ਮਰਕੁਸ 1
1
ਪ੍ਰਭੁ ਯਿਸੂ ਮਸੀਹ ਦਾ ਬਪਤਿਸਮਾ ਤੇ ਪਰਤਾਵਾ
1ਪਰਮੇਸ਼ੁਰ ਦੇ ਪੁੱਤ੍ਰ ਯਿਸੂ ਮਸੀਹ ਦੀ ਖੁਸ਼ ਖਬਰੀ ਦਾ ਅਰੰਭ 2ਜਿਹਾ ਯਸਾਯਾਹ ਨਬੀ ਵਿੱਚ ਲਿਖਿਆ ਹੈ#ਮਲ. 3:1
ਵੇਖ, ਮੈਂ ਆਪਣੇ ਦੂਤ ਨੂੰ ਤੇਰੇ ਅੱਗੇ ਘੱਲਦਾ ਹਾਂ
ਜੋ ਤੇਰਾ ਰਸਤਾ ਤਿਆਰ ਕਰੇਗਾ,
3ਉਜਾੜ#ਯਸ. 40:3 ਵਿੱਚ ਇੱਕ ਹੋਕਾ ਦੋਣ ਵਾਲੇ ਦੀ
ਅਵਾਜ਼,
ਭਈ ਪ੍ਰਭੁ ਦੇ ਰਸਤੇ ਨੂੰ ਤਿਆਰ ਕਰੋ,
ਉਹ ਦੇ ਰਾਹਾਂ ਨੂੰ ਸਿੱਧੇ ਕਰੋ।।
4ਯੂਹੰਨਾ ਆਇਆ ਜਿਹੜਾ ਉਜਾੜ ਵਿੱਚ ਬਪਤਿਸਮਾ ਦਿੰਦਾ ਸੀ ਅਰ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪਰਚਾਰ ਕਰਦਾ ਸੀ 5ਅਤੇ ਸਾਰਾ ਯਹੂਦਿਯਾ ਦੇਸ ਅਰ ਯਰੂਸ਼ਲਮ ਦੇ ਸਾਰੇ ਰਹਿਣ ਵਾਲੇ ਨਿੱਕਲ ਕੇ ਉਹ ਦੇ ਕੋਲ ਚੱਲੇ ਆਉਂਦੇ ਅਤੇ ਆਪੋ ਆਪਣਿਆਂ ਪਾਪਾਂ ਨੂੰ ਮੰਨ ਕੇ ਯਰਦਨ ਨਦੀ ਵਿੱਚ ਉਹ ਤੇ ਹੱਥੋਂ ਬਪਤਿਸਮਾ ਲੈਂਦੇ ਸਨ 6ਅਤੇ ਯੂਹੰਨਾ ਦੇ ਬਸਤ੍ਰ ਊਠ ਦੇ ਵਾਲਾਂ ਦੇ ਸਨ ਅਤੇ ਚੰਮ ਦੀ ਪੇਟੀ ਉਹ ਦੇ ਲੱਕ ਨਾਲ ਸੀ ਅਤੇ ਉਹ ਟਿੱਡੀਆਂ ਅਰ ਬਣ ਦਾ ਸ਼ਹਿਤ ਖਾਂਦਾ ਹੁੰਦਾ ਸੀ 7ਅਰ ਉਸ ਨੇ ਪਰਚਾਰ ਕੀਤਾ ਭਈ ਮੇਰੇ ਪਿੱਛੇ ਉਹ ਆਉਂਦਾ ਹੈ ਜੋ ਮੈਥੋਂ ਬਲਵੰਤ ਹੈ ਅਰ ਮੈਂ ਇਸ ਲਾਇਕ ਨਹੀਂ ਜੋ ਨਿਉਂ ਕੇ ਉਹ ਦੀ ਜੁੱਤੀ ਦਾ ਤਸਮਾ ਖੋਲ੍ਹਾਂ 8ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਉਹ ਤੁਹਾਨੂੰ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦੇਊ।।
9ਉਨ੍ਹੀ ਦਿਨੀਂ ਐਉਂ ਹੋਇਆ ਜੋ ਯਿਸੂ ਨੇ ਗਲੀਲ ਦੇ ਨਾਸਰਤ ਤੋਂ ਆਣ ਕੇ ਯਰਦਨ ਵਿੱਚ ਯੂਹੰਨਾ ਦੇ ਹੱਥੋਂ ਬਪਤਿਸਮਾ ਲਿਆ 10ਅਰ ਪਾਣੀ ਵਿਚੋਂ ਨਿੱਕਲਦੇ ਸਾਰ ਉਹ ਨੇ ਅਕਾਸ਼ ਨੂੰ ਖੁਲ੍ਹਦਿਆਂ ਅਤੇ ਆਤਮਾ ਨੂੰ ਆਪਣੇ ਉੱਤੇ ਕਬੂਤਰ ਦੀ ਨਿਆਈਂ ਉੱਤਰਦਿਆਂ ਡਿੱਠਾ 11ਅਤੇ ਇੱਕ ਸੁਰਗੀ ਬਾਣੀ ਆਈ ਜੋ ਤੂੰ ਮੇਰਾ ਪਿਆਰਾ ਪੁੱਤ੍ਰ ਹੈਂ, ਤੈਥੋਂ ਮੈਂ ਪਰਸਿੰਨ ਹਾਂ।।
12ਆਤਮਾ ਝੱਟ ਉਹ ਨੂੰ ਉਜਾੜ ਵਿੱਚ ਲੈ ਗਿਆ 13ਅਰ ਉਜਾੜ ਵਿੱਚ ਚਾਹਲੀਆਂ ਦਿਨਾਂ ਤੀਕਰ ਸ਼ਤਾਨ ਉਹ ਨੂੰ ਪਰਤਾਉਂਦਾ ਰਿਹਾ ਅਤੇ ਉਹ ਜੰਗਲੀ ਜਨਾਉਰਾਂ ਨਾਲ ਰਹਿੰਦਾ ਸੀ ਅਤੇ ਦੂਤ ਉਹ ਦੀ ਟਹਿਲ ਕਰਦੇ ਸਨ।।
14ਉਪਰੰਤ ਯੂਹੰਨਾ ਦੇ ਫੜਵਾਏ ਜਾਣ ਦੇ ਪਿੱਛੋਂ ਯਿਸੂ ਗਲੀਲ ਵਿੱਚ ਆਇਆ ਅਰ ਉਸ ਨੇ ਪਰਮੇਸ਼ੁਰ ਦੀ ਖੁਸ਼ ਖਬਰੀ ਦਾ ਪਰਚਾਰ ਕਰ ਕੇ ਆਖਿਆ 15ਸਮਾਂ ਪੂਰਾ ਹੋਇਆ ਅਤੇ ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। ਤੋਬਾ ਕਰੋ ਅਤੇ ਖੁਸ਼ ਖਬਰੀ ਉੱਤੇ ਪਰਤੀਤ ਕਰੋ।।
16ਗਲੀਲ ਦੀ ਝੀਲ ਦੇ ਕੰਢੇ ਉੱਤੇ ਫਿਰਦਿਆਂ ਉਸ ਨੇ ਸ਼ਮਊਨ ਅਰ ਸ਼ਮਊਨ ਦੇ ਭਰਾ ਅੰਦ੍ਰਿਯਾਸ ਨੂੰ ਝੀਲ ਵਿੱਚ ਜਾਲ ਪਾਉਂਦਿਆਂ ਡਿੱਠਾ ਕਿਉਂ ਜੋ ਉਹ ਮਾਛੀ ਸਨ 17ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ 18ਅਤੇ ਓਹ ਝੱਟ ਜਾਲਾਂ ਨੂੰ ਛੱਡ ਕੇ ਉਹ ਦੇ ਮਗਰ ਹੋ ਤੁਰੇ 19ਅਰ ਥੋੜੀ ਦੂਰ ਅੱਗੇ ਵਧ ਕੇ ਉਹ ਨੇ ਜ਼ਬਦੀ ਦੇ ਪੁੱਤ੍ਰ ਯਾਕੂਬ ਅਤੇ ਉਹ ਦੇ ਭਰਾ ਯੂਹੰਨਾ ਨੂੰ ਵੇਖਿਆ ਜੋ ਬੇੜੀ ਉੱਤੇ ਜਾਲਾਂ ਨੂੰ ਸੁਧਾਰਦੇ ਸਨ 20ਅਰ ਝੱਟ ਉਸ ਨੇ ਉਨ੍ਹਾਂ ਨੂੰ ਸੱਦਿਆ ਅਤੇ ਓਹ ਆਪਣੇ ਪਿਓ ਜ਼ਬਦੀ ਨੂੰ ਕਾਮਿਆਂ ਸਣੇ ਬੇੜੀ ਵਿੱਚ ਛੱਡ ਕੇ ਉਹ ਦੇ ਮਗਰ ਤੁਰ ਪਏ।।
21ਤਾਂ ਓਹ ਕਫ਼ਰਨਾਹੂਮ ਵਿੱਚ ਵੜੇ ਅਰ ਸਬਤ ਦੇ ਦਿਨ ਉਹ ਝੱਟ ਸਮਾਜ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ 22ਅਤੇ ਓਹ ਉਸ ਦੇ ਉਪਦੇਸ਼ ਤੋਂ ਹੈਰਾਨ ਹੋਏ ਕਿਉਂ ਜੋ ਉਹ ਗ੍ਰੰਥੀਆਂ ਵਾਂਙੁ ਨਹੀਂ ਪਰ ਇਖ਼ਤਿਆਰ ਵਾਲੇ ਵਾਂਙੁ ਉਨ੍ਹਾਂ ਨੂੰ ਉਪਦੇਸ਼ ਦਿੰਦਾ ਸੀ 23ਅਤੇ ਉਸ ਵੇਲੇ ਉਨ੍ਹਾਂ ਦੀ ਸਮਾਜ ਵਿੱਚ ਇੱਕ ਮਨੁੱਖ ਸੀ ਜਿਹ ਨੂੰ ਭਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ ਅਤੇ ਇਉਂ ਕਹਿ ਕੇ ਉੱਚੀ ਅਵਾਜ਼ ਨਾਲ ਬੋਲ ਉੱਠਿਆ, 24ਹੇ ਯਿਸੂ ਨਾਸਰੀ ਤੇਰਾ ਸਾਡੇ ਨਾਲ ਕੀ ਵਾਸਤਾ? ਕੀ ਤੂੰ ਸਾਡਾ ਨਾਸ਼ ਕਰਨ ਆਇਆ ਹੈਂ? ਮੈਂ ਤੈਨੂੰ ਜਾਣਦਾ ਹਾਂ ਜੋ ਤੂੰ ਕੌਣ ਹੈਂ। ਤੂੰ ਪਰਮੇਸ਼ੁਰ ਦਾ ਪਵਿੱਤ੍ਰ ਪੁਰਖ ਹੈਂ ! 25ਤਾਂ ਯਿਸੂ ਨੇ ਉਹ ਨੂੰ ਵਰਜ ਕੇ ਕਿਹਾ, ਚੁੱਪ ਕਰ ਅਤੇ ਇਸ ਵਿੱਚੋਂ ਨਿੱਕਲ ਜਾਹ ! 26ਸੋ ਉਹ ਭਰਿਸ਼ਟ ਆਤਮਾ ਉਸ ਨੂੰ ਮਰੋੜ ਮਰਾੜ ਕੇ ਵੱਡੀ ਅਵਾਜ਼ ਨਾਲ ਚੀਕਾਂ ਮਾਰਦਾ ਉਸ ਵਿੱਚੋਂ ਨਿੱਕਲ ਗਿਆ 27ਅਤੇ ਓਹ ਸਾਰੇ ਲੋਕ ਐਡੇ ਹੈਰਾਨ ਹੋਏ ਕਿ ਆਪੋ ਵਿੱਚ ਚਰਚਾ ਕਰਨ ਲੱਗੇ ਭਈ ਇਹ ਕੀ ਹੈ? ਇੱਕ ਨਵੀਂ ਸਿੱਖਿਆ! ਉਹ ਤਾਂ ਭਰਿਸ਼ਟ ਆਤਮਿਆਂ ਨੂੰ ਇਖ਼ਤਿਆਰ ਨਾਲ ਹੁਕਮ ਕਰਦਾ ਹੈ ਅਤੇ ਓਹ ਉਸ ਦੀ ਮੰਨ ਲੈਂਦੇ ਹਨ! 28ਓਵੇਂ ਹੀ ਗਲੀਲ ਦੇ ਸਾਰੇ ਇਲਾਕੇ ਵਿੱਚ ਉਹ ਦੀ ਧੁੰਮ ਪੈ ਗਈ।।
29ਓਹ ਝੱਟ ਸਮਾਜ ਵਿਚੋਂ ਬਾਹਰ ਨਿੱਕਲ ਕੇ ਯਾਕੂਬ ਅਰ ਯੂਹੰਨਾ ਸਣੇ ਸ਼ਮਊਨ ਅਤੇ ਅੰਦ੍ਰਿਯਾਸ ਦੇ ਘਰ ਆਏ 30ਅਤੇ ਸ਼ਮਊਨ ਦੀ ਸੱਸ ਤਾਪ ਨਾਲ ਪਈ ਸੀ। ਤਾਂ ਉਨ੍ਹਾਂ ਨੇ ਝੱਟ ਉਸ ਨੂੰ ਉਹ ਦੀ ਖਬਰ ਕੀਤੀ 31ਅਰ ਉਹ ਕੋਲ ਆਇਆ ਅਤੇ ਉਹ ਨੂੰ ਹੱਥੋਂ ਫੜ ਕੇ ਉਠਾਲਿਆ ਤਾਂ ਉਹ ਦਾ ਤਾਪ ਲਹਿ ਗਿਆ ਅਤੇ ਉਹ ਨੇ ਉਨ੍ਹਾਂ ਦੀ ਖ਼ਾਤਰ ਕੀਤੀ।।
32ਅਤੇ ਸੰਝ ਨੂੰ ਸੂਰਜ ਡੁੱਬ ਗਿਆ ਤਾਂ ਸਾਰੇ ਰੋਗੀਆਂ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਉਸ ਕੋਲ ਲਿਆਏ 33ਅਰ ਸਾਰਾ ਨਗਰ ਬੂਹੇ ਉੱਤੇ ਇੱਕਠਾ ਹੋਇਆ ਸੀ 34ਅਤੇ ਉਸ ਨੇ ਬਹੁਤਿਆਂ ਨੂੰ ਜਿਹੜੇ ਭਾਂਤ ਭਾਂਤ ਦੇ ਰੋਗੀ ਸਨ ਚੰਗਾ ਕੀਤਾ ਅਰ ਬਹੁਤ ਸਾਰਿਆਂ ਭੂਤਾਂ ਨੂੰ ਕੱਢ ਦਿੱਤਾ ਅਤੇ ਭੂਤਾਂ ਨੂੰ ਬੋਲਣ ਨਾ ਦਿੱਤਾ ਕਿਉਂ ਜੋ ਓਹ ਉਸ ਨੂੰ ਪਛਾਣਦੇ ਸਨ।।
35ਉਹ ਵੱਡੇ ਤੜਕੇ ਕੁਝ ਰਾਤ ਰਹਿੰਦਿਆ ਉੱਠ ਕੇ ਬਾਹਰ ਨਿੱਕਲਿਆ ਅਰ ਇੱਕ ਉਜਾੜ ਥਾਂ ਵਿੱਚ ਜਾ ਕੇ ਉੱਥੇ ਪ੍ਰਾਰਥਨਾ ਕੀਤੀ 36ਅਤੇ ਸ਼ਮਊਨ ਅਰ ਉਹ ਦੇ ਸਾਥੀ ਉਸ ਦੇ ਪਿੱਛੇ ਗਏ 37ਅਰ ਜਾਂ ਉਨ੍ਹਾਂ ਉਸ ਨੂੰ ਲੱਭ ਲਿਆ ਤਾਂ ਉਹ ਨੂੰ ਕਿਹਾ, ਤੈਨੂੰ ਸੱਭੇ ਭਾਲਦੇ ਹਨ 38ਉਸ ਨੇ ਉਨ੍ਹਾਂ ਨੂੰ ਕਿਹਾ, ਆਓ, ਕਿਸੇ ਹੋਰ ਪਾਸੇ ਨੇੜੇ ਦੇ ਨਗਰਾਂ ਵਿੱਚ ਚਲੀਏ ਜੋ ਮੈਂ ਉੱਥੇ ਭੀ ਪਰਚਾਰ ਕਰਾਂ ਕਿਉਂਕਿ ਮੈਂ ਇਸੇ ਲਈ ਨਿੱਕਲਿਆ ਹਾਂ 39ਤਾਂ ਉਹ ਸਾਰੀ ਗਲੀਲ ਵਿੱਚ ਉਨ੍ਹਾਂ ਦੀਆਂ ਸਮਾਜਾਂ ਵਿੱਚ ਜਾ ਕੇ ਮਨਾਦੀ ਕਰਦਾ ਅਰ ਭੂਤਾਂ ਨੂੰ ਕੱਢਦਾ ਸੀ।।
40ਇੱਕ ਕੋੜ੍ਹੀ ਨੇ ਉਹ ਦੇ ਕੋਲ ਆਣ ਕੇ ਉਹ ਦੀ ਮਿੰਨਤ ਕੀਤੀ ਅਰ ਉਹ ਦੇ ਅੱਗੇ ਗੋਡੇ ਨਿਵਾ ਕੇ ਉਸ ਨੂੰ ਆਖਿਆ, ਜੇ ਤੂੰ ਚਾਹੇਂ ਤਾਂ ਮੈਂਨੂੰ ਸ਼ੁੱਧ ਕਰ ਸੱਕਦਾ ਹੈਂ 41ਅਤੇ ਉਸ ਨੇ ਤਰਸ ਖਾ ਕੇ ਆਪਣਾ ਹੱਥ ਲੰਮਾ ਕੀਤਾ ਅਰ ਉਹ ਨੂੰ ਛੋਹ ਕੇ ਕਿਹਾ, ਮੈਂ ਚਾਹੰਦਾ ਹਾਂ,ਤੂੰ ਸ਼ੁੱਧ ਹੋ ਜਾਹ 42ਤਾਂ ਝੱਟ ਉਹ ਦਾ ਕੋੜ੍ਹ ਜਾਂਦਾ ਰਿਹਾ ਅਤੇ ਉਹ ਸ਼ੁੱਧ ਹੋ ਗਿਆ! 43ਤਦ ਉਸ ਨੇ ਉਹ ਨੂੰ ਤਗੀਦ ਕਰ ਕੇ ਉਸੇ ਵੇਲੇ ਘੱਲ ਦਿੱਤਾ 44ਅਤੇ ਉਹ ਨੂੰ ਇਹ ਕਿਹਾ,ਵੇਖ ਕਿਸੇ ਨੂੰ ਕੁੱਝ ਨਾ ਦੱਸੀਂ ਪਰ ਜਾ ਕੇ ਆਪਣੇ ਤਾਈਂ ਜਾਜਕ ਨੂੰ ਵਿਖਾ ਅਰ ਆਪਣੇ ਸ਼ੁੱਧ ਹੋਣ ਦੇ ਕਾਰਨ ਜਿਹੜੀ ਭੇਟ ਮੂਸਾ ਨੇ ਠਹਿਰਾਈ ਚੜ੍ਹਾ ਤਾਂ ਜੋ ਉਨ੍ਹਾਂ ਲਈ ਸਾਖੀ ਹੋਵੇ 45ਪਰ ਉਹ ਬਾਹਰ ਜਾ ਕੇ ਬਹੁਤ ਚਰਚਾ ਕਰਨ ਲੱਗਾ ਅਤੇ ਇਸ ਗੱਲ ਨੂੰ ਐਡਾ ਉਜਾਗਰ ਕੀਤਾ ਜੋ ਯਿਸੂ ਫੇਰ ਨਗਰ ਵਿੱਚ ਖੁਲ੍ਹਮਖੁਲ੍ਹਾ ਨਾ ਵੜ ਸੱਕਿਆ ਪਰ ਬਾਹਰ ਉਜਾੜ ਥਾਵਾਂ ਵਿੱਚ ਰਿਹਾ ਅਤੇ ਲੋਕ ਚੁਫੇਰਿਓਂ ਉਹ ਦੇ ਕੋਲ ਆਉਦੇਂ ਜਾਂਦੇ ਸਨ।।
Currently Selected:
ਮਰਕੁਸ 1: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.