YouVersion Logo
Search Icon

ਜ਼ਬੂਰਾਂ ਦੀ ਪੋਥੀ 18

18
ਬਚਾਓ ਲਈ ਧੰਨਵਾਦ
ਸੂਰ ਪਤੀ ਲਈ। ਦਾਊਦ ਯਹੋਵਾਹ ਦੇ ਦਾਸ ਦਾ ਗੀਤ ਜਿਹ ਦੇ ਸ਼ਬਦ ਉਹ ਯਹੋਵਾਹ ਲਈ ਬੋਲਿਆ ਜਿਸ ਵੇਲੇ ਯਹੋਵਾਹ ਨੇ ਉਹ ਨੂੰ ਉਹ ਦੇ ਸਾਰੇ ਵੈਰੀਆਂ ਦੇ ਹੱਥੋਂ ਅਰ ਸ਼ਾਊਲ ਦੇ ਹੱਥੋਂ ਛੁਡਾਇਆ ਸੀ, ਤਦ ਉਸ ਆਖਿਆ, -
1ਹੇ ਯਹੋਵਾਹ, ਮੇਰੇ ਬਲ, ਮੈਂ ਤੇਰੇ ਨਾਲ ਪ੍ਰੀਤ ਰੱਖਦਾ
ਹਾਂ।
2ਯਹੋਵਾਹ ਮੇਰੀ ਚਟਾਨ, ਮੇਰਾ ਗੜ੍ਹ ਅਤੇ ਮੇਰਾ
ਛੁਡਾਉਣ ਵਾਲਾ ਹੈ, ਮੇਰਾ ਪਰਮੇਸ਼ੁਰ, ਮੇਰਾ ਟਿੱਲਾ, ਜਿਹ ਦੀ ਸ਼ਰਨੀ ਮੈਂ
ਆਇਆ ਹਾਂ, ਮੇਰੀ ਢਾਲ, ਮੇਰੇ ਬਚਾਓ ਦਾ ਸਿੰਙ ਅਤੇ ਮੇਰਾ ਉੱਚਾ
ਗੜ੍ਹ।
3ਮੈਂ ਯਹੋਵਾਹ ਨੂੰ ਜਿਹੜਾ ਉਸਤਤ ਜੋਗ ਹੈ ਪੁਕਾਰਾਂਗਾ,
ਸੋ ਮੈਂ ਆਪਣੇ ਵੈਰੀਆਂ ਤੋਂ ਬਚ ਜਾਵਾਂਗਾ।
4ਮੌਤ ਦੀਆਂ ਡੋਰੀਆਂ ਨੇ ਮੈਨੂੰ ਵਲ ਲਿਆ,
ਅਤੇ ਕੁਧਰਮੀ ਦੇ ਹੜ੍ਹਾਂ ਨੇ ਮੈਨੂੰ ਡਰਾਇਆ,
5ਪਤਾਲ ਦੀਆਂ ਡੋਰੀਆਂ ਨੇ ਮੈਨੂੰ ਘੇਰ ਲਿਆ,
ਮੌਤ ਦੇ ਫੰਧੇ ਮੇਰੇ ਸਾਹਮਣੇ ਹੋਏ।
6ਆਪਣੀ ਔਖ ਦੇ ਵੇਲੇ ਮੈਂ ਯਹੋਵਾਹ ਨੂੰ ਪੁਕਾਰਿਆ,
ਅਤੇ ਆਪਣੇ ਪਰਮੇਸ਼ੁਰ ਦੀ ਦੁਹਾਈ ਦਿੱਤੀ।
ਉਸ ਨੇ ਆਪਣੀ ਹੈਕਲ ਵਿੱਚੋਂ ਮੇਰੀ ਅਵਾਜ਼ ਸੁਣੀ,
ਅਤੇ ਮੇਰੀ ਦੁਹਾਈ ਉਸ ਦੇ ਅੱਗੇ ਸਗੋਂ ਉਸ ਦੇ
ਕੰਨਾਂ ਤੀਕ ਪੁੱਜੀ।
7ਤਾਂ ਧਰਤੀ ਕੰਬ ਗਈ ਅਰ ਥਰ ਥਰਾਈ,
ਅਤੇ ਪਹਾੜਾਂ ਦੀਆਂ ਨੀਹਾਂ ਹਿੱਲ ਗਈਆਂ,
ਅਤੇ ਧੜਕ ਉੱਠੀਆਂ, ਉਹ ਕ੍ਰੋਧਵਾਨ ਜੋ ਹੋ ਗਿਆ
ਸੀ!
8ਉਸ ਦੀਆਂ ਨਾਸਾਂ ਤੋਂ ਧੂੰਆਂ ਉੱਠਿਆ,
ਅਤੇ ਉਸ ਦੇ ਮੂੰਹ ਤੋਂ ਅੱਗ ਭਸਮ ਕਰਦੀ ਸੀ,
ਅੰਗਿਆਰੇ ਉਸ ਤੋਂ ਦਗ ਦਗ ਕਰਨ ਲੱਗੇ।
9ਉਸ ਨੇ ਅਕਾਸ਼ਾਂ ਨੂੰ ਝੁਕਾਇਆ ਅਤੇ ਹੇਠਾਂ
ਉਤਰਿਆ,
ਅਤੇ ਉਸ ਦੇ ਪੈਰਾਂ ਹੇਠ ਘੁੱਪ ਅਨ੍ਹੇਰਾ ਸੀ।
10ਤਾਂ ਉਹ ਕਰੂਬੀ ਉੱਤੇ ਚੜ੍ਹ ਕੇ ਉੱਡਿਆ,
ਹਾਂ ਪੌਣ ਦਿਆਂ ਖੰਭਾਂ ਉੱਤੇ ਉਡਾਰੀ ਮਾਰੀ।
11ਉਸ ਨੇ ਅਨ੍ਹੇਰੇ ਨੂੰ ਆਪਣਾ ਗੁਪਤ ਅਸਥਾਨ,
ਕਾਲੇ ਜਲਾਂ ਅਰ ਅਕਾਸ਼ ਦੀਆਂ ਘਟਾਂ ਨੂੰ
ਆਪਣੇ ਆਲੇ ਦੁਆਲੇ ਦਾ ਮੰਡਪ ਬਣਾਇਆ।
12ਉਹ ਦੇ ਅੱਗੇ ਦੀ ਦਮਕ ਤੋਂ ਅਤੇ ਉਹ ਦੀਆਂ
ਘਟਾਂ ਦੇ ਵਿੱਚੋਂ
ਗੜੇ ਅਰ ਅੰਗਿਆਰੇ ਨਿੱਕਲੇ।
13ਤਾਂ ਯਹੋਵਾਹ ਅਕਾਸ਼ ਵਿੱਚ ਗਰਜਿਆ,
ਅਤੇ ਅੱਤ ਮਹਾਨ ਨੇ ਆਪਣੀ ਅਵਾਜ਼ ਸੁਣਾਈ,
ਗੜੇ ਅਤੇ ਅੰਗਿਆਰੇ
14ਫੇਰ ਉਸ ਨੇ ਆਪਣੇ ਤੀਰ ਚਲਾ ਕੇ ਉਨ੍ਹਾਂ ਨੂੰ ਛਿੰਨ
ਭਿੰਨ ਕੀਤਾ,
ਅਤੇ ਬਿਜਲੀਆਂ ਲਸ਼ਕਾ ਕੇ ਉਨ੍ਹਾਂ ਨੂੰ ਘਬਰਾ ਦਿੱਤਾ।
15ਤਾਂ ਤੇਰੇ ਘੁਰਕਣ ਦੇ ਕਾਰਨ, ਹੇ ਯਹੋਵਾਹ,
ਤੇਰੀਆਂ ਨਾਸ਼ਾਂ ਦੇ ਸੁਆਸ ਦੇ ਝੋਕੇ ਦੇ ਕਾਰਨ,
ਪਾਣੀ ਦੀਆਂ ਨਾਲੀਆਂ ਦਿੱਸ ਪਈਆਂ,
ਅਤੇ ਜਗਤ ਦੀਆਂ ਨੀਹਾਂ ਖੁਲ੍ਹ ਗਈਆਂ।
16ਉਹ ਨੇ ਉੱਪਰੋਂ ਹੱਥ ਕੱਢ ਕੇ ਮੈਨੂੰ ਲੈ ਲਿਆ,
ਉਹ ਨੇ ਮੈਨੂੰ ਪਾਣੀ ਦੇ ਹੜ੍ਹਾਂ ਵਿੱਚੋਂ ਕੱਢਿਆ,
17ਮੇਰੇ ਬਲਵੰਤ ਵੈਰੀ ਤੋਂ ਉਹ ਨੇ ਮੈਨੂੰ ਛੁਡਾਇਆ,
ਅਤੇ ਓਹਨਾਂ ਤੋਂ ਜਿਹੜੇ ਮੈਥੋਂ ਘਿਣ ਕਰਦੇ ਸਨ,
ਕਿਉਂ ਜੋ ਓਹ ਮੇਰੇ ਨਾਲੋਂ ਬਹੁਤ ਤਕੜੇ ਸਨ,
18ਮੇਰੀ ਬਿਪਤਾ ਦੇ ਦਿਨ ਉਨ੍ਹਾਂ ਨੇ ਮੇਰਾ ਸਾਹਮਣਾ ਕੀਤਾ,
ਪਰੰਤੂ ਯਹੋਵਾਹ ਮੇਰੀ ਟੇਕ ਸੀ।
19ਉਹ ਮੈਨੂੰ ਖੁਲ੍ਹੇ ਅਸਥਾਨ ਵਿੱਚ ਕੱਢ ਲਿਆਇਆ,
ਉਹ ਨੇ ਮੈਨੂੰ ਛੁਡਾਇਆ ਕਿਉਂ ਜੋ ਉਹ ਮੈਥੋਂ
ਪਰਸੰਨ ਸੀ।
20ਯਹੋਵਾਹ ਨੇ ਮੇਰੇ ਧਰਮ ਦੇ ਅਨੁਸਾਰ ਮੈਨੂੰ ਬਦਲਾ
ਦਿੱਤਾ,
ਮੇਰੇ ਹੱਥਾਂ ਦੀ ਸੁੱਚਮਤਾਈ ਦੇ ਅਨੁਸਾਰ ਮੈਨੂੰ ਵੱਟਾ
ਦਿੱਤਾ,
21ਕਿਉਂ ਜੋ ਮੈਂ ਯਹੋਵਾਹ ਦੇ ਰਾਹਾਂ ਦੀ ਪਾਲਨਾ ਕੀਤੀ,
ਅਤੇ ਬਦੀ ਕਰਕੇ ਆਪਣੇ ਪਰਮੇਸ਼ੁਰ ਤੋਂ ਬੇਮੁਖ
ਨਹੀਂ ਹੋਇਆ।
22ਉਹ ਦੇ ਸਾਰੇ ਨਿਆਉਂ ਮੇਰੇ ਸਾਹਮਣੇ ਰਹੇ,
ਅਤੇ ਉਹ ਦੀਆਂ ਬਿਧੀਆਂ ਨੂੰ ਮੈਂ ਆਪਣੇ ਕੋਲੋਂ
ਦੂਰ ਨਾ ਕੀਤਾ।
23ਮੈਂ ਉਹ ਦੇ ਨਾਲ ਪੂਰਾ ਉਤਰਿਆ,
ਅਤੇ ਆਪਣੇ ਆਪ ਨੂੰ ਆਪਣੀ ਬਦੀ ਤੋਂ ਬਚਾਈ
ਰੱਖਿਆ।
24ਸੋ ਯਹੋਵਾਹ ਨੇ ਨਿਗਾਹ ਕਰ ਕੇ ਮੇਰੇ ਧਰਮ ਦੇ
ਅਨੁਸਾਰ,
ਅਤੇ ਮੇਰੇ ਹੱਥਾਂ ਦੀ ਸੁੱਚਮਤਾਈ ਦੇ ਅਨੁਸਾਰ ਮੈਨੂੰ
ਵੱਟਾ ਦਿੱਤਾ।
25ਦਯਾਵਾਨ ਲਈ ਤੂੰ ਆਪਣੇ ਆਪ ਨੂੰ ਦਯਾਵਾਨ
ਵਿਖਾਏਂਗਾ,
ਪੂਰੇ ਮਨੁੱਖ ਲਈ ਤੂੰ ਆਪਣੇ ਆਪ ਨੂੰ ਪੂਰਾ
ਵਿਖਾਏਂਗਾ।
26ਸ਼ੁੱਧ ਲਈ ਤੂੰ ਆਪਣੇ ਆਪ ਨੂੰ ਸ਼ੁੱਧ ਵਿਖਾਏਂਗਾ,
ਅਤੇ ਹਾਠੇ ਲਈ ਤੂੰ ਆਪਣੇ ਆਪ ਨੂੰ ਹਾਠਾ
ਵਿਖਾਏਂਗਾ।
27ਤੂੰ ਦੁਖੀ ਲੋਕਾਂ ਨੂੰ ਬਚਾਵੇਂਗਾ,
ਪਰ ਉੱਚੀਆਂ ਅੱਖਾਂ ਨੂੰ ਨੀਵਿਆਂ ਕਰੇਂਗਾ।
28ਫੇਰ ਤੂੰ ਮੇਰਾ ਦੀਵਾ ਬਾਲਦਾ ਹੈਂ,
ਯਹੋਵਾਹ ਮੇਰਾ ਪਰਮੇਸ਼ੁਰ ਮੇਰੇ ਅਨ੍ਹੇਰੇ ਨੂੰ ਚਾਨਣ
ਕਰਦਾ ਹੈ।
29ਤਦ ਮੈਂ ਤੇਰੀ ਸਹਾਇਤਾ ਨਾਲ ਇੱਕ ਜੱਥੇ ਦੇ ਵਿੱਚੋਂ
ਦੀ ਭੱਜ ਸੱਕਦਾ,
ਅਤੇ ਆਪਣੇ ਪਰਮੇਸ਼ੁਰ ਦੀ ਸਹਾਇਤਾ ਨਾਲ ਮੈਂ ਕੰਧ
ਨੂੰ ਟੱਪ ਸੱਕਦਾ ਹਾਂ,
30ਪਰਮੇਸ਼ੁਰ ਦਾ ਰਾਹ ਪੂਰਾ ਹੈ,
ਯਹੋਵਾਹ ਦਾ ਬਚਨ ਤਾਇਆ ਹੋਇਆ ਹੈ,
ਉਹ ਆਪਣੇ ਸਾਰੇ ਸ਼ਰਨਾਰਥੀਆਂ ਲਈ ਇੱਕ ਢਾਲ
ਹੈ।
31ਯਹੋਵਾਹ ਤੋਂ ਬਿਨਾ ਹੋਰ ਕੌਣ ਪਰਮੇਸ਼ੁਰ ਹੈ,
ਅਤੇ ਸਾਡੇ ਪਰਮੇਸ਼ੁਰ ਤੋਂ ਛੁੱਟ ਹੋਰ ਕਿਹੜੀ ਚਟਾਨ
ਹੈ?
32ਉਹ ਪਰਮੇਸ਼ੁਰ ਜੋ ਮੇਰਾ ਲੱਕ ਬਲ ਨਾਲ ਕੱਸਦਾ
ਹੈ,
ਅਤੇ ਮੇਰਾ ਰਾਹ ਸੰਪੂਰਨ ਕਰਦਾ ਹੈ।
33ਉਹ ਮੇਰੇ ਪੈਰਾਂ ਨੂੰ ਹਰਨੀਆਂ ਦੇ ਪੈਰਾਂ ਜੇਹੇ ਬਣਾਉਂਦਾ
ਹੈ,
ਅਤੇ ਮੈਨੂੰ ਮੇਰਿਆਂ ਉੱਚਿਆਂ ਥਾਂਵਾਂ ਉੱਤੇ ਖੜਾ
ਕਰਦਾ ਹੈ।
34ਉਹ ਮੇਰੇ ਹੱਥਾਂ ਨੂੰ ਜੁੱਧ ਕਰਨਾ ਇਉਂ ਸਿਖਾਉਂਦਾ ਹੈ
ਕਿ ਮੇਰੀਆਂ ਬਾਹਾਂ ਪਿੱਤਲ ਦਾ ਧਣੁਖ ਝੁਕਾ
ਦਿੰਦੀਆਂ ਹਨ।
35ਤੈਂ ਆਪਣੇ ਬਚਾਓ ਦੀ ਢਾਲ ਮੈਨੂੰ ਦਿੱਤੀ ਹੈ,
ਅਤੇ ਤੇਰੇ ਸੱਜੇ ਹੱਥ ਨੇ ਮੈਨੂੰ ਸੰਭਾਲਿਆ ਹੈ,
ਅਤੇ ਤੇਰੀ ਨਰਮਾਈ ਨੇ ਮੈਨੂੰ ਵਡਿਆਇਆ ਹੈ।
36ਤੈਂ ਮੇਰੇ ਹੇਠ ਮੇਰਿਆਂ ਕਦਮਾਂ ਨੂੰ ਵਧਾਇਆ ਹੈ,
ਅਤੇ ਮੇਰੇ ਪੈਰ ਨਹੀਂ ਤਿਲਕੇ।।
37ਮੈਂ ਆਪਣਿਆਂ ਵੈਰੀਆਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ
ਜਾ ਲਿਆ,
ਮੈਂ ਪਿਛਾਹਾਂ ਨਾ ਹਟਿਆ ਜਿੰਨਾ ਚਿਰ ਉਨ੍ਹਾਂ ਦਾ
ਨਾਸ ਨਾ ਹੋ ਗਿਆ।
38ਮੈਂ ਉਨ੍ਹਾਂ ਨੂੰ ਅਜਿਹਾ ਫੰਡਿਆ ਕਿ ਓਹ ਫੇਰ ਨਾ
ਉੱਠ ਸੱਕੇ,
ਓਹ ਮੇਰੇ ਪੈਰਾਂ ਹੇਠ ਡਿੱਗ ਪਏ ਸਨ
39ਤੈਂ ਜੁੱਧ ਦੇ ਲਈ ਮੇਰੇ ਲੱਕ ਨੂੰ ਬਲ ਨਾਲ ਕੱਸਿਆ
ਹੈ,
ਤੈਂ ਮੇਰੇ ਵਿਰੋਧੀਆਂ ਨੂੰ ਮੇਰੇ ਹੇਠ ਝੁਕਾ ਦਿੱਤਾ ਹੈ
40ਤੈਂ ਮੇਰੇ ਵੈਰੀਆਂ ਦੀ ਪਿੱਠ ਮੈਨੂੰ ਵਿਖਾਈ,
ਅਤੇ ਮੈਂ ਆਪਣੇ ਘਿਣ ਕਰਨ ਵਾਲਿਆਂ ਦਾ
ਸੱਤਿਆ ਨਾਸ ਕੀਤਾ।
41ਉਨ੍ਹਾਂ ਨੇ ਦੁਹਾਈ ਦਿੱਤੀ ਪਰ ਕੋਈ ਬਚਾਉਣ ਵਾਲਾ
ਨਹੀਂ ਸੀ,
ਸਗੋਂ ਯਹੋਵਾਹ ਅੱਗੇ ਵੀ, ਪਰ ਉਸ ਨੇ ਉਨ੍ਹਾਂ ਨੂੰ
ਉੱਤਰ ਨਾ ਦਿੱਤਾ।
42ਫੇਰ ਮੈਂ ਉਨ੍ਹਾਂ ਨੂੰ ਹਵਾ ਨਾਲ ਉੱਡਦੀ ਧੂੜ ਵਾਂਙੁ
ਪੀਹ ਸੁੱਟਿਆ,
ਰਸਤੇ ਦੇ ਚਿੱਕੜ ਵਾਂਙੁ ਉਨ੍ਹਾਂ ਨੂੰ ਸੁੱਟ ਦਿੱਤਾ।
43ਤੈਂ ਮੈਨੂੰ ਲੋਕਾਂ ਦੇ ਝਗੜਿਆਂ ਤੋਂ ਛੁਡਾਇਆ,
ਤੈਂ ਮੈਨੂੰ ਕੌਮਾਂ ਦਾ ਮੁਖੀਆ ਥਾਪਿਆ,
ਜਿਨ੍ਹਾਂ ਲੋਕਾਂ ਨੂੰ ਮੈਂ ਨਹੀ ਜਾਤਾ ਉਨ੍ਹਾਂ ਨੇ ਮੇਰੀ ਸੇਵਾ
ਕੀਤੀ।
44ਸੁਣਦਿਆਂ ਸਾਰ ਓਹ ਅਧੀਨ ਹੋ ਗਏ,
ਪਰਦੇਸੀ ਮੇਰੇ ਅੱਗੇ ਹਿਚਕ ਕੇ ਆਏ।
45ਪਰਦੇਸ਼ੀ ਕੁਮਲਾ ਗਏ,
ਅਤੇ ਆਪਣੇ ਕੋਟਾਂ ਵਿੱਚੋਂ ਥਰਥਰਾਉਂਦੇ ਹੋਏ
ਨਿੱਕਲੇ।।
46ਯਹੋਵਾਹ ਜੀਉਂਦਾ ਹੈ ਸੋ ਮੁਬਾਰਕ ਹੋਵੇ ਮੇਰੀ ਚਟਾਨ,
ਅਤੇ ਮੇਰੇ ਬਚਾਓ ਦੇ ਪਰਮੇਸ਼ੁਰ ਦੀ ਬਜ਼ੁਰਗੀ ਹੋਵੇ!
47ਉਸੇ ਹੀ ਪਰਮੇਸ਼ੁਰ ਨੇ ਮੇਰਾ ਬਦਲਾ ਲਿਆ,
ਅਤੇ ਲੋਕਾਂ ਨੂੰ ਮੇਰੇ ਅਧੀਨ ਕਰ ਦਿੱਤਾ,
48ਜਿਹ ਨੇ ਮੈਨੂੰ ਮੇਰੇ ਵੈਰੀਆਂ ਤੋਂ ਛੁਡਾਇਆ,
ਹਾਂ, ਤੈਂ ਮੈਨੂੰ ਮੇਰੇ ਵਿਰੋਧੀਆਂ ਵਿੱਚ ਉੱਚਾ ਕੀਤਾ,
ਮੈਨੂੰ ਜ਼ਾਲਮਾਂ ਤੋਂ ਬਚਾਇਆ।
49ਏਸੇ ਕਾਰਨ, ਹੇ ਯਹੋਵਾਹ, ਮੈਂ ਕੌਮਾਂ ਵਿੱਚ ਤੇਰਾ
ਧੰਨਵਾਦ ਕਰਾਂਗਾ,
ਅਤੇ ਤੇਰੇ ਨਾਮ ਦਾ ਜਸ ਗਾਵਾਂਗਾ।
50ਉਹ ਆਪਣੇ ਪਾਤਸ਼ਾਹ ਨੂੰ ਵੱਡੇ ਬਚਾਓ ਦਿੰਦਾ ਹੈ,
ਅਤੇ ਆਪਣੇ ਮਸਹ ਕੀਤੇ ਹੋਏ ਉੱਤੇ
ਅਰਥਾਤ ਦਾਊਦ ਅਤੇ ਉਹ ਦੀ ਅੰਸ ਉੱਤੇ
ਸਦਾ ਤੀਕ ਦਯਾ ਕਰਦਾ ਹੈ।।

Highlight

Share

Copy

None

Want to have your highlights saved across all your devices? Sign up or sign in