ਮੱਤੀ 20
20
ਮਜ਼ਦੂਰੀ ਦੀ ਬਾਰਬਰੀ । ਅਸਲੀ ਵਡਿਆਈ ਸੇਵਾ ਵਿੱਚ ਹੈ
1ਸੁਰਗ ਦਾ ਰਾਜ ਤਾਂ ਇੱਕ ਘਰ ਦੇ ਮਾਲਕ ਵਰਗਾ ਹੈ ਜਿਹੜਾ ਤੜਕੇ ਘਰੋਂ ਨਿੱਕਲਿਆ ਭਈ ਆਪਣੇ ਅੰਗੂਰੀ ਬਾਗ਼ ਵਿੱਚ ਮਜੂਰ ਲਾਵੇ 2ਅਤੇ ਜਾਂ ਉਹ ਨੇ ਮਜੂਰਾਂ ਨਾਲ ਇੱਕ ਇੱਕ ਅੱਠਿਆਨੀ ਦਿਹਾੜੀ ਚੁਕਾ ਲਈ ਤਾਂ ਉਨ੍ਹਾਂ ਨੂੰ ਆਪਣੇ ਬਾਗ਼ ਵਿੱਚ ਘੱਲ ਦਿੱਤਾ 3ਅਤੇ ਪਹਿਰਕੁ ਦਿਨ ਚੜ੍ਹੇ ਬਾਹਰ ਜਾਕੇ ਉਹ ਨੇ ਹੋਰਨਾਂ ਨੂੰ ਬਜਾਰ ਵਿੱਚ ਵੇਹਲੇ ਖੜ੍ਹੇ ਵੇਖਿਆ 4ਅਤੇ ਉਨ੍ਹਾਂ ਨੂੰ ਆਖਿਆ, ਤੁਸੀਂ ਭੀ ਬਾਗ਼ ਵਿੱਚ ਜਾਓ ਅਰ ਜੋ ਹੱਕ ਹੋਵੇਗਾ ਸੋ ਤੁਹਾਨੂੰ ਦਿਆਂਗਾ, ਅਤੇ ਓਹ ਗਏ 5ਫੇਰ ਦੁਪਹਿਰ ਅਰ ਤੀਏ ਪਹਿਰ ਦੇ ਲਗਭਗ ਦੇ ਬਾਹਰ ਜਾਕੇ ਉਹ ਨੇ ਉਸੇ ਤਰਾਂ ਕੀਤਾ 6ਅਰ ਘੰਟਾਕੁ ਦਿਨ ਰਹਿੰਦੇ ਬਾਹਰ ਜਾਕੇ ਉਹ ਨੇ ਹੋਰਨਾਂ ਨੂੰ ਖੜੇ ਵੇਖਿਆ ਅਤੇ ਉਨ੍ਹਾਂ ਨੂੰ ਕਿਹਾ, ਤੁਸੀਂ ਐਥੇ ਸਾਰਾ ਦਿਨ ਕਿਉਂ ਵੇਹਲੇ ਖੜੇ ਰਹੇ? 7ਉਨ੍ਹਾਂ ਨੇ ਉਸ ਨੂੰ ਕਿਹਾ, ਇਸ ਲਈ ਜੋ ਕਿਨੇ ਸਾਨੂੰ ਦਿਹਾੜੀ ਨਾ ਲਾਇਆ। ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਭੀ ਬਾਗ਼ ਵਿੱਚ ਜਾਓ 8ਅਤੇ ਜਾਂ ਸੰਝ ਹੋਈ ਬਾਗ਼ ਦੇ ਮਾਲਕ ਨੇ ਆਪਣੇ ਮੁਖ਼ਤਿਆਰ ਨੂੰ ਆਖਿਆ ਭਈ ਮਜੂਰਾਂ ਨੁੰ ਸੱਦ ਅਰ ਪਿਛਲਿਆਂ ਤੋਂ ਲੈ ਕੇ ਪਹਿਲਿਆਂ ਤੀਕਰ ਉਨ੍ਹਾਂ ਨੂੰ ਮਜੂਰੀ ਦੇਹ 9ਅਤੇ ਜਾਂ ਓਹ ਆਏ ਜਿਹੜੇ ਘੰਟਾ ਦਿਨ ਰਹਿੰਦੇ ਕੰਮ ਲਗੇ ਸਨ ਤਾਂ ਉਨ੍ਹਾਂ ਨੂੰ ਵੀ ਇੱਕ ਇੱਕ ਅੱਠਿਆਨੀ ਮਿਲੀ 10ਅਤੇ ਜਾਂ ਪਹਿਲੇ ਆਏ ਉਨ੍ਹਾਂ ਇਹ ਸਮਝਿਆ ਭਈ ਸਾਨੂੰ ਕੁਝ ਵੱਧ ਮਿਲੂ ਅਤੇ ਉਨ੍ਹਾਂ ਨੂੰ ਵੀ ਇੱਕੋ ਇੱਕ ਅੱਠਿਆਨੀ ਮਿਲੀ 11ਪਰ ਓਹ ਇਹ ਲੈਕੇ ਘਰ ਦੇ ਮਾਲਕ ਉੱਤੇ ਕੁੜ੍ਹਨ ਲੱਗੇ 12ਅਤੇ ਬੋਲੇ ਜੋ ਇਨ੍ਹਾਂ ਪਿਛਲਿਆਂ ਨੇ ਇੱਕੋ ਘੜੀ ਕੰਮ ਕੀਤਾ ਅਰ ਤੈਂ ਇਨ੍ਹਾਂ ਨੂੰ ਸਾਡੇ ਬਰਾਬਰ ਕਰ ਦਿੱਤਾ ਜਿਨ੍ਹਾਂ ਸਾਰੇ ਦਿਨ ਦਾ ਭਾਰ ਅਤੇ ਧੁੱਪ ਸਹੀ 13ਤਦ ਉਸ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਉੱਤਰ ਦਿੱਤਾ ਭਈ ਮੈਂ ਤੇਰੇ ਉੱਤੇ ਕੁਝ ਬੇਇਨਸਾਫੀ ਨਹੀਂ ਕਰਦਾ। ਭਲਾ, ਤੈਂ ਮੇਰੇ ਨਾਲ ਇੱਕ ਅੱਠਿਆਨੀ ਨਹੀਂ ਚੁਕਾਈ ਸੀ? 14ਤੂੰ ਆਪਣਾ ਲੈਕੇ ਚੱਲਿਆ ਜਾਹ ਪਰ ਮੇਰੀ ਮਰਜੀ ਹੈ ਕਿ ਜਿੰਨਾ ਤੈਨੂੰ ਦਿੱਤਾ ਉੱਨਾ ਹੀ ਇਸ ਪਿਛਲੇ ਨੂੰ ਭੀ ਦਿਆਂ 15ਭਲਾ, ਮੇਰਾ ਇਖ਼ਤਿਆਰ ਨਹੀਂ ਕਿ ਆਪਣੇ ਮਾਲ ਨਾਲ ਜੋ ਚਾਹਾਂ ਸੋ ਕਰਾਂ? ਕੀ ਤੂੰ ਇਸੇ ਲਈ ਬੁਰੀ ਨਜਰ ਵੇਖਦਾ ਹੈਂ ਜੋ ਮੈਂ ਭਲਾ ਹਾਂ? 16ਇਸੇ ਤਰਾਂ ਪਿਛਲੇ ਪਹਿਲੇ ਹੋਣਗੇ ਅਤੇ ਪਹਿਲੇ, ਪਿਛਲੇ।।
17ਜਾਂ ਯਿਸੂ ਯਰੂਸ਼ਲਮ ਨੂੰ ਜਾਂਦਾ ਸੀ ਤਾਂ ਬਾਰਾਂ ਚੇਲਿਆਂ ਨੂੰ ਅਲੱਗ ਕਰ ਕੇ ਰਾਹ ਵਿੱਚ ਉਨ੍ਹਾਂ ਨੂੰ ਆਖਿਆ, 18ਵੇਖੋ ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਮਨੁੱਖ ਦਾ ਪੁੱਤ੍ਰ ਪਰਧਾਨ ਜਾਜਕਾਂ ਅਰ ਗ੍ਰੰਥੀਆਂ ਦੇ ਹੱਥ ਫੜਵਾਇਆ ਜਾਵੇਗਾ ਅਤੇ ਓਹ ਉਸ ਨੂੰ ਮਾਰ ਸੁੱਟਣ ਦਾ ਹੁਕਮ ਦੇਣਗੇ 19ਅਤੇ ਉਸ ਨੂੰ ਠੱਠਾ ਕਰਨ ਅਰ ਕੋਰੜੇ ਮਾਰਨ ਅਰ ਸਲੀਬ ਉੱਤੇ ਚੜ੍ਹਾਉਣ ਲਈ ਪਰਾਈਆਂ ਕੌਮਾਂ ਦੇ ਹੱਥ ਫੜਵਾ ਦੇਣਗੇ ਅਤੇ ਉਹ ਤੀਏ ਦਿਨ ਫੇਰ ਜਿਵਾਇਆ ਜਾਵੇਗਾ।।
20ਤਦ ਜ਼ਬਦੀ ਤੇ ਪੁੱਤ੍ਰਾਂ ਦੀ ਮਾਤਾ ਆਪਣੇ ਪੁੱਤ੍ਰਾਂ ਸਣੇ ਉਸ ਦੇ ਕੋਲ ਆਈ ਅਤੇ ਮੱਥਾ ਟੇਕ ਕੇ ਉਸ ਅੱਗੇ ਇੱਕ ਅਰਜ ਕਰਨ ਲੱਗੀ 21ਸੋ ਉਸ ਨੇ ਉਹ ਨੂੰ ਆਖਿਆ, ਤੂੰ ਕੀ ਚਾਹੁੰਦੀ ਹੈਂ? ਉਹ ਨੇ ਉਸ ਨੂੰ ਕਿਹਾ, ਆਗਿਆ ਕਰ ਜੋ ਤੇਰੇ ਰਾਜ ਵਿੱਚ ਮੇਰੇ ਏਹ ਦੋਵੇਂ ਪੁੱਤ੍ਰ ਇੱਕ ਤੇਰੇ ਸੱਜੇ ਅਤੇ ਇੱਕ ਤੇਰੇ ਖੱਬੇ ਹੱਥ ਬੈਠਣ 22ਪਰ ਯਿਸੂ ਨੇ ਉੱਤਰ ਦਿੱਤਾ, ਤੁਸੀਂ ਨਹੀਂ ਜਾਣਦੇ ਜੋ ਕੀ ਮੰਗਦੋ ਹੋ। ਉਹ ਪਿਆਲਾ ਜਿਹੜਾ ਮੈਂ ਪੀਣ ਨੂੰ ਹਾਂ ਕੀ ਤੁਸੀਂ ਪੀ ਸੱਕਦੇ ਹੋ? ਉਨ੍ਹਾਂ ਉਸ ਨੂੰ ਆਖਿਆ, ਅਸੀਂ ਪੀ ਸੱਕਦੇ ਹਾਂ 23ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਤਾਂ ਮੇਰਾ ਪਿਆਲਾ ਜਰੂਰ ਪੀਓਗੇ ਪਰ ਸੱਜੇ ਖੱਬੇ ਬਿਠਾਲਨਾ ਮੇਰੇ ਕੰਮ ਨਹੀਂ ਪਰ ਉਨ੍ਹਾਂ ਲਈ ਹੈ ਜਿਨ੍ਹਾਂ ਲਈ ਮੇਰੇ ਪਿਤਾ ਨੇ ਉਹ ਨੂੰ ਤਿਆਰ ਕੀਤਾ ਹੈ 24ਅਤੇ ਜਾਂ ਦਸਾਂ ਨੇ ਇਹ ਸੁਣਿਆ ਤਾਂ ਉਨ੍ਹਾਂ ਦੋਹਾਂ ਭਰਾਵਾਂ ਉੱਤੇ ਖਿਝ ਗਏ 25ਤਦ ਯਿਸੂ ਨੇ ਉਨ੍ਹਾਂ ਨੂੰ ਕੋਲ ਸੱਦ ਕੇ ਆਖਿਆ, ਤੁਸੀਂ ਜਾਣਦੇ ਹੋ ਜੋ ਪਰਾਈਆਂ ਕੌਮਾਂ ਦੇ ਸਰਦਾਰ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਓਹ ਜਿਹੜੇ ਵੱਡੇ ਹਨ ਉਨ੍ਹਾਂ ਉੱਤੇ ਧੌਂਸ ਜਮਾਉਂਦੇ ਹਨ 26ਤੁਹਾਡੇ ਵਿੱਚ ਅਜਿਹਾ ਨਾ ਹੋਵੇ ਪਰ ਜੋ ਕੋਈ ਤੁਹਾਡੇ ਵਿਚ ਵੱਡਾ ਹੋਣਾ ਚਾਹੋ ਸੋ ਤੁਹਾਡਾ ਟਹਿਲੂਆ ਹੋਵੇ 27ਅਤੇ ਜੋ ਕੋਈ ਤੁਹਾਡੇ ਵਿੱਚੋਂ ਸਰਦਾਰ ਬਣਿਆ ਚਾਹੇ ਸੋ ਤੁਹਾਡਾ ਕਾਮਾ ਹੋਵੇ 28ਜਿਵੇਂ ਮਨੁੱਖ ਦਾ ਪੁੱਤ੍ਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ।।
29ਜਦ ਉਹ ਯਰੀਹੋ ਤੋਂ ਨਿੱਕਲਦੇ ਸਨ ਤਦ ਵੱਡੀ ਭੀੜ ਉਹ ਦੇ ਪਿੱਛੇ ਹੋ ਤੁਰੀ 30ਅਤੇ ਵੇਖੋ ਕਿ ਦੋ ਅੰਨ੍ਹੇ ਜਿਹੜੇ ਸੜਕ ਦੇ ਕੰਢੇ ਬੈਠੇ ਸਨ ਜਾਂ ਇਹ ਸੁਣਿਆ ਜੋ ਯਿਸੂ ਲੰਘਿਆ ਜਾਂਦਾ ਹੈ ਉੱਚੀ ਦੇਕੇ ਬੋਲੇ, ਹੇ ਪ੍ਰਭੁ, ਦਾਊਦ ਦੇ ਪੁੱਤ੍ਰ, ਸਾਡੇ ਉੱਤੇ ਦਯਾ ਕਰ! 31ਅਤੇ ਭੀੜ ਨੇ ਉਨ੍ਹਾਂ ਨੂੰ ਝਿੜਕਿਆ ਭਈ ਚੁੱਪ ਕਰ ਜਾਣ ਪਰ ਓਹ ਹੋਰ ਵੀ ਉੱਚੀ ਦੇਕੇ ਬੋਲੇ, ਹੇ ਪ੍ਰਭੁ, ਦਾਊਦ ਦੇ ਪੁੱਤ੍ਰ, ਸਾਡੇ ਉੱਤੇ ਦਯਾ ਕਰ! 32ਤਦ ਯਿਸੂ ਨੇ ਖੜਾ ਹੋ ਕੇ ਉਨ੍ਹਾਂ ਨੂੰ ਸੱਦਿਆ ਅਤੇ ਕਿਹਾ, ਤੁਸੀਂ ਕੀ ਚਾਹੁੰਦੇ ਹੋ ਕਿ ਜੋ ਮੈਂ ਤੁਹਾਡੇ ਲਈ ਕਰਾਂ? 33ਉਨ੍ਹਾਂ ਉਸ ਨੂੰ ਆਖਿਆ, ਪ੍ਰਭੁ ਜੀ, ਸਾਡੀਆਂ ਅੱਖਾਂ ਖੁੱਲ੍ਹ ਜਾਣ! 34ਅਤੇ ਯਿਸੂ ਨੇ ਤਰਸ ਖਾ ਕੇ ਉਨ੍ਹਾਂ ਦੀਆਂ ਅੱਖਾਂ ਨੂੰ ਛੋਹਿਆ ਅਰ ਓਹ ਝੱਟ ਸੁਜਾਖੇ ਹੋ ਗਏ ਅਤੇ ਉਹ ਦੇ ਮਗਰ ਤੁਰ ਪਏ।।
Currently Selected:
ਮੱਤੀ 20: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.