ਜ਼ਬੂਰਾਂ ਦੀ ਪੋਥੀ 102
102
ਰਹਮ ਲਈ ਬੇਨਤੀ
ਮੁਸੀਬਤ ਦੇ ਮਾਰੇ ਹੋਏ ਦੀ ਪ੍ਰਾਰਥਨਾ ਜਦ ਉਹ ਹੁੱਸ ਗਿਆ ਅਤੇ ਯਹੋਵਾਹ ਦੇ ਅੱਗੇ ਆਪਣਾ ਦੁੱਖ ਫੋਲਿਆ
1ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ,
ਅਤੇ ਮੇਰੀ ਦੁਹਾਈ ਤੇਰੇ ਤੀਕ ਅੱਪੜੇ!
2ਮੇਰੇ ਔਖ ਦੇ ਦਿਨ ਮੈਥੋਂ ਆਪਣਾ ਮੂੰਹ ਨਾ ਲੁਕਾ,
ਆਪਣਾ ਕੰਨ ਮੇਰੀ ਵੱਲ ਝੁਕਾ,
ਜਿਸ ਦਿਨ ਮੈਂ ਤੈਨੂੰ ਪੁਕਾਰਾਂ ਮੈਨੂੰ ਛੇਤੀ ਉੱਤਰ ਦੇਹ!
3ਮੇਰੇ ਦਿਨ ਤਾਂ ਧੂੰਏਂ ਵਾਂਙੁ ਮੁੱਕ ਜਾਂਦੇ ਹਨ
ਅਤੇ ਮੇਰੀਆਂ ਹੱਡੀਆਂ ਬਾਲਣ ਵਾਂਙੁ ਬਲਦੀਆਂ
ਹਨ।
4ਘਾਹ ਦੀ ਨਿਆਈਂ ਮੇਰਾ ਮਨ ਮਾਰਿਆ ਗਿਆ ਤੇ
ਸੁੱਕ ਗਿਆ,
ਮੈਂ ਆਪਣੀ ਰੋਟੀ ਖਾਣੀ ਵੀ ਭੁੱਲ ਗਿਆ।
5ਮੇਰੇ ਕਰਾਹਣੇ ਦੀ ਅਵਾਜ਼ ਦੇ ਕਾਰਨ
ਮੇਰੀਆਂ ਹੱਡੀਆਂ ਮੇਰੇ ਮਾਸ ਨਾਲ ਜੁੜ ਗਈਆਂ
ਹਨ।
6ਮੈਂ ਉਜਾੜ ਦੇ ਲੰਮਢੀਂਗ ਦੇ ਤੁੱਲ ਹੋਇਆ,
ਅਤੇ ਵਿਰਾਨੇ ਦਾ ਉੱਲੂ ਬਣਿਆ!
7ਮੈਂ ਜਾਗਦਾ ਰਿਹਾ ਅਤੇ ਉਸ ਚਿੜੀ ਵਰਗਾ
ਬਣਿਆ,
ਜਿਹੜੀ ਛੱਤ ਉੱਤੇ ਵੱਖਰੀ ਰਹਿੰਦੀ ਹੈ।
8ਮੇਰੇ ਵੈਰੀ ਸਾਰੇ ਦਿਨ ਮੈਨੂੰ ਉਲਾਂਭੇ ਦਿੰਦੇ ਹਨ,
ਅਤੇ ਮੇਰੇ ਜਾਨੀ ਦੁਸ਼ਮਨ ਮੇਰਾ ਨਾਉਂ ਲੈ ਕੇ
ਫਿਟਕਾਰਾਂ ਪਾਉਂਦੇ ਹਨ।
9ਮੈਂ ਤਾਂ ਰੋਟੀ ਵਾਂਙੁ ਸੁਆਹ ਫੱਕਦਾ ਹਾਂ,
ਅਤੇ ਆਪਣੇ ਪੀਣ ਵਿੱਚ ਅੰਝੂ ਮਿਲਾਉਂਦਾ ਹੈਂ।
10ਇਹ ਤੇਰੇ ਗੁੱਸੇ ਦੇ ਕਹਿਰ ਦੇ ਕਾਰਨ ਹੋਇਆ,
ਕਿਉਂ ਜੋ ਤੈਂ ਚੁੱਕ ਕੇ ਮੈਨੂੰ ਫੇਰ ਪਟਕਾ ਕੇ ਸੁੱਟ
ਦਿੱਤਾ!
11ਮੇਰੇ ਦਿਨ ਢਲਦੇ ਸਾਯੇ ਵਾਂਙੁ ਹਨ,
ਮੈਂ ਘਾਹ ਵਾਂਙੁ ਸੁੱਕ ਜਾਂਦਾ ਹਾਂ।।
12ਪਰ ਤੂੰ ਹੇ ਯਹੋਵਾਹ, ਸਦਾ ਤੀਕ ਬਿਰਾਜਮਾਨ ਰਹੇਂਗਾ,
ਅਤੇ ਤੇਰਾ ਸਿਮਰਨ ਪੀੜ੍ਹੀਓ ਪੀੜ੍ਹੀ ਤੀਕ!
13ਤੂੰ ਉੱਠੇਂਗਾ ਅਤੇ ਸੀਯੋਨ ਉੱਤੇ ਰਹਮ ਕਰੇਂਗਾ,
ਕਿਉਂ ਜੋ ਤਰਸ ਖਾਣ ਦਾ ਸਮਾਂ,
ਸਗੋਂ ਥਾਪਿਆ ਹੋਇਆ ਵੇਲਾ ਆ ਪੁੱਜਿਆ ਹੈ।
14ਤੇਰੇ ਦਾਸ ਤਾਂ ਉਹ ਦੇ ਪੱਥਰਾਂ ਵਿੱਚ ਪਰਸੰਨ ਹੁੰਦੇ
ਹਨ,
ਅਤੇ ਉਹ ਦੇ ਥੇਹ ਉੱਤੇ ਤਰਸ ਖਾਂਦੇ ਹਨ।
15ਇਉਂ ਕੌਮਾਂ ਯਹੋਵਾਹ ਦੇ ਨਾਮ ਤੋਂ ਭੈ ਖਾਣਗੀਆਂ,
ਅਤੇ ਧਰਤੀ ਦੇ ਸਾਰੇ ਰਾਜੇ ਤੇਰੇ ਪਰਤਾਪ ਤੋਂ।
16ਜਦ ਯਹੋਵਾਹ ਨੇ ਸੀਯੋਨ ਨੂੰ ਬਣਾਇਆ,
ਤਾਂ ਉਹ ਆਪਣੇ ਪਰਤਾਪ ਵਿੱਚ ਪਰਗਟ ਹੋਇਆ।
17ਉਸ ਨੇ ਲਾਚਾਰ ਦੀ ਪ੍ਰਾਰਥਨਾ ਵੱਲ ਮੂੰਹ ਕੀਤਾ,
ਅਤੇ ਉਨ੍ਹਾਂ ਦੀ ਪ੍ਰਾਰਥਨਾ ਨੂੰ ਤੁੱਛ ਨਾ ਜਾਤਾ।।
18ਇਹ ਗੱਲ ਆਉਣ ਵਾਲੀ ਪੀੜ੍ਹੀ ਲਈ ਲਿਖੀ
ਜਾਵੇਗੀ,
ਅਤੇ ਜਿਹੜੀ ਪਰਜਾ ਉਤਪੰਨ ਹੋਵੇਗੀ ਉਹ ਯਹੋਵਾਹ
ਦੀ ਉਸਤਤ ਕਰੇਗੀ।।
19ਉਸ ਨੇ ਤਾਂ ਆਪਣੇ ਪਵਿੱਤਰ ਅਸਥਾਨ ਦੀ
ਉਚਿਆਈ ਤੋਂ ਨਿਗਾਹ ਕੀਤੀ ਹੈ,
ਯਹੋਵਾਹ ਨੇ ਸੁਰਗ ਤੋਂ ਧਰਤੀ ਨੂੰ ਡਿੱਠਾ ਹੈ,
20ਭਈ ਅਸੀਰ ਦਾ ਹਾਹੁਕਾ ਸੁਣੇ,
ਅਤੇ ਮਰਨ ਵਾਲਿਆਂ#102:20 ਮੌਤ ਦੇ ਪੁੱਤ੍ਰ । ਨੂੰ ਛੁਡਾਵੇ,
21ਤਾਂ ਜੋ ਲੋਕ ਸੀਯੋਨ ਵਿੱਚ ਯਹੋਵਾਹ ਦੇ ਨਾਮ ਦਾ,
ਅਤੇ ਯਰੂਸ਼ਲਮ ਵਿੱਚ ਉਸ ਦੀ ਉਸਤਤ ਦਾ ਪਰਚਾਰ
ਕਰਨ,
22ਜਦ ਲੋਕ ਅਤੇ ਰਜਵਾੜੇ
ਯਹੋਵਾਹ ਦੀ ਉਪਾਸਨ ਕਰਨ ਲਈ ਇਕੱਠੇ
ਹੋਣ।।
23ਉਸ ਨੇ ਰਾਹ ਵਿੱਚ ਮੇਰੇ ਬਲ ਨੂੰ ਕਮਜ਼ੋਰ ਕੀਤਾ,
ਉਸ ਨੇ ਮੇਰੀ ਆਯੂ ਨੂੰ ਘਟਾਇਆ।
24ਮੈਂ ਆਖਿਆ, ਹੇ ਮੇਰੇ ਪਰਮੇਸ਼ੁਰ, ਮੇਰੀ ਅੱਧੀ ਆਯੂ
ਵਿੱਚ ਮੈਨੂੰ ਉਠਾ ਨਾ ਲੈ,
ਪੀੜ੍ਹੀਓ ਪੀੜ੍ਹੀ ਤੇਰੇ ਵਰ੍ਹੇ ਹਨ!
25ਮੁੱਢੋਂ ਹੀ ਤੈਂ ਧਰਤੀ ਦੀ ਨੀਂਹ ਧਰੀ,
ਅਤੇ ਅਕਾਸ਼ ਤੇਰੇ ਹੱਥਾਂ ਦਾ ਕਾਰਜ ਹੈ।
26ਓਹ ਨਾਸ ਹੋ ਜਾਣਗੇ, ਪਰ ਤੂੰ ਅਟਲ ਰਹੇਂਗਾ,
ਓਹ ਸਾਰੇ ਕੱਪੜੇ ਵਾਂਙੁ ਪੁਰਾਣੇ ਹੋ ਜਾਣਗੇ,
ਤੂੰ ਉਨ੍ਹਾਂ ਨੂੰ ਲਿਬਾਸ ਦੀ ਨਿਆਈਂ ਬਦਲ ਦੇਵੇਂਗਾ,
ਸੋ ਓਹ ਬਦਲ ਹੀ ਜਾਣਗੇ!
27ਪਰ ਤੂੰ ਉਹੀ ਹੈਂ, ਅਤੇ ਤੇਰੇ ਵਰ੍ਹੇ ਮੁੱਕਣਗੇ ਨਹੀਂ।
28ਤੇਰੇ ਦਾਸਾਂ ਦੀ ਅੰਸ ਵੱਸੀ ਰਹੇਗੀ,
ਅਤੇ ਉਨ੍ਹਾਂ ਦੀ ਨਸਲ ਤੇਰੇ ਸਨਮੁਖ ਕਾਇਮ
ਰਹੇਗੀ।।
Currently Selected:
ਜ਼ਬੂਰਾਂ ਦੀ ਪੋਥੀ 102: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.