ਲੂਕਾ 2
2
ਪ੍ਰਭੁ ਯਿਸੂ ਦਾ ਜਨਮ। ਅਯਾਲੀਆ ਦਾ ਆਉਣਾ। ਸਿਮਓਨ ਦਾ ਗੀਤ
1ਉੱਨ੍ਹੀਂ ਦਿਨੀਂ ਐਉਂ ਹੋਇਆ ਕਿ ਕੈਸਰ ਔਗੂਸਤੁਸ ਦੇ ਕੋਲੋਂ ਹੁਕਮ ਨਿੱਕਲਿਆ ਜੋ ਸਾਰੀ ਦੁਨਿਆ ਦੀ ਮਰਦੁਮਸ਼ੁਮਾਰੀ ਹੋਵੇ 2ਇਹ ਪਹਿਲੀ ਮਰਦੁਮਸ਼ੁਮਾਰੀ ਸੀ ਜੋ ਸੂਰੀਆ ਦੇ ਹਾਕਿਮ ਕੁਰੇਨਿਯੁਸ ਦੇ ਸਮੇਂ ਵਿੱਚ ਕੀਤੀ ਗਈ 3ਤਦੋਂ ਸਭ ਆਪੋ ਆਪਣੇ ਨਗਰ ਨੂੰ ਨਾਂਉ ਲਿਖਾਉਣ ਚੱਲੇ 4ਅਤੇ ਯੂਸੁਫ਼ ਵੀ ਇਸ ਲਈ ਜੋ ਉਹ ਦਾਊਦ ਦੇ ਘਰਾਣੇ ਅਤੇ ਉਲਾਦ ਵਿੱਚੋਂ ਸੀ, ਗਲੀਲ ਦੇ ਨਾਸਰਤ ਨਗਰੋਂ ਯਹੂਦਿਯਾ ਵਿੱਚ ਦਾਊਦ ਦੇ ਨਗਰ ਨੂੰ ਜੋ ਬੈਤਲਹਮ ਕਹਾਉਂਦਾ ਹੈ ਗਿਆ 5ਭਈ ਆਪਣੀ ਮੰਗ ਮਰਿਯਮ ਸਣੇ ਜੋ ਗਰਭਵੰਤੀ ਸੀ ਆਪਣਾ ਨਾਉਂ ਲਿਖਾਵੇ 6ਅਤੇ ਐਉਂ ਹੋਇਆ ਕਿ ਉਨ੍ਹਾਂ ਦੇ ਉੱਥੇ ਹੁੰਦਿਆਂ ਮਰਿਯਮ ਦੇ ਜਣਨੇ ਦੇ ਦਿਨ ਪੂਰੇ ਹੋ ਗਏ 7ਅਤੇ ਉਹ ਆਪਣਾ ਜੇਠਾ ਪੁੱਤ੍ਰ ਜਣੀ ਅਰ ਉਹ ਨੂੰ ਕੱਪੜੇ ਵਿੱਚ ਵਲ੍ਹੇਟ ਕੇ ਖੁਰਲੀ ਵਿੱਚ ਰੱਖਿਆ ਕਿਉਂ ਜੋ ਉਨ੍ਹਾਂ ਨੂੰ ਸਰਾਂ ਵਿੱਚ ਥਾਂ ਨਾਂ ਮਿਲਿਆ।।
8ਉਸ ਦੇਸ ਵਿੱਚ ਅਯਾਲੀ ਸਨ ਜੋ ਰੜ ਵਿੱਚ ਰਹਿੰਦੇ ਅਤੇ ਰਾਤ ਨੂੰ ਆਪਣੇ ਇੱਜੜ ਦੀ ਰਾਖੀ ਕਰਦੇ ਸਨ 9ਪ੍ਰਭੁ ਦਾ ਇੱਕ ਦੂਤ ਉਨ੍ਹਾਂ ਦੇ ਕੋਲ ਆ ਖਲੋਤਾ ਅਤੇ ਪ੍ਰਭੁ ਦਾ ਤੇਜ ਉਨ੍ਹਾਂ ਦੇ ਚੁਫੇਰੇ ਚਮਕਿਆ ਅਤੇ ਓਹ ਬਹੁਤ ਹੀ ਡਰ ਗਏ 10ਤਦ ਦੂਤ ਨੇ ਉਨ੍ਹਾਂ ਨੂੰ ਆਖਿਆ, ਨਾ ਡਰੋ ਕਿਉਂਕਿ ਵੇਖੋ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜੋ ਸਾਰੀ ਪਰਜਾ ਦੇ ਲਈ ਹੋਵੇਗਾ 11ਭਈ ਦਾਊਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ, ਜਿਹੜਾ ਮਸੀਹ ਪ੍ਰਭੁ ਹੈ 12ਅਤੇ ਤੁਹਾਡੇ ਲਈ ਇਹ ਪਤਾ ਹੈ ਕਿ ਤੁਸੀਂ ਇੱਕ ਬਾਲਕ ਨੂੰ ਕੱਪੜੇ ਵਿੱਚ ਵਲ੍ਹੇਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਵੇਖੋਗੇ 13ਤਾਂ ਇੱਕ ਦਮ ਸੁਰਗ ਦੀ ਫ਼ੌਜ ਦਾ ਇੱਕ ਜੱਥਾ ਉਸ ਦੂਤ ਦੇ ਨਾਲ ਹੋ ਕੇ ਪਰਮੇਸ਼ੁਰ ਦੀ ਉਸਤਤ ਕਰਦਾ ਅਤੇ ਇਹ ਕਹਿੰਦਾ ਸੀ –
14ਪਰਮਧਾਮ ਵਿੱਚ ਪਰਮੇਸ਼ੁਰ ਦੀ ਵਡਿਆਈ,
ਅਤੇ ਧਰਤੀ ਉੱਤੇ ਸ਼ਾਂਤੀ ਉਨ੍ਹਾਂ ਲੋਕਾਂ ਵਿੱਚ
ਜਿਨ੍ਹਾਂ ਨਾਲ ਉਹ ਪਰਸਿੰਨ ਹੈ।।
15ਤਾਂ ਐਉਂ ਹੋਇਆ ਕਿ ਜਦ ਦੂਤ ਉਨ੍ਹਾਂ ਜੇ ਕੋਲੋਂ ਚਲੇ ਗਏ ਤਦ ਅਯਾਲੀਆਂ ਨੇ ਆਪਸ ਵਿੱਚ ਆਖਿਆ, ਆਉ ਹੁਣ ਬੈਤਲਹਮ ਤੀਕਰ ਚੱਲੀਏ ਅਤੇ ਇਸ ਗੱਲ ਨੂੰ ਜੋ ਹੋਈ ਹੈ ਵੇਖੀਏ ਜਿਹ ਦੀ ਪ੍ਰਭੁ ਨੇ ਸਾਨੂੰ ਖਬਰ ਦਿੱਤੀ ਹੈ 16ਤਦ ਉਨ੍ਹਾਂ ਛੇਤੀ ਨਾਲ ਆਣ ਕੇ ਮਰਿਯਮ ਅਤੇ ਯੂਸੁਫ਼ ਨੂੰ ਅਤੇ ਉਸ ਬਾਲਕ ਨੂੰ ਖੁਰਲੀ ਵਿੱਚ ਪਿਆ ਡਿੱਠਾ 17ਅਤੇ ਵੇਖ ਕੇ ਉਨਾਂ ਨੇ ਉਸ ਬਚਨ ਨੂੰ ਜਿਹੜਾ ਇਸ ਬਾਲਕ ਦੇ ਹੱਕ ਵਿੱਚ ਉਨ੍ਹਾਂ ਨੂੰ ਕਿਹਾ ਗਿਆ ਸੀ ਸੁਣਾਇਆ 18ਅਤੇ ਸਾਰੇ ਸੁਣਨ ਵਾਲੇ ਇਨ੍ਹਾਂ ਗੱਲਾਂ ਤੋਂ ਜੋ ਅਯਾਲੀਆਂ ਨੇ ਉਨ੍ਹਾਂ ਨੂੰ ਕਹੀਆਂ ਹੈਰਾਨ ਹੋਏ 19ਪਰ ਮਰਿਯਮ ਨੇ ਇਨ੍ਹਾਂ ਸਭਨਾਂ ਗੱਲਾਂ ਨੂੰ ਆਪਣੇ ਹਿਰਦੇ ਵਿੱਚ ਧਿਆਨ ਨਾਲ ਰੱਖਿਆ 20ਅਤੇ ਅਯਾਲੀ ਇਨ੍ਹਾਂ ਸਭਨਾਂ ਗੱਲਾਂ ਦੇ ਵਿਖੇ ਜਿੱਕੁਰ ਉਨ੍ਹਾਂ ਨੂੰ ਕਹੀਆਂ ਗਈਆਂ ਸਨ ਤਿੱਕੁਰ ਸੁਣ ਵੇਖ ਕੇ ਪਰਮੇਸ਼ੁਰ ਦੀ ਵਡਿਆਈ ਅਤੇ ਉਸਤਤ ਕਰਦੇ ਹੋਏ ਮੁੜ ਗਏ।।
21ਜਾਂ ਅੱਠ ਦਿਨ ਪੂਰੇ ਹੋਏ ਕਿ ਉਹ ਦੀਆਂ ਸੁੰਨਤਾਂ ਹੋਣ ਤਾਂ ਉਹ ਦਾ ਨਾਮ ਯਿਸੂ ਰੱਖਿਆ ਗਿਆ ਜੋ ਉਹ ਦੇ ਕੁਖ ਵਿੱਚ ਪੈਣ ਤੋਂ ਅੱਗੇ ਦੂਤ ਨੇ ਰੱਖਿਆ ਸੀ।।
22ਜਾਂ ਮੂਸਾ ਦੀ ਸ਼ਰ੍ਹਾ ਮੂਜਬ ਉਨ੍ਹਾਂ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋਏ ਤਾਂ ਉਸ ਨੂੰ ਪ੍ਰਭੁ ਦੇ ਅੱਗੇ ਹਾਜ਼ਰ ਕਰਨ ਲਈ ਯਰੂਸ਼ਲਮ ਵਿੱਚ ਲਿਆਏ 23ਜਿਵੇਂ ਪ੍ਰਭੁ ਦੀ ਸ਼ਰਾ ਵਿੱਚ ਲਿਖਿਆ ਹੋਇਆ ਹੈ ਭਈ ਹਰੇਕ ਕੁੱਖ ਦਾ ਖੋਲ੍ਹਣ ਵਾਲਾ ਨਰ ਪ੍ਰਭੁ ਦੇ ਲਈ ਪਵਿੱਤ੍ਰ ਕਹਾਵੇਗਾ 24ਅਤੇ ਉਸ ਗੱਲ ਅਨੁਸਾਰ ਜੋ ਪ੍ਰਭੁ ਦੀ ਸ਼ਰ੍ਹਾ ਵਿੱਚ ਲਿਖੀ ਹੋਈ ਹੈ ਅਰਥਾਤ ਖੁਮਰੀਆਂ ਦਾ ਇੱਕ ਜੋੜਾ ਯਾ ਕਬੂਤਰ ਦੇ ਦੋ ਬੱਚੇ ਬਲੀਦਾਨ ਕਰਨ 25ਅਤੇ ਵੇਖੋ, ਯਰੂਸ਼ਲਮ ਵਿੱਚ ਸਿਮਓਨ ਕਰਕੇ ਇੱਕ ਮਨੁੱਖ ਸੀ ਅਰ ਉਹ ਧਰਮੀ ਅਤੇ ਭਗਤ ਲੋਕ ਸੀ ਅਤੇ ਇਸਰਾਏਲ ਦੀ ਤਸੱਲੀ ਦੀ ਉਡੀਕ ਵਿੱਚ ਸੀ ਅਰ ਪਵਿੱਤ੍ਰ ਆਤਮਾ ਉਸ ਉੱਤੇ ਸੀ 26ਅਰ ਉਹ ਨੂੰ ਪਵਿੱਤ੍ਰ ਆਤਮਾ ਨੇ ਖਬਰ ਦਿੱਤੀ ਸੀ ਭਈ ਜਦ ਤੀਕਰ ਤੂੰ ਪ੍ਰਭੁ ਦੇ ਮਸੀਹ ਨੂੰ ਨਾ ਵੇਖੇਂ ਤੂੰ ਨਾ ਮਰੇਂਗਾ 27ਉਹ ਆਤਮਾ ਦੀ ਅਗਵਾਈ ਨਾਲ ਹੈਕਲ ਵਿੱਚ ਆਇਆ ਅਤੇ ਜਿਸ ਵੇਲੇ ਮਾਪੇ ਉਸ ਬਾਲਕ ਯਿਸੂ ਨੂੰ ਅੰਦਰ ਲਈ ਆਉਂਦੇ ਸਨ ਜੋ ਸ਼ਰ੍ਹਾ ਦੀ ਰੀਤ ਅਨੁਸਾਰ ਉਹ ਦੇ ਲਈ ਅਮਲ ਕਰਨ 28ਓਨ ਉਸ ਨੂੰ ਕੁੱਛੜ ਲਿਆ ਅਤੇ ਪਰਮੇਸ਼ੁਰ ਨੂੰ ਮੁਬਾਰਕਬਾਦ ਦੇਕੇ ਬੋਲਿਆ,
29ਹੇ ਮਾਲਕ, ਹੁਣ ਤੂੰ ਆਪਣੇ ਦਾਸ ਨੂੰ
ਆਪਣੇ ਬਚਨ ਅਨੁਸਾਰ ਸ਼ਾਂਤੀ ਨਾਲ ਵਿਦਿਆ ਕਰਦਾ ਹੈਂ,
30ਕਿਉਂਕਿ ਮੇਰੀਆਂ ਅੱਖਾਂ ਨੇ ਤੇਰੀ ਮੁਕਤੀ ਡਿੱਠੀ, 31ਜਿਹੜੀ ਤੈਂ ਸਾਰੇ ਲੋਕਾਂ ਅੱਗੇ ਤਿਆਰ ਕੀਤੀ ਹੈ, 32ਪਰਾਈਆਂ ਕੌਮਾਂ ਨੂੰ ਉਜਾਲਾ ਕਰਨ ਲਈ ਜੋਤ, ਅਤੇ ਆਪਣੀ ਪਰਜਾ ਇਸਰਾਏਲ ਦੇ ਲਈ ਤੇਜ।। 33ਤਦ ਉਹ ਦੇ ਪਿਤਾ ਤੇ ਮਾਤਾ ਉਨ੍ਹਾਂ ਗੱਲਾਂ ਤੋਂ ਜੋ ਉਹ ਦੇ ਵਿਖੇ ਆਖੀਆਂ ਗਈਆਂ ਹੈਰਾਨ ਹੋ ਰਹੇ ਸਨ 34ਤਾਂ ਸਿਮਓਨ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਹ ਦੀ ਮਾਤਾ ਮਰਿਯਮ ਨੂੰ ਆਖਿਆ, ਵੇਖ ਇਹ ਬਾਲਕ ਇਸਰਾਏਲ ਵਿੱਚ ਬਹੁਤਿਆਂ ਦੇ ਡਿੱਗਣ ਅਤੇ ਉੱਠਣ ਦੇ ਲਈ ਠਹਿਰਾਇਆ ਹੋਇਆ ਹੈ ਅਤੇ ਇੱਕ ਨਿਸ਼ਾਨ ਲਈ ਜਿਹ ਦੇ ਵਿਰੁੱਧ ਗੱਲਾਂ ਹੋਣਗੀਆਂ 35ਸਗੋਂ ਤਲਵਾਰ ਤੇਰੀ ਜਿੰਦ ਦੇ ਵਿੱਚੋਂ ਵੀ ਫਿਰ ਜਾਵੇਗੀ ਤਾਂ ਜੋ ਬਹੁਤਿਆਂ ਦੇ ਮਨਾਂ ਦੀਆਂ ਸੋਚਾਂ ਪਰਗਟ ਹੋ ਜਾਣ 36ਅਤੇ ਅਸ਼ੇਰ ਦੇ ਘਰਾਣੇ ਵਿੱਚੋਂ ਆੱਨਾ ਨਾਉਂ ਦੀ ਇੱਕ ਨਬੀਆ ਫ਼ਨੂਏਲ ਦੀ ਧੀ ਸੀ ।ਉਹ ਵੱਡੀ ਉਮਰ ਦੀ ਸੀ। ਉਸ ਨੇ ਆਪਣੇ ਕੁਆਰਪੁਣੇ ਤੋਂ ਸੱਤ ਵਰਹੇ ਭਰਥਾ ਨਾਲ ਨਿਰਵਾਹ ਕੀਤਾ ਸੀ 37ਅਤੇ ਉਹ ਚੁਰਾਸੀਆਂ ਵਰਿਹਾਂ ਤੋਂ ਵਿਧਵਾ ਸੀ ਜੋ ਹੈਕਲ ਨੂੰ ਨਾ ਛੱਡਦੀ ਪਰ ਵਰਤ ਰੱਖਣ ਅਤੇ ਬੇਨਤੀ ਕਰਨ ਨਾਲ ਰਾਤ ਦਿਨ ਬੰਦਗੀ ਕਰਦੀ ਰਹਿੰਦੀ ਸੀ 38ਉਸ ਨੇ ਉਸੇ ਘੜੀ ਉੱਥੇ ਆਣ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਹ ਦਾ ਜ਼ਿਕਰ ਉਨ੍ਹਾਂ ਸਭਨਾਂ ਨਾਲ ਕੀਤਾ ਜਿਹੜੇ ਯਰੂਸ਼ਲਮ ਦੇ ਨਿਸਤਾਰੇ ਦੀ ਉਡੀਕ ਵਿੱਚ ਸਨ 39ਅਤੇ ਜਾਂ ਓਹ ਪ੍ਰਭੁ ਦੀ ਸ਼ਰ੍ਹਾਂ ਦੇ ਅਨੁਸਾਰ ਸਭ ਕੁਝ ਕਰ ਹਟੇ ਤਾਂ ਗਲੀਲ ਵੱਲ ਆਪਣੇ ਨਗਰ ਨਾਸਰਤ ਨੂੰ ਮੁੜੇ।।
40ਉਹ ਮੁੰਡਾ ਵੱਧਦਾ ਅਤੇ ਗਿਆਨ ਨਾਲ ਭਰਪੂਰ ਹੋਕੇ ਜ਼ੋਰ ਫੜਦਾ ਗਿਆ, ਅਤੇ ਪ੍ਰਭੁ ਦੀ ਕਿਰਪਾ ਉਸ ਉੱਤੇ ਸੀ
41ਉਹ ਦੇ ਮਾਪੇ ਵਰਹੇ ਦੇ ਵਰਹੇ ਪਸਾਹ ਦੇ ਤਿਉਹਾਰ ਉੱਤੇ ਯਰੂਸ਼ਲਮ ਨੂੰ ਜਾਂਦੇ ਹੁੰਦੇ ਸਨ 42ਅਤੇ ਜਾਂ ਉਹ ਬਾਰਾਂ ਵਰਿਹਾਂ ਦਾ ਹੋਇਆ ਤਾਂ ਓਹ ਤਿਉਹਾਰ ਦੀ ਰੀਤ ਅਨੁਸਾਰ ਗਏ 43ਅਤੇ ਉਨ੍ਹਾਂ ਦਿਨਾਂ ਨੂੰ ਪੂਰਾ ਕਰ ਕੇ ਜਦ ਮੁੜਨ ਲੱਗੇ ਤਦ ਉਹ ਬਾਲਕ ਯਿਸੂ ਯਰੂਸ਼ਲਮ ਵਿੱਚ ਰਹਿ ਗਿਆ ਪਰ ਉਹ ਦੇ ਮਾਪਿਆਂ ਨੂੰ ਮਲੂਮ ਨਾ ਸੀ 44ਪਰ ਇਹ ਸਮਝ ਕੇ ਭਈ ਉਹ ਕਾਫਲੇ ਵਿੱਚ ਹੈ ਓਹ ਇੱਕ ਮੰਜ਼ਲ ਗਏ ਤਦ ਉਹ ਨੂੰ ਸਾਕਾਂ ਅਤੇ ਜਾਣ ਪਛਾਣਾਂ ਵਿੱਚ ਭਾਲਿਆ 45ਅਰ ਜਦ ਉਹ ਨਾ ਲੱਭਾ ਉਹ ਦੀ ਭਾਲ ਵਿੱਚ ਯਰੂਸ਼ਲਮ ਨੂੰ ਮੁੜੇ 46ਅਤੇ ਐਉਂ ਹੋਇਆ ਜੋ ਉਨ੍ਹਾਂ ਨੇ ਤਿੰਨਾਂ ਦਿਨਾਂ ਪਿੱਛੋਂ ਉਹ ਨੂੰ ਹੈਕਲ ਵਿੱਚ ਗੁਰੂਆਂ ਦੇ ਵਿੱਚਕਾਰ ਬੈਠਿਆਂ ਉਨ੍ਹਾਂ ਦੀ ਸੁਣਦਿਆਂ ਅਤੇ ਉਨ੍ਹਾਂ ਤੋਂ ਪ੍ਰਸ਼ਨ ਕਰਦਿਆਂ ਲੱਭਾ 47ਅਤੇ ਸਾਰੇ ਸੁਣਨ ਵਾਲੇ ਉਹ ਦੀ ਸਮਝ ਅਤੇ ਉਹ ਦੇ ਉੱਤਰਾਂ ਤੋਂ ਹੈਰਾਨ ਹੋਏ 48ਤਦ ਓਹ ਉਸ ਨੂੰ ਵੇਖ ਕੇ ਅਚਰਜ ਹੋਏ ਅਤੇ ਉਹ ਦੀ ਮਾਤਾ ਨੇ ਉਹ ਨੂੰ ਆਖਿਆ, ਪੁੱਤ੍ਰ ਤੈਂ ਸਾਡੇ ਨਾਲ ਇਹ ਕੀ ਕੀਤਾ? ਵੇਖ ਤੇਰਾ ਪਿਤਾ ਅਤੇ ਮੈਂ ਕਲਪਦੇ ਹੋਏ ਤੈਨੂੰ ਲੱਭਦੇ ਫਿਰੇ 49ਉਹ ਨੇ ਉਨ੍ਹਾਂ ਨੂੰ ਆਖਿਆ, ਕਾਹ ਨੂੰ ਤੁਸੀਂ ਮੈਨੂੰ ਲੱਭਦੇ ਸਾਓ? ਭਲਾ, ਤੁਸੀਂ ਨਹੀਂ ਜਾਣਦੇ ਸਾਓ ਭਈ ਮੈਨੂੰ ਚਾਹੀਦਾ ਹੈ ਜੋ ਆਪਣੇ ਪਿਤਾ ਦੇ ਕੰਮਾਂ ਵਿੱਚ ਲੱਗਾ ਰਹਾਂ? 50ਪਰ ਉਨ੍ਹਾਂ ਇਸ ਗੱਲ ਨੂੰ ਜਿਹੜੀ ਉਸਨੇ ਉਨ੍ਹਾਂ ਨੂੰ ਆਖੀ ਨਾ ਸਮਝਿਆ 51ਤਾਂ ਉਹ ਉਨ੍ਹਾਂ ਦੇ ਨਾਲ ਤੁਰ ਕੇ ਨਾਸਰਤ ਨੂੰ ਆਇਆ ਅਤੇ ਉਨ੍ਹਾਂ ਦੇ ਅਧੀਨ ਰਿਹਾ,ਅਰ ਉਹ ਦੀ ਮਾਤਾ ਨੇ ਇਨ੍ਹਾਂ ਗੱਲਾਂ ਨੂੰ ਆਪਣੇ ਹਿਰਦੇ ਵਿੱਚ ਰੱਖਿਆ 52ਅਤੇ ਯਿਸੂ ਗਿਆਨ ਅਰ ਕੱਦ ਅਰ ਪਰਮੇਸ਼ਰ ਅਤੇ ਮਨੁੱਖਾਂ ਦੀ ਕਿਰਪਾ ਵਿੱਚ ਵੱਧਦਾ ਗਿਆ ।।
Currently Selected:
ਲੂਕਾ 2: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.