ਮੱਤੀ 10
10
ਬਾਰਾਂ ਰਸੂਲ
1ਉਸ ਨੇ ਆਪਣੇ ਬਾਰਾਂ ਚੇਲਿਆਂ ਨੂੰ ਕੋਲ ਸੱਦ ਕੇ ਉਨ੍ਹਾਂ ਨੂੰ ਇਖ਼ਤਿਆਰ ਦਿੱਤਾ ਜੋ ਭ੍ਰਿਸ਼ਟ ਆਤਮਿਆਂ ਨੂੰ ਕੱਢਣ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਦੂਰ ਕਰਨ।।
2ਬਾਰਾਂ ਰਸੂਲਾਂ ਦੇ ਇਹ ਨਾਉਂ ਹਨ। ਪਹਿਲਾ ਸ਼ਮਊਨ ਜਿਹੜਾ ਪਤਰਸ ਕਹਾਉਂਦਾ ਹੈ ਅਤੇ ਉਹ ਦਾ ਭਰਾ ਅੰਦ੍ਰਿਯਾਸ ਅਤੇ ਜ਼ਬਦੀ ਦਾ ਪੁੱਤ੍ਰ ਯਾਕੂਬ ਅਤੇ ਉਹ ਦਾ ਭਰਾ ਯੂਹੰਨਾ 3ਫ਼ਿਲਿੱਪੁਸ ਅਤੇ ਬਰਥੁਲਮਈ, ਥੋਮਾ ਅਤੇ ਮੱਤੀ ਮਸੂਲੀਆ, ਹਲਫ਼ਈ ਦਾ ਪੁੱਤ੍ਰ ਯਾਕੂਬ ਅਤੇ ਥੱਦਈ 4ਸ਼ਮਊਨ ਕਨਾਨੀ ਅਤੇ ਯਹੂਦਾ ਇਸਕਰਿਯੋਤੀ ਜਿਸ ਨੇ ਉਹ ਨੂੰ ਫੜਵਾ ਵੀ ਦਿੱਤਾ 5ਇਨ੍ਹਾਂ ਬਾਰਾਂ ਨੂੰ ਯਿਸੂ ਨੇ ਘੱਲਿਆ ਅਤੇ ਉਨ੍ਹਾਂ ਨੂੰ ਇਹ ਆਗਿਆ ਦੇ ਕੇ ਕਿਹਾ -
ਤੁਸੀਂ ਪਰਾਈਆਂ ਕੌਮਾਂ ਦੇ ਰਾਹ ਨਾ ਜਾਣਾ ਅਤੇ ਸਾਮਰੀਆਂ ਦੇ ਕਿਸੇ ਨਗਰ ਵਿੱਚ ਨਾ ਵੜਨਾ
6ਸਗੋਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ 7ਅਤੇ ਤੁਰਦੇ ਤੁਰਦੇ ਪਰਚਾਰ ਕਰ ਕੇ ਆਖੋ ਭਈ ਸੁਰਗ ਦਾ ਰਾਜ ਨੇੜੇ ਆਇਆ ਹੈ 8ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਵਾਲੋ, ਕੋੜ੍ਹੀਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ। ਤੁਸਾਂ ਮੁਫ਼ਤ ਲਿਆ ਹੈ, ਮੁਫ਼ਤ ਹੀ ਦਿਓ 9ਨਾ ਸੋਨਾ, ਨਾ ਚਾਂਦੀ, ਨਾ ਤਾਂਬਾ ਆਪਣੇ ਕਮਰ ਕੱਸੇ ਵਿੱਚ ਲਓ 10ਅਤੇ ਨਾ ਰਾਹ ਦੇ ਲਈ ਝੋਲਾ ਨਾ ਦੋ ਕੁੜਤੇ ਨਾ ਜੁੱਤੀ ਅਤੇ ਨਾ ਲਾਠੀ ਲਓ ਕਿਉਂ ਜੋ ਕਾਮਾ ਆਪਣੇ ਭੋਜਨ ਦਾ ਹੱਕਦਾਰ ਹੈ 11ਅਤੇ ਜਿਸ ਨਗਰ ਯਾ ਪਿੰਡ ਵਿੱਚ ਵੜੋ ਪੁੱਛੋ ਭਈ ਇੱਥੇ ਲਾਇਕ ਕੌਣ ਹੈ ਅਤੇ ਜਿੰਨਾ ਚਿਰ ਨਾ ਤੁਰੋ ਉੱਥੇ ਹੀ ਟਿਕੋ 12ਅਰ ਘਰ ਵਿੱਚ ਵੜਦਿਆਂ ਉਹ ਦੀ ਸੁਖ ਮੰਗੋ 13ਅਤੇ ਜੇ ਘਰ ਲਾਇਕ ਹੋਵੇ ਤਾਂ ਤੁਹਾਡੀ ਸ਼ਾਂਤੀ ਉਹ ਨੂੰ ਪਹੁੰਚੇ ਪਰ ਜੇ ਲਾਇਕ ਨਾ ਹੋਵੇ ਤਾਂ ਤੁਹਾਡੀ ਸ਼ਾਂਤੀ ਤੁਹਾਨੂੰ ਮੁੜ ਆਵੇ 14ਅਤੇ ਜੋ ਕੋਈ ਤੁਹਾਨੂੰ ਕਬੂਲ ਨਾ ਕਰੇ, ਨਾ ਤੁਹਾਡੀਆਂ ਗੱਲਾਂ ਸੁਣੇ ਤਾਂ ਤੁਸੀਂ ਉਸ ਘਰ ਅਥਵਾ ਨਗਰ ਤੋਂ ਬਾਹਰ ਨਿੱਕਲ ਕੇ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ 15ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਨਿਆਉਂ ਦੇ ਦਿਨ ਉਸ ਨਗਰ ਨਾਲੋਂ ਸਦੂਮ ਅਤੇ ਅਮੂਰਾਹ ਦੇਸ ਦਾ ਹਾਲ ਝੱਲਣ ਜੋਗ ਹੋਵੇਗਾ।।
16ਵੇਖੋ ਮੈਂ ਤੁਹਾਨੂੰ ਭੇਡਾਂ ਵਾਂਙੁ ਬਘਿਆੜਾ ਵਿੱਚ ਭੇਜਦਾ ਹਾਂ ਸੋ ਤੁਸੀਂ ਸੱਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ ਹੋਵੋ 17ਪਰ ਮਨੁੱਖਾਂ ਤੋਂ ਚੌਕਸ ਰਹੋ ਕਿਉਂ ਜੋ ਓਹ ਤੁਹਾਨੂੰ ਮਜਲਿਸਾਂ ਦੇ ਹਵਾਲੇ ਕਰਨਗੇ ਅਤੇ ਆਪਣੀਆਂ ਸਮਾਜਾਂ ਵਿੱਚ ਤੁਹਾਨੂੰ ਕੋਰੜੇ ਮਾਰਨਗੇ 18ਅਤੇ ਤੁਸੀਂ ਮੇਰੇ ਕਾਰਨ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਹਾਜਰ ਕੀਤੇ ਜਾਓਗੇ ਜੋ ਉਨ੍ਹਾਂ ਉੱਤੇ ਅਰ ਪਰਾਈਆਂ ਕੌਮਾਂ ਉੱਤੇ ਸਾਖੀ ਹੋਵੇ 19ਪਰ ਜਦ ਓਹ ਤੁਹਾਨੂੰ ਫੜਵਾਉਣ ਤਾਂ ਚਿੰਤਾ ਨਾ ਕਰੋ ਜੋ ਅਸੀਂ ਕਿੱਕੁਰ ਯਾ ਕੀ ਬੋਲੀਏ, ਕਿਉਂਕਿ ਜਿਹੜੀ ਗੱਲ ਤੁਸਾਂ ਬੋਲਣੀ ਹੈ ਉਹ ਤੁਹਾਨੂੰ ਉਸੇ ਘੜੀ ਬਖ਼ਸ਼ੀ ਜਾਵੇਗੀ 20ਬੋਲਣ ਵਾਲੇ ਤੁਸੀਂ ਤਾਂ ਨਹੀਂ ਪਰ ਤੁਹਾਡੇ ਪਿਤਾ ਦਾ ਆਤਮਾ ਜਿਹੜਾ ਤੁਹਾਡੇ ਵਿੱਚ ਬੋਲਦਾ ਹੈ 21ਅਰ ਭਾਈ ਭਾਈ ਨੂੰ ਅਤੇ ਪਿਉ ਪੁੱਤ੍ਰ ਨੂੰ ਮੌਤ ਲਈ ਫੜਵਾਏਗਾ ਅਤੇ ਬਾਲਕ ਆਪਣੇ ਮਾਪਿਆਂ ਦੇ ਵਿਰੁੱਧ ਉੱਠ ਖੜੇ ਹੋਣਗੇ ਅਤੇ ਉਨ੍ਹਾਂ ਨੂੰ ਮਰਵਾ ਸੁੱਟਣਗੇ 22ਅਤੇ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ 23ਪਰ ਜਦ ਲੋਕ ਤੁਹਾਨੂੰ ਇੱਕ ਨਗਰ ਵਿੱਚ ਸਤਾਉਣ ਤਦ ਦੂਏ ਨੂੰ ਭੱਜ ਜਾਓ ਕਿਉਂ ਜੋ ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਤੁਸੀਂ ਇਸਰਾਏਲ ਦਿਆਂ ਸਾਰਿਆਂ ਨਗਰਾਂ ਵਿੱਚ ਨਾ ਫਿਰ ਲਵੋਗੇ ਕਿ ਮਨੁੱਖ ਦਾ ਪੁੱਤ੍ਰ ਆ ਜਾਵੇ।।
24ਚੇਲਾ ਗੁਰੂ ਨਾਲੋਂ ਵੱਡਾ ਨਹੀਂ, ਨਾ ਚਾਕਰ ਆਪਣੇ ਮਾਲਕ ਨਾਲੋਂ 25ਐੱਨਾ ਬਹੁਤ ਹੈ ਜੋ ਚੇਲਾ ਆਪਣੇ ਗੁਰੂ ਜਿਹਾ ਅਤੇ ਚਾਕਰ ਆਪਣੇ ਮਾਲਕ ਜਿਹਾ ਹੋਵੇ। ਜਾਂ ਉਨ੍ਹਾਂ ਘਰ ਦੇ ਮਾਲਕ ਨੂੰ ਬਆਲਜ਼ਬੂਲ ਆਖਿਆ ਤਾਂ ਕਿੰਨਾ ਵਧੀਕ ਉਹ ਦੇ ਘਰ ਦਿਆਂ ਨੂੰ ਨਾ ਆਖਣਗੇ? 26ਸੋ ਤੁਸੀਂ ਉਨ੍ਹਾਂ ਕੋਲੋਂ ਨਾ ਡਰੋ ਕਿਉਂਕਿ ਕੋਈ ਚੀਜ ਲੁਕੀ ਨਹੀਂ ਹੈ ਜਿਹੜੀ ਪਰਗਟ ਨਾ ਕੀਤੀ ਜਾਵੇਗੀ, ਨਾ ਕੁਝ ਗੁਪਤ ਹੈ ਜੋ ਜਾਣਿਆ ਨਾ ਜਾਵੇਗਾ 27ਜੋ ਕੁਝ ਮੈਂ ਤੁਹਾਨੂੰ ਅਨ੍ਹੇਰੇ ਵਿੱਚ ਦੱਸਾਂ ਤੁਸੀਂ ਉਹ ਨੂੰ ਚਾਨਣ ਵਿੱਚ ਆਖੋ ਅਤੇ ਜੋ ਕੁਝ ਤੁਸੀਂ ਕੰਨਾਂ ਵਿੱਚ ਸੁਣਦੇ ਹੋ ਕੋਠਿਆਂ ਉੱਤੇ ਉਹ ਦਾ ਪਰਚਾਰ ਕਰੋ 28ਅਰ ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸੱਕਦੇ ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹੀ ਅਤੇ ਰੂਹ ਦੋਹਾਂ ਦਾ ਨਰਕ ਵਿੱਚ ਨਾਸ ਕਰ ਸੱਕਦਾ ਹੈ 29ਭਲਾ, ਇੱਕ ਪੈਸੇ ਨੂੰ ਦੋ ਚਿੜੀਆ ਨਹੀਂ ਵਿਕਦੀਆਂ? ਅਤੇ ਉਨ੍ਹਾਂ ਵਿੱਚੋਂ ਇੱਕ ਭੀ ਤੁਹਾਡੇ ਪਿਤਾ ਦੀ ਮਰਜੀ ਬਿਨਾ ਧਰਤੀ ਉੱਤੇ ਨਹੀਂ ਡਿੱਗਦੀ 30ਪਰ ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ 31ਸੋ ਨਾ ਡਰੋ। ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ 32ਉਪਰੰਤ ਜੋ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਕਰਾਰ ਕਰੇਗਾ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸੁਰਗ ਵਿੱਚ ਹੈ ਉਹ ਦਾ ਇਕਰਾਰ ਕਰਾਂਗਾ 33ਪਰ ਜੋ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇਗਾ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸੁਰਗ ਦੇ ਵਿੱਚ ਹੈ ਉਹ ਦਾ ਇਨਕਾਰ ਕਰਾਂਗਾ।। 34ਇਹ ਨਾ ਸਮਝੋ ਭਈ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ ਹਾਂ। ਮੇਲ ਕਰਾਉਣ ਨਹੀਂ ਸਗੋਂ ਤਲਵਾਰ ਚਲਾਉਣ ਆਇਆ ਹਾਂ 35ਕਿਉਂ ਜੋ ਮੈਂ ਮਨੁੱਖ ਨੂੰ ਉਹ ਦੇ ਪਿਓ ਤੋਂ ਅਤੇ ਧੀ ਨੂੰ ਉਹ ਦੀ ਮਾਂ ਤੋਂ ਅਤੇ ਨੂੰਹ ਨੂੰ ਉਹ ਦੀ ਸੱਸ ਤੋਂ ਅੱਡ ਕਰਨ ਆਇਆ ਹਾਂ 36ਅਰ ਮਨੁੱਖ ਦੇ ਵੈਰੀ ਉਹ ਦੇ ਘਰ ਦੇ ਹੀ ਹੋਣਗੇ 37ਜੋ ਕੋਈ ਪਿਓ ਯਾ ਮਾਂ ਨੂੰ ਮੇਰੇ ਨਾਲੋ ਵੱਧ ਪਿਆਰ ਕਰਦਾ ਹੈ ਮੇਰੇ ਜੋਗ ਨਹੀਂ ਅਤੇ ਜੋ ਕੋਈ ਪੁੱਤ੍ਰ ਯਾ ਧੀ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੇਰੇ ਜੋਗ ਨਹੀਂ 38ਅਤੇ ਜੋ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਤੁਰੇ ਮੇਰੇ ਜੋਗ ਨਹੀਂ 39ਜਿਸ ਕਿਸੇ ਨੇ ਆਪਣੀ ਜਾਨ ਲੱਭ ਲਈ ਉਹ ਉਸ ਨੂੰ ਗੁਆਵੇਗਾ ਅਤੇ ਜਿਸ ਕਿਸੇ ਨੇ ਮੇਰੇ ਲਈ ਆਪਣੀ ਜਾਨ ਗੁਆਈ ਹੈ ਉਹ ਉਸ ਨੂੰ ਲੱਭ ਲਵੇਗਾ।।
40ਜਿਹੜਾ ਤੁਹਾਨੂੰ ਕਬੂਲ ਕਰੇ ਉਹ ਮੈਨੂੰ ਕਬੂਲ ਕਰਦਾ ਹੈ ਅਤੇ ਜਿਹੜਾ ਮੈਨੂੰ ਕਬੂਲ ਕਰੇ ਉਹ ਮੇਰੇ ਘੱਲਣ ਵਾਲੇ ਨੂੰ ਕਬੂਲ ਕਰਦਾ ਹੈ 41ਜਿਹੜਾ ਨਬੀ ਦੇ ਨਾਉਂ ਉੱਤੇ ਨਬੀ ਨੂੰ ਕਬੂਲ ਕਰੇ ਉਹ ਨਬੀ ਦਾ ਫਲ ਪਾਵੇਗਾ ਅਤੇ ਜਿਹੜਾ ਧਰਮੀ ਦੇ ਨਾਉਂ ਉੱਤੇ ਧਰਮੀ ਨੂੰ ਕਬੂਲ ਕਰੇ ਉਹ ਧਰਮੀ ਦਾ ਫਲ ਪਾਵੇਗਾ 42ਜੋ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਇਕ ਨੂੰ ਚੇਲੇ ਦੇ ਨਾਉਂ ਉੱਤੇ ਨਿਰਾ ਇੱਕ ਕਟੋਰਾ ਠੰਢੇ ਪਾਣੀ ਦਾ ਪਿਆਵੇ ਮੈਂ ਤੁਹਾਨੂੰ ਸਤਾ ਆਖਦਾ ਹਾਂ ਕਿ ਉਹ ਆਪਣਾ ਫਲ ਕਦੀ ਨਾ ਗੁਆਵੇਗਾ।।
Currently Selected:
ਮੱਤੀ 10: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.