ਮਰਕੁਸ 7
7
ਜੂਠ ਤੇ ਸੁੱਚ। ਯੂਨਾਨੀ ਤੀਵੀਂ ਦੀ ਨਿਹਚਾ
1ਫਰੀਸੀ ਅਰ ਕਈ ਗ੍ਰੰਥੀ ਯਰੂਸ਼ਲਮ ਤੋਂ ਆ ਕੇ ਉਹ ਦੇ ਕੋਲ ਇਕੱਠੇ ਹੋਏ 2ਅਤੇ ਉਨ੍ਹਾਂ ਨੇ ਉਹ ਦੇ ਕਿੰਨਿਆਂ ਚੇਲਿਆਂ ਨੂੰ ਅਸ਼ੁੱਧ ਅਰਥਾਤ ਅਣਧੋਤੇ ਹੱਥਾਂ ਨਾਲ ਰੋਟੀ ਖਾਂਦੇ ਵੇਖਿਆ ਸੀ 3(ਕਿਉਂ ਜੋ ਫਰੀਸੀ ਅਤੇ ਸਾਰੇ ਯਹੂਦੀ ਵੱਡਿਆਂ ਦੀ ਰੀਤ ਨੂੰ ਮੰਨ ਕੇ ਜਦ ਤੀਕਰ ਹੱਥਾਂ ਨੂੰ ਮਲ ਮਲ ਕੇ ਨਾ ਧੋ ਲੈਣ ਖਾਂਦੇ ਨਹੀਂ 4ਅਤੇ ਬਜਾਰੋਂ ਆਣ ਕੇ ਨਹੀਂ ਖਾਂਦੇ ਜਿੰਨਾਂ ਚਿਰ ਨ੍ਹਾ ਨਾ ਲੈਣ ਅਤੇ ਹੋਰ ਬਥੇਰੀਆਂ ਗੱਲਾਂ ਹਨ ਜਿਹੜੀਆਂ ਉਨ੍ਹਾਂ ਨੇ ਮੰਨਣ ਲਈ ਕਬੂਲ ਕੀਤੀਆਂ ਹਨ ਜਿਵੇਂ ਕਟੋਰਿਆਂ ਅਰ ਗੜਵਿਆਂ ਅਰ ਪਿਤੱਲ ਦੇ ਭਾਂਡਿਆਂ ਦਾ ਧੋਣਾ) 5ਤਦ ਫਰੀਸੀਆਂ ਅਤੇ ਗ੍ਰੰਥੀਆਂ ਨੇ ਉਹ ਨੂੰ ਪੁੱਛਿਆ, ਤੇਰੇ ਚੇਲੇ ਵੱਡਿਆਂ ਦੀ ਰੀਤ ਉੱਤੇ ਕਿਉਂ ਨਹੀਂ ਚੱਲਦੇ ਪਰ ਅਸ਼ੁੱਧ ਹੱਥੀਂ ਰੋਟੀ ਖਾਂਦੇ ਹਨ? 6ਉਸ ਨੇ ਉਨ੍ਹਾਂ ਨੂੰ ਕਿਹਾ, ਤੁਸਾਂ ਕਪਟੀਆਂ ਦੇ ਵਿਖੇ ਯਸਾਯਾਹ ਨੇ ਠੀਕ ਅਗੰਮ ਵਾਕ ਕੀਤਾ ਜਿੱਦਾਂ ਲਿਖਿਆ ਹੈ ਕਿ#ਯਸ. 29:13
ਏਹ ਲੋਕ ਆਪਣੇ ਬੁੱਲਾਂ ਨਾਲ ਮੇਰਾ ਆਦਰ
ਕਰਦੇ ਹਨ,
ਪਰ ਇਨ੍ਹਾਂ ਦਾ ਦਿਲ ਮੈਥੋਂ ਦੂਰ ਹੈ।
7ਓਹ ਵਿਰਥਾ ਮੇਰੀ ਉਪਾਸਨਾ ਕਰਦੇ ਹਨ,
ਓਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ
ਹਨ।।
8ਤੁਸੀਂ ਪਰਮੇਸ਼ੁਰ ਦੇ ਹੁਕਮ ਨੂੰ ਛੱਡ ਕੇ ਮਨੁੱਖਾਂ ਦੀ ਰੀਤ ਨੂੰ ਮੰਨ ਲੈਂਦੇ ਹੋ 9ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਪਰਮੇਸ਼ੁਰ ਦੇ ਹੁਕਮ ਨੂੰ ਚੰਗੀ ਤਰਾਂ ਟਾਲ ਦਿੰਦੇ ਹੋ ਤਾਂ ਜੋ ਆਪਣੀ ਰੀਤ ਨੂੰ ਕਾਇਮ ਰੱਖੋ 10ਕਿਉਂਕਿ ਮੂਸਾ ਨੇ ਕਿਹਾ ਕਿ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ ਅਤੇ ਜਿਹੜਾ ਪਿਤਾ ਯਾ ਮਾਤਾ ਨੂੰ ਮੰਦਾ ਬੋਲੇ ਉਹ ਜਾਨੋਂ ਮਾਰਿਆ ਜਾਵੇ 11ਪਰ ਤੁਸੀਂ ਆਖਦੇ ਹੋ, ਜੇ ਕੋਈ ਮਨੁੱਖ ਪਿਤਾ ਯਾ ਮਾਤਾ ਨੂੰ ਕਹੇ ਭਈ ਜੋ ਕੁਝ ਮੇਰੇ ਕੋਲੋਂ ਤੈਨੂੰ ਲਾਭ ਹੋ ਸੱਕਦਾ ਸੀ ਸੋ ਕੁਰਬਾਨ ਅਰਥਾਤ ਭੇਟ ਚੜ੍ਹਾ ਦਿੱਤਾ ਹੈ 12ਤੁਸੀਂ ਫੇਰ ਉਹ ਨੂੰ ਉਹ ਦੇ ਪਿਤਾ ਯਾ ਮਾਤਾ ਦੇ ਲਈ ਕੁਝ ਨਹੀਂ ਕਰਨ ਦਿੰਦੇ 13ਇਸ ਤਰ੍ਹਾਂ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਆਪਣੀ ਰੀਤ ਨਾਲ ਜਿਹੜੀ ਤੁਸਾਂ ਚਲਾਈ ਹੈ ਅਕਾਰਥ ਕਰਦੇ ਹੋ ਅਤੇ ਹੋਰ ਬਥੇਰੇ ਇਹੋ ਜਿਹੇ ਕੰਮ ਤੁਸੀਂ ਕਰਦੇ ਹੋ।।
14ਉਸ ਨੇ ਲੋਕਾਂ ਨੂੰ ਫੇਰ ਕੋਲ ਸੱਦ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਸਭ ਦੇ ਸਭ ਮੇਰੀ ਸੁਣੋ ਅਤੇ ਸਮਝੋ 15ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਜਿਹੜੀ ਮਨੁੱਖ ਦੇ ਬਾਹਰੋਂ ਉਹ ਦੇ ਅੰਦਰ ਜਾਕੇ ਉਹ ਨੂੰ ਭਰਿਸ਼ਟ ਕਰ ਸੱਕੇ 16ਪਰ ਜਿਹੜੀਆਂ ਚੀਜਾਂ ਉਹ ਦੇ ਅੰਦਰੋਂ ਨਿੱਕਲਦੀਆਂ ਹਨ ਓਹੋ ਮਨੁੱਖ ਨੂੰ ਭਰਿਸ਼ਟ ਕਰਦੀਆਂ ਹਨ।।
17ਜਾਂ ਉਹ ਲੋਕਾਂ ਦੇ ਕੋਲੋਂ ਘਰ ਵਿੱਚ ਗਿਆ ਤਾਂ ਉਹ ਦੇ ਚੇਲੇਆਂ ਨੇ ਉਹ ਦ੍ਰਿਸ਼ਟਾਂਤ ਉਸ ਤੋਂ ਪੁੱਛਿਆ 18ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ਭਲਾ, ਤੁਸੀਂ ਵੀ ਅਜੇਹੇ ਨਿਰਬੁੱਧ ਹੋ? ਕੀ ਤੁਸੀਂ ਨਹੀਂ ਸਮਝਦੇ ਭਈ ਜੋ ਕੁਝ ਬਾਹਰੋਂ ਮਨੁੱਖ ਵਿੱਚ ਜਾਂਦਾ ਹੈ ਸੋ ਉਹ ਨੂੰ ਭਰਿਸ਼ਟ ਨਹੀਂ ਕਰ ਸੱਕਦਾ? 19ਕਿਉਂਕਿ ਉਹ ਉਸ ਦੇ ਦਿਲ ਵਿੱਚ ਨਹੀਂ ਪਰ ਢਿੱਡ ਵਿੱਚ ਜਾਂਦਾ ਹੈ ਅਤੇ ਸੇਦਖਾਨੇ ਵਿੱਚ ਨਿਕਲ ਜਾਂਦਾ ਹੈ। ਇਹ ਕਹਿ ਕੇ ਉਹ ਨੇ ਸਾਰੇ ਭੋਜਨ ਸ਼ੁੱਧ ਠਹਿਰਾਏ 20ਫੇਰ ਓਨ ਆਖਿਆ, ਜੋ ਮਨੁੱਖ ਦੇ ਅੰਦਰੋਂ ਨਿਕਲਦਾ ਹੈ ਸੋਈ ਮਨੁੱਖ ਨੂੰ ਭਰਿਸ਼ਟ ਕਰਦਾ ਹੈ 21ਕਿਉਂਕਿ ਅੰਦਰੋਂ ਮਨੁੱਖ ਦੇ ਦਿਲ ਵਿੱਚੋਂ ਬੁਰੇ ਖਿਆਲ, ਹਰਾਮਕਾਰੀਆਂ 22ਚੋਰੀਆਂ, ਖੂਨ, ਜ਼ਨਾਕਾਰੀਆਂ, ਲੋਭ, ਬਦੀਆਂ, ਛਲ, ਮਸਤੀ, ਬੁਰੀ ਨਜ਼ਰ, ਕੁਫਰ, ਹੰਕਾਰ, ਮੂਰਖਤਾਈ ਨਿੱਕਲਦੀ ਹੈ 23ਇਹ ਸਾਰੀਆਂ ਬੁਰੀਆਂ ਗੱਲਾਂ ਅੰਦਰੋਂ ਨਿੱਕਲਦੀਆਂ ਅਤੇ ਮਨੁੱਖ ਨੂੰ ਭਰਿਸ਼ਟ ਕਰਦੀਆਂ ਹਨ।।
24ਫੇਰ ਉਹ ਉੱਥੋਂ ਉੱਠ ਕੇ ਸੂਰ ਅਤੇ ਸੈਦਾ ਦੀਆਂ ਹੱਦਾਂ ਵਿੱਚ ਆਇਆ ਅਤੇ ਇੱਕ ਘਰ ਵਿੱਚ ਗਿਆ ਅਤੇ ਚਾਹੁੰਦਾ ਸੀ ਭਈ ਕਿਸੇ ਨੂੰ ਖਬਰ ਨਾ ਹੋਵੇ, ਪਰ ਉਹ ਲੁਕਿਆ ਨਾ ਰਹਿ ਸੱਕਿਆ 25ਕਿਉਂ ਜੋ ਓਵੇਂ ਇੱਕ ਤੀਵੀਂ ਜਿਹ ਦੀ ਛੋਟੀ ਧੀ ਨੂੰ ਭਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ ਉਹ ਦੀ ਖਬਰ ਸੁਣ ਕੇ ਆਈ ਅਤੇ ਉਹ ਦੇ ਪੈਰੀਂ ਪਈ 26ਉਹ ਤੀਵੀਂ ਯੂਨਾਨਣ ਅਤੇ ਜਨਮ ਦੀ ਸੂਰੁਫੈਨੀਕਣ ਸੀ। ਉਸ ਨੇ ਉਹ ਦੇ ਅੱਗੇ ਅਰਜ਼ ਕੀਤੀ ਜੋ ਤੁਸੀਂ ਮੇਰੀ ਧੀ ਵਿੱਚੋਂ ਭੂਤ ਨੂੰ ਕੱਢ ਦਿਓ 27ਪਰ ਓਹ ਨੇ ਉਸ ਨੂੰ ਕਿਹਾ, ਪਹਿਲਾਂ ਬਾਲਕਾਂ ਨੂੰ ਰੱਜ ਕੇ ਖਾਣ ਦਿਹ ਕਿਉਂ ਜੋ ਬਾਲਕਾਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਅੱਛੀ ਨਹੀਂ ਹੈ 28ਉਸ ਨੇ ਓਹ ਨੂੰ ਉੱਤਰ ਦਿੱਤਾ, ਠੀਕ ਪ੍ਰਭੁ ਜੀ, ਕਤੂਰੇ ਭੀ ਤਾਂ ਮੇਜ਼ ਦੇ ਹੇਠ ਬਾਲਕਾਂ ਦੇ ਚੂਰੇ ਭੂਰੇ ਖਾਂਦੇ ਹਨ 29ਤਦ ਉਹ ਨੇ ਉਸ ਨੂੰ ਆਖਿਆ, ਇਸ ਗੱਲ ਦੇ ਕਾਰਨ ਚੱਲੀ ਜਾਹ। ਭੂਤ ਤੇਰੀ ਧੀ ਵਿੱਚੋਂ ਨਿੱਕਲ ਗਿਆ ਹੈ 30ਅਤੇ ਉਸ ਨੇ ਆਪਣੇ ਘਰ ਜਾਕੇ ਵੇਖਿਆ ਜੋ ਲੜਕੀ ਮੰਜੇ ਉੱਤੇ ਲੰਮੀ ਪਈ ਹੋਈ ਹੈ ਅਤੇ ਭੂਤ ਨਿੱਕਲ ਗਿਆ ਹੈ।।
31ਉਹ ਫੇਰ ਸੂਰ ਦੀਆਂ ਹੱਦਾਂ ਤੋਂ ਨਿੱਕਲ ਕੇ ਸੈਦਾ ਦੇ ਰਾਹ ਦਿਕਾਪੁਲਿਸ ਦੀਆਂ ਹੱਦਾਂ ਵਿੱਚੋ ਦੀ ਹੋ ਕੇ ਗਲੀਲ ਦੀ ਝੀਲ ਨੂੰ ਗਿਆ 32ਅਤੇ ਲੋਕਾਂ ਨੇ ਇੱਕ ਬੋਲੇ ਨੂੰ ਜਿਹੜਾ ਥਥਲਾ ਵੀ ਸੀ ਉਹ ਦੇ ਕੋਲ ਲਿਆ ਕੇ ਉਹ ਦੀ ਮਿੰਨਤ ਕੀਤੀ ਜੋ ਉਸ ਉੱਤੇ ਆਪਣਾ ਹੱਥ ਰੱਖੇ 33ਉਹ ਉਸ ਨੂੰ ਭੀੜ ਤੋਂ ਅਲੱਗ ਲੈ ਗਿਆ ਅਰ ਆਪਣੀਆਂ ਉਂਗਲੀਆਂ ਉਹ ਦੇ ਕੰਨਾਂ ਵਿੱਚ ਦਿੱਤੀਆਂ ਅਤੇ ਥੁੱਕ ਕੇ ਉਹ ਦੀ ਜੀਭ ਛੋਹੀ 34ਅਤੇ ਆਕਾਸ਼ ਵੱਲ ਵੇਖ ਕੇ ਹਾਉਕਾ ਭਰਿਆ ਅਰ ਉਹ ਨੂੰ ਆਖਿਆ "ਇੱਫਤਾ" ਅਰਥਾਤ "ਖੁੱਲ੍ਹ ਜਾਹ" 35ਅਤੇ ਉਹ ਦੇ ਕੰਨ ਖੁੱਲ੍ਹ ਗਏ ਅਰ ਉਹ ਦੀ ਜੀਭ ਦਾ ਅਟਕਣਾ ਜਾਂਦਾ ਰਿਹਾ ਅਤੇ ਉਹ ਸਾਫ ਬੋਲਣ ਲਗ ਪਿਆ 36ਤਦ ਉਸ ਨੇ ਉਨ੍ਹਾਂ ਨੂੰ ਤਗੀਦ ਨਾਲ ਆਖਿਆ ਭਈ ਕਿਸੇ ਕੋਲ ਨਾ ਕਹਿਣਾ! ਪਰ ਜਿੰਨੀ ਉਸ ਨੇ ਉਨ੍ਹਾਂ ਨੂੰ ਤਗੀਦ ਕੀਤੀ ਓਹ ਉਨਾਂ ਉਸ ਗੱਲ ਨੂੰ ਹੋਰ ਵੀ ਬਹੁਤ ਉਜਾਗਰ ਕਰਦੇ ਰਹੇ 37ਅਤੇ ਲੋਕ ਡਾਢੇ ਹੈਰਾਨ ਹੋ ਕੇ ਬੋਲੇ ਕਿ ਉਹ ਨੇ ਸੱਭੋ ਕੁਝ ਅੱਛਾ ਕੀਤਾ ਹੈ! ਉਹ ਬੋਲਿਆਂ ਨੂੰ ਸੁਣਨ ਅਤੇ ਗੁੰਗਿਆਂ ਨੂੰ ਬੋਲਣ ਦੀ ਸ਼ਕਤੀ ਦਿੰਦਾ ਹੈ!।।
Currently Selected:
ਮਰਕੁਸ 7: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.