ਮੱਤੀ 12
12
ਸਬਤ ਨੂੰ ਮੰਨਣਾ। ਪਵਿੱਤ੍ਰ ਆਤਮਾ ਦੇ ਵਿਰੁੱਧ ਪਾਪ
1ਉਸ ਵੇਲੇ ਯਿਸੂ ਸਬਤ ਦੇ ਦਿਨ ਖੇਤਾਂ ਵਿੱਚੋਂ ਦੀ ਲੰਘਿਆ ਅਤੇ ਉਹ ਦੇ ਚੇਲੇ ਭੁੱਖੇ ਹੋਕੇ ਸਿੱਟੇ ਤੋਂੜ ਤੋਂੜ ਚੱਬਣ ਲੱਗੇ 2ਅਤੇ ਫ਼ਰੀਸੀਆਂ ਨੇ ਵੇਖ ਕੇ ਉਹ ਨੂੰ ਕਿਹਾ, ਵੇਖ, ਤੇਰੇ ਚੇਲੇ ਉਹ ਕੰਮ ਕਰਦੇ ਹਨ ਜਿਹੜਾ ਸਬਤ ਦੇ ਦਿਨ ਕਰਨਾ ਯੋਗ ਨਹੀਂ 3ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਭਲਾ, ਤੁਸਾਂ ਇਹ ਨਹੀਂ ਪੜ੍ਹਿਆ ਭਈ ਦਾਊਦ ਨੇ ਕੀ ਕੀਤਾ ਜਾਂ ਉਹ ਅਤੇ ਉਹ ਦੇ ਸਾਥੀ ਭੁੱਖੇ ਸਨ? 4ਜੋ ਉਹ ਕਿੱਕੁਰ ਪਰਮੇਸ਼ੁਰ ਦੇ ਘਰ ਵਿੱਚ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਜਿਹੜੀਆਂ ਉਹ ਨੂੰ ਅਤੇ ਉਹ ਦੇ ਸਾਥੀਆਂ ਨੂੰ ਖਾਣੀਆਂ ਜੋਗ ਨਹੀਂ ਸਨ ਪਰ ਨਿਰੇ ਜਾਜਕਾਂ ਨੂੰ? 5ਯਾ ਤੁਸਾਂ ਤੁਰੇਤ ਵਿੱਚ ਇਹ ਨਹੀਂ ਪੜ੍ਹਿਆ ਭਈ ਜਾਜਕ ਸਬਤ ਦੇ ਦਿਨ ਹੈਕਲ ਵਿੱਚ ਸਬਤ ਦਾ ਅਪਮਾਨ ਕਰ ਕੇ ਵੀ ਨਿਰਦੋਸ਼ ਹਨ? 6ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਐਥੇ ਹੈਕਲ ਨਾਲੋਂ ਵੀ ਇੱਕ ਵੱਡਾ ਹੈ 7ਪਰ ਜੇ ਤੁਸੀਂ ਇਹ ਦਾ ਅਰਥ ਜਾਣਦੇ ਕਿ ਮੈਂ ਬਲੀਦਾਨ ਨੂੰ ਨਹੀਂ ਸਗੋਂ ਦਯਾ ਨੂੰ ਚਾਹੁੰਦਾ ਹਾਂ ਤਾਂ ਨਿਰਦੋਸ਼ੀਆਂ ਨੂੰ ਦੋਸ਼ੀ ਨਾ ਠਹਿਰਾਉਂਦੇ 8ਕਿਉਂ ਜੋ ਮਨੁੱਖ ਦਾ ਪੁੱਤ੍ਰ ਸਬਤ ਦੇ ਦਿਨ ਦਾ ਮਾਲਕ ਹੈ।।
9ਤਾਂ ਉੱਥੋਂ ਤੁਰ ਕੇ ਉਹ ਉਨ੍ਹਾਂ ਦੀ ਸਮਾਜ ਵਿੱਚ ਗਿਆ 10ਅਤੇ ਵੇਖੋ ਇੱਕ ਮਨੁੱਖ ਸੀ ਜਿਹ ਦਾ ਹੱਥ ਸੁੱਕਾ ਹੋਇਆ ਸੀ ਅਰ ਉਨ੍ਹਾਂ ਨੇ ਉਹ ਦੇ ਜੁਮੇ ਦੋਸ਼ ਲਾਉਣ ਲਈ ਇਹ ਕਹਿ ਕੇ ਉਸ ਨੂੰ ਪੁੱਛਿਆ, ਭਲਾ, ਸਬਤ ਦੇ ਦਿਨ ਚੰਗਾ ਕਰਨਾ ਕਰਨਾ ਜੋਗ ਹੈ? 11ਉਹ ਨੇ ਉਨ੍ਹਾਂ ਨੂੰ ਕਿਹਾ ਭਈ ਤੁਹਾਡੇ ਵਿੱਚੋਂ ਇਹੋ ਜਿਹਾ ਕਿਹੜਾ ਮਨੁੱਖ ਹੈ ਜਿਹ ਦੇ ਕੋਲ ਇੱਕ ਭੇਡ ਹੋਵੇ ਅਤੇ ਜੇ ਉਹ ਸਬਤ ਦੇ ਦਿਨ ਟੋਏ ਵਿੱਚ ਡਿੱਗ ਪਵੇ ਤਾਂ ਉਹ ਉਸ ਨੂੰ ਫੜ ਕੇ ਨਾ ਕੱਢੇ? 12ਸੋ ਮਨੁੱਖ ਭੇਡ ਨਾਲੋਂ ਕਿੰਨਾ ਹੀ ਉੱਤਮ ਹੈ! ਇਸ ਲਈ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ 13ਤਦ ਉਹ ਨੇ ਉਸ ਮਨੁੱਖ ਨੂੰ ਆਖਿਆ, ਆਪਣਾ ਹੱਥ ਲੰਮਾ ਕਰ ਅਤੇ ਉਸ ਨੇ ਲੰਮਾ ਕੀਤਾ ਤਾਂ ਉਹ ਦੂਏ ਵਰਗਾ ਫੇਰ ਚੰਗਾ ਹੋ ਗਿਆ 14ਤਦ ਫਰੀਸੀਆਂ ਨੇ ਬਾਹਰ ਜਾ ਕੇ ਉਹ ਦੇ ਵਿਰੁੱਧ ਮਤਾ ਕੀਤਾ ਜੋ ਕਿਸ ਤਰ੍ਹਾਂ ਉਹ ਦਾ ਨਾਸ ਕਰੀਏ 15ਪਰ ਯਿਸੂ ਇਹ ਜਾਣ ਕੇ ਉੱਥੋਂ ਤੁਰ ਪਿਆ ਅਤੇ ਬਹੁਤ ਸਾਰੇ ਲੋਕ ਉਹ ਦੇ ਮਗਰ ਲੱਗ ਤੁਰੇ ਅਰ ਉਸ ਨੇ ਉਨ੍ਹਾਂ ਸਭਨਾਂ ਨੂੰ ਚੰਗਾ ਕੀਤਾ 16ਅਤੇ ਉਨ੍ਹਾਂ ਨੇ ਤਗੀਦ ਕੀਤੀ ਜੋ ਮੈਨੂੰ ਉਜਾਗਰ ਨਾ ਕਰਨਾ 17ਤਾਂ ਜੋ ਉਹ ਵਾਕ ਜਿਹੜਾ ਯਸਾਯਾਹ ਨਬੀ ਨੇ ਆਖਿਆ ਸੀ#ਯਸ. 42:1-4 ਪੂਰਾ ਹੋਵੇ:
18ਵੇਖੋ ਮੇਰਾ ਸੇਵਕ ਜਿਹ ਨੂੰ ਮੈਂ ਚੁਣਿਆ ਹੈ,
ਮੇਰਾ ਪਿਆਰਾ ਜਿਸ ਤੋਂ ਮੇਰਾ ਜੀ ਪਰਸਿੰਨ ਹੈ।
ਮੈਂ ਆਪਣਾ ਆਤਮਾ ਉਹ ਦੇ ਉੱਤੇ ਰੱਖਾਂਗਾ,
ਅਤੇ ਉਹ ਪਰਾਈਆਂ ਕੌਮਾਂ ਨੂੰ ਨਿਆਉਂ ਦੀ
ਖ਼ਬਰ ਕਰੇਗਾ।
19ਉਹ ਨਾ ਝਗੜਾ ਕਰੇਗਾ, ਨਾ ਉੱਚੀ ਬੋਲੇਗਾ,
ਨਾ ਚੌਂਕਾ ਵਿੱਚ ਕੋਈ ਉਹ ਦੀ ਅਵਾਜ਼ ਸੁਣੇਗਾ।
20ਉਹ ਲਿਤਾੜੇ ਹੋਏ ਕਾਨੇ ਨੂੰ ਨਾ ਤੋੜੇਗਾ
ਨਾ ਧੁਖਦੀ ਹੋਈ ਸਣ ਨੂੰ ਬੁਝਾਵੇਗਾ,
ਜਦ ਤੀਕ ਨਿਆਉਂ ਦੀ ਫਤਹ ਨਾ ਕਰਾ ਦੇਵੇ,
21ਅਤੇ ਉਹ ਦੇ ਨਾਮ ਉੱਤੇ ਪਰਾਈਆਂ ਕੌਮਾਂ ਆਸ
ਰੱਖਣਗੀਆਂ।।
22ਤਦ ਲੋਕ ਇੱਕ ਅੰਨ੍ਹਾਂ ਗੁੰਗਾ ਜਿਹ ਨੂੰ ਭੂਤ ਚਿੰਬੜਿਆ ਹੋਇਆ ਸੀ ਉਹ ਦੇ ਕੋਲ ਲਿਆਏ ਅਤੇ ਉਸ ਨੇ ਉਹ ਨੂੰ ਅਜਿਹਾ ਚੰਗਾ ਕੀਤਾ ਜੋ ਗੁੰਗਾ ਬੋਲਣ ਵੇਖਣ ਲੱਗਾ 23ਅਤੇ ਸਾਰੇ ਲੋਕ ਅਚਰਜ ਹੋਕੇ ਬੋਲੇ, ਭਲਾ, ਇਹੋ ਦਾਊਦ ਦਾ ਪੁੱਤ੍ਰ ਨਹੀਂ ਹੈ? 24ਪਰ ਫ਼ਰੀਸੀਆਂ ਨੇ ਸੁਣ ਕੇ ਕਿਹਾ ਜੋ ਇਹ ਭੂਤਾਂ ਦੇ ਸਰਦਾਰ ਬਆਲਜ਼ਬੂਲ ਦੀ ਸਹਾਇਤਾ ਬਿਨਾ ਭੂਤਾਂ ਨੂੰ ਨਹੀਂ ਕੱਢਦਾ 25ਪਰ ਉਸ ਨੇ ਉਨ੍ਹਾਂ ਦੀ ਸੋਚ ਵਿਚਾਰ ਜਾਣ ਕੇ ਉਨ੍ਹਾਂ ਨੂੰ ਆਖਿਆ ਭਈ ਜਿਸ ਕਿਸੇ ਰਾਜ ਵਿੱਚ ਫੁੱਟ ਪੈਂਦੀ ਹੈ ਸੋ ਵਿਰਾਨ ਹੋ ਜਾਂਦਾ ਹੈ ਅਤੇ ਜਿਸ ਕਿਸੇ ਨਗਰ ਅਥਵਾ ਘਰ ਵਿੱਚ ਫੁੱਟ ਪੈਂਦੀ ਹੈ ਉਹ ਕਾਇਮ ਨਾ ਰਹੇਗਾ 26ਅਤੇ ਜੇ ਸ਼ਤਾਨ ਹੀ ਸ਼ਤਾਨ ਨੂੰ ਕੱਢਦਾ ਹੈ ਤਾਂ ਉਹ ਦੇ ਆਪਣੇ ਆਪ ਵਿੱਚ ਹੀ ਫੁੱਟ ਪੈ ਗਈ ਹੈ। ਫੇਰ ਉਹ ਦਾ ਰਾਜ ਕਿੱਕੁਰ ਕਾਇਮ ਰਹੇ? 27ਅਰ ਜੇ ਮੈਂ ਬਆਲਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤ੍ਰ ਕਿਹ ਦੀ ਸਹਾਇਤਾ ਨਾਲ ਕੱਢਦੇ ਹਨ? ਇਸ ਲਈ ਤੁਹਾਡਾ ਨਿਆਉਂ ਕਰਨ ਵਾਲੇ ਉਹੋ ਹੋਣਗੇ 28ਪਰ ਜੇ ਮੈਂ ਪਰਮੇਸ਼ੁਰ ਦੇ ਆਤਮਾ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ੁਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ ਹੈ 29ਅਥਵਾ ਕੋਈ ਕਿਸੇ ਜੋਰਾਵਰ ਦੇ ਘਰ ਵਿੱਚ ਵੜ ਕੇ ਉਹ ਦਾ ਮਾਲ ਕਿੱਕੁਰ ਲੁੱਟ ਸੱਕਦਾ ਹੈ ਜੇ ਪਹਿਲਾਂ ਉਸ ਜੋਰਾਵਰ ਨੂੰ ਬੰਨ੍ਹ ਨਾ ਲਵੇ? ਤਾਂ ਉਹ ਦਾ ਘਰ ਲੁੱਟੇਗਾ 30ਜੋ ਮੇਰੇ ਨਾਲ ਨਹੀਂ ਸੋ ਮੇਰੇ ਵਿਰੁਧ ਹੈ ਅਤੇ ਜੋ ਮੇਰੇ ਸੰਗ ਇਕੱਠਾ ਨਹੀਂ ਕਰਦਾ ਸੋ ਖਿੰਡਾਉਂਦਾ ਹੈ 31ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਜੋ ਹਰੇਕ ਪਾਪ ਅਤੇ ਕੁਫ਼ਰ ਮਨੁੱਖਾਂ ਨੂੰ ਮਾਫ਼ ਕੀਤਾ ਜਾਵੇਗਾ ਪਰ ਉਹ ਕੁਫ਼ਰ ਜਿਹੜਾ ਆਤਮਾ ਦੇ ਵਿਰੁੱਧ ਹੋਵੇ ਮਾਫ਼ ਨਹੀਂ ਕੀਤਾ ਜਾਵੇਗਾ 32ਅਤੇ ਜੋ ਕੋਈ ਮਨੁੱਖ ਦੇ ਪੁੱਤ੍ਰ ਦੇ ਵਿਰੁੱਧ ਗੱਲ ਕਰੇ ਉਹ ਨੂੰ ਮਾਫ਼ ਕੀਤਾ ਜਾਵੇਗਾ ਪਰ ਜੋ ਕੋਈ ਪਵਿੱਤ੍ਰ ਆਤਮਾ ਦੇ ਵਿਰੁੱਧ ਗੱਲ ਕਰੇ ਇਹ ਉਸ ਨੂੰ ਨਾ ਇਸ ਜੁਗ ਵਿੱਚ ਨਾ ਆਉਣ ਵਾਲੇ ਜੁਗ ਵਿੱਚ ਮਾਫ਼ ਕੀਤਾ ਜਾਵੇਗਾ 33ਬਿਰਛ ਨੂੰ ਚੰਗਾ ਬਣਾਓ ਅਤੇ ਉਹ ਦੇ ਫਲ ਨੂੰ ਵੀ ਚੰਗਾ ਯਾ ਬਿਰਛ ਨੂੰ ਮਾੜਾ ਬਣਾਓ ਅਤੇ ਉਹ ਦੇ ਫਲ ਨੂੰ ਵੀ ਮਾੜਾ, ਕਿਉਂ ਜੋ ਬਿਰਛ ਆਪਣੇ ਫਲੋਂ ਹੀ ਪਛਾਣਿਆ ਜਾਂਦਾ ਹੈ 34ਹੇ ਸੱਪਾਂ ਦੇ ਬੱਚਿਓ! ਤੁਸੀਂ ਬੁਰੇ ਹੋਕੇ ਚੰਗੀਆਂ ਗੱਲਾਂ ਕਿੱਕੁਰ ਕਰ ਸੱਕਦੇ ਹੋ? ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹੋ ਮੂੰਹ ਉੱਤੇ ਆਉਂਦਾ ਹੈ 35ਭਲਾ ਮਨੁੱਖ ਭਲੇ ਖ਼ਜਾਨੇ ਵਿੱਚੋਂ ਭਲੀਆਂ ਗੱਲਾਂ ਕੱਢਦਾ ਹੈ ਅਤੇ ਬੁਰਾ ਮਨੁੱਖ ਬੁਰੇ ਖ਼ਜਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ 36ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਮਨੁੱਖ ਹਰੇਕ ਅਕਾਰਥ ਗੱਲ ਜੋ ਬੋਲਣ ਨਿਆਉਂ ਦੇ ਦਿਨ ਉਹ ਦਾ ਹਿਸਾਬ ਦੇਣਗੇ 37ਇਸ ਲਈ ਜੋ ਤੂੰ ਆਪਣੀਆਂ ਗੱਲਾਂ ਤੋਂ ਧਰਮੀ ਅਤੇ ਆਪਣੀਆਂ ਗੱਲਾਂ ਤੋਂ ਦੋਸ਼ੀ ਠਹਿਰਾਇਆ ਜਾਏਂਗਾ।।
38ਤਦ ਕਿੰਨੇ ਗ੍ਰੰਥੀਆਂ ਅਤੇ ਫ਼ਰੀਸੀਆਂ ਨੇ ਅੱਗੋਂ ਆਖਿਆ, ਗੁਰੂ ਜੀ ਅਸੀਂ ਤੈਥੋਂ ਕੋਈ ਨਿਸ਼ਾਨੀ ਵੇਖਣੀ ਚਾਹੁੰਦੇ ਹਾਂ 39ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਬੁਰੀ ਅਤੇ ਹਰਾਮਕਾਰ ਪੀੜ੍ਹੀ ਨਿਸ਼ਾਨੀ ਚਾਹੁੰਦੀ ਹੈ ਪਰ ਯੂਨਾਹ ਨਬੀ ਦੀ ਨਿਸ਼ਾਨੀ ਬਿਨਾ ਕੋਈ ਹੋਰ ਨਿਸ਼ਾਨੀ ਉਨ੍ਹਾਂ ਨੂੰ ਦਿੱਤੀ ਨਾ ਜਾਵੇਗੀ 40ਕਿਉਂਕਿ ਜਿਸ ਤਰ੍ਹਾਂ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਮੱਛੀ ਦੇ ਢਿੱਡ ਵਿੱਚ ਸੀ ਉਸੇ ਤਰ੍ਹਾਂ ਮਨੁੱਖ ਦਾ ਪੁੱਤ੍ਰ ਤਿੰਨ ਦਿਨ ਅਤੇ ਤਿੰਨ ਰਾਤ ਧਰਤੀ ਦੇ ਅੰਦਰ ਹੋਵੇਗਾ 41ਨੀਨਵਾਹ ਦੇ ਲੋਕ ਅਦਾਲਤ ਵਿੱਚ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠ ਖੜ੍ਹੇ ਹੋਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂ ਜੋ ਉਨ੍ਹਾਂ ਨੇ ਯੂਨਾਹ ਦਾ ਪਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ ਐਥੇ ਯੂਨਾਹ ਨਾਲੋਂ ਵੀ ਇੱਕ ਵੱਡਾ ਹੈ 42ਦੱਖਣ ਦੀ ਰਾਣੀ ਅਦਾਲਤ ਵਿੱਚ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠੇਗੀ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂ ਜੋ ਉਹ ਧਰਤੀ ਦੀ ਹੱਦੋਂ ਸੁਲੇਮਾਨ ਦੇ ਗਿਆਨ ਸੁਣਨ ਆਈ ਅਤੇ ਵੇਖੋ ਐਥੇ ਸੁਲੇਮਾਨ ਨਾਲੋਂ ਵੀ ਇੱਕ ਵੱਡਾ ਹੈ 43ਪਰ ਜਾਂ ਭ੍ਰਿਸ਼ਟ ਆਤਮਾ ਮਨੁੱਖ ਤੋਂ ਨਿੱਕਲ ਗਿਆ ਹੋਵੇ ਤਾਂ ਸੁੱਕਿਆਂ ਥਾਵਾਂ ਵਿੱਚ ਅਰਾਮ ਭਾਲਦਾ ਫਿਰਦਾ ਹੈ ਪਰ ਨਹੀਂ ਲੱਭਦਾ 44ਤਦ ਉਹ ਆਖਦਾ ਹੈ ਭਈ ਮੈਂ ਆਪਣੇ ਘਰ ਜਿੱਥੋਂ ਨਿੱਕਲਿਆ ਸਾਂ ਮੁੜ ਜਾਵਾਂਗਾ ਅਤੇ ਆਣ ਕੇ ਉਹ ਨੂੰ ਵੇਹਲਾ ਅਤੇ ਝਾੜਿਆ ਸੁਆਰਿਆ ਹੋਇਆ ਵੇਖਦਾ ਹੈ
45ਤਦ ਉਹ ਜਾਕੇ ਹੋਰ ਸੱਤ ਆਤਮੇ ਆਪਣੇ ਨਾਲੋਂ ਵੀ ਭੈੜੇ ਸੰਗ ਲਿਆਉਂਦਾ ਹੈ ਅਤੇ ਓਹ ਅੰਦਰ ਵੜ ਕੇ ਉੱਥੇ ਵੱਸਦੇ ਹਨ। ਤਾਂ ਉਸ ਮਨੁੱਖ ਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੁੰਦਾ ਹੈ। ਇਸ ਬੁਰੀ ਪੀੜ੍ਹੀ ਦੇ ਲੋਕਾਂ ਦਾ ਵੀ ਠੀਕ ਇਹੋ ਜਿਹਾ ਹਾਲ ਹੋਵੇਗਾ।। 46ਉਹ ਅਜੇ ਲੋਕਾਂ ਨਾਲ ਗੱਲਾਂ ਪਿਆ ਕਰਦਾ ਸੀ ਕਿ ਵੇਖੋ ਉਹ ਦੀ ਮਾਤਾ ਅਤੇ ਭਰਾ ਬਾਹਰ ਖੜੇ ਉਸ ਨਾਲ ਗੱਲ ਕਰਨੀ ਚਾਹੁੰਦੇ ਸਨ 47ਤਦ ਕਿਨੇ ਉਸ ਨੂੰ ਆਖਿਆ, ਵੇਖ ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜੇ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ 48ਪਰ ਉਹ ਨੇ ਆਖਣ ਵਾਲੇ ਨੂੰ ਉੱਤਰ ਦਿੱਤਾ, ਕੌਣ ਹੈ ਮੇਰੀ ਮਾਤਾ ਅਤੇ ਕੌਣ ਮੇਰੇ ਭਰਾ? 49ਅਤੇ ਆਪਣੇ ਚੇਲਿਆਂ ਵੱਲ ਆਪਣਾ ਹੱਥ ਪਸਾਰ ਕੇ ਕਿਹਾ, ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ 50ਕਿਉਂਕਿ ਜੋ ਕੋਈ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ ਸੋਈ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ।।
Currently Selected:
ਮੱਤੀ 12: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.