YouVersion Logo
Search Icon

ਜ਼ਬੂਰਾਂ ਦੀ ਪੋਥੀ 109

109
ਅਕ੍ਰਿਤਘਨ ਦੀ ਸਜ਼ਾ
ਸੁਰ ਪਤੀ ਲਈ ਦਾਊਦ ਦਾ ਭਜਨ
1ਹੇ ਮੇਰੀ ਉਸਤਤ ਦੇ ਪਰਮੇਸ਼ੁਰ, ਤੂੰ ਚੁੱਪ ਨਾ ਰਹੁ,
2ਕਿਉਂ ਜੋ ਭੈੜਾ ਮੂੰਹ ਅਤੇ ਛਲ ਵਾਲਾ ਮੂੰਹ ਉਨ੍ਹਾਂ ਨੇ
ਮੇਰੇ ਵਿਰੁੱਧ ਖੋਲ੍ਹਿਆ ਹੈ,
ਓਹ ਝੂਠੀ ਜੀਭ ਨਾਲ ਮੈਨੂੰ ਬੋਲੇ।
3ਉਨ੍ਹਾਂ ਨੇ ਵੈਰ ਦੀਆਂ ਗੱਲਾਂ ਨਾਲ ਮੈਨੂੰ ਘੇਰ ਲਿਆ,
ਅਤੇ ਧਗਾਣੇ ਮੇਰੇ ਨਾਲ ਝਗੜੇ।
4ਮੇਰੇ ਪ੍ਰੇਮ ਦੇ ਬਦਲੇ ਓਹ ਮੇਰਾ ਵਿਰੋਧ ਕਰਦੇ ਹਨ,
ਪਰ ਮੈਂ ਪ੍ਰਾਰਥਨਾ ਕਰਦਾ ਹਾਂ।
5ਭਲਿਆਈ ਦੇ ਬਦਲੇ ਬੁਰਿਆਈ
ਅਤੇ ਮੇਰੇ ਪ੍ਰੇਮ ਦੇ ਬਦਲੇ ਵੈਰ ਓਹ ਮੇਰੇ ਵਿਰੁੱਧ
ਰੱਖਦੇ ਹਨ।।
6ਦੁਸ਼ਟ ਉਹ ਦੇ ਉੱਤੇ ਲਾ,
ਅਤੇ ਵਿਰੋਧੀ ਉਹ ਦੇ ਸੱਜੇ ਹੱਥ ਖੜਾ ਰਹੇ!
7ਆਪਣੇ ਨਿਆਉਂ ਵਿੱਚ ਉਹ ਦੋਸ਼ੀ ਨਿੱਕਲੇ,
ਅਤੇ ਉਹ ਦੀ ਪ੍ਰਾਰਥਨਾ ਪਾਪ ਗਿਣੀ ਜਾਵੇ!
8ਉਹ ਦੇ ਦਿਨ ਥੋੜੇ ਹੋਣ,
ਉਹ ਦਾ ਹੁੱਦਾ ਕੋਈ ਹੋਰ ਲਵੇ!
9ਉਹ ਦੇ ਬੱਚੇ ਯਤੀਮ ਹੋ ਜਾਣ,
ਅਤੇ ਉਹ ਦੀ ਤੀਵੀਂ ਰੰਡੀ ਹੋ ਜਾਵੇ!
10ਉਹ ਦੇ ਬਾਲ ਰੁਲਦੇ ਫਿਰਨ ਤੇ ਭੀਖ ਮੰਗਣ,
ਅਤੇ ਆਪਣੇ ਉੱਜੜੇ ਥਾਂਵਾਂ ਤੋਂ ਦੂਰ ਟੁੱਕਰ ਲੱਭਣ!
11ਉਹ ਦਾ ਸ਼ਾਹ ਉਹ ਦਾ ਸਭ ਕੁਝ ਫਾਹ ਲਵੇ,
ਅਤੇ ਓਪਰੇ ਉਹ ਦੀ ਕਮਾਈ ਨੂੰ ਠੱਗ ਲੈਣ!
12ਕੋਈ ਨਾ ਹੋਵੇ ਜਿਹੜਾ ਉਹ ਦੇ ਉੱਤੇ ਦਯਾ ਕਰਦਾ
ਰਹੇ,
ਨਾ ਕੋਈ ਉਹ ਦੇ ਯਤੀਮਾਂ ਉੱਤੇ ਤਰਸ ਕਰੇ!
13ਉਹ ਦੀ ਅੰਸ ਮੁਕਾਈ ਜਾਵੇ,
ਆਉਣ ਵਾਲੀ ਪੀੜ੍ਹੀ ਵਿੱਚ ਓਹਨਾਂ ਦਾ ਨਾਉਂ
ਮਿਟਾਇਆ ਜਾਵੇ!
14ਉਹ ਦੇ ਪਿਉ ਦਾਦਿਆਂ ਦੀ ਬਦੀ ਯਹੋਵਾਹ ਨੂੰ ਚੇਤੇ
ਰਹੇ,
ਅਤੇ ਉਹ ਦੀ ਮਾਂ ਦਾ ਪਾਪ ਨਾ ਮਿਟਾਇਆ ਜਾਵੇ!
15ਓਹ ਸਦਾ ਯਹੋਵਾਹ ਦੇ ਸਾਹਮਣੇ ਪਏ ਰਹਿਣ,
ਭਈ ਉਹ ਉਨ੍ਹਾਂ ਦੀ ਯਾਦ ਧਰਤੀਓਂ ਮੁਕਾ ਦੇਵੇ,
16ਕਿਉਂਕਿ ਜੋ ਉਹ ਨੇ ਦਯਾ ਕਰਨੀ ਚੇਤੇ ਨਾ ਰੱਖੀ,
ਪਰ ਉਹ ਮਸਕੀਨ, ਕੰਗਾਲ ਤੇ ਟੁੱਟੇ ਦਿਲ ਵਾਲੇ ਨੂੰ
ਮਾਰ ਸੁੱਟਣ ਲਈ ਪਿੱਛੇ ਪਿਆ,
17ਹਾਂ ਉਹ ਨੇ ਫਿਟਕਾਰ ਨਾਲ ਪ੍ਰੀਤ ਰੱਖੀ,
ਸੋ ਉਹ ਉਸ ਤੇ ਆ ਪਈ,
ਅਤੇ ਬਰਕਤ ਤੋਂ ਉਹ ਖੁਸ਼ ਨਹੀਂ ਸੀ,
ਸੋ ਉਹ ਉਸ ਤੋਂ ਦੂਰ ਰਹੀ,
18ਅਤੇ ਉਹ ਨੇ ਫਿਟਕਾਰ ਨੂੰ ਆਪਣੇ ਬਸਤਰ ਵਾਂਙੁ
ਪਾਇਆ ਹੋਇਆ ਸੀ,
ਅਤੇ ਉਹ ਪਾਣੀ ਵਾਂਙੁ ਉਹ ਦੇ ਅੰਦਰ,
ਅਤੇ ਉਹ ਦੀਆਂ ਹੱਡੀਆਂ ਵਿੱਚ ਤੇਲ ਵਾਂਙੁ ਸਮਾਈ
ਹੋਈ ਸੀ।
19ਉਹ ਉਸ ਲਈ ਉਸ ਲੀੜੇ ਵਾਂਙੁ ਹੋ ਜਾਵੇ ਜਿਹ ਦੇ
ਨਾਲ ਉਹ ਆਪਣੇ ਆਪ ਨੂੰ ਢੱਕੇ,
ਤੇ ਉਸ ਪੇਟੀ ਵਾਂਙੁ ਜਿਹ ਦੇ ਨਾਲ ਉਹ ਆਪਣੀ
ਕਮਰ ਕੱਸਦਾ ਰਹੇ!
20ਏਹੋ ਈ ਮੇਰੇ ਵਿਰੋਧੀਆਂ ਦਾ ਬਦਲਾ ਯਹੋਵਾਹ ਵੱਲੋਂ
ਹੋਵੇ,
ਅਤੇ ਮੇਰੀ ਜਾਨ ਦੇ ਵਿਰੁੱਧ ਬੁਰਾ ਬੋਲਣ ਵਾਲਿਆਂ
ਦਾ ਵੀ!
21ਪਰ ਤੂੰ, ਹੇ ਪ੍ਰਭੁ ਯਹੋਵਾਹ, ਆਪਣੇ ਨਾਮ ਦੇ ਕਾਰਨ
ਮੇਰੇ ਲਈ ਕੁਝ ਕਰ,
ਤੇਰੀ ਦਯਾ ਤਾਂ ਭਲੀ ਹੈ, ਮੈਨੂੰ ਛੁਡਾ ਲੈ,
22ਕਿਉਂ ਜੋ ਮੈਂ ਮਸਕੀਨ ਤੇ ਕੰਗਾਲ ਹਾਂ,
ਅਤੇ ਮੇਰਾ ਦਿਲ ਮੇਰੇ ਅੰਦਰ ਫੱਟੜ ਹੋਇਆ ਹੈ।
23ਮੈਂ ਢਲਦੀ ਛਾਂ ਵਾਂਙੁ ਜਾਂਦਾ ਰਿਹਾ,
ਮੈਂ ਸਲਾ ਵਾਂਙੁ ਝਾੜਿਆ ਜਾਂਦਾ,
24ਵਰਤਾਂ ਨਾਲ ਮੇਰੇ ਗੋਡੇ ਭਿੜਦੇ ਹਨ,
ਮੇਰਾ ਮਾਸ ਤੇਲ ਖੁਣੋਂ ਲਿਸਾ ਹੋ ਗਿਆ ਹੈ।
25ਮੈਂ ਉਨ੍ਹਾਂ ਦੇ ਲਈ ਤਾਨਿਆਂ ਦਾ ਥਾਂ ਹੋ ਗਿਆ,
ਜਦ ਓਹ ਮੈਨੂੰ ਵੇਖਦੇ, ਓਹ ਆਪਣੇ ਸਿਰ ਹਿਲਾਉਂਦੇ
ਹਨ।
26ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੇਰੀ ਸਹਾਇਤਾ ਕਰ!
ਆਪਣੀ ਦਯਾ ਅਨੁਸਾਰ ਮੈਨੂੰ ਬਚਾ,
27ਭਈ ਓਹ ਜਾਣਨ ਕਿ ਏਹ ਤੇਰਾ ਹੀ ਹੱਥ ਹੈ,
ਅਤੇ ਤੈਂ, ਹੇ ਯਹੋਵਾਹ, ਏਹ ਕੀਤਾ ਹੈ।
28ਓਹ ਫਿਟਕਾਰਾਂ ਦੇਣ ਪਰ ਤੂੰ ਬਰਕਤ ਦੇਹ!
ਜਦ ਓਹ ਉੱਠਣ ਤਾਂ ਓਹ ਸ਼ਰਮਿੰਦੇ ਹੋਣ,
ਪਰ ਤੇਰਾ ਦਾਸ ਅਨੰਦ ਹੋਵੇ!
29ਮੇਰੇ ਵਿਰੋਧੀ ਨਿਰਾਦਰੀ ਪਹਿਨਣ,
ਓਹ ਆਪਣੇ ਆਪ ਨੂੰ ਲਾਜ ਨਾਲ ਚੱਦਰ ਵਾਂਙੁ
ਕੱਜਣ!
30ਮੈਂ ਆਪਣੇ ਮੂੰਹ ਨਾਲ ਯਹੋਵਾਹ ਦਾ ਬਹੁਤ ਧੰਨਵਾਦ
ਕਰਾਂਗਾ,
ਅਤੇ ਬਹੁਤਿਆਂ ਦੇ ਵਿੱਚ ਉਸ ਦੀ ਉਸਤਤ ਕਰਾਂਗਾ।
31ਉਹ ਤਾਂ ਕੰਗਾਲ ਦੇ ਸੱਜੇ ਹੱਥ ਖੜਾ ਰਹੇਗਾ,
ਭਈ ਉਹ ਦੀ ਜਾਨ ਦੇ ਨਿਆਉਂਕਾਰਾਂ ਤੋਂ ਬਚਾਵੇ।।

Highlight

Share

Copy

None

Want to have your highlights saved across all your devices? Sign up or sign in

Video for ਜ਼ਬੂਰਾਂ ਦੀ ਪੋਥੀ 109