ਪਰਕਾਸ਼ ਦੀ ਪੋਥੀ 2
2
ਸੱਤ ਕਲੀਸਿਯਾਂ ਲਈ ਪੱਤ੍ਰੀਆਂ
1ਅਫ਼ਸੁਸ ਦੀ ਕਲੀਸਿਯਾ ਦੇ ਦੂਤ ਨੂੰ ਇਉਂ ਲਿਖ ਭਈ ਜਿਹ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਫੜੇ ਹੋਏ ਹਨ ਅਤੇ ਜਿਹੜਾ ਸੱਤਾਂ ਸੋਨੇ ਦੇ ਸ਼ਮਾਦਾਨਾਂ ਦੇ ਵਿਚਾਲੇ ਫਿਰਦਾ ਹੈ ਉਹ ਇਹ ਆਖਦਾ ਹੈ, 2ਮੈਂ ਤੇਰੇ ਕੰਮਾਂ ਨੂੰ ਅਤੇ ਤੇਰੀ ਮਿਹਨਤ ਅਤੇ ਸਬਰ ਨੂੰ ਜਾਣਦਾ ਹਾਂ, ਨਾਲੇ ਇਹ ਜੋ ਬੁਰਿਆਰਾਂ ਦਾ ਤੈਥੋਂ ਸਹਾਰਾ ਨਹੀਂ ਹੁੰਦਾ ਅਤੇ ਜਿਹੜੇ ਆਪਣੇ ਆਪ ਨੂੰ ਰਸੂਲ ਦੱਸਦੇ ਹਨ ਪਰ ਨਹੀਂ ਹਨ ਤੈਂ ਉਹਨਾਂ ਨੂੰ ਪਰਤਾ ਕੇ ਝੂਠਾ ਵੇਖਿਆ 3ਅਤੇ ਤੂੰ ਧੀਰਜ ਰੱਖਦਾ ਹੈ ਅਤੇ ਮੇਰੇ ਨਾਮ ਦੇ ਨਮਿੱਤ ਤੈਂ ਸਹਾਰਾ ਕੀਤਾ ਅਤੇ ਨਹੀਂ ਥੱਕਿਆ 4ਪਰ ਤਾਂ ਵੀ ਤੇਰੇ ਉੱਤੇ ਮੈਨੂੰ ਇਹ ਗਿਲਾ ਹੈ ਭਈ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾ ਹੈਂ 5ਸੋ ਚੇਤੇ ਕਰ ਜੋ ਤੂੰ ਕਿੱਥੋਂ ਡਿੱਗਾ ਹੈਂ ਅਤੇ ਤੋਬਾ ਕਰ ਅਤੇ ਆਪਣੇ ਅਗਲੇ ਹੀ ਕੰਮ ਕਰ! ਨਹੀਂ ਤਾਂ ਮੈਂ ਤੇਰੇ ਕੋਲ ਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਉਹ ਦੇ ਥਾਂ ਤੋਂ ਹਟਾ ਦਿਆਂਗਾ, ਜੇ ਤੈਂ ਤੋਬਾ ਨਾ ਕੀਤੀ 6ਪਰ ਤੇਰੇ ਵਿੱਚ ਐੱਨਾ ਤਾਂ ਹੈ ਭਈ ਤੂੰ ਨਿਕੁਲਾਈਆਂ ਦਿਆਂ ਕੰਮਾਂ ਤੋਂ ਸੂਗ ਕਰਦਾ ਹੈਂ ਜਿਨ੍ਹਾਂ ਤੋਂ ਮੈਂ ਵੀ ਸੂਗ ਕਰਦਾ ਹਾਂ 7ਜਿਹ ਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਯਾਂ ਨੂੰ ਕੀ ਅਖਦਾ ਹੈ। ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਮੈਂ ਜੀਵਨ ਦੇ ਬਿਰਛ ਵਿੱਚੋਂ ਜੋ ਪਰਮੇਸ਼ੁਰ ਦੇ ਫ਼ਿਰਦੌਸ ਵਿੱਚ ਹੈ ਖਾਣ ਲਈ ਦਿਆਂਗਾ।।
8ਸਮੁਰਨੇ ਦੀ ਕਲੀਸਿਯਾ ਦੇ ਦੂਤ ਨੂੰ ਇਉਂ ਲਿਖ ਭਈ ਜਿਹੜਾ ਪਹਿਲਾ ਅਤੇ ਪਿਛਲਾ ਹੈ, ਜਿਹੜਾ ਮੁਰਦਾ ਹੋਇਆ ਅਤੇ ਫੇਰ ਜੀ ਪਿਆ, ਉਹ ਇਹ ਆਖਦਾ ਹੈ 9ਮੈਂ ਤੇਰੀ ਬਿਪਤਾ ਅਤੇ ਗਰੀਬੀ ਨੂੰ ਜਾਣਦਾ ਹਾਂ ਭਾਵੇਂ ਤੂੰ ਧਨਵਾਨ ਹੈਂ ਅਤੇ ਓਹਨਾਂ ਦੇ ਕੁਫ਼ਰ ਨੂੰ ਵੀ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਪਰ ਨਹੀਂ ਹਨ ਸਗੋਂ ਸ਼ਤਾਨ ਦੀ ਮੰਡਲੀ ਹਨ 10ਜਿਹੜੇ ਦੁਖ ਤੈਂ ਭੋਗਣੇ ਹਨ ਤੂੰ ਓਹਨਾਂ ਤੋਂ ਨਾ ਡਰੀ। ਵੇਖੋ, ਸ਼ਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਪਾ ਸੁੱਟੇਗਾ ਭਈ ਤੁਸੀਂ ਪਰਤਾਏ ਜਾਓ ਅਤੇ ਤੁਹਾਨੂੰ ਦਸਾਂ ਦਿਨਾਂ ਤੀਕ ਬਿਪਤਾ ਹੋਵੇਗੀ। ਤੂੰ ਮਰਨ ਤੋੜੀ ਵਫ਼ਾਦਾਰ ਰਹੁ ਤਾਂ ਮੈਂ ਤੈਨੂੰ ਜੀਵਨ ਦਾ ਮੁਕਟ ਦਿਆਂਗਾ 11ਜਿਹ ਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਯਾਂ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ ਦੂਜੀ ਮੌਤ ਤੋਂ ਉਹ ਦਾ ਕਦੇ ਵਿਗਾੜ ਨਾ ਹੋਵੇਗਾ।।
12ਪਰਗਮੁਮ ਦੀ ਕਲੀਸਿਯਾ ਦੇ ਦੂਤ ਨੂੰ ਇਉਂ ਲਿਖ ਭਈ ਜਿਹਦੇ ਕੋਲ ਦੁਧਾਰੀ ਤਿੱਖੀ ਤਲਵਾਰ ਹੈ ਉਹ ਇਹ ਆਖਦਾ ਹੈ 13ਮੈਂ ਜਾਣਦਾ ਹਾਂ ਤੂੰ ਉੱਥੇ ਵੱਸਦਾ ਹੈਂ ਜਿੱਥੇ ਸ਼ਤਾਨ ਦੀ ਗੱਦੀ ਹੈ, ਅਤੇ ਤੂੰ ਤਕੜਾਈ ਨਾਲ ਮੇਰਾ ਨਾਮ ਫੜੀ ਰੱਖਦਾ ਹੈਂ ਅਤੇ ਅੰਤਿਪਾਸ ਜੋ ਮੇਰਾ ਗਵਾਹ ਅਤੇ ਮੇਰਾ ਮਾਤਬਰ ਜਨ ਸੀ ਜਿਹੜਾ ਤੁਹਾਡੇ ਵਿੱਚ ਉੱਥੇ ਮਾਰਿਆ ਗਿਆ ਜਿੱਥੇ ਸ਼ਤਾਨ ਵੱਸਦਾ ਹੈ ਉਹ ਦੇ ਦਿਨੀਂ ਵੀ ਤੈਂ ਮੇਰੀ ਨਿਹਚਾ ਤੋਂ ਇਨਕਾਰ ਨਹੀਂ ਕੀਤਾ 14ਪਰ ਤਾਂ ਵੀ ਤੇਰੇ ਉੱਤੇ ਮੈਨੂੰ ਥੋੜਾ ਬਹੁਤ ਗਿਲਾ ਹੈ ਭਈ ਉੱਥੇ ਤੇਰੇ ਕੋਲ ਓਹ ਹਨ ਜਿੰਨ੍ਹਾਂ ਬਿਲਆਮ ਦੀ ਸਿੱਖਿਆ ਧਾਰੀ ਹੈ ਜਿਹ ਨੇ ਬਾਲਾਕ ਨੂੰ ਸਿੱਖਿਆ ਦਿੱਤੀ ਸੀ ਜੋ ਇਸਰਾਏਲ ਦੇ ਵੰਸ ਦੇ ਅੱਗੇ ਠੇਡੇ ਲਾਉਣ ਵਾਲੀ ਵਸਤ ਸੁੱਟ ਦੇਵੇ ਭਈ ਉਹ ਮੂਰਤੀਆਂ ਦੇ ਚੜ੍ਹਾਵੇ ਖਾਣ ਅਤੇ ਹਰਾਮਕਾਰੀ ਕਰਨ 15ਇਸੇ ਤਰ੍ਹਾਂ ਤੇਰੇ ਕੋਲ ਓਹ ਵੀ ਹਨ ਜਿੰਨ੍ਹਾਂ ਨਿਕੁਲਾਈਆਂ ਦੀ ਸਿੱਖਿਆ ਓਵੇਂ ਹੀ ਧਾਰੀ ਹੈ 16ਇਸ ਲਈ ਤੋਬਾ ਕਰ, ਨਹੀਂ ਤਾਂ ਮੈਂ ਤੇਰੇ ਕੋਲ ਛੇਤੀ ਆਵਾਂਗਾ ਅਤੇ ਉਨ੍ਹਾਂ ਨਾਲ ਆਪਣੇ ਮੂੰਹ ਦੀ ਤਲਵਾਰ ਦੇ ਨਾਲ ਲੜਾਂਗਾ 17ਜਿਹ ਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਯਾਂ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਮੈਂ ਗੁਪਤ ਮੰਨ ਵਿੱਚੋਂ ਦਿਆਂਗਾ ਅਤੇ ਮੈਂ ਉਹਨੂੰ ਇੱਕ ਚਿੱਟਾ ਪੱਥਰ ਦਿਆਂਗਾ ਅਤੇ ਉਸ ਪੱਥਰ ਉੱਤੇ ਇੱਕ ਨਵਾਂ ਨਾਉਂ ਲਿਖਿਆ ਹੋਇਆ ਹੈ, ਜਿਹ ਨੂੰ ਉਹ ਦੇ ਲੈਣ ਵਾਲੇ ਤੋਂ ਛੁੱਟ ਹੋਰ ਕੋਈ ਨਹੀਂ ਜਾਣਦਾ ਹੈ।।
18ਥੂਆਤੀਰੇ ਦੀ ਕਲਿਸੀਯਾ ਦੇ ਦੂਤ ਨੂੰ ਇਉਂ ਲਿਖ ਭਈ ਪਰਮੇਸ਼ੁਰ ਦਾ ਪੁੱਤ੍ਰ ਜਿਹ ਦੀਆਂ ਅੱਖੀਆਂ ਅਗਨੀ ਦੀ ਲਾਟ ਵਰਗੀਆਂ ਹਨ ਅਤੇ ਉਹ ਦੇ ਪੈਰ ਖਾਲਸ ਪਿੱਤਲ ਦੀ ਨਿਆਈਂ ਹਨ ਇਹ ਆਖਦਾ ਹੈ, 19ਮੈਂ ਤੇਰੇ ਕੰਮਾਂ ਨੂੰ ਅਤੇ ਤੇਰੇ ਪ੍ਰੇਮ, ਨਿਹਚਾ, ਸੇਵਾ ਅਤੇ ਸਬਰ ਨੂੰ ਜਾਣਦਾ ਹਾਂ, ਨਾਲੇ ਇਹ ਭਈ ਤੇਰੇ ਪਿਛਲੇ ਕੰਮ ਪਹਿਲਿਆਂ ਨਾਲੋਂ ਵਧ ਹਨ 20ਪਰ ਤਾਂ ਵੀ ਤੇਰੇ ਉੱਤੇ ਮੈਨੂੰ ਇਹ ਗਿਲਾ ਹੈ ਭਈ ਤੂੰ ਓਸ ਤੀਵੀਂ ਈਜ਼ਬਲ ਨੂੰ ਜਿਹੜੀ ਆਪਣੇ ਆਪ ਨੂੰ ਨਬੀਆ ਕਰਕੇ ਦੱਸਦੀ ਹੈ ਝੱਲੀ ਜਾਂਦਾ ਹੈਂ ਅਤੇ ਉਹ ਮੇਰੇ ਦਾਸਾਂ ਨੂੰ ਸਿਖਾਉਂਦੀ ਅਤੇ ਭਰਮਾਉਂਦੀ ਹੈ ਭਈ ਉਹ ਹਰਾਮਕਾਰੀ ਕਰਨ ਅਤੇ ਮੂਰਤੀਆਂ ਦੇ ਚੜ੍ਹਾਵੇ ਖਾਣ 21ਅਤੇ ਮੈਂ ਉਹ ਨੂੰ ਵਿਹਲ ਦਿੱਤਾ ਭਈ ਤੋਬਾ ਕਰੇ ਪਰ ਉਹ ਆਪਣੀ ਹਰਾਮਕਾਰੀ ਤੋਂ ਤੋਬਾ ਕਰਨੀ ਨਹੀਂ ਚਾਹੁੰਦੀ ਹੈ 22ਵੇਖ, ਮੈਂ ਉਹ ਨੂੰ ਇਕ ਵਿਛੌਣੇ ਉੱਤੇ ਸੁੱਟਦਾ ਹਾਂ ਅਤੇ ਉਨ੍ਹਾਂ ਨੂੰ ਜਿਹੜੇ ਉਹ ਦੇ ਨਾਲ ਜ਼ਨਾਹ ਕਰਦੇ ਹਨ ਵੱਡੀ ਬਿਪਤਾ ਵਿੱਚ ਪਾ ਦਿਆਂਗਾ ਜੇ ਓਹਨਾਂ ਉਹ ਦੇ ਕੰਮਾਂ ਤੋਂ ਤੋਬਾ ਨਾ ਕੀਤੀ 23ਅਤੇ ਮੈਂ ਉਹ ਦੇ ਬਾਲਕਾਂ ਨੂੰ ਮਾਰ ਸੁੱਟਾਂਗਾ ਅਤੇ ਸਾਰੀਆਂ ਕਲੀਸਿਯਾਂ ਜਾਣ ਲੈਣਗੀਆਂ ਜੋ ਗੁਰਦਿਆਂ ਅਤੇ ਹਿਰਦਿਆਂ ਦਾ ਜਾਚਣ ਵਾਲਾ ਮੈਂ ਹੀ ਹਾਂ, ਅਤੇ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੀਆਂ ਕਰਨੀਆਂ ਦੇ ਅਨੁਸਾਰ ਫਲ ਦਿਆਂਗਾ 24ਮੈਂ ਤੁਹਾਨੂੰ ਅਰਥਾਤ ਥੂਆਤੀਰੇ ਵਿੱਚ ਦੇ ਹੋਰਨਾਂ ਲੋਕਾਂ ਨੂੰ ਜਿੰਨਿਆਂ ਕੋਲ ਇਹ ਸਿੱਖਿਆ ਨਹੀਂ ਹੈ ਅਤੇ ਜਿਹੜੇ ਉਹਨਾਂ ਗੱਲਾਂ ਤੋਂ ਮਹਿਰਮ ਨਹੀਂ ਜਿਹੜੀਆਂ ਸ਼ਤਾਨ ਦੀਆਂ ਡੂੰਘੀਆਂ ਗੱਲਾਂ ਕਹਾਉਂਦੀਆਂ ਹਨ ਇਹ ਕਹਿੰਦਾ ਹਾਂ ਭਈ ਮੈਂ ਤੁਹਾਡੇ ਉੱਤੇ ਹੋਰ ਭਾਰ ਨਹੀਂ ਪਾਉਂਦਾ 25ਤਾਂ ਵੀ ਜੋ ਕੁਝ ਤੁਹਾਡੇ ਕੋਲ ਹੈ ਮੇਰੇ ਆਉਣ ਤੀਕ ਓਸ ਨੂੰ ਤਕੜਾਈ ਨਾਲ ਫੜੀ ਰੱਖੋ 26ਜਿਹੜਾ ਜਿੱਤਣ ਵਾਲਾ ਹੈ ਅਤੇ ਜਿਹੜਾ ਅੰਤ ਤੋੜੀ ਮੇਰਿਆਂ ਕੰਮਾਂ ਦੀ ਪਾਲਨਾ ਕਰਦਾ ਹੈ ਉਹ ਨੂੰ ਮੈਂ ਕੌਮਾਂ ਉੱਤੇ ਇਖ਼ਤਿਆਰ ਦਿਆਂਗਾ 27ਅਤੇ ਉਹ ਲੋਹੇ ਦੇ ਡੰਡੇ ਨਾਲ ਓਹਨਾਂ ਉੱਤੇ ਹਕੂਮਤ ਕਰੇਗਾ ਜਿਵੇਂ ਘੁਮਿਆਰ ਦੇ ਭਾਂਡਿਆਂ ਨੂੰ ਚਿਣੀ ਚਿਣੀ ਕਰ ਦੇਈਦਾ ਹੈ ਜਿਸ ਪਰਕਾਰ ਮੈਂ ਵੀ ਆਪਣੇ ਪਿਤਾ ਕੋਲੋਂ ਪਾਇਆ ਹੈ 28ਅਤੇ ਮੈਂ ਉਹ ਨੂੰ ਸਵੇਰ ਦਾ ਤਾਰਾ ਦਿਆਂਗਾ 29ਜਿਹ ਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਯਾਂ ਨੂੰ ਕੀ ਆਖਦਾ ਹੈ।
Currently Selected:
ਪਰਕਾਸ਼ ਦੀ ਪੋਥੀ 2: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.