YouVersion Logo
Search Icon

ਲੂਕਾ 4

4
ਪ੍ਰਭੁ ਦਾ ਪਰਤਾਇਆ ਜਾਣਾ ਅਤੇ ਸੇਵਾ ਦਾ ਅਰੰਭ
1ਤਾਂ ਯਿਸੂ ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਕੇ ਯਰਦਨ ਤੋਂ ਮੁੜਿਆ ਅਰ ਆਤਮਾ ਦੀ ਅਗਵਾਈ ਨਾਲ 2ਚਾਲੀਆਂ ਦਿਨਾਂ ਤੋੜੀ ਉਜਾੜ ਵਿੱਚ ਫਿਰਦਾ ਰਿਹਾ ਅਤੇ ਸ਼ਤਾਨ ਉਹ ਨੂੰ ਪਰਤਾਉਂਦਾ ਸੀ ਅਰ ਉਨ੍ਹੀਂ ਦਿਨੀਂ ਉਹ ਨੇ ਕੁਝ ਨਾ ਖਾਧਾ ਅਰ ਜਦ ਓਹ ਦਿਨ ਪੂਰੇ ਹੋ ਗਏ ਤਾਂ ਉਹ ਨੂੰ ਭੁੱਖ ਲੱਗੀ 3ਤਦ ਸ਼ਤਾਨ ਨੇ ਉਹ ਨੂੰ ਕਿਹਾ, ਜੇ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਇਸ ਪੱਥਰ ਨੂੰ ਆਖ ਜੋ ਰੋਟੀ ਬਣ ਜਾਏ 4ਯਿਸੂ ਨੇ ਉਹ ਨੂੰ ਉੱਤਰ ਦਿੱਤਾ ਕਿ ਲਿਖਿਆ ਹੈ#ਬਿਵ. 8:2 ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ 5ਤਾਂ ਸ਼ਤਾਨ ਨੇ ਉਹ ਨੂੰ ਉੱਚੀ ਥਾਂ ਲੈ ਜਾ ਕੇ ਉਹ ਨੂੰ ਦੁਨੀਆ ਦੀਆਂ ਸਾਰੀਆਂ ਪਾਤਸ਼ਾਹੀਆਂ ਇੱਕ ਪਲ ਵਿੱਚ ਵਿਖਾਈਆਂ 6ਅਤੇ ਉਹ ਨੂੰ ਆਖਿਆ, ਮੈਂ ਇਹ ਸਾਰਾ ਇਖ਼ਤਿਆਰ ਅਤੇ ਉਨ੍ਹਾਂ ਦੀ ਭੜਕ ਤੈਨੂੰ ਦਿਆਂਗਾ ਕਿਉਂ ਜੋ ਇਹ ਮੇਰੇ ਵੱਸ ਵਿੱਚ ਕੀਤਾ ਹੋਇਆ ਹੈ ਅਰ ਜਿਹ ਨੂੰ ਚਾਹੁੰਦਾ ਉਹ ਨੂੰ ਦਿੰਦਾ ਹਾਂ 7ਸੋ ਜੇ ਤੂੰ ਮੇਰੇ ਅੱਗੇ ਮੱਥਾ ਟੇਕੇਂ ਤਾਂ ਸੱਭੋ ਕੁਝ ਤੇਰਾ ਹੋਵੇਗਾ 8ਯਿਸੂ ਨੇ ਉਸ ਨੂੰ ਉੱਤਰ ਦਿੱਤਾ ਜੋ ਲਿਖਿਆ ਹੈ#ਬਿਵ. 6:13 ਭਈ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ 9ਤਦ ਉਸ ਨੇ ਉਹ ਨੂੰ ਯਰੂਸ਼ਲਮ ਵਿੱਚ ਲੈ ਜਾ ਕੇ ਹੈਕਲ ਦੇ ਕਿੰਗਰੇ ਉੱਤੇ ਖੜਾ ਕੀਤਾ ਅਤੇ ਉਹ ਨੂੰ ਆਖਿਆ, ਜੇ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਆਪਣੇ ਆਪ ਨੂੰ ਐਥੋਂ ਹੇਠਾਂ ਡੇਗ ਦਿਹ 10ਕਿਉਂ ਜੋ ਲਿਖਿਆ ਹੈ#ਜ਼. 91:11,12 ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਜੋ ਤੇਰੀ ਰੱਛਿਆ ਕਰਨ, 11ਅਤੇ ਓਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ ।।
12ਯਿਸੂ ਨੇ ਉਹ ਨੂੰ ਉੱਤਰ ਦਿੱਤਾ ਕਿ ਇਹ ਕਿਹਾ#ਬਿਵ. 6:16 ਗਿਆ ਹੈ ਜੋ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਨਾ ਪਰਤਾ ।।
13ਅਰ ਸ਼ਤਾਨ ਜਾਂ ਸਾਰਾ ਪਰਤਾਵਾ ਕਰ ਹਟਿਆ ਤਾਂ ਕੁਝ ਚਿਰ ਤੀਕਰ ਉਸ ਕੋਲੋਂ ਦੂਰ ਰਿਹਾ ।। 14ਯਿਸੂ ਆਤਮਾ ਦੀ ਸ਼ਕਤੀ ਵਿੱਚ ਗਲੀਲ ਨੂੰ ਮੁੜਿਆ ਅਰ ਉਹ ਦਾ ਜਸ ਸਾਰੇ ਇਲਾਕੇ ਵਿੱਚ ਖਿੰਡ ਗਿਆ 15ਅਤੇ ਉਹ ਉਨ੍ਹਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਰਿਹਾ ਅਤੇ ਸਾਰੇ ਉਸ ਦੀ ਵਡਿਆਈ ਕਰਦੇ ਸਨ ।।
16ਫੇਰ ਉਹ ਨਾਸਰਤ ਨੂੰ ਆਇਆ ਜਿੱਥੇ ਪਲਿਆ ਸੀ ਅਤੇ ਆਪਣੇ ਦਸਤੂਰ ਅਨੁਸਾਰ ਸਬਤ ਦੇ ਦਿਨ ਸਮਾਜ ਵਿੱਚ ਜਾ ਕੇ ਪੜ੍ਹਨ ਲਈ ਖੜਾ ਹੋਇਆ 17ਅਤੇ ਯਸਾਯਾਹ ਨਬੀ ਦੀ ਪੋਥੀ ਉਹ ਨੂੰ ਦਿੱਤੀ ਗਈ ਅਤੇ ਉਸ ਨੇ ਪੋਥੀ ਖੋਲ੍ਹ ਕੇ ਉਹ ਥਾਂ ਕੱਢਿਆ ਜਿੱਥੇ ਇਹ ਲਿਖਿਆ ਹੋਇਆ ਸੀ#ਯਸ. 61:1,2
18ਪ੍ਰਭੁ ਦਾ ਆਤਮਾ ਮੇਰੇ ਉੱਤੇ ਹੈ,
ਇਸ ਲਈ ਜੋ ਉਹ ਨੇ ਮੈਨੂੰ ਮਸਹ ਕੀਤਾ
ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ।
ਓਸ ਮੈਨੂੰ ਘੱਲਿਆ ਹੈ ਕਿ ਬੰਧੂਆਂ ਨੂੰ ਛੁੱਟਣ
ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪਰਚਾਰ ਕਰਾਂ,
ਤੇ ਕੁਚਲਿਆਂ ਹੋਇਆਂ ਨੂੰ ਛੁਡਾਵਾਂ,
19ਅਤੇ ਪ੍ਰਭੁ ਦੀ ਮਨਜ਼ੂਰੀ ਦੇ ਵਰ੍ਹੇ ਦਾ ਪਰਚਾਰ
ਕਰਾਂ।।
20ਅਤੇ ਪੋਥੀ ਬੰਦ ਕਰ ਕੇ ਸੇਵਕ ਨੂੰ ਦਿੱਤੀ ਅਤੇ ਬੈਠ ਗਿਆ ਅਰ ਸਭਨਾਂ ਦੀਆਂ ਅੱਖਾਂ ਜਿਹੜੇ ਸਮਾਜ ਵਿੱਚ ਹਾਜ਼ਰ ਸਨ ਉਸ ਤੇ ਲੱਗੀਆਂ ਹੋਈਆਂ ਸਨ 21ਤਦ ਉਹ ਉਨ੍ਹਾਂ ਨੂੰ ਕਹਿਣ ਲੱਗਾ ਕਿ ਇਹ ਲਿਖਤ ਅੱਜ ਤੁਹਾਡੇ ਕੰਨਾਂ ਵਿੱਚ ਪੂਰੀ ਹੋਈ ਹੈ 22ਅਤੇ ਸਭਨਾਂ ਨੇ ਉਸ ਉੱਤੇ ਸਾਖੀ ਦਿੱਤੀ ਅਤੇ ਉਨ੍ਹਾਂ ਕਿਰਪਾ ਦੀਆਂ ਗੱਲਾਂ ਤੋਂ ਜੋ ਉਹ ਦੇ ਮੂਹੋਂ ਨਿੱਕਲਦੀਆਂ ਸਨ ਹੈਰਾਨ ਹੋ ਕੇ ਕਿਹਾ, ਭਲਾ, ਇਹ ਯੂਸੁਫ਼ ਦਾ ਪੁੱਤ੍ਰ ਨਹੀਂ? 23ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਜ਼ਰੂਰ ਇਹ ਕਹਾਉਤ ਮੇਰੇ ਉੱਤੇ ਕਹੋਗੇ ਕਿ ਹੇ ਵੈਦ, ਆਪਣੇ ਆਪ ਨੂੰ ਚੰਗਾ ਕਰ। ਜੋ ਕੁਝ ਅਸਾਂ ਕਫ਼ਰਨਾਹੂਮ ਵਿੱਚ ਹੁੰਦਾ ਸੁਣਿਆ ਐਥੇ ਆਪਣੇ ਦੇਸ ਵਿੱਚ ਵੀ ਕਰ 24ਉਸ ਨੇ ਕਿਹਾ. ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਕੋਈ ਨਬੀ ਆਪਣੇ ਦੇਸ ਵਿੱਚ ਪਰਵਾਨ ਨਹੀਂ 25ਪਰ ਮੈਂ ਤੁਹਾਨੂੰ ਠੀਕ ਆਖਦਾ ਹਾਂ ਜੋ ਏਲੀਯਾਹ ਦੇ ਦਿਨੀਂ ਜਾਂ ਸਾਢੇ ਤਿੰਨਾਂ ਵਰਿਹਾਂ ਦੀ ਐਡੀ ਔੜ ਲੱਗੀ ਭਈ ਸਾਰੇ ਦੇਸ ਉੱਤੇ ਵੱਡਾ ਕਾਲ ਪਿਆ ਬਹੁਤ ਸਾਰੀਆਂ ਵਿਧਵਾਂ ਇਸਰਾਏਲ ਵਿੱਚ ਸਨ 26ਪਰ ਸੈਦਾ ਦੇਸ ਦੇ ਸਾਰਿਪਥ ਦੀ ਇੱਕ ਵਿਧਵਾ ਤੋਂ ਬਿਨਾਂ ਏਲੀਯਾਹ ਉਨ੍ਹਾਂ ਵਿੱਚੋਂ ਕਿਸੇ ਹੋਰ ਦੇ ਕੋਲ ਨਹੀਂ ਘੱਲਿਆ ਗਿਆ 27ਅਤੇ ਅਲੀਸ਼ਾ ਨਬੀ ਦੇ ਸਮੇ ਇਸਰਾਏਲ ਵਿੱਚ ਬਹੁਤ ਸਾਰੇ ਕੋੜ੍ਹੀ ਸਨ ਪਰ ਉਨ੍ਹਾਂ ਵਿੱਚੋਂ ਨਾਮਾਨ ਸੁਰਿਯਾਨੀ ਬਿਨਾ ਕੋਈ ਸ਼ੁੱਧ ਨਾ ਕੀਤਾ ਗਿਆ 28ਸੋ ਜਿਹੜੇ ਸਮਾਜ ਵਿੱਚ ਸਨ ਓਹ ਸਭ ਇਨ੍ਹਾਂ ਗੱਲਾਂ ਨੂੰ ਸੁਣਦੇ ਹੀ ਕ੍ਰੋਧ ਨਾਲ ਭਰ ਗਏ 29ਅਰ ਉੱਠ ਕੇ ਉਸ ਨੂੰ ਨਗਰੋਂ ਬਾਹਰ ਕੱਢਿਆ ਅਤੇ ਉਸ ਪਹਾੜ ਦੀ ਟੀਸੀ ਉੱਤੇ ਜਿਸ ਤੇ ਉਨ੍ਹਾਂ ਦਾ ਨਗਰ ਬਣਿਆ ਹੋਇਆ ਸੀ ਲੈ ਚੱਲੇ ਜੋ ਉਹ ਨੂੰ ਸਿਰ ਪਰਨੇ ਡੇਗ ਦੇਣ 30ਪਰ ਉਹ ਉਨ੍ਹਾਂ ਦੇ ਵਿੱਚੋਂ ਦੀ ਲੰਘ ਕੇ ਚੱਲਿਆ ਗਿਆ।।
31ਉਹ ਗਲੀਲ ਦੇ ਇੱਕ ਨਗਰ ਕਫ਼ਰਨਾਹੂਮ ਵਿੱਚ ਆਣ ਕੇ ਸਬਤ ਦੇ ਦਿਨ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ 32ਅਰ ਓਹ ਉਸ ਦੇ ਉਪਦੇਸ਼ ਤੋਂ ਹੈਰਾਨ ਹੋਏ ਕਿਉਂ ਜੋ ਉਹ ਦਾ ਬਚਨ ਇਖ਼ਤਿਆਰ ਨਾਲ ਸੀ 33ਸਮਾਜ ਵਿੱਚ ਇੱਕ ਮਨੁੱਖ ਸੀ ਜਿਹ ਨੂੰ ਭ੍ਰਿਸ਼ਟ ਭੂਤ ਦਾ ਆਤਮਾ ਚਿੰਬੜਿਆ ਹੋਇਆ ਸੀ ਅਤੇ ਉਹ ਉੱਚੀ ਅਵਾਜ਼ ਨਾਲ ਬੋਲਿਆ 34ਹਾਏ ਯਿਸੂ ਨਾਸਰੀ! ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਸਾਡਾ ਨਾਸ ਕਰਨ ਆਇਆ ਹੈਂ? ਮੈਂ ਤੈਨੂੰ ਜਾਣਦਾ ਹਾਂ ਜੋ ਤੂੰ ਕੌਣ ਹੈਂ। ਤੂੰ ਪਰਮੇਸ਼ੁਰ ਦਾ ਪਵਿੱਤ੍ਰ ਪੁਰਖ ਹੈਂ! 35ਤਾਂ ਯਿਸੂ ਨੇ ਉਹ ਨੂੰ ਵਰਜ ਕੇ ਕਿਹਾ, ਚੁੱਪ ਕਰ ਅਤੇ ਇਸ ਵਿੱਚੋ ਨਿਕਲ ਜਾਹ! ਸੋ ਉਹ ਭੂਤ ਉਸ ਨੂੰ ਵਿਚਕਾਰ ਪਟਕ ਕੇ ਬਿਨਾ ਸੱਟ ਲਾਏ ਉਸ ਦੇ ਅੰਦਰੋਂ ਨਿੱਕਲ ਗਿਆ 36ਅਤੇ ਸਾਰੇ ਹੈਰਾਨ ਹੋਏ ਅਤੇ ਆਪਸ ਵਿੱਚ ਗੱਲਾਂ ਕਰ ਕੇ ਇੱਕ ਦੂਏ ਨੂੰ ਕਹਿਣ ਲੱਗੇ ਭਈ ਇਹ ਕੀ ਗੱਲ ਹੈ? ਕਿਉਂ ਜੋ ਉਹ ਇਖ਼ਤਿਆਰ ਅਤੇ ਸਮਰੱਥਾ ਨਾਲ ਭ੍ਰਿਸ਼ਟ ਆਤਮਿਆਂ ਨੂੰ ਹੁਕਮ ਕਰਦਾ ਹੈ ਅਤੇ ਓਹ ਨਿੱਕਲ ਜਾਂਦੇ ਹਨ! 37ਅਤੇ ਉਸ ਇਲਾਕੇ ਦਿਆਂ ਸਭਨਾਂ ਥਾਂਵਾਂ ਵਿੱਚ ਉਹ ਦੀ ਧੁੰਮ ਪੈ ਗਈ।।
38ਫੇਰ ਉਹ ਸਮਾਜ ਤੋਂ ਉੱਠ ਕੇ ਸ਼ਮਊਨ ਦੇ ਘਰ ਗਿਆ ਅਰ ਸ਼ਮਊਨ ਦੀ ਸੱਸ ਨੂੰ ਜ਼ੋਰ ਦਾ ਤਾਪ ਚੜ੍ਹਿਆ ਹੋਇਆ ਸੀ ਅਤੇ ਉਨ੍ਹਾਂ ਉਸ ਦੇ ਅੱਗੇ ਉਹ ਦੇ ਲਈ ਅਰਜ਼ ਕੀਤੀ।। 39ਤਦ ਉਸ ਨੇ ਉਹ ਦੇ ਕੋਲ ਖੜੋ ਕੇ ਤਾਪ ਨੂੰ ਦਬਕਾ ਦਿੱਤਾ ਅਤੇ ਉਹ ਲਹਿ ਗਿਆ ਅਰ ਓਵੇਂ ਉਹ ਨੇ ਉੱਠ ਕੇ ਉਨ੍ਹਾਂ ਦੀ ਖ਼ਾਤਰ ਕੀਤੀ।।
40ਫੇਰ ਆਥੁਣ ਵੇਲੇ ਓਹ ਸਾਰੇ ਜਿਨ੍ਹਾਂ ਦੇ ਭਾਂਤ ਭਾਂਤ ਦੇ ਰੋਗੀ ਸਨ ਉਨ੍ਹਾਂ ਨੂੰ ਉਸ ਕੋਲ ਲਿਆਏ ਅਤੇ ਉਸ ਨੇ ਉਨ੍ਹਾਂ ਵਿੱਚੋਂ ਹਰੇਕ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਚੰਗਾ ਕੀਤਾ 41ਅਰ ਬਹੁਤਿਆਂ ਵਿੱਚੋਂ ਭੂਤ ਭੀ ਚੀਕਾਂ ਮਾਰਦੇ ਅਤੇ ਇਹ ਆਖਦੇ ਨਿੱਕਲ ਆਏ ਭਈ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ! ਪਰ ਉਸ ਨੇ ਉਨ੍ਹਾਂ ਨੂੰ ਝਿੜਕ ਕੇ ਬੋਲਣ ਨਾ ਦਿੱਤਾ ਕਿਉਂ ਜੋ ਓਹ ਪਛਾਣਦੇ ਸਨ ਜੋ ਇਹ ਮਸੀਹ ਹੈ।।
42ਜਾਂ ਦਿਨ ਚੜ੍ਹਿਆ ਤਾਂ ਉਹ ਨਿੱਕਲ ਕੇ ਇੱਕ ਉਜਾੜ ਥਾਂ ਵਿੱਚ ਗਿਆ ਅਤੇ ਭੀੜਾਂ ਉਸ ਨੂੰ ਭਾਲਦੀਆਂ ਭਾਲਦੀਆਂ ਉਸ ਕੋਲ ਆਈਆਂ ਅਤੇ ਉਸ ਨੂੰ ਰੋਕਿਆ ਜੋ ਸਾਡੇ ਕੋਲੋਂ ਨਾ ਜਾਈਂ 43ਪਰ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਮੈਨੂੰ ਚਾਹੀਦਾ ਹੈ ਜੋ ਹੋਰਨਾਂ ਨਗਰਾਂ ਵਿੱਚ ਵੀ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਵਾਂ ਕਿਉਂਕਿ ਮੈਂ ਇਸੇ ਲਈ ਘੱਲਿਆ ਗਿਆ।।
44ਤਾਂ ਉਹ ਗਲੀਲ ਦੀਆਂ ਸਮਾਜਾਂ ਵਿੱਚ ਪਰਚਾਰ ਕਰਦਾ ਰਿਹਾ।।

Currently Selected:

ਲੂਕਾ 4: PUNOVBSI

Highlight

Share

Copy

None

Want to have your highlights saved across all your devices? Sign up or sign in