YouVersion Logo
Search Icon

ਯੂਹੰਨਾ 13

13
ਚੇਲਿਆਂ ਦੇ ਪੈਰ ਧੋਣੇ
1 ਪਸਾਹ ਦੇ ਤਿਉਹਾਰ ਤੋਂ ਪਹਿਲਾਂ, ਯਿਸੂ ਨੇ ਇਹ ਜਾਣ ਕੇ ਕਿ ਉਹ ਸਮਾਂ ਆ ਗਿਆ ਹੈ ਜਦੋਂ ਕਿ ਉਹਨਾਂ ਨੂੰ ਇਸ ਸੰਸਾਰ ਨੂੰ ਛੱਡ ਕੇ ਪਿਤਾ ਦੇ ਕੋਲ ਜਾਣਾ ਹੈ, ਆਪਣੇ ਲੋਕਾਂ ਨੂੰ ਜਿਹਨਾਂ ਨੂੰ ਉਹਨਾਂ ਨੇ ਹਮੇਸ਼ਾ ਪਿਆਰ ਕੀਤਾ ਅਤੇ ਜਿਹੜੇ ਇਸ ਸੰਸਾਰ ਵਿੱਚ ਸਨ ਉਹਨਾਂ ਨੂੰ ਅੰਤ ਤੱਕ ਪਿਆਰ ਕੀਤਾ ।
2ਯਿਸੂ ਅਤੇ ਉਹਨਾਂ ਦੇ ਚੇਲੇ ਭੋਜਨ ਕਰ ਰਹੇ ਸਨ । ਸ਼ੈਤਾਨ ਪਹਿਲਾਂ ਹੀ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਯੋਤੀ ਦੇ ਦਿਲ ਵਿੱਚ ਇਹ ਵਿਚਾਰ ਪਾ ਚੁੱਕਾ ਸੀ ਕਿ ਉਹ ਯਿਸੂ ਨੂੰ ਫੜਵਾਏ । 3ਯਿਸੂ ਇਹ ਜਾਣਦੇ ਹੋਏ ਕਿ ਪਿਤਾ ਨੇ ਸਭ ਕੁਝ ਉਹਨਾਂ ਦੇ ਹੱਥ ਵਿੱਚ ਸੌਂਪ ਦਿੱਤਾ ਹੈ ਅਤੇ ਉਹ ਪਰਮੇਸ਼ਰ ਕੋਲੋਂ ਆਏ ਹਨ ਅਤੇ ਪਰਮੇਸ਼ਰ ਕੋਲ ਹੀ ਵਾਪਸ ਜਾ ਰਹੇ ਹਨ, 4ਉਹ ਭੋਜਨ ਵਾਲੇ ਮੇਜ਼ ਤੋਂ ਉੱਠੇ ਅਤੇ ਆਪਣੇ ਬਾਹਰੀ ਕੱਪੜੇ ਉਤਾਰ ਦਿੱਤੇ ਅਤੇ ਇੱਕ ਪਰਨਾ ਲੈ ਕੇ ਆਪਣੇ ਲੱਕ ਦੇ ਦੁਆਲੇ ਬੰਨ੍ਹ ਲਿਆ । 5ਫਿਰ ਉਹਨਾਂ ਨੇ ਇੱਕ ਭਾਂਡੇ ਵਿੱਚ ਪਾਣੀ ਪਾਇਆ ਅਤੇ ਆਪਣੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ ਅਤੇ ਨਾਲ ਹੀ ਲੱਕ ਦੇ ਦੁਆਲੇ ਬੰਨ੍ਹੇ ਹੋਏ ਪਰਨੇ ਦੇ ਨਾਲ ਪੈਰਾਂ ਨੂੰ ਪੂੰਝਣ ਲੱਗੇ । 6ਜਦੋਂ ਉਹ ਸ਼ਮਊਨ ਪਤਰਸ ਦੇ ਕੋਲ ਪਹੁੰਚੇ ਤਾਂ ਉਸ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਕੀ ਤੁਸੀਂ ਮੇਰੇ ਪੈਰ ਧੋਵੋਗੇ ?” 7ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਜੋ ਕੁਝ ਵੀ ਕਰ ਰਿਹਾ ਹਾਂ, ਤੂੰ ਇਸ ਸਮੇਂ ਨਹੀਂ ਸਮਝ ਸਕਦਾ ਪਰ ਬਾਅਦ ਵਿੱਚ ਸਮਝ ਜਾਵੇਂਗਾ ।” 8ਪਤਰਸ ਨੇ ਉਹਨਾਂ ਨੂੰ ਕਿਹਾ, “ਤੁਸੀਂ ਮੇਰੇ ਪੈਰ ਕਦੀ ਵੀ ਨਹੀਂ ਧੋਵੋਗੇ !” ਯਿਸੂ ਨੇ ਉੱਤਰ ਦਿੱਤਾ, “ਜੇਕਰ ਮੈਂ ਤੈਨੂੰ ਨਾ ਧੋਵਾਂ ਤਾਂ ਮੇਰਾ ਤੇਰੇ ਨਾਲ ਕੋਈ ਵੀ ਰਿਸ਼ਤਾ ਨਹੀਂ ।” 9ਤਦ ਸ਼ਮਊਨ ਪਤਰਸ ਨੇ ਯਿਸੂ ਨੂੰ ਕਿਹਾ, “ਫਿਰ ਤਾਂ ਪ੍ਰਭੂ ਜੀ ਮੇਰੇ ਪੈਰ ਨਹੀਂ ਸਗੋਂ ਹੱਥ ਅਤੇ ਸਿਰ ਵੀ ਧੋ ਦੇਵੋ !” 10ਯਿਸੂ ਨੇ ਉਸ ਨੂੰ ਕਿਹਾ, “ਜਿਹੜਾ ਨਹਾ ਚੁੱਕਾ ਹੈ ਉਸ ਨੂੰ ਪੈਰਾਂ ਤੋਂ ਸਿਵਾ ਹੋਰ ਕੁਝ ਧੋਣ ਦੀ ਲੋੜ ਨਹੀਂ, ਉਹ ਸਾਰੇ ਦਾ ਸਾਰਾ ਸ਼ੁੱਧ ਹੈ । ਤੁਸੀਂ ਸਾਰੇ ਸ਼ੁੱਧ ਹੋ ਪਰ ਇੱਕ ਨਹੀਂ ।” 11(ਯਿਸੂ ਆਪਣੇ ਫੜਵਾਉਣ ਵਾਲੇ ਨੂੰ ਜਾਣਦੇ ਸਨ, ਇਸੇ ਲਈ ਉਹਨਾਂ ਨੇ ਕਿਹਾ, “ਤੁਸੀਂ ਸਾਰੇ ਦੇ ਸਾਰੇ ਸ਼ੁੱਧ ਨਹੀਂ ਹੋ ।”)
12 # ਲੂਕਾ 22:27 ਜਦੋਂ ਯਿਸੂ ਉਹਨਾਂ ਦੇ ਪੈਰ ਧੋ ਚੁੱਕੇ ਤਾਂ ਉਹਨਾਂ ਨੇ ਆਪਣੇ ਬਾਹਰੀ ਕੱਪੜੇ ਪਾ ਲਏ ਅਤੇ ਫਿਰ ਆਪਣੀ ਥਾਂ ਉੱਤੇ ਆ ਕੇ ਬੈਠ ਗਏ । ਉਹਨਾਂ ਨੇ ਚੇਲਿਆਂ ਨੂੰ ਕਿਹਾ, “ਕੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ ਹੈ ? 13ਤੁਸੀਂ ਮੈਨੂੰ ‘ਗੁਰੂ’ ਅਤੇ ‘ਪ੍ਰਭੂ’ ਕਹਿੰਦੇ ਹੋ ਅਤੇ ਤੁਸੀਂ ਠੀਕ ਹੀ ਕਹਿੰਦੇ ਹੋ ਕਿਉਂਕਿ ਮੈਂ ਹਾਂ । 14ਫਿਰ ਜੇਕਰ ਮੈਂ ਪ੍ਰਭੂ ਅਤੇ ਗੁਰੂ ਹੋ ਕੇ ਤੁਹਾਡੇ ਪੈਰ ਧੋਤੇ ਹਨ ਤਾਂ ਤੁਹਾਨੂੰ ਵੀ ਇੱਕ ਦੂਜੇ ਦੇ ਪੈਰ ਧੋਣੇ ਚਾਹੀਦੇ ਹਨ । 15ਮੈਂ ਤੁਹਾਡੇ ਸਾਹਮਣੇ ਇੱਕ ਉਦਾਹਰਨ ਦਿੱਤੀ ਹੈ । ਜਿਸ ਤਰ੍ਹਾਂ ਮੈਂ ਕੀਤਾ ਹੈ ਉਸੇ ਤਰ੍ਹਾਂ ਤੁਸੀਂ ਵੀ ਕਰੋ । 16#ਮੱਤੀ 10:24, ਲੂਕਾ 6:40, ਯੂਹ 15:20ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਸੇਵਕ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਅਤੇ ਨਾ ਹੀ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਨਾਲੋਂ । 17ਜੇਕਰ ਤੁਸੀਂ ਇਹ ਜਾਣਦੇ ਹੋ ਤਾਂ ਇਸ ਦੇ ਅਨੁਸਾਰ ਚੱਲ ਕੇ ਤੁਸੀਂ ਧੰਨ ਹੋ ।
18 # ਭਜਨ 41:9 “ਮੈਂ ਤੁਹਾਡੇ ਸਾਰਿਆਂ ਦੇ ਬਾਰੇ ਨਹੀਂ ਕਹਿੰਦਾ, ਮੈਂ ਜਾਣਦਾ ਹਾਂ ਕਿ ਜਿਹਨਾਂ ਨੂੰ ਮੈਂ ਚੁਣਿਆ ਹੈ ਪਰ ਪਵਿੱਤਰ-ਗ੍ਰੰਥ ਦਾ ਵਚਨ ਪੂਰਾ ਹੋਣਾ ਵੀ ਜ਼ਰੂਰੀ ਹੈ, ‘ਜਿਸ ਨੇ ਮੇਰੇ ਨਾਲ ਰੋਟੀ ਖਾਧੀ ਉਹ ਹੀ ਮੇਰਾ ਦੁਸ਼ਮਣ ਬਣ ਗਿਆ ।’ 19ਮੈਂ ਤੁਹਾਨੂੰ ਇਹ ਹੋਣ ਤੋਂ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਜਦੋਂ ਇਹ ਸਭ ਹੋਵੇ ਤੁਸੀਂ ਵਿਸ਼ਵਾਸ ਕਰੋ ਕਿ ਮੈਂ ਉਹ ਹੀ ਹਾਂ । 20#ਮੱਤੀ 10:40, ਮਰ 9:37, ਲੂਕਾ 9:48, 10:16ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜਿਹੜਾ ਮੇਰੇ ਭੇਜੇ ਹੋਏ ਨੂੰ ਸਵੀਕਾਰ ਕਰਦਾ ਹੈ ਉਹ ਮੈਨੂੰ ਸਵੀਕਾਰ ਕਰਦਾ ਹੈ ਅਤੇ ਜਿਹੜਾ ਮੈਨੂੰ ਸਵੀਕਾਰ ਕਰਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਵੀ ਸਵੀਕਾਰ ਕਰਦਾ ਹੈ ।”
ਪ੍ਰਭੂ ਯਿਸੂ ਆਪਣੇ ਵਿਸ਼ਵਾਸਘਾਤੀ ਦੇ ਬਾਰੇ ਭਵਿੱਖਬਾਣੀ ਕਰਦੇ ਹਨ
(ਮੱਤੀ 26:20-25, ਮਰਕੁਸ 14:17-21, ਲੂਕਾ 22:21-23)
21ਇਸ ਤੋਂ ਬਾਅਦ ਯਿਸੂ ਆਪਣੇ ਮਨ ਵਿੱਚ ਬਹੁਤ ਦੁਖੀ ਹੋਏ । ਉਹਨਾਂ ਨੇ ਆਪਣੇ ਚੇਲਿਆਂ ਨੂੰ ਖੁਲ੍ਹੇਆਮ ਕਿਹਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਤੁਹਾਡੇ ਵਿੱਚੋਂ ਇੱਕ ਮੇਰੇ ਨਾਲ ਵਿਸ਼ਵਾਸਘਾਤ ਕਰੇਗਾ ।” 22ਇਹ ਸੁਣ ਕੇ ਚੇਲੇ ਪਰੇਸ਼ਾਨ ਹੋ ਗਏ ਅਤੇ ਇੱਕ ਦੂਜੇ ਵੱਲ ਦੇਖਣ ਲੱਗ ਪਏ ਕਿ ਉਹਨਾਂ ਨੇ ਕਿਸ ਦੇ ਬਾਰੇ ਕਿਹਾ ਹੈ । 23ਚੇਲਿਆਂ ਵਿੱਚੋਂ ਇੱਕ ਜਿਸ ਨੂੰ ਯਿਸੂ ਪਿਆਰ ਕਰਦੇ ਸਨ, ਉਹਨਾਂ ਨਾਲ ਢਾਸਣਾ ਲਾ ਕੇ ਬੈਠਾ ਹੋਇਆ ਸੀ । 24ਸ਼ਮਊਨ ਪਤਰਸ ਨੇ ਉਸ ਚੇਲੇ ਨੂੰ ਇਸ਼ਾਰਾ ਕਰ ਕੇ ਕਿਹਾ, “ਪੁੱਛ, ਉਹ ਕੌਣ ਹੈ ਜਿਸ ਦੇ ਬਾਰੇ ਯਿਸੂ ਕਹਿ ਰਹੇ ਹਨ ?” 25ਉਸ ਚੇਲੇ ਨੇ ਹੋਰ ਨੇੜੇ ਹੋ ਕੇ ਉਹਨਾਂ ਤੋਂ ਪੁੱਛਿਆ, “ਪ੍ਰਭੂ ਜੀ, ਉਹ ਕੌਣ ਹੈ ?” 26ਯਿਸੂ ਨੇ ਉੱਤਰ ਦਿੱਤਾ, “ਜਿਸ ਨੂੰ ਮੈਂ ਬੁਰਕੀ ਕਟੋਰੇ ਵਿੱਚ ਡੁਬੋ ਕੇ ਦੇਵਾਂ, ਉਹ ਹੀ ਹੈ ।” ਉਹਨਾਂ ਨੇ ਬੁਰਕੀ ਲਈ ਅਤੇ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਯੋਤੀ ਨੂੰ ਦਿੱਤੀ । 27ਬੁਰਕੀ ਲੈਂਦੇ ਹੀ ਸ਼ੈਤਾਨ ਉਸ ਵਿੱਚ ਸਮਾ ਗਿਆ । ਇਸ ਲਈ ਯਿਸੂ ਨੇ ਉਸ ਨੂੰ ਕਿਹਾ, “ਤੂੰ ਜੋ ਕੁਝ ਕਰਨਾ ਹੈ, ਛੇਤੀ ਕਰ ।” 28(ਜਿਹੜੇ ਭੋਜਨ ਕਰ ਰਹੇ ਸਨ ਉਹਨਾਂ ਵਿੱਚੋਂ ਕੋਈ ਵੀ ਨਾ ਸਮਝ ਸਕਿਆ ਕਿ ਯਿਸੂ ਨੇ ਉਸ ਨੂੰ ਇਹ ਕਿਉਂ ਕਿਹਾ । 29ਕੁਝ ਨੇ ਸੋਚਿਆ ਕਿ ਯਹੂਦਾ ਕੋਲ ਪੈਸਿਆਂ ਵਾਲੀ ਥੈਲੀ ਹੁੰਦੀ ਹੈ ਅਤੇ ਯਿਸੂ ਨੇ ਉਸ ਨੂੰ ਕਿਹਾ ਹੈ ਕਿ ਤਿਉਹਾਰ ਦੇ ਲਈ ਜੋ ਕੁਝ ਚਾਹੀਦਾ ਹੈ ਖ਼ਰੀਦ ਲੈ ਜਾਂ ਕੁਝ ਗ਼ਰੀਬਾਂ ਨੂੰ ਵੰਡ ਦੇ ।) 30ਯਹੂਦਾ ਬੁਰਕੀ ਲੈਣ ਦੇ ਬਾਅਦ ਇਕਦਮ ਬਾਹਰ ਚਲਾ ਗਿਆ । ਇਹ ਰਾਤ ਦਾ ਸਮਾਂ ਸੀ ।
ਨਵਾਂ ਹੁਕਮ
31ਜਦੋਂ ਯਹੂਦਾ ਬਾਹਰ ਚਲਾ ਗਿਆ ਤਾਂ ਯਿਸੂ ਨੇ ਕਿਹਾ, “ਹੁਣ ਮਨੁੱਖ ਦੇ ਪੁੱਤਰ ਦੀ ਵਡਿਆਈ ਹੋਈ ਹੈ ਅਤੇ ਉਸ ਦੇ ਰਾਹੀਂ ਪਰਮੇਸ਼ਰ ਦੀ ਵਡਿਆਈ ਹੋਈ ਹੈ । 32ਜੇਕਰ ਉਸ ਵਿੱਚ ਪਰਮੇਸ਼ਰ ਦੀ ਵਡਿਆਈ ਹੋਈ ਹੈ#13:32 ਕੁਝ ਪ੍ਰਾਚੀਨ ਲਿਖਤਾਂ ਵਿੱਚ ਇਹ ਆਇਤ ਨਹੀਂ ਹੈ । ਤਾਂ ਪਰਮੇਸ਼ਰ ਵੀ ਆਪਣੇ ਵਿੱਚ ਉਸ ਦੀ ਵਡਿਆਈ ਕਰਨਗੇ । ਪਰਮੇਸ਼ਰ ਉਸ ਦੀ ਵਡਿਆਈ ਛੇਤੀ ਹੀ ਕਰਨਗੇ । 33#ਯੂਹ 7:34ਮੇਰੇ ਬੱਚਿਓ, ਮੈਂ ਤੁਹਾਡੇ ਨਾਲ ਥੋੜ੍ਹੀ ਦੇਰ ਦੇ ਲਈ ਹਾਂ । ਤੁਸੀਂ ਮੈਨੂੰ ਲੱਭੋਗੇ ਅਤੇ ਜਿਸ ਤਰ੍ਹਾਂ ਮੈਂ ਯਹੂਦੀਆਂ ਨੂੰ ਕਿਹਾ ਸੀ, ਉਸੇ ਤਰ੍ਹਾਂ ਹੁਣ ਤੁਹਾਨੂੰ ਕਹਿੰਦਾ ਹਾਂ ਕਿ ਜਿੱਥੇ ਮੈਂ ਜਾ ਰਿਹਾ ਹਾਂ ਉੱਥੇ ਤੁਸੀਂ ਨਹੀਂ ਆ ਸਕਦੇ । 34ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ, ਇੱਕ ਦੂਜੇ ਨਾਲ ਪਿਆਰ ਕਰੋ । ਜਿਸ ਤਰ੍ਹਾਂ ਮੈਂ ਤੁਹਾਨੂੰ ਪਿਆਰ ਕੀਤਾ ਹੈ ਤੁਸੀਂ ਵੀ ਇੱਕ ਦੂਜੇ ਨਾਲ ਪਿਆਰ ਕਰੋ । 35ਜੇਕਰ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋਗੇ ਤਾਂ ਇਸੇ ਤੋਂ ਸਾਰੇ ਜਾਨਣਗੇ ਕਿ ਤੁਸੀਂ ਮੇਰੇ ਚੇਲੇ ਹੋ ।”
ਪ੍ਰਭੂ ਯਿਸੂ ਦੀ ਪਤਰਸ ਦੇ ਇਨਕਾਰ ਬਾਰੇ ਭਵਿੱਖਬਾਣੀ
(ਮੱਤੀ 26:31-35, ਮਰਕੁਸ 14:27-31, ਲੂਕਾ 22:31-34)
36ਸ਼ਮਊਨ ਪਤਰਸ ਨੇ ਯਿਸੂ ਤੋਂ ਪੁੱਛਿਆ, “ਪ੍ਰਭੂ ਜੀ, ਤੁਸੀਂ ਕਿੱਥੇ ਜਾ ਰਹੇ ਹੋ ?” ਉਹਨਾਂ ਨੇ ਉੱਤਰ ਦਿੱਤਾ, “ਜਿੱਥੇ ਮੈਂ ਜਾ ਰਿਹਾ ਹਾਂ, ਇਸ ਸਮੇਂ ਤੂੰ ਉੱਥੇ ਮੇਰੇ ਪਿੱਛੇ ਨਹੀਂ ਆ ਸਕਦਾ ਪਰ ਬਾਅਦ ਵਿੱਚ ਆਵੇਂਗਾ ।” 37ਪਤਰਸ ਨੇ ਉਹਨਾਂ ਨੂੰ ਕਿਹਾ, “ਪ੍ਰਭੂ ਜੀ, ਇਸ ਸਮੇਂ ਮੈਂ ਤੁਹਾਡੇ ਪਿੱਛੇ ਕਿਉਂ ਨਹੀਂ ਆ ਸਕਦਾ ? ਮੈਂ ਤਾਂ ਤੁਹਾਡੇ ਲਈ ਆਪਣੀ ਜਾਨ ਵੀ ਦੇ ਸਕਦਾ ਹਾਂ ।” 38ਯਿਸੂ ਨੇ ਉੱਤਰ ਦਿੱਤਾ, “ਕੀ ਤੂੰ ਮੇਰੇ ਲਈ ਆਪਣੀ ਜਾਨ ਵੀ ਦੇ ਸਕਦਾ ਹੈਂ ? ਪਰ ਮੈਂ ਤੈਨੂੰ ਸੱਚ ਸੱਚ ਕਹਿੰਦਾ ਹਾਂ ਕਿ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ।”

Currently Selected:

ਯੂਹੰਨਾ 13: CL-NA

Highlight

Share

Copy

None

Want to have your highlights saved across all your devices? Sign up or sign in