ਮੱਤੀ 24
24
ਮਸੀਹ ਦੇ ਆਉਣ ਦੇ ਨਿਸ਼ਾਨ
1ਯਿਸੂ ਹੈਕਲੋਂ ਬਾਹਰ ਨਿੱਕਲ ਕੇ ਚੱਲਿਆ ਜਾਂਦਾ ਸੀ ਕਿ ਉਹ ਦੇ ਚੇਲੇ ਉਸ ਕੋਲ ਆਏ ਜੋ ਹੈਕਲ ਦੀਆਂ ਇਮਾਰਤਾਂ ਉਹ ਨੂੰ ਵਿਖਾਲਣ 2ਪਰ ਉਸ ਨੇ ਅੱਗੋਂ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਇਨ੍ਹਾਂ ਸਭਨਾਂ ਚੀਜ਼ਾਂ ਨੂੰ ਨਹੀਂ ਵੇਖਦੇ ? ਮੈਂ ਤੁਹਾਨੂੰ ਸੱਤ ਆਖਦਾ ਹਾਂ ਜੋ ਐਥੇ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਏਗਾ ਜੋ ਡੇਗਿਆ ਨਾ ਜਾਵੇ।। 3ਜਦ ਉਹ ਜੈਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ ਉਹ ਦੇ ਚੇਲੇ ਉਹ ਤੇ ਕੋਲ ਵੱਖਰੇ ਹੋ ਕੇ ਆਏ ਅਤੇ ਪੁੱਛਿਆ, ਸਾਨੂੰ ਦੱਸ ਜੋ ਏਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ? 4ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਚੌਕਸ ਰਹੋ ਭਈ ਤੁਹਾਨੂੰ ਕੋਈ ਭੁਲਾਵੇ ਵਿੱਚ ਨਾ ਪਾਵੇ 5ਕਿਉਂ ਜੋ ਮੇਰਾ ਨਾਮ ਧਾਰ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ਮੈਂ ਮਸੀਹ ਹਾਂ ਅਤੇ ਬਹੁਤਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ 6ਤੁਸੀਂ ਲੜਾਈਆਂ ਅਤੇ ਲੜਾਈਆਂ ਦੀਆਂ ਅਵਾਈਆਂ ਸੁਣੋਗੇ। ਖ਼ਬਰਦਾਰ ਕਿਤੇ ਘਬਰਾ ਨਾ ਜਾਣਾ ਕਿਉਂ ਜੋ ਏਹ ਗੱਲਾਂ ਤਾਂ ਹੋਣੀਆਂ ਹੀ ਹਨ ਪਰ ਅਜੇ ਅੰਤ ਨਹੀਂ 7ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ ਥਾਂ ਕਾਲ ਪੈਣਗੇ ਅਤੇ ਭੁਚਾਲ ਆਉਣਗੇ 8ਪਰ ਇਹ ਸਭ ਕੁਝ ਪੀੜਾਂ ਦਾ ਅਰੰਭ ਹੈ 9ਤਦ ਉਹ ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਅਰ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ 10ਅਤੇ ਉਸ ਸਮੇ ਬਥੇਰੇ ਠੋਕਰ ਖਾਣਗੇ ਅਤੇ ਇੱਕ ਦੂਏ ਨੂੰ ਫੜਵਾਏਗਾ ਅਤੇ ਇੱਕ ਦੂਏ ਨਾਲ ਵੈਰ ਰੱਖੇਗਾ 11ਅਰ ਬਹੁਤ ਸਾਰੇ ਝੂਠੇ ਨਬੀ ਉੱਠਣਗੇ ਅਤੇ ਬਥੇਰਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ 12ਅਤੇ ਕੁਧਰਮ ਦੇ ਵਧਣ ਕਰਕੇ ਬਹੁਤਿਆਂ ਦੀ ਪ੍ਰੀਤ ਠੰਢੀ ਹੋ ਜਾਵੇਗੀ 13ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ 14ਅਤੇ ਰਾਜ ਦੀ ਇਸ ਖ਼ਸ਼ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।।
15ਉਪਰੰਤ ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਹ ਦੀ ਖ਼ਬਰ ਦਾਨੀਏਲ ਨਬੀ ਨੇ ਦਿੱਤੀ ਪਵਿੱਤ੍ਰ ਥਾਂ ਵਿੱਚ ਖੜੀ ਵੇਖੋਗੇ (ਵਾਚਣ ਵਾਲਾ ਸਮਝ ਲਵੇ) 16ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ 17ਜਿਹੜਾ ਕੋਠੇ ਉੱਤੇ ਹੋਵੇ ਉਹ ਆਪਣੇ ਘਰ ਵਿੱਚ ਅਸਬਾਬ ਲੈਣ ਨੂੰ ਹੇਠਾਂ ਨਾ ਉੱਤਰੇ 18ਅਤੇ ਜਿਹੜਾ ਖੇਤ ਵਿੱਚ ਹੋਵੇ ਆਪਣੇ ਲੀੜੇ ਲੈਣ ਨੂੰ ਪਿਛਾਹਾਂ ਨਾ ਮੁੜੇ 19ਪਰ ਹਮਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹੀਂ ਦਿਨੀਂ ਗਰਭਣੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ! 20ਪਰ ਤੁਸੀਂ ਪ੍ਰਾਰਥਨਾ ਕਰੋ ਜੋ ਤੁਹਾਡਾ ਭੱਜਣਾ ਸਿਆਲ ਵਿੱਚ ਯਾ ਸਬਤ ਦੇ ਦਿਨ ਨਾ ਹੋਵੇ 21ਕਿਉਂ ਜੋ ਉਸ ਸਮੇ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ 22ਅਰ ਜੇ ਓਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਸਰੀਰ ਨਾ ਬਚਦਾ ਪਰ ਓਹ ਦਿਨ ਚੁਣਿਆਂ ਹੋਇਆਂ ਦੀ ਖ਼ਾਤਰ ਘਟਾਏ ਜਾਣਗੇ 23ਤਦ ਜੇ ਕੋਈ ਤੁਹਾਨੂੰ ਆਖੇ, ਵੇਖੋ ਮਸੀਹ ਐਥੇ ਜਾ ਉੱਥੇ ਹੈ ਤਾਂ ਸੱਚ ਨਾ ਮੰਨਣਾ 24ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਰ ਅਜੇਹੇ ਵੱਡੇ ਨਿਸ਼ਾਨ ਅਤੇ ਅਚਰਜ ਕੰਮ ਵਿਖਾਉਣਗੇ ਕਿ ਜੇ ਹੋ ਸੱਕਦਾ ਹੈ ਤਾਂ ਓਹ ਚੁਣਿਆਂ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦਿੰਦੇ 25ਵੇਖੋ ਮੈਂ ਤੁਹਾਨੂੰ ਅੱਗੋਂ ਹੀ ਦੱਸ ਦਿੱਤਾ 26ਇਸ ਲਈ ਜੇ ਓਹ ਤੁਹਾਨੂੰ ਆਖਣ, ਵੇਖੋ ਉਹ ਉਜਾੜ ਵਿੱਚ ਹੈ ਤਾਂ ਬਾਹਰ ਨਾ ਜਾਣਾ। ਵੇਖੋ ਉਹ ਅੰਦਰਲੀਆਂ ਕੋਠੜੀਆਂ ਵਿੱਚ ਹੈ ਤਾਂ ਸਤ ਨਾ ਮੰਨਣਾ। 27ਕਿਉਂਕਿ ਜਿਸ ਤਰਾਂ ਬਿਜਲੀ ਚੜ੍ਹਦਿਓ ਚਮਕਾਰਾ ਮਾਰ ਕੇ ਲਹਿੰਦੇ ਤੀਕਰ ਦਿਸਦੀ ਹੈ ਉਸੇ ਤਰਾਂ ਮਨੁੱਖ ਦੇ ਪੁੱਤ੍ਰ ਦਾ ਆਉਣਾ ਹੋਵੇਗਾ 28ਜਿੱਥੇ ਮੁਰਦਾਰ ਹੈ ਉੱਥੇ ਗਿਲਝਾਂ ਇਕੱਠੀਆਂ ਹੋਣਗੀਆਂ।।
29ਉਨ੍ਹਾਂ ਦਿਨਾਂ ਦੇ ਕਸ਼ਟ ਦੇ ਪਿੱਛੋਂ ਝੱਟ ਸੂਰਜ ਅਨ੍ਹੇਰਾ ਹੋ ਜਾਵੇਗਾ ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ ਅਰ ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਅਕਾਸ਼ਾਂ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ 30ਤਦ ਮਨੁੱਖ ਦੇ ਪੁੱਤ੍ਰ ਦਾ ਨਿਸ਼ਾਨ ਅਕਾਸ਼ ਵਿੱਚ ਪਰਗਟ ਹੋਵੇਗਾ ਅਰ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ ਅਤੇ ਮਨੁੱਖ ਦੇ ਪੁੱਤ੍ਰ ਨੂੰ ਸਮਰੱਥਾ ਵਿੱਚ ਆਉਂਦਿਆਂ ਵੇਖਣਗੀਆਂ 31ਅਤੇ ਉਹ ਤੁਰਹੀ ਦੀ ਵੱਡੀ ਅਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ ਅਰ ਓਹ ਚੌਹਾਂ ਕੂੰਟਾਂ ਤੋਂ ਅਕਾਸ਼ ਦੇ ਉਸ ਸਿਰੇ ਤੋਂ ਲੈਕੇ ਐਸ ਸਿਰੇ ਤੀਕਰ ਉਹ ਦੇ ਚੁਣਿਆ ਹੋਇਆਂ ਨੂੰ ਇਕੱਠਿਆ ਕਰਨਗੇ 32ਫੇਰ ਹੰਜੀਰ ਦੇ ਬਿਰਛ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹ ਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ ਤਦ ਜਾਣ ਲੈਂਦੇ ਭਈ ਗਰਮੀ ਦੀ ਰੁੱਤ ਨੇੜੇ ਹੈ 33ਇਸੇ ਤਰਾਂ ਤੁਸੀਂ ਵੀ ਜਾਂ ਇਹ ਸਭ ਕੁਝ ਵੇਖੋ ਤਾਂ ਜਾਣ ਲਓ ਜੋ ਉਹ ਨੇੜੇ ਸਗੋਂ ਬੂਹੇ ਉੱਤੇ ਹੈ 34ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਜਦ ਤੀਕਰ ਏਹ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ 35ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਬਚਨ ਕਦੇ ਨਾ ਟਲਣਗੇ 36ਪਰ ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ ਨਾ ਪੁੱਤ੍ਰ ਪਰ ਕੇਵਲ ਪਿਤਾ 37ਪਰ ਜਿਸ ਤਰਾਂ ਨੂਹ ਦੇ ਦਿਨ ਸਨ ਮਨੁੱਖ ਦੇ ਪੁੱਤ੍ਰ ਦਾ ਆਉਣਾ ਉਸੇ ਤਰਾਂ ਹੋਵੇਗਾ 38ਕਿਉਂਕਿ ਜਿਸ ਤਰਾਂ ਪਰਲੋਂ ਤੋਂ ਅੱਗੇ ਦੇ ਦਿਨਾਂ ਵਿੱਚ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ ਉਸ ਦਿਨ ਤੀਕਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ 39ਅਤੇ ਉਹ ਨਹੀਂ ਜਾਣਦੇ ਸਨ ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ ਇਸੇ ਤਰਾਂ ਮਨੁੱਖ ਦੇ ਪੁੱਤ੍ਰ ਦਾ ਆਉਣਾ ਹੋਵੇਗਾ 40ਤਦ ਦੋ ਜਣੇ ਖੇਤ ਵਿੱਚ ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਇੱਕ ਛੱਡਿਆ ਜਾਵੇਗਾ 41ਦੋ ਤੀਵੀਆਂ ਚੱਕੀ ਪੀਂਹਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਇੱਕ ਛੱਡੀ ਜਾਵੇਗੀ 42ਸੋ ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੁ ਕਿਹੜੇ ਦਿਨ ਆਉਂਦਾ ਹੈ 43ਪਰ ਇਹ ਜਾਣੋ ਕਿ ਜੇ ਘਰ ਦੇ ਮਾਲਕ ਨੂੰ ਖ਼ਬਰ ਹੁੰਦੀ ਭਈ ਚੋਰ ਕਿਸ ਪਹਿਰ ਆਵੇਗਾ ਤਾਂ ਜਾਗਦਾ ਰਹਿੰਦਾ ਅਤੇ ਆਪਣੇ ਘਰ ਸੰਨ੍ਹ ਲੱਗਣ ਨਾ ਦਿੰਦਾ 44ਇਸ ਲਈ ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।।
45ਉਪਰੰਤ ਉਹ ਮਾਤਬਰ ਅਤੇ ਬੁੱਧਵਾਨ ਨੌਕਰ ਕੌਣ ਹੈ ਜਿਹ ਨੂੰ ਮਾਲਕ ਨੇ ਆਪਣੇ ਨੌਕਰ ਚਾਕਰਾਂ ਉੱਤੇ ਮੁਖ਼ਤਿਆਰ ਕੀਤਾ ਭਈ ਵੇਲੇ ਸਿਰ ਉਨ੍ਹਾਂ ਨੂੰ ਰਸਤ ਦੇਵੇ ? 46ਧੰਨ ਉਹ ਨੌਕਰ ਜਿਹ ਨੂੰ ਉਸ ਦਾ ਮਾਲਕ ਜਦ ਆਵੇ ਅਜਿਹਾ ਹੀ ਕਰਦਿਆਂ ਵੇਖੇ 47ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਮਤਾ ਉੱਤੇ ਮੁਖ਼ਤਿਆਰ ਕਰ ਦੇਵੇਗਾ 48ਪਰ ਜੇ ਉਹ ਦੁਸ਼ਟ ਨੌਕਰ ਆਪਣੇ ਮਨ ਵਿੱਚ ਆਖੇ ਜੋ ਮੇਰਾ ਮਾਲਕ ਚਿਰ ਲਾਉਂਦਾ ਹੈ 49ਅਤੇ ਆਪਣੇ ਨਾਲ ਦੋ ਨੌਕਰਾਂ ਨੂੰ ਮਾਰਨ ਲੱਗੇ ਅਤੇ ਸ਼ਰਾਬੀਆਂ ਨਾਲ ਖਾਏ ਪੀਏ 50ਤਾਂ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਘੜੀ ਉਹ ਨਹੀਂ ਜਾਣਦਾ ਉਸ ਨੌਕਰ ਦਾ ਮਾਲਕ ਆਵੇਗਾ 51ਅਤੇ ਉਹ ਨੂੰ ਦੋ ਟੋਟੇ ਕਰ ਦੇਵੇਗਾ ਅਰ ਕਪਟੀਆਂ ਨਾਲ ਉਹ ਦਾ ਹਿੱਸਾ ਠਹਿਰਾਵੇਗਾ। ਉੱਥੇ ਹੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।।
Currently Selected:
ਮੱਤੀ 24: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.