸ਼ਰ ਵੱਲੋਂ ਜਾਂ ਆਦਮੀਆਂ ਵੱਲੋਂ’ ?” ਫਿਰ ਉਹ ਆਪਸ ਵਿੱਚ ਬਹਿਸ ਕਰਨ ਲੱਗੇ, “ਜੇਕਰ ਅਸੀਂ ਕਹੀਏ ‘ਪਰਮੇਸ਼ਰ ਵੱਲੋਂ’ ਤਾਂ ਇਹ ਕਹੇਗਾ ‘ਫਿਰ ਤੁਸੀਂ ਉਸ ਦਾ ਵਿਸ਼ਵਾਸ ਕਿਉਂ ਨਹੀਂ ਕੀਤਾ ?’ 26ਪਰ ਜੇਕਰ ਅਸੀਂ ਕਹੀਏ ‘ਆਦਮੀਆਂ ਵੱਲੋਂ,’ ਤਾਂ ਸਾਨੂੰ ਲੋਕਾਂ ਦਾ ਡਰ ਹੈ । ਕਿਉਂਕਿ ਸਾਰੇ ਯੂਹੰਨਾ ਨੂੰ ਨਬੀ ਮੰਨਦੇ ਹਨ ।” 27ਇਸ ਲਈ ਉਹਨਾਂ ਨੇ ਯਿਸੂ ਨੂੰ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ ।” ਯਿਸੂ ਨੇ ਉਹਨਾਂ ਨੂੰ ਕਿਹਾ, “ਫਿਰ ਮੈਂ ਵੀ ਤੁਹਾਨੂੰ ਨਹੀਂ ਦੱਸਦਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਸਾਰੇ ਕੰਮ ਕਰਦਾ ਹਾਂ ।”
ਦੋ ਪੁੱਤਰਾਂ ਦਾ ਦ੍ਰਿਸ਼ਟਾਂਤ
28“ਤੁਹਾਡਾ ਕੀ ਵਿਚਾਰ ਹੈ ? ਇੱਕ ਆਦਮੀ ਦੇ ਦੋ ਪੁੱਤਰ ਸਨ । ਉਸ ਨੇ ਪਹਿਲੇ ਦੇ ਕੋਲ ਜਾ ਕੇ ਕਿਹਾ, ‘ਪੁੱਤਰ, ਤੂੰ ਜਾ ਕੇ ਅੰਗੂਰਾਂ ਦੇ ਬਾਗ਼ ਵਿੱਚ ਕੰਮ ਕਰ ।’ 29ਪਰ ਉਸ ਨੇ ਪਿਤਾ ਨੂੰ ਉੱਤਰ ਦਿੱਤਾ, ‘ਮੈਂ ਨਹੀਂ ਜਾਵਾਂਗਾ ।’ ਪਰ ਬਾਅਦ ਵਿੱਚ ਉਹ ਆਪਣੇ ਕਹੇ ਤੇ ਪਛਤਾਇਆ । 30ਫਿਰ ਪਿਤਾ ਦੂਜੇ ਪੁੱਤਰ ਦੇ ਕੋਲ ਗਿਆ ਅਤੇ ਉਸ ਨੂੰ ਉਹ ਹੀ ਗੱਲ ਕਹੀ । ਦੂਜੇ ਪੁੱਤਰ ਨੇ ਉੱਤਰ ਦਿੱਤਾ, ‘ਹਾਂ ਪਿਤਾ ਜੀ, ਮੈਂ ਜਾਵਾਂਗਾ’ ਪਰ ਉਹ ਨਾ ਗਿਆ । 31ਦੋਨਾਂ ਪੁੱਤਰਾਂ ਵਿੱਚੋਂ ਕਿਸ ਨੇ ਪਿਤਾ ਦੀ ਇੱਛਾ ਨੂੰ ਪੂਰਾ ਕੀਤਾ ?” ਉਹਨਾਂ ਨੇ ਉੱਤਰ ਦਿੱਤਾ, “ਪਹਿਲੇ ਨੇ ।” ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਟੈਕਸ ਲੈਣ ਵਾਲੇ ਅਤੇ ਵੇਸਵਾਵਾਂ ਪਰਮੇਸ਼ਰ ਦੇ ਰਾਜ ਵਿੱਚ ਤੁਹਾਡੇ ਤੋਂ ਪਹਿਲਾਂ ਦਾਖ਼ਲ ਹੋ ਰਹੇ ਹਨ । 32#ਲੂਕਾ 3:12, 7:29-30ਕਿਉਂਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਤੁਹਾਡੇ ਕੋਲ ਆਇਆ ਅਤੇ ਉਸ ਨੇ ਤੁਹਾਨੂੰ ਠੀਕ ਰਾਹ ਦੱਸਿਆ ਪਰ ਤੁਸੀਂ ਉਸ ਵਿੱਚ ਵਿਸ਼ਵਾਸ ਨਾ ਕੀਤਾ ਪਰ ਟੈਕਸ ਲੈਣ ਵਾਲਿਆਂ ਅਤੇ ਵੇਸਵਾਵਾਂ ਨੇ ਉਸ ਵਿੱਚ ਵਿਸ਼ਵਾਸ ਕੀਤਾ । ਇਹ ਦੇਖ ਕੇ ਵੀ ਤੁਸੀਂ ਪਛਤਾਵਾ ਨਾ ਕੀਤਾ ਅਤੇ ਉਸ ਵਿੱਚ ਵਿਸ਼ਵਾਸ ਨਾ ਕੀਤਾ ।”
ਅੰਗੂਰੀ ਬਾਗ਼ ਦੇ ਕਿਸਾਨਾਂ ਦਾ ਦ੍ਰਿਸ਼ਟਾਂਤ
33 # ਯਸਾ 5:1-2 “ਇੱਕ ਹੋਰ ਦ੍ਰਿਸ਼ਟਾਂਤ ਸੁਣੋ, ਇੱਕ ਜ਼ਿਮੀਂਦਾਰ ਸੀ । ਉਸ ਨੇ ਇੱਕ ਅੰਗੂਰਾਂ ਦਾ ਬਾਗ਼ ਲਾਇਆ ਅਤੇ ਉਸ ਦੇ ਚਾਰੇ ਪਾਸੇ ਵਾੜ ਲਾਈ, ਅੰਗੂਰਾਂ ਦੇ ਰਸ ਲਈ ਇੱਕ ਚੁਬੱਚਾ ਅਤੇ ਇੱਕ ਉੱਚਾ ਮੁਨਾਰਾ ਵੀ ਬਣਾਇਆ । ਫਿਰ ਬਾਗ਼ ਕਿਸਾਨਾਂ ਨੂੰ ਠੇਕੇ ਉੱਤੇ ਦੇ ਕੇ ਆਪ ਪਰਦੇਸ ਨੂੰ ਚਲਾ ਗਿਆ । 34ਉਸ ਨੇ ਅੰਗੂਰਾਂ ਦੇ ਮੌਸਮ ਵਿੱਚ ਆਪਣੇ ਸੇਵਕਾਂ ਨੂੰ ਕਿਸਾਨਾਂ ਦੇ ਕੋਲ ਆਪਣਾ ਹਿੱਸਾ ਲੈਣ ਲਈ ਭੇਜਿਆ । 35ਪਰ ਕਿਸਾਨਾਂ ਨੇ ਉਸ ਦੇ ਸੇਵਕਾਂ ਨੂੰ ਫੜਿਆ, ਕਿਸੇ ਨੂੰ ਉਹਨਾਂ ਨੇ ਮਾਰਿਆ ਕੁੱਟਿਆ, ਕਿਸੇ ਨੂੰ ਕਤਲ ਕਰ ਦਿੱਤਾ ਅਤੇ ਕਿਸੇ ਨੂੰ ਪਥਰਾਓ ਕੀਤਾ । 36ਜ਼ਿਮੀਂਦਾਰ ਨੇ ਆਪਣੇ ਕੁਝ ਹੋਰ ਸੇਵਕਾਂ ਨੂੰ ਜਿਹੜੇ ਪਹਿਲਿਆਂ ਨਾਲੋਂ ਜ਼ਿਆਦਾ ਸਨ, ਭੇਜਿਆ ਪਰ ਕਿਸਾਨਾਂ ਨੇ ਉਹਨਾਂ ਦੇ ਨਾਲ ਵੀ ਪਹਿਲਿਆਂ ਵਰਗਾ ਹੀ ਵਰਤਾਅ ਕੀਤਾ । 37ਅੰਤ ਵਿੱਚ ਉਸ ਨੇ ਆਪਣੇ ਪੁੱਤਰ ਨੂੰ ਉਹਨਾਂ ਕੋਲ ਭੇਜਿਆ । ਉਸ ਨੇ ਸੋਚਿਆ, ‘ਉਹ ਉਸ ਦਾ ਤਾਂ ਜ਼ਰੂਰ ਆਦਰ ਕਰਨਗੇ ।’ 38ਪਰ ਜਦੋਂ ਕਿਸਾਨਾਂ ਨੇ ਪੁੱਤਰ ਨੂੰ ਦੇਖਿਆ ਤਾਂ ਉਹਨਾਂ ਨੇ ਆਪਸ ਵਿੱਚ ਕਿਹਾ, ‘ਇਹ ਹੀ ਵਾਰਿਸ ਹੈ । ਆਓ, ਇਸ ਨੂੰ ਮਾਰ ਸੁੱਟੀਏ ਤਾਂ ਫਿਰ ਜਾਇਦਾਦ ਸਾਡੀ ਹੋ ਜਾਵੇਗੀ !’ 39ਇਸ ਲਈ ਉਹਨਾਂ ਨੇ ਪੁੱਤਰ ਨੂੰ ਫੜ ਕੇ ਬਾਗ਼ ਵਿੱਚੋਂ ਬਾਹਰ ਸੁੱਟ ਦਿੱਤਾ ਅਤੇ ਉਸ ਨੂੰ ਕਤਲ ਕਰ ਦਿੱਤਾ ।”
40ਯਿਸੂ ਨੇ ਪੁੱਛਿਆ, “ਹੁਣ ਜਦੋਂ ਬਾਗ਼ ਦਾ ਮਾਲਕ ਆਵੇਗਾ ਤਾਂ ਉਹ ਕਿਸਾਨਾਂ ਦੇ ਨਾਲ ਕੀ ਕਰੇਗਾ ?” 41ਉਹਨਾਂ ਨੇ ਯਿਸੂ ਨੂੰ ਉੱਤਰ ਦਿੱਤਾ, “ਉਹ ਜ਼ਰੂਰ ਉਹਨਾਂ ਦੁਸ਼ਟਾਂ ਦਾ ਨਾਸ਼ ਕਰੇਗਾ ਅਤੇ ਬਾਗ਼ ਦੂਜੇ ਕਿਸਾਨਾਂ ਨੂੰ ਠੇਕੇ ਦੇ ਉੱਤੇ ਦੇ ਦੇਵੇਗਾ ਜਿਹੜੇ ਉਸ ਨੂੰ ਠੀਕ ਸਮੇਂ ਤੇ ਉਸ ਦਾ ਹਿੱਸਾ ਦੇਣਗੇ ।” 42#ਭਜਨ 118:22-23ਯਿਸੂ ਨੇ ਉਹਨਾਂ ਨੂੰ ਕਿਹਾ, “ਕੀ ਤੁਸੀਂ ਪਵਿੱਤਰ-ਗ੍ਰੰਥ ਵਿੱਚ ਇਹ ਨਹੀਂ ਪੜ੍ਹਿਆ ?
‘ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦ ਕੀਤਾ,
ਉਹ ਹੀ ਕੋਨੇ ਦਾ ਪੱਥਰ ਬਣਿਆ,
ਇਹ ਕੰਮ ਪ੍ਰਭੂ ਦਾ ਹੈ,
ਅਤੇ ਸਾਡੀ ਨਜ਼ਰ ਵਿੱਚ ਅਨੋਖਾ ਹੈ ।’”
43ਇਸ ਦੇ ਲਈ ਪ੍ਰਭੂ ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਕਹਿੰਦਾ ਹਾਂ, ਪਰਮੇਸ਼ਰ ਦਾ ਰਾਜ ਤੁਹਾਡੇ ਕੋਲੋਂ ਲੈ ਲਿਆ ਜਾਵੇਗਾ ਅਤੇ ਉਹਨਾਂ ਲੋਕਾਂ ਨੂੰ ਦੇ ਦਿੱਤਾ ਜਾਵੇਗਾ ਜਿਹੜੇ ਉਸ ਦਾ ਫਲ ਲਿਆਉਂਦੇ ਹਨ । [44ਜਿਹੜਾ ਇਸ ਪੱਥਰ ਉੱਤੇ ਡਿੱਗੇਗਾ, ਉਹ ਟੁਕੜੇ ਟੁਕੜੇ ਹੋ ਜਾਵੇਗਾ ਅਤੇ ਜਿਸ ਉੱਤੇ ਉਹ ਪੱਥਰ ਡਿੱਗੇਗਾ, ਉਹ ਚਕਨਾਚੂਰ ਹੋ ਜਾਵੇਗਾ ।”]#21:44 ਇਹ ਪਦ ਕੁਝ ਯੂਨਾਨੀ ਮੂਲ ਲਿਖਤਾਂ ਵਿੱਚ ਨਹੀਂ ਹੈ ।
45ਜਦੋਂ ਮਹਾਂ-ਪੁਰੋਹਿਤ ਅਤੇ ਫ਼ਰੀਸੀਆਂ ਨੇ ਯਿਸੂ ਦਾ ਇਹ ਦ੍ਰਿਸ਼ਟਾਂਤ ਸੁਣਿਆ ਤਾਂ ਉਹ ਸਮਝ ਗਏ ਕਿ ਯਿਸੂ ਉਹਨਾਂ ਬਾਰੇ ਕਹਿ ਰਹੇ ਹਨ । 46ਇਸ ਲਈ ਉਹਨਾਂ ਨੇ ਯਿਸੂ ਨੂੰ ਗਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਲੋਕਾਂ ਤੋਂ ਡਰਦੇ ਸਨ ਕਿਉਂਕਿ ਲੋਕ ਯਿਸੂ ਨੂੰ ਨਬੀ ਮੰਨਦੇ ਸਨ ।

Currently Selected:

ਮੱਤੀ 21: CL-NA

Highlight

Share

Copy

None

Want to have your highlights saved across all your devices? Sign up or sign in